For the best experience, open
https://m.punjabitribuneonline.com
on your mobile browser.
Advertisement

ਮਾਈਨਿੰਗ ਮਾਮਲਾ: ਤਲਵਾੜਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਮੈਂਬਰੀ ਕਮੇਟੀ ਬਣਾਈ

08:04 AM Apr 26, 2024 IST
ਮਾਈਨਿੰਗ ਮਾਮਲਾ  ਤਲਵਾੜਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਮੈਂਬਰੀ ਕਮੇਟੀ ਬਣਾਈ
ਪਿੰਡ ਭੋਲ ਬਦਮਾਣੀਆਂ ਵਿੱਚ ਲੱਗ ਰਹੇ ਨਵੇਂ ਕਰੱਸ਼ਰ ਦਾ ਦੌਰਾ ਕਰਦੇ ਹੋਏ ਅਧਿਕਾਰੀ।
Advertisement

ਦੀਪਕ ਠਾਕੁਰ
ਤਲਵਾੜਾ, 25 ਅਪਰੈਲ
ਇਲਾਕੇ ’ਚ ਸਟੋਨ ਕਰੱਸ਼ਰ ਅਤੇ ਕਥਿਤ ਖਣਨ ਖਿਲਾਫ਼ ਲੋਕਾਂ ਦੇ ਰੋਹ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ’ਚ ਆ ਗਿਆ ਹੈ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵੱਲੋਂ ਦਿੱਤੇ ਮੈਮੋਰੰਡਮ ਤੋਂ ਬਾਅਦ ਏਡੀਸੀ ਰਾਹੁਲ ਚਾਬਾ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਨੇ ਅੱਜ ਧਰਾਤਲ ਪੱਧਰ ’ਤੇ ਲੋਕਾਂ ਦੀਆਂ ਮੁਸ਼ਕਲਾਂ ਜਾਨਣ ਲਈ ਸਥਾਨਕ ਬੀਡੀਪੀਓ ਦਫ਼ਤਰ ਵਿੱਚ ਸੰਘਰਸ਼ ਕਮੇਟੀ ਮੈਂਬਰਾਂ ਅਤੇ ਪੀੜਤਾਂ ਨਾਲ ਮੀਟਿੰਗ ਕੀਤੀ।
ਇਸ ਮੌਕੇ ਸੰਘਰਸ਼ ਕਮੇਟੀ ਵੱਲੋਂ ਮਨੋਜ ਧੀਮਾਨ, ਧਰਮਿੰਦਰ ਸਿੰਘ, ਨਾਇਬ ਸੂਬੇਦਾਰ ਅਸ਼ੋਕ ਜਲੇਰੀਆ, ਕੈਪਟਨ ਰਾਜੇਸ਼ ਕੁਮਾਰ, ਬਲਾਕ ਸਮਿਤੀ ਮੈਂਬਰ ਨਰੇਸ਼ ਕੁਮਾਰ ਨਿਤੂ ਆਦਿ ਨੇ ਇਲਾਕੇ ’ਚ ਪਿਛਲੇ ਲੰਮੇ ਸਮੇਂ ਤੋਂ ਦਰਿਆਵਾਂ ਸਮੇਤ ਪਹਾੜਾਂ ’ਚ ਕੀਤੀ ਜਾ ਰਹੀ ਅੰਨ੍ਹੇਵਾਹ ਪੁਟਾਈ ’ਤੇ ਅਧਿਕਾਰੀਆਂ ਨੂੰ ਖਰੀਆਂ ਖੋਟੀਆਂ ਸੁਣਾਈਆਂ। ਹਾਜ਼ਰ ਲੋਕਾਂ ਨੇ ਸਭ ਤੋਂ ਵੱਧ ਗੁੱਸਾ ਪ੍ਰਦੂਸ਼ਨ ਕੰਟਰੋਲ ਬੋਰਡ ’ਤੇ ਕੱਢਦਿਆਂ ਕਿਹਾ ਕਿ ਜਿਨ੍ਹਾਂ ਦਾ ਕੰਮ ਪ੍ਰਦੂਸ਼ਣ ਨੂੰ ਰੋਕਣਾ ਸੀ, ਉਨ੍ਹਾਂ ਨੇ ਸ਼ਾਂਤ ਅਤੇ ਸਾਫ਼ ਸੁਥਰੇ ਵਾਤਾਵਰਨ ’ਚ ਕਰੱਸ਼ਰ ਖੋਲ੍ਹ ਅਤੇ ਮਾਈਨਿੰਗ ਕਰਵਾ ਕੇ ਜ਼ਹਿਰ ਘੋਲਣ ਦਾ ਕੰਮ ਕੀਤਾ ਹੈ। ਸਾਬਕਾ ਸਰਪੰਚ ਜੀਤ ਰਾਮ ਬਰਿੰਗਲੀ, ਕੈਪਟਨ ਸੁਨੀਲ ਪਰਮਾਰ, ਸਰਪੰਚ ਸੁਭਾਸ਼ ਬਿੱਟੂ ਜੰਡੋਰ ਹਾਰ, ਯਾਦਵਿੰਦਰ ਪਲਾਹੜ ਆਦਿ ਨੇ ਮਾਈਨਿੰਗ ਮਾਫੀਆ ਵੱਲੋਂ ਕੀਤੀ ਤਬਾਹੀ ਅਤੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ। ਸੰਘਰਸ਼ ਕਮੇਟੀ ਅਤੇ ਲੋਕਾਂ ਨੇ ਪ੍ਰਸ਼ਾਸਨ ਨੂੰ ਨਵੇਂ ਕਰੱਸ਼ਰ ਨਾ ਲਾਉਣ ਅਤੇ ਲੱਗੇ ਹੋਇਆਂ ਨੂੰ ਬੰਦ ਕਰਵਾਉਣ ਦੀ ਬੇਨਤੀ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗ ਜਾਂ ਸਰਕਾਰ ਖੇਤਰ ਦੇ ਇਸ ਭਖਵੇਂ ਮਸਲੇ ਨੂੰ ਹੱਲ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕ ਸੰਘਰਸ਼ ਦੇ ਰਾਹ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੇ ਉਠਾਏ ਸਵਾਲਾਂ ਦੇ ਜਵਾਬ ਦੇਣ ਤੋਂ ਅਸਮਰੱਥ ਦਿਖਾਈ ਦਿੰਦੇ ਪ੍ਰਤੀਤ ਹੋਏ।
ਏਡੀਸੀ ਰਾਹੁਲ ਚਾਬਾ ਨੇ ਲੋਕਾਂ ਦੀਆਂ ਸਮਸਿਆਵਾਂ ਨੂੰ ਧਿਆਨ ਨਾਲ ਸੁਣਦਿਆਂ ਜ਼ਲਦ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਅਗਲੇ ਹਫ਼ਤੇ ਇਸੇ ਤਰ੍ਹਾਂ ਮੀਟਿੰਗ ਕਰ ਕੇ ਕੀਤੀ ਕਾਰਵਾਈ ਦੀ ਜਾਣਕਾਰੀ ਲੋਕਾਂ ਨੂੰ ਦੇਣ ਦੀ ਗੱਲ ਕਹੀ। ਮੀਟਿੰਗ ਉਪਰੰਤ ਅਧਿਕਾਰੀਆਂ ਨੇ ਪੁਲੀਸ ਮੁਖੀ ਹਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਤਲਵਾੜਾ ਸੁਖਵਿੰਦਰ ਸਿੰਘ ਅਤੇ ਬੀਡੀਪੀਓ ਤਲਵਾੜਾ ਗੁਰਪ੍ਰੀਤ ਸਿੰਘ ਨਾਲ ਪਿੰਡ ਭੋਲ ਬਦਮਾਣੀਆਂ ਵਿੱਚ ਪਹਾੜੀਆਂ ਨੂੰ ਕੱਟ ਕੇ ਲਗਾਏ ਜਾ ਰਹੇ ਕਰੱਸ਼ਰ ਦਾ ਦੌਰਾ ਕੀਤਾ। ਇਸ ਮੌਕੇ ਐਕਸਿਅਨ ਸ਼ਿਵ ਕੁਮਾਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਹੁਸ਼ਿਆਰਪੁਰ, ਐਕਸੀਅਨ ਮਾਈਨਿੰਗ ਦਮਨਦੀਪ ਸਿੰਘ, ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ, ਐਸਪੀ ਹੈਡਕੁਆਟਰ ਮਨੋਜ ਠਾਕੁਰ ਤੇ ਡੀਐੱਸਪੀ ਦਸੂਹਾ ਜਗਦ
ੀਸ਼ ਰਾਜ ਅੱਤਰੀ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×