Delhi ਵਿੱਚ ਹਲਕੀ ਧੁੰਦ ਨਾਲ ਘੱਟੋ-ਘੱਟ ਤਾਪਮਾਨ 10 ਡਿਗਰੀ ਪੁੱਜਣ ਦੀ ਭਵਿੱਖਬਾਣੀ
ਨਵੀਂ ਦਿੱਲੀ, 22 ਨਵੰਬਰ
Delhi: ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਕੌਮੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਹਲਕੀ ਧੁੰਦ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 10 ਡਿਗਰੀ ਤੱਕ ਰਹਿਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਵੀਰਵਾਰ ਨੂੰ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ 10.2 ਡਿਗਰੀ ਸੈਲਸੀਅਸ ਦਰਜ ਕੀਤੀ ਗਈ।
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਰਾਤ ਦਾ ਤਾਪਮਾਨ 11.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦੋਂ ਕਿ ਮੰਗਲਵਾਰ ਰਾਤ ਨੂੰ 12.3 ਡਿਗਰੀ ਸੈਲਸੀਅਸ ਦਾ ਘੱਟ ਤੋਂ ਘੱਟ ਤਾਪਮਾਨ ਦੇਖਿਆ ਗਿਆ। ਅੰਕੜਿਆਂ ਅਨੁਸਾਰ ਪਿਛਲੇ ਸਾਲ ਇਸੇ ਸਮੇਂ ਦੌਰਾਨ ਤਾਪਮਾਨ 2023 ਵਿੱਚ 10.6 ਡਿਗਰੀ ਸੈਲਸੀਅਸ ਅਤੇ 2022 ਵਿੱਚ 11.5 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ।
ਧੁੰਦ ਦੀ ਚਾਦਰ ਵਿੱਚ ਢਕੇ ਹੋਏ ਅਤੇ ਠੰਢੀ ਹਵਾ ਨਾਲ ਪ੍ਰਭਾਵਿਤ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.8 ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਦਿਨ ਦੌਰਾਨ ਨਮੀ ਦਾ ਪੱਧਰ 80 ਤੋਂ 64 ਫੀਸਦੀ ਦੇ ਵਿਚਕਾਰ ਰਿਹਾ।
'ਰੇਸਪਾਇਰ ਲਿਵਿੰਗ ਸਾਇੰਸਿਜ਼' ਦੀ 'ਏਅਰ ਕੁਆਲਿਟੀ ਐਨਾਲਿਸਿਸ' ਰਿਪੋਰਟ ਦੇ ਅਨੁਸਾਰ ਹਵਾ ਦੀ ਗੁਣਵੱਤਾ ਦੇ ਮਾਮਲੇ ਵਿਚ ਦਿੱਲੀ ਸ਼ਹਿਰਾਂ ਦੀ ਸੂਚੀ ਵਿਚ 281ਵੇਂ ਨੰਬਰ ’ਤੇ ਹੈ। 'ਰੇਸਪਾਇਰ ਲਿਵਿੰਗ ਸਾਇੰਸਿਜ਼' ਨੇ 3 ਨਵੰਬਰ ਤੋਂ 16 ਨਵਬੰਰ ਤੱਕ 281 ਸ਼ਹਿਰਾਂ ਵਿਚ ਪੀਐੱਮ ਦੇ ਪੱਧਰ ਦਾ ਵਿਸ਼ਲੇਸ਼ਣ ਕੀਤਾ ਜਿਸ ਵਿਚ ਪ੍ਰਮੁੱਖ ਪ੍ਰਦੂਸ਼ਕ PM 2.5 ਸੀ। ਇਹ 2.5 ਮਾਈਕ੍ਰੋਮੀਟਰ ਜਾਂ ਇਸ ਤੋਂ ਘੱਟ ਵਿਆਸ ਵਾਲੇ ਸੂਖਮ ਕਣ ਹਨ। ਇਹ ਲਗਭਗ ਮਨੁੱਖੀ ਵਾਲਾਂ ਦੀ ਚੌੜਾਈ ਦੇ ਬਰਾਬਰ ਹੁੰਦੇ ਹਨ। ਆਈਏਐੱਨਐੱਸ