ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

06:52 AM Aug 29, 2024 IST

ਤਨਖ਼ਾਹ ਵਿਚਾਰੀ ਕੀ ਕਰੇ

ਨਿਰਮਲ ਸਿੰਘ ਰੱਤਾ

Advertisement

ਡਿਊਟੀ ਤੋਂ ਘਰ ਆ ਕੇ ਕੁਝ ਦੇਰ ਆਰਾਮ ਕਰਨ ਦੀ ਸੋਚ ਰਿਹਾ ਸੀ ਕਿ ਆਦਤ ਅਨੁਸਾਰ ਅਚਾਨਕ ਮੋਬਾਈਲ ਫੋਨ ਫੜ ਕੇ ਬਹਿ ਗਿਆ। ‘‘ਅੱਠ ਤਾਰੀਕ ਹੋ ਗਈ ਹੈ... ਮੈਸੇਜ ਵੇਖਾਂ... ਤਨਖ਼ਾਹ ਤਾਂ ਲੱਗਦਾ ਹੈ ਕਿ ਅੱਜ ਵੀ ਨਹੀਂ ਪੈਣੀ...।’’ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ ਕਿ ਇਕਦਮ ਮੇਰੀਆਂ ਵਾਛਾਂ ਖਿੜ ਗਈਆਂ। ਰੂਹ ਖ਼ੁਸ਼ ਹੋ ਗਈ ਤਨਖ਼ਾਹ ਬੈਂਕ ਖਾਤੇ ਵਿੱਚ ਆਉਣ ਦਾ ਮੈਸੇਜ ਵੇਖ ਕੇ। ‘‘ਕੀ ਗੱਲ ... ਬੜੇ ਖ਼ੁਸ਼ ਲੱਗ ਰਹੇ ਹੋ ਜੀ?’’ ਚਾਹ ਦਾ ਕੱਪ ਮੇਜ਼ ’ਤੇ ਰੱਖਦਿਆਂ ਮੇਰੀ ਪਤਨੀ ਗੁਰਪ੍ਰੀਤ ਨੇ ਮੇਰੇ ਵੱਲ ਗਹੁ ਨਾਲ ਤੱਕਦਿਆਂ ਸਵਾਲ ਦਾਗਿਆ। ਮੈਂ ਉਹਨੂੰ ਤਨਖ਼ਾਹ ਆਉਣ ਦੀ ਖ਼ਬਰ ਦਿੱਤੀ ਤਾਂ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ। ‘‘ਜੀ! ਮੈਂ ਹੁਣੇ ਆਈ... ਗੈਸ ਘੱਟ ਕਰ ਆਵਾਂ... ਦਾਲ ਥੱਲੇ ਨਾ ਲੱਗਜੇ ਕਿਤੇ...।’’ ਉਹ ਦੌੜ ਕੇ ਰਸੋਈ ਵਿੱਚ ਗਈ ਅਤੇ ਕਾਹਲੇ-ਕਾਹਲੇ ਕਦਮ ਪੁੱਟਦੀ ਵਾਪਸ ਕਮਰੇ ਵਿੱਚ ਆ ਕੇ ਮੇਰੇ ਨੇੜੇ ਹੋ ਕੇ ਬੈਠ ਗਈ ਤੇ ਆਪਣੀਆਂ ਵੱਡੀਆਂ ਅੱਖਾਂ ਘੁਮਾਉਂਦਿਆਂ ਕਹਿਣ ਲੱਗੀ, ‘‘ਮੇਰੀ ਗੱਲ ਜ਼ਰਾ ਕੁ ਠੰਢੇ ਦਿਮਾਗ਼ ਨਾਲ ਸੁਣਿਓ ...ਮੈਂ ਕੋਈ ਆਪਣੇ ਵਾਸਤੇ ਨੀ ਕੁਝ ਮੰਗਣ ਲੱਗੀ... ਐਤਕੀਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਘਰ ਵਿੱਚ ਰੰਗ-ਰੋਗਨ ਦਾ ਕੰਮ ਕਰਵਾ ਈ ਲਈਏ ...ਤਿੰਨ ਚਾਰ ਦੀਵਾਲੀਆਂ ਤਾਂ ਤੁਹਾਡੇ ਲਾਰਿਆਂ ਵਿੱਚ ਹੀ ਲੰਘ ਗਈਆਂ ਨੇ ...ਬਸ ਮੇਰੇ ਆਖੇ ਲੱਗ ਕੇ ਇੱਕ ਵਾਰ ਇਹ ਕੌੜਾ ਘੁੱਟ ਭਰ ਹੀ ਲਓ। ਕਦੇ ਆਪਣਾ ਘਰ ਬਾਹਰੋਂ ਚੰਗੀ ਤਰ੍ਹਾਂ ਵੇਖਿਆ ਜੇ?’’ ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦਿੰਦਾ ਉਹ ਮੇਰਾ ਹੱਥ ਫੜ ਕੇ ਸਮਝਾਉਣ ਵਾਲੇ ਲਹਿਜੇ ਵਿੱਚ ਬੋਲੀ, ‘‘ਵੇਖੋ ਜੀ! ਮੈਨੂੰ ਪਤਾ ਹੈ ਕਿ ਇੱਕ ਤਨਖ਼ਾਹ ਨਾਲ ਹੀ ਆਪਾਂ ਸਾਰਾ ਮਹੀਨਾ ਲੰਘਾਉਣਾ ਹੁੰਦਾ ਹੈ ਤੇ ਘਰ ਦੇ ਸਾਰੇ ਕੰਮਕਾਰ ਕਰਨੇ ਹੁੰਦੇ ਹਨ ...ਪਰ ਕੁਝ ਕੰਮ ਮਜ਼ਬੂਰੀਵੱਸ ਤੇ ਲੋਕਾਚਾਰੀ ਲਈ ਕਰਨੇ ਹੀ ਪੈਂਦੇ ਹਨ ...ਆਹ ਮੁਹੱਲੇ ਦੇ ਸਾਰੇ ਘਰ ਵੇਖੋ ਕਿਵੇਂ ਲਿਸ਼-ਲਿਸ਼ ਕਰਦੇ ਨੇ ...ਤੇ ਨਾਲੇ ਅਸੀਂ ਕਿਸੇ ਤੋਂ ਘੱਟ ਆਂ ...ਆਖ਼ਰ ਤੁਸੀਂ ਸਰਕਾਰੀ ਨੌਕਰੀ ਕਰਦੇ ਹੋ ਜੀ ...ਆਹ ਸਾਹਮਣੇ ਵਾਲੇ ਟਿੰਕੂ ਦਾ ਪਾਪਾ ਦੁਕਾਨਦਾਰੀ ਕਰਦਾ ਵਾ ਤੇ ਘਰ ਇਵੇਂ ਲਿਸ਼ਕਾਰੇ ਮਾਰਦਾ ਜਿਵੇਂ ਤਾਜ ਮਹਿਲ ਹੋਵੇ...।’’ ਮੈਂ ਬੜੀ ਮੁਸ਼ਕਿਲ ਨਾਲ ਮੌਕਾ ਪਾ ਕੇ ਉਸ ਦੀ ਗੱਲ ਟੋਕਦਿਆਂ ਕਿਹਾ, ‘‘ਕਮਲੀਏ! ਉਹ ਦੁਕਾਨਦਾਰ ਨਹੀਂ ਬਿਜ਼ਨਸਮੈਨ ਹੈ ਬਿਜ਼ਨਸਮੈਨ ...ਨੌਕਰੀਆਂ ਵਾਲਿਆਂ ਨੂੰ ਤਾਂ ਗਿਣੀ-ਮਿਥੀ ਤਨਖ਼ਾਹ ਹੀ ਮਿਲਣੀ ਹੁੰਦੀ ਹੈ ...ਬਿਜ਼ਨਸਮੈਨ ਤਿਉਹਾਰਾਂ ਅਤੇ ਹੋਰ ਵਿਸ਼ੇਸ਼ ਮੌਕਿਆਂ ’ਤੇ ਮੋਟੀ ਕਮਾਈ ਕਰਦੇ ਹਨ। ਸਮੇਂ ਦੇ ਨਾਲ ਨਾਲ ਬਿਜ਼ਨਸ ਵਧ ਜਾਂਦਾ ਹੈ ਤੇ ਨਾਲ-ਨਾਲ ਮੁਨਾਫ਼ਾ ਵੀ ਵਧਦਾ ਜਾਂਦਾ ਹੈ। ਤੇ ਸਾਨੂੰ... ਸਾਲ ਵਿੱਚ ਇੱਕ ਵਾਰ ਇਨਕਰੀਮੈਂਟ ਹੀ ਮਿਲਦਾ ਹੈ। ਮਹਿੰਗਾਈ ਭੱਤੇ ਦਾ ਤਾਂ ਕੋਈ ਹੁਣ ਭਰੋਸਾ ਹੀ ਨਹੀਂ ਕਿ ਮਿਲੇਗਾ ਵੀ ਕਿ ਨਹੀਂ... ਹਰ ਵਿਸਾਖੀ-ਦੀਵਾਲੀ ’ਤੇ ਮੂੰਹ ਚੁੱਕ-ਚੁੱਕ ਸਰਕਾਰ ਵੱਲ ਐਂ ਵੇਖਦੇ ਆਂ ਜਿਵੇਂ ਲਾਗੀ ਲਾਗ ਉਡੀਕਦਾ ਹੋਵੇ।’’ ਪਰ ਗੁਰਪ੍ਰੀਤ ਨੇ ਸਿਰ ਨਾਂਹ ਵਿੱਚ ਹਿਲਾਉਂਦਿਆਂ ਕਿਹਾ, ‘‘ਜੀ! ਮੈਨੂੰ ਤੁਹਾਡੀਆਂ ਇਨ੍ਹਾਂ ਗੱਲਾਂ ਦੀ ਕੋੋਈ ਸਮਝ ਨ੍ਹੀਂ। ਬਸ ਤੁਸੀਂ ਮੈਨੂੰ ਇੱਕ ਤਾਂ ਰੰਗ-ਰੋਗਨ ਕਰਵਾ ਦਿਓ ਤੇ ਇੱਕ ਰਸੋਈ ਵਿੱਚ ਚਿਮਨੀ ਲਵਾ ਦਿਓ ...ਤੜਕਾ ਲਾਉਂਦਿਆਂ ਸਾਰੇ ਘਰ ਵਿੱਚ ਧੂੰਆਂ ਹੀ ਧੂੰਆਂ ਹੋ ਜਾਂਦਾ ਹੈ। ਤੇ ਸੱਚ ਅਗਲੇ ਮਹੀਨੇ ਮੇਰੀ ਮਾਸੀ ਦੀ ਕੁੜੀ ਅਮਰੀਕਾ ਤੋਂ ਪਰਿਵਾਰ ਸਮੇਤ ਆ ਰਹੀ ਹੈ ...ਕੁਝ ਨਵੀਆਂ ਬੈੱਡਸ਼ੀਟਾਂ ਤੇ ਦੋ ਕੁ ਨਵੇਂ ਕੰਬਲ ਲੈ ਲਈਏ। ਤੇ ਸਿਆਲ ਆਉਣ ਤੋਂ ਪਹਿਲਾਂ ਮੈਨੂੰ ਇੱਕ-ਦੋ ਗਰਮ ਸੂਟ ਲੈ ਦਿਓ... ਮਹੀਨਾ ਭਰ ਤਾਂ ਸਿਲਵਾਉਣ ’ਤੇ ਹੀ ਲੱਗ ਜਾਂਦਾ ਏ ...ਬਸ ਹੋਰ ਮੈਨੂੰ ਕੁਝ ਨੀ ਚਾਹੀਦਾ।’’ ਮੈਂ ਉਸ ਤੋਂ ਖਹਿੜਾ ਛਡਵਾਉਣ ਲਈ ਅਣਮੰਨੇ ਜਿਹੇ ਮਨ ਨਾਲ ਕਿਹਾ, ‘‘ਚੱਲ ਵੇਖਦੇ ਆਂ ਕੋਈ ਜੁਗਾੜ ਲਾ ਕੇ ...ਤੂੰ ਚਿੰਤਾ ਨਾ ਕਰ। ਅੱਜ ਰਾਤ ਨੂੰ ਫਿਰ ਕੀ ਖਵਾ ਰਹੀ ਏਂ ਖਾਣੇ ਵਿੱਚ?’’ ਮੈਂ ਉਸ ਦਾ ਧਿਆਨ ਇਨ੍ਹਾਂ ਗੱਲਾਂ ਵੱਲੋਂ ਹਟਾਉਣ ਲਈ ਪਿਆਰ ਭਰੇ ਲਹਿਜੇ ਵਿੱਚ ਪੁੱਛਿਆ ਤਾਂ ਉਹ ਇਕਦਮ ਉੱਠ ਕੇ ਕਹਿਣ ਲੱਗੀ, ‘‘ਹਾਏ ਰੱਬਾ! ਤੁਸੀਂ ਤਾਂ ਮੈਨੂੰ ਆਪਣੀਆਂ ਗੱਲਾਂ ਵਿੱਚ ਉਲਝਾ ਕੇ ਦਾਲ ਥੱਲੇ ਲਵਾ ’ਤੀ ਹੋਣੀ ਐ... ਬੱਚਿਆਂ ਨੂੰ ਤਾਂ ਪਹਿਲਾਂ ਈ ਕੋਈ ਚੀਜ਼ ਪਸੰਦ ਨਹੀਂ ਆਉਂਦੀ...।’’ ਉਹ ਬੁੜ-ਬੁੜ ਕਰਦੀ ਰਸੋਈ ਵਿੱਚ ਜਾ ਵੜੀ ਤੇ ਮੈਂ ਉਸ ਦੀਆਂ ਫਰਮਾਇਸ਼ਾਂ ਦੇ ਖਰਚੇ ਦਾ ਹਿਸਾਬ ਲਾਉਣ ਲੱਗ ਪਿਆ।
‘‘ਪਾਪਾ...ਪਾਪਾ... ਤੁਸੀਂ ਆ ਗਏ ਓ?’’ ਉੱਚੀ-ਉੱਚੀ ਆਵਾਜ਼ਾਂ ਮਾਰਦੇ ਸੱਤਵੀਂ ਵਿੱਚ ਪੜ੍ਹਦੇ ਮੇਰੇ ਪੁੱਤਰ ਹਰਨੂਰ ਨੇ ਕਮਰੇ ਵਿੱਚ ਪੈਰ ਧਰਿਆ। ਮੈਂ ਸਵਾਲੀਆਂ ਨਜ਼ਰਾਂ ਨਾਲ ਵੇਖਿਆ ਤਾਂ ਉਹ ਨਿੱਕੇ ਜਿਹੇ ਬੱਚੇ ਵਾਂਗ ਮੇਰੀ ਗੋਦੀ ਵਿੱਚ ਆ ਬੈਠਾ ਤੇ ਪਿਆਰ ਨਾਲ ਪੁਚਕਾਰਦਿਆਂ ਕਹਿਣ ਲੱਗਾ, ‘‘ਪਾਪਾ ਜੀ! ਅਗਲੇ ਹਫ਼ਤੇ ਸਾਡੇ ਸਕੂਲ ਦਾ ਡਲਹੌਜ਼ੀ ਦਾ ਟਰਿਪ ਜਾ ਰਿਹਾ ਹੈ ...ਮੇਰੇ ਸਾਰੇ ਦੋਸਤ-ਮਿੱਤਰ ਜਾ ਰਹੇ ਨੇ ...ਤੇ ਮੈਂ ਵੀ ਆਪਣਾ ਨਾਮ ਲਿਖਵਾ ਦਿੱਤਾ ਹੈ ...ਮੈਨੂੰ ਜਾਣ ਦਿਓਗੇ ਨਾ? ਮੇਰੇ ਸੋਹਣੇ ਪਾਪਾ ਪਲੀਜ਼...!’’ ਉਸ ਦੇ ਮਾਸੂਮ ਮੂੰਹ ਵੱਲ ਵੇਖ ਕੇ ਮੈਥੋਂ ਨਾਂਹ ਨਹੀਂ ਹੋਈ ਤੇ ਮੈਂ ਮੁਸਕਰਾਉਂਦੇ ਹੋਏ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਉਹ ਖ਼ੁਸ਼ੀ ਵਿੱਚ ਛਾਲਾਂ ਮਾਰਨ ਲੱਗ ਪਿਆ ਤੇ ਬੋਲਿਆ, ‘‘ਪਾਪਾ ਜੀ! ਮੈਡਮ ਨੇ ਟਰਿਪ ਲਈ ਚਾਰ ਹਜ਼ਾਰ ਰੁਪਏ ਮੰਗਵਾਏ ਹਨ।’’ ਮੈਂ ਬਾਕੀ ਖਰਚਿਆਂ ਵੱਲ ਧਿਆਨ ਮਾਰਿਆ ਪਰ ਫਿਰ ਵੀ ਮੈਂ ਉਸਨੂੰ ਚਾਰ ਹਜ਼ਾਰ ਰੁਪਏ ਦੇਣ ਲਈ ਹਾਮੀ ਭਰ ਦਿੱਤੀ। ਉਹ ਭੰਗੜੇ ਪਾਉਂਦਾ ਗਲੀ ਵੱਲ ਦੌੜ ਗਿਆ। ਰੌਲਾ ਸੁਣ ਕੇ ਮੇਰੀ ਧੀ ਗੁਰਨੂਰ ਵੀ ਮੇਰੇ ਕੋਲ ਆ ਗਈ ਅਤੇ ਨਾਰਾਜ਼ ਹੁੰਦਿਆਂ ਕਹਿਣ ਲੱਗ ਪਈ, ‘‘ਪਾਪਾ! ਤੁਸੀਂ ਹਰਨੂਰ ਨੂੰ ਜ਼ਿਆਦਾ ਪਿਆਰ ਕਰਦੇ ਹੋ... ਉਸ ਦੀ ਹਰ ਗੱਲ ਮੰਨ ਲੈਂਦੇ ਹੋ... ਮੈਨੂੰ ਤਾਂ ਟਰਿਪ ’ਤੇ ਭੇਜਿਆ ਨਹੀਂ ਤੇ ਉਸ ਦੀ ਵਾਰੀ ਝੱਟ ਹਾਂ ਕਰ ਦਿੱਤੀ ਐ ਤੁਸੀਂ। ਮੈਂ ਅੱਠਵੀਂ ਜਮਾਤ ਵਿੱਚ ਸੀ, ਜਦੋਂ ਦੀ ਤੁਹਾਡੇ ਤੋਂ ਐਕਟਿਵਾ ਮੰਗ ਰਹੀ ਹਾਂ ...ਹੁਣ ਤਾਂ ਮੈਂ ਦਸਵੀਂ ਵਿੱਚ ਹੋ ਗਈ ਹਾਂ ...ਹੁਣ ਤਾਂ ਮੈਨੂੰ ਐਕਟਿਵਾ ਲੈ ਦਿਓ ...ਮੈਂ ਕੱਲ੍ਹ ਤੋਂ ਸਾਈਕਲ ’ਤੇ ਨਹੀਂ ਜਾਣਾ ਟਿਊਸ਼ਨ ਪੜ੍ਹਨ।’’ ਉਹ ਰੁੱਸ ਕੇ ਕਮਰੇ ਵਿੱਚੋਂ ਨਿਕਲ ਕੇ ਵਿਹੜੇ ਵਿੱਚ ਕੁਰਸੀ ’ਤੇ ਕਿਤਾਬ ਫੜ ਕੇ ਬੈਠ ਗਈ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਗੁਰਨੂਰ ਦੀ ਗੱਲ ਵੀ ਆਪਣੀ ਥਾਂ ਬਿਲਕੁਲ ਸਹੀ ਸੀ। ਟਿਊਸ਼ਨ ਜਾਣ ਲਈ ਉਸ ਨੂੰ ਸਕੂਟਰ ਦੀ ਸੱਚਮੁੱਚ ਹੀ ਲੋੜ ਸੀ। ਮੈਂ ਹਰ ਮਹੀਨੇ ਉਸ ਨੂੰ ਅਗਲੀ ਵਾਰੀ ਦਾ ਕਹਿ ਕੇ ਟਾਲਦਾ ਆ ਰਿਹਾ ਸੀ ਕਿਉਂਕਿ ਮੈਂ ਇੱਕ ਹੋਰ ਨਵੀਂ ਕਿਸ਼ਤ ਭਰਨ ਦੀ ਹਾਲਤ ਵਿੱਚ ਨਹੀਂ ਸੀ। ਅਜੇ ਮੈਂ ਇਨ੍ਹਾਂ ਵਿਚਾਰਾਂ ਦੀ ਘੁੰਮਣਘੇਰੀ ਵਿੱਚ ਹੀ ਫਸਿਆ ਹੋਇਆ ਸੀ ਕਿ ਦੂਜੇ ਕਮਰੇ ਵਿੱਚੋਂ ਮਾਤਾ ਜੀ ਨੇ ਉੱਚੀ ਸਾਰੀ ਆਵਾਜ਼ ਵਿੱਚ ਕਿਹਾ,‘‘ਵੇ ਪੰਮਿਆਂ! ਪੁੱਤ ਬਾਜ਼ਾਰੋਂ ਆਉਂਦਾ ਮੇਰੀਆਂ ਦਵਾਈਆਂ ਲਈ ਆਵੀਂ, ਬਸ ਖ਼ਤਮ ਹੀ ਹੋ ਚੱਲੀਆਂ ਨੇ। ਤੇ ਨਾਲੇ ਗੈਸ ਦੀਆਂ ਗੋਲੀਆਂ ਦਾ ਪੱਤਾ ਤੇ ਗੋਡਿਆਂ ’ਤੇ ਲਾਉਣ ਵਾਲੀ ਟੂਬ ਵੀ ਲੈ ਆਈਂ ...ਗੋਡੇ ਬੜੀ ਪੀੜ ਕਰਦੇ ਨੇ ਮੇਰੇ ਅੱਜਕੱਲ੍ਹ।’’ ਮੈਂ ਸਕੂਟਰ ਫੜ ਕੇ ਬਾਜ਼ਾਰ ਵੱਲ ਨੂੰ ਚੱਲ ਪਿਆ ਅਤੇ ਸੋਚਦਾ ਹਾਂ ਕਿ ਇਨ੍ਹਾਂ ਖਰਚਿਆਂ ਤੋਂ ਇਲਾਵਾ ਰਾਸ਼ਨ-ਪਾਣੀ ਦਾ ਖਰਚਾ, ਰਿਸ਼ਤੇਦਾਰੀਆਂ ’ਚ ਆਉਣ-ਜਾਣ ਦਾ ਖਰਚਾ, ਕੱਪੜੇ-ਲੀੜੇ ਦਾ ਖਰਚਾ ਅਤੇ ਹੋਰ ਕਈ ਅਣਗੌਲੇ ਖਰਚੇ ਜਿਹੜੇ ਇਕਦਮ ਸੱਪ ਵਾਂਗ ਸਿਰੀ ਕੱਢ ਕੇ ਸਾਹਮਣੇ ਆ ਖਲੋਂਦੇ ਹਨ ਅਤੇ ਫੁੰਕਾਰੇ ਮਾਰ-ਮਾਰ ਕੇ ਘਰ ਦੇ ਬਜਟ ਨੂੰ ਡਾਂਵਾਡੋਲ ਕਰ ਜਾਂਦੇ ਹਨ। ਇਨ੍ਹਾਂ ਸਭ ਖਰਚਿਆਂ ਦਾ ਭਾਰ ਸਿਰਫ਼ ਤੇ ਸਿਰਫ਼ ਇੱਕ ਵਿਚਾਰੀ ਤਨਖ਼ਾਹ ਹੀ ਚੁੱਕ ਰਹੀ ਸੀ। ਤੇ ਕਿਸ ਤਰ੍ਹਾਂ ਚੁੱਕ ਰਹੀ ਸੀ ਉਹ ਮੈਂ ਹੀ ਜਾਣਦਾ ਸੀ ਤੇ ਜਾਂ ਉੱਪਰ ਵਾਲਾ।
ਸੰਪਰਕ: 84270-07623
* * *

ਦੋਗਲੇ

ਲਤਿਕਾ ਬਤਰਾ

Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਫਾਈਨਲ ਮੈਚ ਚੱਲ ਰਿਹਾ ਸੀ। ਪਾਪਾ ਨੇ ਦਫਤਰ ਤੋਂ ਛੁੱਟੀ ਲਈ ਹੋਈ ਸੀ। ਪੂਰੀ ਤਿਆਰੀ ਸੀ। ਦਫਤਰ ਦੇ ਚਾਰ ਦੋਸਤਾਂ ਨਾਲ ਡੇਰਾ ਜਮਾਇਆ ਹੋਇਆ ਸੀ। ਬੋਤਲ ਖੁੱਲ੍ਹੀ ਹੋਈ ਸੀ। ਖਾਣ ਨੂੰ ਤਲੀ ਹੋਈ ਮੂੰਗਫਲੀ ਅਤੇ ਪਿਆਜ਼ ਦੇ ਪਕੌੜੇ ਸਨ। ਟੀਵੀ ’ਤੇ ਕਮੈਂਟੇਟਰ ਜੋਸ਼ ਪੈਦਾ ਕਰ ਰਹੇ ਸਨ। ਪੂਰਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਜਦੋਂ ਦੋਵੇਂ ਟੀਮਾਂ ਮੈਦਾਨ ਵਿੱਚ ਦਾਖਲ ਹੋਈਆਂ ਤਾਂ ਰੌਲੇ-ਰੱਪੇ ਅਤੇ ਜੋਸ਼ ਨੇ ਸਾਰੇ ਹੱਦ-ਬੰਨੇ ਤੋੜ ਦਿੱਤੇ। ਸਭ ਤੋਂ ਪਹਿਲਾਂ ਪਾਕਿਸਤਾਨ ਦਾ ਰਾਸ਼ਟਰੀ ਗੀਤ ਵਜਾਇਆ ਗਿਆ। ਪਾਪਾ ਅਤੇ ਉਸ ਦੇ ਦੋਸਤ ਸੱਟੇਬਾਜ਼ੀ ਵਿੱਚ ਰੁੱਝੇ ਹੋਏ ਸਨ। ਉਹ ਜਿੱਤ-ਹਾਰ ਦੀ ਬਹਿਸ ਵਿੱਚ ਜ਼ੋਰ-ਸ਼ੋਰ ਨਾਲ ਲੱਗੇ ਹੋਏ ਸਨ। ਪੁੱਤਰ ਕੋਲ ਬੈਠਾ ਸਭ ਕੁਝ ਦੇਖ ਰਿਹਾ ਸੀ। ਫਿਰ ਰਾਸ਼ਟਰੀ ਗੀਤ ਵੱਜਣ ਲੱਗਾ, “ਜਨ-ਗਣ-ਮਨ...” ਬੇਟਾ ਖੜ੍ਹਾ ਹੋ ਗਿਆ। ਪੁੱਤਰ ਨੂੰ ਯਾਦ ਆਇਆ ਕਿ ਜਦੋਂ ਥੀਏਟਰ ਵਿੱਚ ਰਾਸ਼ਟਰੀ ਗੀਤ ਸ਼ੁਰੂ ਹੋਇਆ ਸੀ ਤਾਂ ਉਹ ਮੰਮੀ ਨਾਲ ਪੌਪਕੋਰਨ ਅਤੇ ਕੋਲਡ ਡਰਿੰਕ ਦੀ ਜ਼ਿੱਦ ਵਿੱਚ ਉਲਝਿਆ ਹੋਇਆ ਸੀ। ਉਦੋਂ ਪਿਤਾ ਨੇ ਗੁੱਸੇ ਵਿੱਚ ਦੋਵਾਂ ਨੂੰ ਝਿੜਕਿਆ ਸੀ, ‘‘ਪਤਾ ਨਹੀਂ ਲੱਗਦਾ ‘ਜਨ-ਗਨ-ਮਨ’ ਚੱਲ ਰਿਹਾ ਹੈ! ਸਾਰੇ ਖੜ੍ਹੇ ਹਨ ਅਤੇ ਤੁਸੀਂ ਦੋਵੇਂ ਅਨਪੜ੍ਹ ਅਤੇ ਨਿਕੰਮੇ... ਖੜ੍ਹੇ ਹੋ ਜਾਓ...।’’ ਪੁੱਤਰ ਨੇ ਪਿਤਾ ਵੱਲ ਦੇਖਿਆ। ਉਹ ਅਤੇ ਉਸ ਦੇ ਦੋਸਤ ਇਸ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਸਨ ਕਿ ਕਿਹੜੀ ਟੀਮ ਟਾਸ ਜਿੱਤੇਗੀ।
ਪੁੱਤਰ ਨੇ ਆਪਣੇ ਪਿਤਾ ਦਾ ਕੁੜਤਾ ਖਿੱਚਿਆ ਅਤੇ ਕਿਹਾ, ‘‘ਪਾਪਾ, ‘ਜਨ-ਗਨ-ਮਨ’ ਚੱਲ ਰਿਹਾ ਹੈ...।’’ “ਹਾਂ, ਹਾਂ, ਪਤਾ ਹੈ ਮੈਨੂੰ। ਮੈਚ ਹੁਣੇ ਸ਼ੁਰੂ ਹੋਵੇਗਾ।’’ ‘‘ਪਾਪਾ, ਜਨ-ਗਨ-ਮਨ...’’ ਪੁੱਤਰ ਨੇ ਖੜ੍ਹੇ-ਖੜ੍ਹੇ ਫੇਰ ਕਿਹਾ। ਆਪਣੇ ਪੁੱਤਰ ਨੂੰ ਸਾਵਧਾਨ ਮੁਦਰਾ ਵਿੱਚ ਖੜ੍ਹਾ ਵੇਖ ਕੇ ਪਿਤਾ ਹੱਸ ਪਿਆ, ‘‘ਕਿੰਨਾ ਤੇਜ਼ ਦਿਮਾਗ਼ ਹੈ! ਸਭ ਕੁਝ ਯਾਦ ਰੱਖਦਾ ਹੈ।’’ ਫਿਰ ਆਪਣੇ ਪੁੱਤਰ ਦੀ ਪਿੱਠ ’ਤੇ ਹਲਕਾ ਜਿਹਾ ਮਾਰਦਿਆਂ ਉਹ ਹੱਸ ਕੇ ਬੋਲਿਆ, ‘‘ਇੱਥੇ ਕਿਹੜਾ ਕੋਈ ਵੇਖ ਰਿਹਾ ਹੈ?’’
ਅਤੇ ਬੋਤਲ ਚੁੱਕ ਕੇ ਉਹਦਾ ਢੱਕਣ ਖੋਲ੍ਹਣ ਲੱਗਾ।
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
* * *

ਮਨ ਦਾ ਡਰ

ਰਾਬਿੰਦਰ ਸਿੰਘ ਰੱਬੀ

ਜੱਸੀ ਇਸ ਗੱਲ ਤੋਂ ਜਾਣੂ ਸੀ ਕਿ ਕਿਸੇ ਨੇ ਵੀ ਉਸ ਦੀ ਇਸ ਗੱਲ ਲਈ ਨਹੀਂ ਸੀ ਮੰਨਣਾ। ਉਹਨੇ ਬੀਬੀ ਨੂੰ ਕਿਹਾ, ‘‘ਬੀਬੀ, ਜਾਣ ਦੇ ਨਾ ਮੈਨੂੰ।’’ ਸਾਰੇ ਦਿਨ ਦੀ ਸਤੀ ਬੈਠੀ ਬੀਬੀ ਨੇ ਅੰਤ ਤੋੜਾ ਝਾੜ ਹੀ ਦਿੱਤਾ, ‘‘ਪੁੱਛ ਲੈ ਫੇਰ ਆਪਣੇ ਬਾਪੂ ਨੁੂੰ। ਉਹਦੇ ਸਾਹਵੇਂ ਤਾਂ ਮੂੰਹ ਨਹੀਂ ਖੋਲ੍ਹਦਾ।’’
ਗੱਲ ਸੱਚ ਵੀ ਸੀ। ਜੱਸੀ ਦਾ ਆਪਣੇ ਪਿਤਾ ਨੂੰ ਦੇਖਦਿਆਂ ਹੀ ਸੰਘ ਸੁੱਕ ਜਾਂਦਾ ਸੀ। ਜਦੋਂ ਉਸ ਦਾ ਪਿਤਾ ਗੁੱਸੇ ਵਿੱਚ ਉੱਚੀ-ਉੱਚੀ ਬੋਲਦਾ ਤਾਂ ਉਹ ਕੰਬ ਜਾਂਦਾ। ਉਹ ਆਪਣੇ ਪਿਤਾ ਨੂੰ ਇਹ ਗੱਲ ਕਿਵੇਂ ਕਹਿ ਸਕਦਾ ਸੀ।
ਅਸਲ ਵਿੱਚ ਜੱਸੀ ਆਪਣੇ ਪੰਜ ਭੈਣ ਭਰਾਵਾਂ ਵਿੱਚ ਤੀਜੇ ਨੰਬਰ ਉੱਤੇ ਸੀ। ਵੱਡੀ ਭੈਣ ਸਿਮਰਨ ਚਤਾਮਲੀ ਵਿਆਹੀ ਹੋਈ ਸੀ ਅਤੇ ਉਹ ਕਦੇ ਕਦਾਈਂ ਗੇੜਾ ਮਾਰਦੀ। ਜੱਸੀ ਵੀ ਆਪਣੀ ਮਾਂ ਨਾਲ ਕਦੇ ਕਦਾਈਂ ਭੈਣ ਨੁੂੰ ਮਿਲਣ ਚਲੇ ਜਾਂਦਾ। ਉਸ ਦਾ ਹੁਣ ਉੱਥੇ ਬੜਾ ਜੀਅ ਲੱਗਦਾ। ਇੱਥੋਂ ਤੱਕ ਕਿ ਆਪਣੇ ਨਾਨਕੇ ਪਿੰਡ ਮਕੜੌਨੇ ਵੀ ਉਹ ਜ਼ਿਆਦਾ ਨਾ ਜਾਂਦਾ, ਕਿਉਂਕਿ ਉਹਦੇ ਮਾਮੇ ਦੇ ਦੋਵੇਂ ਮੁੰਡੇ ਹੁਣ ਵੱਡੇ ਹੋ ਚੁੱਕੇ ਸਨ ਅਤੇ ਜੱਸੀ ਨੂੰ ਉਨ੍ਹਾਂ ਦੀਆਂ ਗੱਲਾਂ ਦੀ ਸਮਝ ਹੀ ਨਹੀਂ ਸੀ ਲੱਗਦੀ, ਪਰ ਭੈਣ ਦੇ ਮੁੰਡੇ ਨਾਲ ਉਹ ਪਰਚਿਆ ਰਹਿੰਦਾ। ਉਹ ਨਿੱਕਾ ਜਿਹਾ ਪ੍ਰੀਤ ਵੀ ਉਸ ਨੂੰ ਬਹੁਤ ਪਿਆਰ ਕਰਦਾ ਅਤੇ ਉਹ ਦੋਵੇਂ ਆਪਣੇ ਵਿੱਚ ਮਸਤ ਰਹਿੰਦੇ। ਸਿਮਰਨ ਭੈਣ ਪੜ੍ਹੀ ਲਿਖੀ ਹੋਣ ਕਾਰਨ ਆਪਣੇ ਪਿਤਾ ਨਾਲ ਬੇਝਿਜਕ ਹਰ ਗੱਲ ਕਰ ਲੈਂਦੀ ਸੀ। ਜੱਸੀ ਦਾ ਭਰਾ ਪ੍ਰੀਤ, ਜਿਸ ਨੁੂੰ ਸਾਰੇ ਗੱਬਰ ਕਹਿੰਦੇ ਸਨ, ਫੈਕਟਰੀ ਵਿੱਚ ਕੰਮ ਕਰਦਾ ਸੀ। ਉਹ ਸਾਝਰੇ ਹੀ ਚਲਾ ਜਾਂਦਾ ਅਤੇ ਨ੍ਹੇਰੇ ਹੋਏ ਘਰ ਵੜਦਾ। ਉਹ ਆਪਣੇ ਪਿਤਾ ਨਾਲ ਵੀ ਘੱਟ ਹੀ ਗੱਲ ਕਰਦਾ।­
ਜੱਸੀ ਹੱਡਾਂ ਪੈਰਾਂ ਦਾ ਖੁੱਲ੍ਹਾ ਸੀ। ਉਂਝ ਤਾਂ ਅਜੇ ਭਾਵੇਂ ਉਹ ਅੱਠਵੀਂ ਹੀ ਪਾਸ ਕਰਕੇ ਮੋਰਿੰਡੇ ਵੱਡੇ ਸਕੂਲ ਵਿੱਚ ਪੜ੍ਹਨ ਲੱਗ ਗਿਆ ਸੀ ਪਰ ਉਹ ਛੋਟਾ ਲੱਗਦਾ ਨਹੀਂ ਸੀ। ਜੱਸੀ ਦੇ ਦੋਵੇਂ ਭਰਾ ਛੋਟੇ ਸਨ ਅਤੇ ਉਹ ਪੜ੍ਹ ਹੀ ਰਹੇ ਸਨ। ਉਨ੍ਹਾਂ ਤੋਂ ਜੱਸੀ ਨੂੰ ਉਂਝ ਵੀ ਕੋਈ ਆਸ ਨਹੀਂ ਸੀ। ਹੁਣ ਜੱਸੀ ਦੀ ਸਾਰੀ ਆਸ ਆਪਣੀ ਵੱਡੀ ਭੈਣ ਸਿਮਰਨ ਉੱਤੇ ਹੀ ਸੀ। ਉਸ ਨੇ ਸੋਚਿਆ ਕਿ ਸਿਮਰਨ ਭੈਣ ਹੀ ਮੇਰੇ ਮਨ ਦੀ ਗੱਲ ਪਿਤਾ ਜੀ ਨਾਲ ਸਾਂਝੀ ਕਰ ਸਕਦੀ ਹੈ।
ਜੱਸੀ ਦਾ ਪਿਤਾ ਸਖ਼ਤ ਮਿਜਾਜ਼ ਸੀ। ਜਦੋਂ ਉਹ ਗੜ੍ਹਕੇ ਨਾਲ਼ ਬੋਲਦਾ ਤਾਂ ਸਾਹਮਣੇ ਵਾਲੇ ਦੀ ਜ਼ੁਬਾਨ ਥਥਲਾਉਣ ਲੱਗਦੀ। ਫ਼ੌਜ ਵਿੱਚ ਰਿਹਾ ਹੋਣ ਕਾਰਨ ਸਾਰੇ ਉਸ ਦਾ ਸਤਿਕਾਰ ਵੀ ਕਰਦੇ ਸਨ। ਹੁਣ ਤਾਂ ਫ਼ੌਜ ਵਿੱਚੋਂ ਪੈਨਸ਼ਨ ਆਏ ਨੂੰ ਵੀ ਉਸ ਨੁੂੰ ਕਈ ਸਾਲ ਹੋ ਗਏ ਸਨ ਪਰ ਉਸ ਦੇ ਬੋਲਾਂ ਵਿੱਚ ਫ਼ੌਜ ਵਾਲੀ ਗੜ੍ਹਕ ਅਤੇ ਮੜ੍ਹਕ ਕਾਇਮ ਸੀ। ਉਹ ਮਾਵਾ ਲੱਗੀ ਪੱਗ ਬੰਨ੍ਹ ਕੇ ਸਾਰਾ ਦਿਨ ਅਖ਼ਬਾਰ ਪੜ੍ਹਦਾ ਰਹਿੰਦਾ ਅਤੇ ਲੋਕਾਂ ਉੱਤੇ ਖ਼ਬਰਾਂ ਪੜ੍ਹ-ਪੜ੍ਹ ਕੇ ਤਵੇ ਲਾਉਂਦਾ ਰਹਿੰਦਾ। ਹਰ ਕੋਈ ਉਸ ਨਾਲ ਪੰਗਾ ਲੈਣੋਂ ਝਿਜਕਦਾ ਕਿਉਂ ਜੋ ਕੋਈ ਪਤਾ ਨਹੀਂ ਸੀ ਕਿ ਉਸ ਨੇ ਕਿਸ ਮੌਕੇ ਕਿਹੋ ਜਿਹੀ ਗੱਲ ਕਹਿ ਦੇਣੀ ਹੈ।
ਇਹੋ ਸੰਸਾ ਜੱਸੀ ਨੁੂੰ ਵੀ ਸੀ ਅਤੇ ਉੱਧਰੋਂ ਦਿਨ ਵੀ ਨੇੜੇ ਆ ਰਿਹਾ ਸੀ। ਉਸ ਨੇ ਕਈ ਵਾਰ ਮਾਂ ਨੂੰ ਚਤਾਮਲੀ ਜਾਣ ਲਈ ਕਿਹਾ ਪਰ ਘਰ ਦੇ ਝਮੇਲਿਆਂ ਵਿੱਚੋਂ ਮਾਂ ਨੂੰ ਫੁਰਸਤ ਕਿੱਥੇ? ਜੱਸੀ ਜਾਵੇ ਤਾਂ ਕਿੱਥੇ ਜਾਵੇ? ਉਹਦਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਦਾ, ਕਿਤੇ ਇੰਝ ਹੀ ਸੋਚਾਂ ਵਿੱਚੇ ਟਾਈਮ ਨਾ ਲੰਘ ਜਾਵੇ।
ਉਸ ਦੇ ਮਾਸਟਰ ਬਲਵਿੰਦਰ ਸਿੰਘ ਨੇ ਇਕੇਰਾਂ ਤਾੜ ਕੇ ਕਿਹਾ ਵੀ ਸੀ, ‘‘ਓਏ ਜੱਸੀ, ਤੂੰ ਨਾਂ ਲਿਖਾਤਾ? ਦੇਖੀਂ ਕਿਤੇ ਮੇਰੀ ਬੇਇੱਜ਼ਤੀ ਨਾ ਕਰਾ ਦੀਂ।’’ ‘‘ਹਾਂ ਜੀ, ਹਾਂ ਜੀ।’’ ਉਹਨੇ ਘਬਰਾ ਕੇ ਝੂਠ ਹੀ ਕਹਿ ਦਿੱਤਾ। ਮਗਰੋਂ ਉਸ ਨੁੂੰ ਇਸ ਗੱਲ ਦਾ ਪਛਤਾਵਾ ਵੀ ਹੋਇਆ ਕਿ ਉਸ ਨੇ ਆਪਣੇ ਮਨਪਸੰਦ ਅਧਿਆਪਕ ਅੱਗੇ ਝੂਠ ਬੋਲਿਆ ਹੈ।
ਅਜੇ ਉਹ ਇਸ ਉਧੇੜਬੁਣ ਵਿੱਚ ਹੀ ਸੀ ਕਿ ਰੱਖੜੀਆਂ ਦਾ ਤਿਉਹਾਰ ਆ ਗਿਆ। ਇਸ ਬਾਬਤ ਤਾਂ ਜੱਸੀ ਦੇ ਮਨ ਵਿੱਚ ਚੇਤਾ ਵੀ ਨਹੀਂ ਸੀ ਕਿਉਂਕਿ ਉਹ ਆਪਣੀ ਹੀ ਸਮੱਸਿਆ ਵਿੱਚ ਉਲਝਿਆ ਹੋਇਆ ਸੀ। ਜੱਸੀ ਦੇ ਭਾਣੇ ਤਾਂ ਜਿਵੇਂ ਚੰਦ ਚੜ੍ਹ ਪਿਆ ਹੋਵੇ। ਉਹਦਾ ਖ਼ੁਸ਼ੀ ਵਿੱਚ ਸਾਹ ਨਹੀਂ ਸੀ ਰਲ਼ ਰਿਹਾ ਅਤੇ ਉਹਨੇ ਸਹੀ ਟਾਈਮ ਜਿਹਾ ਦੇਖ ਕੇ ਸਿਮਰਨ ਭੈਣ ਨੂੰ ਸਾਰੀ ਗੱਲ ਦੱਸ ਦਿੱਤੀ। ਸਿਮਰਨ ਵੀ ਸਾਰੀ ਗੱਲ ਆਪਣੇ ਪਿਤਾ ਜੀ ਨੁੂੰ ਦੱਸ ਕੇ ਆਪ ਚਤਾਮਲੀ ਚਲੇ ਗਈ।
ਜੱਸੀ ਜਦੋਂ ਆਪਣੀ ਭੈਣ ਨੁੂੰ ਟੈਂਪੂ ਚੜ੍ਹਾ ਕੇ ਘਰ ਆਇਆ ਤਾਂ ਮਾਂ ਨੇ ਕਿਹਾ ਕਿ ਉਹਦਾ ਪਿਤਾ ਉਹਨੂੰ ਚੁਬਾਰੇ ਵਿੱਚ ਬੁਲਾ ਰਿਹਾ ਹੈ। ਉਹ ਘਬਰਾ ਗਿਆ। ਪੌੜੀਆਂ ਉਸ ਤੋਂ ਹੌਲੀ-ਹੌਲੀ ਚੜ੍ਹ ਹੋ ਰਹੀਆਂ ਸਨ। ਉਸ ਦਾ ਪਿਤਾ ਉਸ ਨੂੰ ਦੇਖਦਿਆਂ ਹੀ ਬੋਲਿਆ: ‘‘ਜੱਸੀ, ਸਿਮਰਨ ਕਹਿ ਰਹੀ ਸੀ ਕਿ ਤੂੰ ਛਿੰਝ ਵਿੱਚ ਘੁਲਣ ਜਾਣੈਂ। ਓਏ ਝੱਲਿਆ, ਮੈਂ ਵੀ ਕਦੇ ਘੁਲਦਾ ਰਿਹਾਂ ਪਰ ਨੌਕਰੀ ਦੇ ਚੱਕਰ ਨੇ ਸਭ ਛੁਡਾ-ਛਡੂ ਦਿੱਤਾ। ਕਦੇ-ਕਦੇ ਤਾਂ ਇੰਨਾ ਉਬਾਲ਼ ਜਿਹਾ ਉੱਠਦਾ ਬਈ ਮੇਰੇ ਤੋਂ ਇਹ ਸਭ ਕਿਉਂ ਨਹੀਂ ਹੋਇਆ। ਤੂੰ ਜਾ ਤੇ ਜਾ ਕੇ ਮੇਰਾ ਸੁਪਨਾ ਪੂਰਾ ਕਰ।’’
‘‘ਸੱਚ ਪਾਪਾ...’’ ਜੱਸੀ ਦਾ ਮੂੰਹ ਸੁਣ ਕੇ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ ਅਤੇ ਉਹ ਇਹ ਖ਼ਬਰ ਦੱਸਣ ਲਈ ਸਕੂਲ ਵੱਲ ਭੱਜ ਲਿਆ।
ਸੰਪਰਕ: 89689-46129

Advertisement