ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

09:13 AM Jan 07, 2024 IST

ਮੋਹ ਪਿਆਰ

ਬੱਚੇ ਆਪਣਾ ਸੀਰੀਅਲ ਵੇਖਣ ਵਿਚ ਮਸਤ ਸਨ। ਪਤਨੀ ਵੀ ਕੱਪੜੇ ਤਹਿ ਕਰਦੀ ਹੋਈ ਸੀਰੀਅਲ ਵਿਚ ਮਗਨ ਸੀ। ਪਤੀ ਕੁਝ ਦਿਨਾਂ ਲਈ ਘਰੋਂ ਬਾਹਰ ਜਾ ਰਿਹਾ ਸੀ। ਉਸ ਨੂੰ ਲੱਗ ਰਿਹਾ ਸੀ ਕਿ ਬੱਚਿਆਂ ਅਤੇ ਪਤਨੀ ਬਿਨਾਂ ਇੰਨੇ ਦਿਨ ਬਾਹਰ ਰਹਿਣਾ ਉਸ ਲਈ ਮੁਸ਼ਕਲ ਹੈ ਪਰ ਬੱਚੇ ਅਤੇ ਪਤਨੀ ਟੀ.ਵੀ. ਤੋਂ ਬਾਹਰ ਹੀ ਨਹੀਂ ਆ ਰਹੇ ਸਨ। ਪਤੀ ਨੇ ਤਿਆਰ ਹੋਣ ਤੋਂ ਬਾਅਦ ਕਿਹਾ, ‘‘ਚੰਗਾ ਬਈ, ਚਲਦਾਂ ਮੈਂ।’’ ਪਤਨੀ ਨੇ ਬੁੱਲਾਂ ’ਤੇ ਮੁਸਕੁਰਾਹਟ ਲਿਆ ਕੇ ਬਾਏ ਕਹੀ। ਬੱਚਿਆਂ ਨੇ ਵੀ ਟੀ.ਵੀ. ਤੋਂ ਅੱਖਾਂ ਪਰ੍ਹੇ ਕੀਤੇ ਬਿਨਾਂ ਹੀ ਹੱਥ ਹਿਲਾ ਦਿੱਤੇ। ਪਤੀ ਨੂੰ ਇਸ ਦੀ ਉਮੀਦ ਨਹੀਂ ਸੀ। ਉਹ ਥੋੜ੍ਹਾ ਮਾਯੂਸ ਹੋਇਆ, ਪਰ ਸੂਟਕੇਸ ਚੁੱਕ ਕੇ ਬਾਹਰ ਵੱਲ ਤੁਰ ਪਿਆ। ਚਾਣਚੱਕ ਟੀ.ਵੀ. ਦੀ ਆਵਾਜ਼ ਬੰਦ ਹੋ ਗਈ। ਪਤੀ ਰੁਕ ਗਿਆ। ਬੱਚੇ ਉੱਠ ਕੇ ਦੌੜੇ ਆਏ ਤੇ ਪਾਪਾ ਦੀਆਂ ਲੱਤਾਂ ਨੂੰ ਚਿੰਬੜ ਗਏ। ਪਤਨੀ ਵੀ ਉੱਠ ਆਈ। ਪਾਪਾ ਦੀਆਂ ਅੱਖਾਂ ਵਿਚ ਹੰਝੂ ਛਲਕ ਆਏ। ਮੇਰਾ ਪਰਿਵਾਰ। ਮੇਰੇ ਬੱਚੇ। ਅਚਾਨਕ ਬੱਚੇ ਬੋਲੇ, ‘‘ਪਾਪਾ! ਪਲੀਜ਼ ਜਾਣ ਤੋਂ ਪਹਿਲਾਂ ਟੀ.ਵੀ. ਵਿਚ ਪੈਸੇ ਪਾ ਦਿਓ। ਦੇਖੋ ਨਾ ਹੁਣੇ ਹੁਣੇ ਮੁੱਕੇ ਨੇ।’’
- ਦਵਿੰਦਰ ਕੌਰ ‘ਦੀਪ’
ਸੰਪਰਕ: 94786-82210

Advertisement

* * *

ਮੇਰ

ਪਿੰਡ ਮੁਰਾਦਪੁਰ ਦਾ ਵਿਆਹ ਦੀ ਉਮਰੋਂ ਲੰਘ ਗਿਆ ਗੇਲਾ, ਦੋ ਬੌਲਦਾਂ ਵਾਲਾ, ਢਾਈ ਵਿੱਘੇ ਜ਼ਮੀਨ ਦਾ ਛੋਟਾ ਜਿਹਾ ਵਾਹੀਵਾਨ ਸੀ। ਉਸ ਨੇ ਅੱਜ ਸਵੇਰੇ ਮੂੰਹ ਧੋ ਕੇ ਸ਼ੀਸ਼ੇ ਵਿਚ ਆਪਣਾ ਚਿਹਰਾ ਤੱਕਿਆ, ਫਿਰ ਬੁਝਿਆ ਚੁੱਲ੍ਹਾ, ਫਿਰ ਸਾਰੇ ਘਰ ਵੱਲ ਝਾਤੀ ਮਾਰਦਿਆਂ ਤੇ ਭਵਿੱਖ ਤੋਂ ਚਿੰਤਤ ਹੁੰਦਿਆਂ ਆਪਣਾ ਸਾਵਾ ਬੌਲਦ ਸ਼ਾਮ ਤੱਕ ਆਪਣੇ ਹੀ ਗੁਆਂਢੀ ਬਚਨੇ ਨੂੰ ਵੇਚ ਦਿੱਤਾ।
ਕਿਸੇ ਨਾਲ ਪਹਿਲਾਂ ਤੋਂ ਕੀਤੀ ਗੱਲ ਮੁਤਾਬਿਕ ਆਪਣੇ ਪਿੰਡ ਤੋਂ ਸੱਤ-ਅੱਠ ਕੋਹ ਦੂਰ ਪਿੰਡ ਖੈਰਪੁਰ ਦੀ ਇਕ ਔਰਤ ਮੇਲੋ ਨੂੰ ਮੁੱਲ ਲੈ ਆਇਆ ਜੋ ਕਿ ਕਿਸੇ ਜਾਗਰ ਨਾਂ ਦੇ ਬੰਦੇ ਦੀ ਵਿਧਵਾ ਸੀ।
ਬਚਨਾ ਬੌਲਦ ਨੂੰ ਕਸਾਈਆਂ ਵਾਂਗੂੰ ਮਾਰਦਾ-ਕੁੱਟਦਾ ਸੀ। ਪਤਾ ਨਹੀਂ ਬਚਨਾ ਇੰਨੀ ਕਸਾਈ ਬਿਰਤੀ ਵਾਲਾ ਕੁਰਖ਼ਤ ਕਿਸਾਨ ਕਿਉਂ ਸੀ? ਉਹ ਸਾਵੇ ਬੌਲਦ ਦੇ ਜ਼ੋਰ-ਜ਼ੋਰ ਦੀ ਛਾਂਟੇ ਮਾਰਦਾ ਜੋ ਵੇਖਦਿਆਂ ਨੇੜੇ ਖੇਤਾਂ ਵਿਚ ਕੰਮ ਕਰਦਾ ਗੇਲਾ ਕਸੀਸ ਵੱਟ ਕੇ ਰਹਿ ਜਾਂਦਾ, ਪਰ ਕੁਝ ਕਰ ਜਾਂ ਕਹਿ ਨਾ ਸਕਦਾ।
ਘਰ ਦਾ ਆਲਮ ਬਾਕੀ ਤਾਂ ਸਭ ਠੀਕ-ਠਾਕ ਚੱਲ ਰਿਹਾ ਸੀ। ਬੱਸ ਕਈ ਵਾਰ ਮੇਲੋ ਦੇ ਮੂੰਹੋਂ ਆਪਣੇ ਮਰੇ ਖਾਵੰਦ ਦਾ ਨਾਂ ਸੁਤੇ-ਸਿਧ ਨਿਕਲ ਜਾਂਦਾ ਸੀ ਜਿਸ ਕਰਕੇ ਉਸ ਨਾਲ ਗੇਲਾ ਬਹੁਤ ਖ਼ਫ਼ਾ ਹੁੰਦਾ ਤੇ ਮੇਲੋ ਨੂੰ ਝਿੜਕਾਂ ਵੀ ਖਾਣੀਆਂ ਪੈਂਦੀਆਂ ਸਨ।
ਅੱਜ ਗੇਲੇ ਨੇ ਸੁਵਖਤੇ ਹੀ ਖੇਤਾਂ ਵਿਚ ਆ ਕੇ ਪੁਰਾਣੇ ਬੌਲਦ ਨਾਲ ਨਵਾਂ ਅੜਕ ਵਹਿੜਕਾ ਲਾਦੂ ਕੱਢ ਕੇ ਹਲ਼ ਜੋਅ ਲਿਆ। ਉਧਰ ਗੁਆਂਢੀ ਬਚਨੇ ਨੇ ਵੀ ਹਲ਼ ਜੋੜਿਆ ਹੋਇਆ ਸੀ ਜੋ ਆਪਣੀ ਬਿਰਤੀ ਅਨੁਸਾਰ ਬੌਲਦਾਂ ਨੂੰ ਜ਼ੋਰ-ਜ਼ੋਰ ਦੀ ਛਾਂਟੇ ਮਾਰ ਕੇ ਹਲ਼ ਵਾਹ ਰਿਹਾ ਸੀ।
ਮੇਲੋ ਪਿੰਡੋਂ ਰੋਟੀ ਲੈ ਕੇ ਖੇਤ ਆ ਗਈ ਤੇ ਗੇਲਾ ਵੀ ਹਲ਼ ਖੜ੍ਹਾ ਕੇ ਪਰਾਣੀ ਨਾਲ ਆਪਣੀ ਜੁੱਤੀ ਝਾੜਦਾ ਮੇਲੋ ਕੋਲ ਆ ਬੈਠਾ। ਗੇਲੇ ਨੇ ਕਿਹਾ, ‘‘ਅੱਜ ਕੀ ਰਿੰਨ੍ਹਿਐ?’’ ਮੇਲੋ ਨੇ ਟੋਕਰੀ ਵਿਚੋਂ ਛੰਨਾ ਬਾਹਰ ਕੱਢਦੀ ਨੇ ਕਿਹਾ, ‘‘ਮਸਰੀ ਦੀ ਦਾਲ ਬਣਾਈ ਐ, ਬਹੁਤ ਸਵਾਦ, ਇਹ ਦਾਲ ਜਾਗਰ ਨੂੰ ਵੀ ਬਹੁਤ ਪਸੰਦ ਸੀ।’’ ਬੱਸ ਇੰਨਾ ਸੁਣਦਿਆਂ ਹੀ ਗੇਲੇ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਵਾ-ਵਰੋਲੇ ਵਾਂਗੂੰ ਚੜ੍ਹ ਗਿਆ। ‘‘ਮੇਲੋ, ਮੈਂ ਤੈਨੂੰ ਕਿੰਨੀ ਵਾਰ ਸਮਝਾ ਚੁੱਕੈਂ, ਬਈ ਉਸ ਮੋਏ-ਮੁਰਦਾਰ ਦਾ ਨਾਉਂ ਮੇਰੇ ਸਾਹਮਣੇ ਨਾ ਲਿਆ ਕਰ, ਪਤਾ ਨਹੀਂ ਤੂੰ ਹਟਦੀ ਕਿਉਂ ਨਹੀਂ? ਮੇਰਾ ਤਾਂ ਅੱਗੇ ਹੀ ਗੁਆਂਢੀ ਬਚਨੇ ਨੇ ਦਿਲ ਅਵਾਜ਼ਾਰ ਕੀਤਾ ਹੋਇਐ ਜੋ ਮੇਰੇ ਸਾਵੇ ਨਾਲ ਧਰਤੀ ਘੱਟ ਵਾਹੁੰਦੈ ਤੇ ਕਸਾਈਆਂ ਵਾਂਗੂੰ ਮਾਰ-ਮਾਰ ਕੇ ਉਸ ਦੀ ਛਿੱਲ ਬਹੁਤੀ ਲਾਹੁੰਦੈ। ਭਾਵੇਂ ਮੈਂ ਪਸ਼ੂ ਵੇਚੀ ਬੈਠਾਂ, ਪਰ ਪਤਾ ਨਹੀਂ ਮੇਰੇ ਦਿਲ ’ਚੋਂ ਸਹੁਰੇ ਦੀ ‘ਮੇਰ’ ਜਿਹੀ ਕਿਉਂ ਨਹੀਂ ਜਾਂਦੀ।’’ ...ਤੇ ਗੇਲਾ ਬਚਨੇ ਦੇ ਖੇਤਾਂ ਵੱਲ ਹਲ਼ ਵਗਦੇ ਸਾਵੇ ਨੂੰ ਨੀਝ ਨਾਲ ਤੱਕ ਰਿਹਾ ਸੀ।
ਚੁੱਪ ਕੀਤੀ ਮੇਲੋ ਜੂਠੇ ਭਾਂਡਿਆਂ ਵਾਲੀ ਟੋਕਰੀ ਚੁੱਕ ਕੇ ਵੱਟੇ-ਵੱਟ ਪੈ ਕੇ ਮਨ ਹੀ ਮਨ ਬੁੜਬੁੜਾਉਂਦੀ ਤੁਰੀ ਜਾ ਰਹੀ ਸੀ ਜਿਸ ਦੇ ਤੱਤੇ ਸਾਹਾਂ ’ਚੋਂ ਉਸ ਦਾ ਕਿਹਾ ਉਸ ਨੂੰ ਸਾਫ਼ ਸੁਣ ਰਿਹਾ ਸੀ, ‘‘ਵਾਹ! ਉਏ ਰੱਬ ਦਿਆ ਬੰਦਿਆ, ਔਰਤ ਦੇ ਮੂੰਹੋਂ ਜੇ ਸੁਤੇ-ਸਿਧ ਆਪਣੇ ਮਰੇ ਖਾਵੰਦ ਦਾ ਨਾਉਂ ਨਿਕਲ ਜਾਏ ਤਾਂ ਉਸ ਦੇ ਕਰੇਵੇ ਦੇ ਮਰਦ ਨੂੰ ਵਾਰਾ ਨਹੀਂ ਖਾਂਦਾ, ਪਰ ਬੰਦੇ ਦੇ ਦਿਲ ਵਿਚੋਂ ਆਪਣੇ ਵੇਚੇ ਹੋਏ ਪਸ਼ੂ ਦੀ ਵੀ ‘ਮੇਰ’ ਨਹੀਂ ਮਰਦੀ।’’ ਪਿੰਡ ਨੂੰ ਜਾਂਦੇ ਪਹੇ ’ਤੇ ਇਸ ਸਮੇਂ ਦੁਚਿੱਤੀ ਵਿਚ, ਜਿਸ ਜਗ੍ਹਾ ਮੇਲੋ ਖੜ੍ਹੀ ਸੀ ਇੱਥੋਂ ਇਕ ਪਹਾ ਉਸ ਦੇ ਪੇਕੇ ਪਿੰਡ ਖੈਰਪੁਰ ਵੱਲ ਨੂੰ ਜਾ ਰਿਹਾ ਸੀ ਤੇ ਦੂਸਰਾ ਗੇਲੇ ਦੇ ਪਿੰਡ (ਮੁਰਾਦਪੁਰ) ਵੱਲ। ਅਮੂਕ ਤੇ ਅਡੋਲ ਖੜ੍ਹੇ ਮੇਲੋ ਦੇ ਪਥਰਾਏ ਵਜੂਦ ਦਾ ਸਿਰਫ਼ ਸੱਜੇ ਪੈਰ ਦਾ ਅੰਗੂਠਾ ਪਹੇ ਦੀ ਮਿੱਟੀ ਖੁਰਚ ਰਿਹਾ ਸੀ।
- ਲਖਵੰਤ ਸਿੰਘ ਵੜੈਚ
ਸੰਪਰਕ: 97798-82050
* * *

Advertisement

ਨਾਰੀਅਲ

‘‘ਉਸ ਸਾਧ ਦੀ ਬੜੀ ਮਾਨਤਾ ਹੈ। ਲੋਕ ਉਸ ਕੋਲ ਜਾਂਦੇ ਹਨ ਅਤੇ ਆਪਣਾ-ਆਪਣਾ ਨਾਰੀਅਲ ਉਸ ਅੱਗੇ ਰੱਖਦੇ, ਆਪਣੀ-ਆਪਣੀ ਮੰਨਤ ਮੰਨਦੇ ਤੇ ਚਲੇ ਜਾਂਦੇ ਹਨ। ਜਿਸ ਦਾ ਨਾਰੀਅਲ ਫਟ ਜਾਂਦਾ, ਉਸ ਦੀ ਮੁਰਾਦ ਪੂਰੀ ਹੋ ਜਾਂਦੀ ਹੈ।’’ ਪਤਨੀ ਆਪਣੇ ਪਤੀ ਨੂੰ ਉਸ ਸਾਧ ਦੀ ਕਰਨੀ ਬਾਰੇ ਵਡਿਆ ਕੇ ਦੱਸ ਰਹੀ ਸੀ।
ਉਸ ਦਾ ਅੱਠ ਸਾਲ ਦਾ ਪੁੱਤਰ ਵੀ ਇਹ ਗੱਲ ਸੁਣ ਰਿਹਾ ਸੀ। ਝੱਟ ਦੇਣੀਂ ਬੋਲਿਆ, ‘‘ਮੰਮੀ, ਮੈਂ ਵੀ ਉੱਥੇ ਇਕ ਨਾਰੀਅਲ ਰੱਖ ਆਵਾਂ, ਦੇਖਦੇ ਹਾਂ, ਮੇਰਾ ਨਾਰੀਅਲ ਫਟਦਾ ਹੈ ਕਿ ਨਹੀਂ?’’
ਉਸ ਦੇ ਪਿਤਾ ਨੇ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਿਆ, ‘‘ਉਏ! ਤੂੰ ਨਾਰੀਅਲ ਰੱਖ ਕੇ ਕੀ ਮੰਗੇਂਗਾ?’’
‘‘ਮੈਂ... ਮੈਂ ਨਾਰੀਅਲ ਰੱਖ ਕੇ ਮੰਗਾਂਗਾ ਕਿ ਮੈਨੂੰ ਪਾਪਾ ਨਵੇਂ ਬੂਟ ਕਦੋਂ ਲੈ ਕੇ ਦੇਣਗੇ?’’
ਘਰ ਦੀ ਆਰਥਿਕ ਮੰਦਹਾਲੀ ਕਾਰਨ ਉਸ ਦੇ ਬੂਟਾਂ ਨੂੰ ਅੱਗੇ ਦਾ ਅੱਗੇ ਹੀ ਪਾਇਆ ਜਾਂਦਾ ਰਿਹਾ ਸੀ। ਮੋਚੀ ਕੋਲੋਂ ਟਾਕੀਆਂ ਲਗਵਾ ਕੇ ਹੀ ਕੰਮ ਸਾਰਿਆ ਜਾ ਰਿਹਾ ਸੀ।
- ਕਰਮਵੀਰ ਸਿੰਘ ਸੂਰੀ
ਸੰਪਰਕ: 98558-00103
* * *

ਪੇਟ ਦੀ ਦੌੜ

ਕੰਮ ਵਾਲੀ ਬਾਈ ਅੰਜੂ ਨੇ ਫਲੈਟ ਦੇ ਅੰਦਰ ਆਉਂਦਿਆਂ ਹੀ ਵੇਖਿਆ ਕਿ ਕਮਰੇ ਵਿੱਚ ਇੱਕ ਵੱਡੀ ਸਾਰੀ ਮਸ਼ੀਨ ਪਈ ਹੈ। ‘ਦੀਦੀ ਦੇ ਘਰੇ ਹਰ ਰੋਜ਼ ਨਵੀਆਂ-ਨਵੀਆਂ ਆਨਲਾਈਨ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਹੁਣ ਇਹ ਕਿਹੜੀ ਮਸ਼ੀਨ ਹੈ?’ ਉਹਨੇ ਮਨ ਵਿਚ ਸੋਚਿਆ। ਫਿਰ ਉਹਨੇ ਵੇਖਿਆ ਕਿ ਸਾਹਿਬ ਆਏ ਅਤੇ ਉਸ ਮਸ਼ੀਨ ’ਤੇ ਦੌੜਨ ਲੱਗੇ। ਉਹਨੂੰ ਬੜੀ ਹੈਰਾਨੀ ਹੋਈ। ‘ਸੜਕ ’ਤੇ ਤਾਂ ਸਵੇਰੇ-ਸਵੇਰੇ ਦੌੜਦਿਆਂ ਵੇਖਿਆ ਹੈ ਲੋਕਾਂ ਨੂੰ, ਪਰ ਬੰਦ ਕਮਰੇ ਵਿੱਚ ਮਸ਼ੀਨ ’ਤੇ? ਸਾਹਿਬ ਤੋਂ ਤਾਂ ਕੁਝ ਨਹੀਂ ਪੁੱਛ ਸਕਦੀ।’ ਉਹ ਚੁੱਪਚਾਪ ਝਾੜੂ-ਪੋਚਾ ਕਰਦੀ ਰਹੀ, ਪਰ ਕਦੇ-ਕਦੇ ਉਤਸੁਕਤਾ ਵਜੋਂ ਅੱਖ ਬਚਾ ਕੇ ਉਸ ਪਾਸੇ ਵੀ ਵੇਖ ਲੈਂਦੀ ਸੀ। ਸਾਹਿਬ ਤਾਂ ਮਸ਼ੀਨ ’ਤੇ ਦੌੜੇ ਹੀ ਜਾ ਰਹੇ ਹਨ। ਖ਼ੈਰ ਛੱਡੋ...। ਉਹ ਰਸੋਈ ਵਿਚ ਜਾ ਕੇ ਭਾਂਡੇ ਮਾਂਜਣ ਲੱਗੀ। ਦੀਦੀ ਛੇਤੀ-ਛੇਤੀ ਸਾਹਿਬ ਲਈ ਨਾਸ਼ਤਾ ਬਣਾ ਰਹੀ ਸੀ। ਸਾਹਿਬ ਉਸ ਮਸ਼ੀਨ ’ਤੇ ਦੌੜਨ ਪਿੱਛੋਂ ਨਹਾਉਣ ਚਲੇ ਗਏ। ਦੀਦੀ ਨੇ ਖਾਣੇ ਦੀ ਮੇਜ਼ ’ਤੇ ਸਾਹਿਬ ਲਈ ਨਾਸ਼ਤਾ ਰੱਖ ਦਿੱਤਾ। ਸਾਹਿਬ ਨੇ ਨਾਸ਼ਤਾ ਕੀਤਾ ਅਤੇ ਦਫ਼ਤਰ ਚਲੇ ਗਏ।
ਹੈਂ! ਇਹ ਕੀ? ਹੁਣ ਦੀਦੀ ਉਸ ਮਸ਼ੀਨ ’ਤੇ ਦੌੜਨ ਲੱਗੀ। ਹੁਣ ਤਾਂ ਉਸ ਤੋਂ ਰਿਹਾ ਨਾ ਗਿਆ। ਝੱਟ ਦੀਦੀ ਕੋਲ ਜਾ ਕੇ ਬੋਲੀ, ‘‘ਦੀਦੀ, ਇਸ ਮਸ਼ੀਨ ’ਤੇ ਕਿਉਂ ਦੌੜਦੇ ਹੋ?’’
‘‘ਕਿਉਂ ਦਾ ਕੀ ਮਤਲਬ? ਇਹ ਦੌੜਨ ਲਈ ਹੀ ਹੈ। ਟ੍ਰੈਡਮਿਲ ਕਹਿੰਦੇ ਨੇ ਇਹਨੂੰ। ਵੇਖ ਮੇਰਾ ਪੇਟ ਕਿੰਨਾ ਨਿਕਲ ਆਇਆ ਹੈ! ਕਿੰਨੀ ਡਾਇਟਿੰਗ ਕਰਦੀ ਹਾਂ, ਪਰ ਨਾ ਤਾਂ ਭਾਰ ਘੱਟ ਹੁੰਦਾ ਹੈ ਨਾ ਇਹ ਪੇਟ। ਇਸ ਮਸ਼ੀਨ ’ਤੇ ਚੱਲਣ ਨਾਲ ਪੇਟ ਘੱਟ ਹੋ ਜਾਏਗਾ।’’ ਦੀਦੀ ਹੱਸ ਕੇ ਬੋਲੀ।
‘‘ਪੇਟ ਘਟਾਉਣ ਲਈ ਮਸ਼ੀਨ ’ਤੇ ਦੌੜਦੇ ਹੋ?’’ ਉਹ ਹੈਰਾਨੀ ਨਾਲ਼ ਬੋਲੀ। ਪਤਾ ਨਹੀਂ ਕੀ ਸੋਚ ਕੇ ਅਚਾਨਕ ਖਿੜਖਿੜਾ ਕੇ ਹੱਸ ਪਈ। ਫਿਰ ਖ਼ੁਦ ਨੂੰ ਸੰਭਾਲ ਕੇ ਬੋਲੀ, ‘‘ਦੀਦੀ, ਇਸ ਪੇਟ ਕਰਕੇ ਸਾਡੀ ਜ਼ਿੰਦਗੀ ਇੱਕ ਘਰ ਤੋਂ ਦੂਜੇ ਘਰ, ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਕੰਮ ਕਰਦਿਆਂ ਬੀਤ ਜਾਂਦੀ ਹੈ। ਕੈਸੀ ਅਜੀਬ ਗੱਲ ਹੈ! ਤੁਸੀਂ ਲੋਕ ਪੇਟ ਘਟਾਉਣ ਲਈ ਮਸ਼ੀਨ ’ਤੇ ਦੌੜਦੇ ਹੋ ਅਤੇ ਅਸੀਂ ਗ਼ਰੀਬ ਲੋਕ ਪੇਟ ਪਾਲਣ ਲਈ ਤੁਹਾਡੇ ਵਰਗਿਆਂ ਦੇ ਘਰਾਂ ਵਿੱਚ ਦਿਨ-ਰਾਤ ਦੌੜਦੇ ਰਹਿੰਦੇ ਹਾਂ।’’
- ਡਾ. ਰਿਚਾ ਸ਼ਰਮਾ
ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
ਸੰਪਰਕ: 94176-92015

Advertisement