ਮਿੰਨੀ ਕਹਾਣੀਆਂ
ਟਿੱਚਰ
ਦਿਵਿਆਂਗ ਮਜ਼ਦੂਰ ਫ਼ਕੀਰਾ ਝੋਨਾ ਲਾ ਕੇ ਘਰ ਪਰਤਿਆ ਹੀ ਸੀ ਕਿ ਮੈਂ ਵੋਟਾਂ ਦਾ ਸਰਵੇਖਣ ਕਰਦਾ ਉਸ ਦੇ ਘਰ ਗਿਆ ਤੇ ਪੁੱਛਿਆ, ‘‘ਫ਼ਕੀਰ ਸਿੰਹਾਂ ਤੇਰਾ ਅੰਗਹੀਣਤਾ ਦਾ ਸਰਟੀਫਿਕੇਟ ਭਲਾ ਕਿੰਨੇ ਪਰਸੈਂਟ ਦਾ ਬਣਿਆ ਹੋਇਆ?’’ ‘‘ਕਿਉਂ ਮਾਹਟਰਾ, ਤੈਨੂੰ ਕੀ ਲੋੜ ਪੈਗੀ?’’ ਫ਼ਕੀਰੇ ਨੇ ਪੁੱਛਿਆ। ‘‘ਓ ਕੁਝ ਨੀ ਭਰਾਵਾ, ਵੋਟਰ ਸੂਚੀ ’ਚ ਦਰਜ ਕਰਨੈ ਕਿ ਅੰਗਹੀਣ ਆਪ ਵੋਟ ਪਾ ਸਕਦੇ ਨੇ ਜਾਂ ਕੋਈ ਮਦਦ... ਚਾਹੀਦੀ... ਆ।’’ ਆਖ਼ਰੀ ਸ਼ਬਦ ਮੈਂ ਮਸਾਂ ਪੂਰੇ ਕੀਤੇ ਤੇ ਫ਼ਕੀਰਾ ਇਉਂ ਚੌਂਕਿਆ ਜਿਵੇਂ ਮੈਂ ਉਸ ਨੂੰ ਕੋਈ ਟਿੱਚਰ ਕੀਤੀ ਹੋਵੇ।
- ਗਗਨਦੀਪ ਸਿੰਘ ਬੁਗਰਾ
ਸੰਪਰਕ: 98149-19299
* * *
ਠੋਕਰ
‘‘ਪਾਪਾ ਜੀ, ਕਤਿਾਬਾਂ ਅਤੇ ਪ੍ਰੈਕਟੀਕਲ ਫਾਈਲਾਂ ਲਈ ਮੈਨੂੰ ਪੰਦਰਾਂ ਹਜ਼ਾਰ ਰੁਪਏ ਚਾਹੀਦੇ ਹਨ।’’ ਸ਼ਹਿਰ ਪੜ੍ਹਾਈ ਕਰ ਰਹੇ ਜਗਤਾਰ ਸਿੰਘ ਦੇ ਮੁੰਡੇ ਗੈਰੀ ਨੇ ਕੰਨ ਨਾਲੋਂ ਫ਼ੋਨ ਲਾਹੁੰਦਿਆਂ ਕਿਹਾ। ‘‘ਕੋਈ ਨਾ ਪੁੱਤ, ਲੈ ਜਾਵੀਂ। ਮੈਂ ਸ਼ਹਿਰੋਂ ਸੇਠ ਜੀ ਕੋਲੋਂ ਲੈ ਕੇ ਦੇ ਦੇਵਾਗਾਂ। ਜੇ ਤੈਨੂੰ ਥੋੜ੍ਹੀ ਵਿਹਲ ਹੈ ਤਾਂ ਖੇਤ ਕਣਕ ਵੱਢ ਰਹੀ ਕੰਬਾਈਨ ਕੋਲ ਚਲਾ ਜਾਹ। ਮੈਂ ਮੰਡੀ ’ਚ ਕਣਕ ਲਾਹ ਆਵਾਂ।’’
ਮਰੇ ਮਨ ਨਾਲ ਗੈਰੀ ਖੇਤ ਵੱਲ ਤੁਰ ਪਿਆ। ਗਰਮੀ ਅਤੇ ਧੂੜ ਨੇ ਉਸ ਦਾ ਬੁਰਾ ਹਾਲ ਕਰ ਦਿੱਤਾ ਸੀ ਜਿਸ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਸੀ ਕਿ ‘ਮੇਰੇ ਪਾਪਾ ਇਹ ਸਾਰਾ ਕੁਝ ਕਿਵੇਂ ਕਰਦੇ ਹਨ। ਮੈਂ ਉਂਝ ਹੀ ਉਨ੍ਹਾਂ ਦੀ ਮਿਹਨਤ ਦੀ ਕਮਾਈ ਪੁੱਠੇ ਕੰਮਾਂ ’ਚ ਉਡਾ ਰਿਹਾ ਹਾਂ।’ ਇਨ੍ਹਾਂ ਸੋਚਾਂ ’ਚ ਖੁੱਭੇ ਹੋਏ ਉਸ ਦੇ ਪੈਰ ਨੂੰ ਵੱਟ ਦੀ ਠੋਕਰ ਇੰਨੀ ਜ਼ੋਰ ਦੀ ਲੱਗੀ ਕਿ ਉਸ ਦੀ ਸੋਚਾਂ ਦੀ ਲੜੀ ਟੁੱਟ ਗਈ। ਘਰ ਆ ਕੇ ਉਸ ਨੇ ਆਪਣੇ ਪਤਿਾ ਨੂੰ ਕਿਹਾ, ‘‘ਪਾਪਾ ਜੀ! ਮੈਂ ਪੰਜ ਹਜ਼ਾਰ ਰੁਪਏ ਨਾਲ ਹੀ ਕੰਮ ਚਲਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਲੋੜ ਪਈ ਫੇਰ ਮੰਗ ਲਵਾਗਾਂ।’’ ਜਗਤਾਰ ਸਿੰਘ ਉਸ ਦੀ ਇਸ ਅਚਾਨਕ ਬਦਲੀ ਹੋਈ ਰਾਇ ਨੂੰ ਸਮਝਣ ਤੋਂ ਅਸਮਰੱਥ ਸੀ।
- ਡਾ. ਗੁਰਤੇਜ ਸਿੰਘ
ਸੰਪਰਕ: 95173-96001
* * *
ਸਵਾਰੀ
ਪੁਰਾਣੇ ਸਮਿਆਂ ਵਿੱਚ ਇੱਕ ਮਾਸਟਰ ਬੱਚਿਆਂ ਨੂੰ ਪੜ੍ਹਾਉਣ ਲਈ ਖੋਤੇ ’ਤੇ ਜਾਇਆ ਕਰਦਾ ਸੀ। ਇੱਕ ਦਿਨ ਰਸਤੇ ਵਿੱਚ ਜਾਂਦਿਆਂ ਖੋਤੇ ਨੇ ਮਾਸਟਰ ਨੂੰ ਪੁੱਛਿਆ, ‘‘ਮਾਸਟਰ ਜੀ, ਤੁਸੀਂ ਰੋਜ਼ ਰੋਜ਼ ਮੇਰੇ ’ਤੇ ਸਵਾਰ ਹੋ ਕੇ ਕਿੱਧਰ ਜਾਂਦੇ ਹੋ?’’ ਮਾਸਟਰ ਨੇ ਜੁਆਬ ਦਿੱਤਾ, ‘‘ਮੈਂ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਣ ਜਾਂਦਾ ਹਾਂ।’’ ਅੱਗੋਂ ਖੋਤਾ ਕਹਿਣ ਲੱਗਿਆ, ‘‘ਮਾਸਟਰ ਜੀ, ਪੜ੍ਹਨ ਨਾਲ ਕੀ ਹੋ ਜਾਂਦਾ ਏ?’’ ਮਾਸਟਰ ਨੇ ਕਿਹਾ, ‘‘ਤੂੰ ਕੀ ਲੈਣਾ, ਚੁੱਪ ਕਰ ਕੇ ਤੁਰਿਆ ਚੱਲ। ਮੈਂ ਕਤਿੇ ਤੇਰੀਆਂ ਗੱਲਾਂ ਵਿੱਚ ਲੱਗ ਕੇ ਸਕੂਲੋਂ ਲੇਟ ਨਾ ਹੋ ਜਾਵਾਂ।’’ ਖੋਤੇ ਦੇ ਵਾਰ ਵਾਰ ਪੁੱਛਣ ’ਤੇ ਮਾਸਟਰ ਕਹਿਣ ਲੱਗਿਆ, ‘‘ਪੜ੍ਹਨ ਨਾਲ ਅਕਲ ਆ ਜਾਂਦੀ ਆ, ਸਿਆਣੇ ਹੋ ਜਾਈਦਾ ਏ।’’ ਖੋਤਾ ਕਹਿਣ ਲੱਗਿਆ, ‘‘ਮਾਸਟਰ ਜੀ ਫਿਰ ਤੁਸੀਂ ਮੈਨੂੰ ਵੀ ਪੜ੍ਹਾ ਦਿਓ। ਮੈਨੂੰ ਵੀ ਅਕਲ ਆ ਜਾਵੇਗੀ।’’ ਮਾਸਟਰ ਕਹਿਣ ਲੱਗਿਆ, ‘‘ਨਹੀਂ! ਤੈਨੂੰ ਨਹੀਂ ਪੜ੍ਹਾਉਣਾ।’’ ਖੋਤੇ ਨੇ ਆਖਿਆ, ‘‘ਜੀ ਕਿਉਂ?’’ ਮਾਸਟਰ ਨੇ ਕਿਹਾ, ‘‘ਜੇ ਤੂੰ ਪੜ੍ਹ ਗਿਆ ਤੈਨੂੰ ਅਕਲ ਆ ਜਾਣੀਂ ਏ, ਫਿਰ ਮੈਂ ਸਵਾਰੀ ਕਿਸ ’ਤੇ ਕਰਿਆ ਕਰਾਂਗਾ! ਇਸ ਕਰਕੇ ਤੂੰ ਅਨਪੜ੍ਹ ਹੀ ਠੀਕ ਹੈਂ।’’
ਹੁਣ ਖੋਤਾ ਸੋਚਦਾ ਜਾਂਦਾ ਸੀ ਕਿ ਪਤਾ ਨਹੀਂ ਮੇਰੇ ਵਰਗੇ ਹੋਰ ਕਿੰਨਿਆਂ ਕੁ ਨੂੰ ਇਹ ਲੋਕ ਅਨਪੜ੍ਹ ਰੱਖ ਕੇ ਸਵਾਰੀ ਕਰਦੇ ਹੋਣਗੇ।
- ਹਰਪ੍ਰੀਤ ਪੱਤੋ
ਸੰਪਰਕ: 94658-21417
* * *
ਪਛਤਾਵਾ
‘‘ਪੁੱਤ ਇੱਕ ਵਾਰੀ ਆ ਕੇ ਮਿਲ ਜਾ। ਮੇਰਾ ਬੜਾ ਚਿੱਤ ਕਰਦਾ ਏ ਤੈਨੂੰ ਮਿਲਣ ਨੂੰ। ਕਿੰਨੇ ਵਰ੍ਹੇ ਹੋ ਗਏ ਤੈਨੂੰ ਵਿਦੇਸ਼ ਗਏ ਨੂੰ, ਕਦੇ ਮਾਂ ਦੀ ਯਾਦ ਆਈ ਹੀ ਨਹੀਂ? ਪੁੱਤ, ਹੁਣ ਤਾਂ ਸਿਹਤ ਢਿੱਲੀ ਜਿਹੀ ਰਹਿੰਦੀ ਹੈ। ਪਤਾ ਨੀ ਕਦੋਂ ਤੁਰ ਜਾਣਾ ਏ। ਇੱਕ ਵਾਰ ਮਿਲ਼ ਜਾ... ਮੈਂ ਉਡੀਕਦੀ ਪਈ ਆਂ ਪੁੱਤ, ਇੱਕ ਵਾਰ ਆ ਜਾ।’’ ਸਤਨਾਮ ਡੂੰਘੀਆਂ ਯਾਦਾਂ ਵਿੱਚ ਗੁਆਚਿਆ ਹੋਇਆ ਸੀ।
‘‘ਪੌਪ, ਪੌਪ!’’ ਆਪਣੇ ਪੁੱਤਰ ਹੈਰੀ ਦੀ ਆਵਾਜ਼ ਸੁਣ ਕੇ ਉਹ ਹੋਸ਼ ਵਿੱਚ ਪਰਤਿਆ।
‘‘ਹਾਂ ਦੱਸ ਪੁੱਤਰ,’’ ਸਤਨਾਮ ਨੇ ਹੈਰੀ ਨੂੰ ਪਿਆਰ ਨਾਲ ਕਿਹਾ।
‘‘ਪੌਪ, ਤੁਸੀਂ ਹੁਣ ਪਹਿਲਾਂ ਵਰਗੇ ਨਹੀਂ ਰਹੇ। ਅੱਜ ਮੇਰੀ ਛੁੱਟੀ ਸੀ, ਪਰ ਅੱਜ ਤੁਸੀਂ ਮੈਨੂੰ ਕਤਿੇ ਘੁੰਮਾਉਣ ਨਹੀਂ ਲੈ ਕੇ ਗਏ ਤੇ ਨਾ ਹੀ ਮੇਰੇ ਨਾਲ ਕੋਈ ਖੇਡ ਖੇਡੀ। ਪਤਾ ਨਹੀਂ ਕੀ ਸੋਚਦੇ ਰਹਿੰਦੇ ਹੋ। ਮੈਂ ਤੁਹਾਡੇ ਨਾਲ ਬਹੁਤ ਗੁੱਸੇ ਹਾਂ।’’ ਹੈਰੀ ਨੇ ਨਿਹੋਰੇ ਨਾਲ ਕਿਹਾ।
‘‘ਪੁੱਤ ਆਵੇਂਗਾ ਨਾ, ਆਪਣੀ ਬੁੱਢੀ ਮਾਂ ਨੂੰ ਮਿਲਣ। ਕੀ ਪਤਾ ਤੈਨੂੰ ਮਿਲ ਕੇ ਕੁਝ ਚਿਰ ਹੋਰ ਜੀਅ ਜਾਵੇ ਇਹ ਬੁੱਢੜੀ...’’ ਸਤਨਾਮ ਫਿਰ ਸੋਚਾਂ ਵਿੱਚ ਗੁਆਚ ਗਿਆ ਸੀ।
‘‘ਪੌਪ! ਪੌਪ!... ਵੇਖਿਆ ਤੁਸੀਂ ਮੇਰੀ ਗੱਲ ਸੁਣਦੇ ਹੀ ਨਹੀਂ।’’ ਹੈਰੀ ਪੈਰ ਪਟਕ ਕੇ ਚਲਾ ਗਿਆ।
‘‘ਮਾਂ ਤੁਰ ਗਈ ਵੀਰੇ, ਤੁਸੀਂ ਕਦੋਂ ਤੱਕ ਪਹੁੰਚੋਗੇ? ਮਾਂ ਦੀ ਬਾਡੀ ਨੂੰ ਹਸਪਤਾਲ ਵਿੱਚ ਰੱਖ ਲੈਂਦੇ ਹਾਂ, ਜੇ ਤੁਸੀਂ ਆਉਣਾ ਹੈ। ਦੱਸ ਦੇਓ ਕਿਵੇਂ ਕਰੀਏ!’’ ਸਤਨਾਮ ਦੀ ਅੰਤਰ-ਆਤਮਾ ’ਤੇ ਛੋਟੇ ਭਰਾ ਦੇ ਸ਼ਬਦ ਹਥੌੜੇ ਵਾਂਗ ਵੱਜ ਰਹੇ ਸਨ।
‘‘ਉੱਠ ਮਾਂ, ਮੈਂ ਆ ਗਿਆ। ਤੂੰ ਫ਼ੋਨ ਕੀਤਾ ਸੀ ਮੈਨੂੰ ਕਿੰਨੀ ਵਾਰੀ। ਅੱਜ ਮੈਂ ਆ ਹੀ ਗਿਆ ਹਾਂ। ਹੁਣ ਉੱਠ ਵੀ ਜਾ। ਗੱਲ ਕਰ ਜਿਹੜੀ ਕਰਨੀ ਸੀ। ਓਦੋਂ ਤੂੰ ਤਰਲੇ ਕਰ ਰਹੀ ਸੀ, ਅੱਜ ਤੇਰਾ ਪੁੱਤ ਤਰਲੇ ਕਰ ਰਿਹਾ ਹੈ। ਉੱਠ ਜਾ ਮਾਂ, ਇੱਕ ਵਾਰ ਉੱਠ ਜਾ, ਗੱਲ ਕਰ ਮੇਰੇ ਨਾਲ ਕੋਈ। ਗੱਲ ਕਰ ਮਾਂ... ਮੈਨੂੰ ਮੁਆਫ਼ ਕਰਦੇ ਮੇਰੀ ਮਾਂ। ਮੈਂ ਤੇਰਾ ਨਿੰਕਮਾ ਪੁੱਤ ਹਾਂ। ਤੇਰੀ ਇੱਛਾ ਵੀ ਪੂਰੀ ਨਹੀਂ ਕਰ ਸਕਿਆ। ਮੈਨੂੰ ਤਾਂ ਲੱਗਿਆ ਸੀ ਕਿ ਤੂੰ ਐਵੇਂ ਬੋਲੀ ਜਾਨੀਂ ਐਂ। ਕੀ ਪਤਾ ਸੀ ਕਿ ਤੂੰ ਸੱਚੀ ਤੁਰ ਜਾਣਾ। ਮੈਂ ਅੰਨ੍ਹਾ ਹੋ ਗਿਆ ਸੀ। ਆਪਣੇ ਕੰਮ ’ਚ ਹੀ ਰੁੱਝਿਆ ਰਿਹਾ। ਹਾਏ ਮਾਂ! ਤੂੰ ਕਿੱਥੇ ਤੁਰ ਗਈ...’’ ਯਾਦਾਂ ਦੇ ਸਮੁੰਦਰ ਵਿੱਚ ਗੁੰਮਿਆ ਸਤਨਾਮ ਉੱਚੀ ਉੱਚੀ ਰੋਣ ਲੱਗ ਪਿਆ।
‘‘ਮਮ ਇਹ ਪੌਪ ਨੂੰ ਕੀ ਹੋ ਗਿਆ ਹੈ...?’’ ਹੈਰੀ ਨੇ ਆਪਣੀ ਮਾਂ ਨੂੰ ਹੈਰਾਨੀ ਨਾਲ ਪੁੱਛਿਆ।
‘‘ਕੀ ਦੱਸਾਂ ਪੁੱਤ... ਪਛਤਾਵੇ ਦਾ ਘੁਣ ਲੱਗ ਗਿਆ ਹੈ ਤੇਰੇ ਪੌਪ ਨੂੰ...!’’ ਕੋਲ ਖੜ੍ਹੀ ਸਤਨਾਮ ਦੀ ਪਤਨੀ ਨੇ ਬੇਵਸੀ ਜਿਹੀ ਨਾਲ ਕਿਹਾ।
- ਮਨਜੀਤ ਕੌਰ ਧੀਮਾਨ
ਸੰਪਰਕ: 94646-33059
* * *
ਇਹ ਕੇਹਾ ਦਾਨ...
“ਏਨੇ ਦਰੱਖਤ ਕਿਉਂ ਵੱਢਤੇ?” ਵਜ਼ੀਰਾ ਸਾਹੋ-ਸਾਹੀ ਹੋਇਆ ਭੱਜਾ ਆਇਆ। ਉਸ ਨੂੰ ਬੂਟੇ ਲਗਵਾਉਣ ਦਾ ਬਹੁਤ ਸ਼ੌਕ ਸੀ। ਉਹ ਕੋਈ ਅਮੀਰ ਨਹੀਂ ਸੀ, ਪਰ ਉਸ ਨੂੰ ਵਾਤਾਵਰਣ ਨਾਲ ਬਹੁਤ ਪਿਆਰ ਸੀ। ਉਹ ਆਪਣੀ ਹੱਕ-ਹਲਾਲ ਦੀ ਕਮਾਈ ਵਿੱਚੋਂ ਥੋੜ੍ਹੇ ਪੈਸੇ ਬਚਾ ਕੇ ਨਰਸਰੀ ਵਿੱਚੋਂ ਬੂਟੇ ਖਰੀਦਦਾ ਅਤੇ ਸੜਕਾਂ ਦੇ ਕਿਨਾਰੇ, ਸਕੂਲਾਂ, ਪਿੰਡਾਂ ਦੇ ਸ਼ਮਸ਼ਾਨਘਾਟ, ਧਾਰਮਿਕ ਸਥਾਨਾਂ ਆਦਿ ’ਚ ਲਗਾਉਂਦਾ। ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਦਾ।
ਅੱਜ ਜਦੋਂ ਪਿੰਡ ਦੇ ਮੋਹਤਬਰ ਅਤੇ ਧਾਰਮਿਕ ਕਮੇਟੀ ਦੇ ਸੱਤ-ਅੱਠ ਮੈਂਬਰ ਸਕੂਲ ਵਿੱਚੋਂ ਦਰੱਖਤ ਕਟਵਾ ਰਹੇ ਸਨ ਤਾਂ ਵਜ਼ੀਰੇ ਦੀ ਜਿਵੇਂ ਜਾਨ ਨਿਕਲ ਗਈ ਹੋਵੇ। ਉਹ ਰੋਣਹਾਕਾ ਹੋਇਆ ਪਿਆ ਸੀ ਕਿ ਸਕੂਲ ਦੇ ਬੂਟੇ ਕਿਉਂ ਵੱਢੇ, ਅਸਲ ਮੁੱਦਾ ਇਹ ਸੀ ਕਿ ਦਰੱਖਤ ਵੱਢੇ ਹੀ ਕਿਉਂ??
ਵਿਚਾਰਾ ਉਨ੍ਹਾਂ ਅਖੌਤੀ ਮੋਹਤਬਰਾਂ ਦਾ ਜਵਾਬ ਸੁਣ ਕੇ ਸੁੰਨ ਹੋ ਗਿਆ। ਉਹ ਕਹਿੰਦੇ, ‘‘ਵਜ਼ੀਰਿਆ ਧਰਮ-ਕਰਮ ਦੇ ਕੰਮਾਂ ’ਚ ਐਵੇਂ ਨਹੀਂ ਬੋਲੀਦਾ ਪਾਪ ਲੱਗਦਾ ਹੈ। ਅਸੀਂ ਇਹ ਦਰੱਖਤ ਧਾਰਮਿਕ ਸਥਾਨਾਂ ਨੂੰ ਦਾਨ ਕਰਨੇ ਨੇ, ਪੁੰਨ ਦੇ ਕੰਮ ’ਚ ਵਿਘਨ ਨਹੀਂ ਪਾਈਦਾ।’’
- ਪਰਮਜੀਤ ਕੌਰ
ਸੰਪਰਕ: 83608-15955