ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੰਨੀ ਕਹਾਣੀਆਂ

08:28 AM Oct 01, 2023 IST

ਅੰਗਰੇਜ਼ੀ ਰੋਣਾ

ਸਾਡੇੇ ਗੁਆਂਢੀ ਕੋਈ ਵੀਹ ਸਾਲ ਪਹਿਲਾਂ ਆਪਣੇ ਪਿੰਡੋਂ ਆ, ਸ਼ਹਿਰ ਸਾਡੇ ਨਾਲ ਦੇ ਪਲਾਟ ਵਿੱਚ ਕੋਠੀ ਉਸਾਰ ਕੇ ਰਹਿਣ ਲੱਗੇ। ਦੋ ਬੱਚੇ ਸਨ ਉਨ੍ਹਾਂ ਦੇ। ਇੱਕ ਮੁੰਡਾ ਤੇ ਉਸ ਤੋਂ ਛੋਟੀ ਕੁੜੀ। ਦੋਵਾਂ ਦਾ ਫ਼ਰਕ ਕੋਈ ਦੋ ਕੁ ਸਾਲ ਦਾ ਹੀ ਹੋਵੇਗਾ। ਸੋ ਕੁੜੀ ਪਹਿਲਾਂ ਵਿਆਹ ਦਿੱਤੀ ਲਾਗਲੇ ਸ਼ਹਿਰ ਕਿਸੇ ਡਾਕਟਰ ਨਾਲ। ਸਾਲ ਵਿੱਚ ਹੀ ਕੁੜੀ ਦੇ ਮੁੰਡਾ ਹੋ ਗਿਆ। ਦੋਵੇਂ ਪਰਿਵਾਰ ਖ਼ੁਸ਼ ਸਨ। ਹਾਲਾਂਕਿ ਸਾਡੇ ਗੁਆਂਢੀਆਂ ਦਾ ਕੱਪੜੇ ਦੇ ਥੋਕ ਦਾ ਚੰਗਾ ਕਾਰੋਬਾਰ ਸੀ ਪਰ ਦੇਖੋ-ਦੇਖੀ ਮੁੰਡਾ ਆਪਣੀ ਪਤਨੀ ਅਤੇ ਆਪਣੇ ਦੋ ਨਿੱਕੇ-ਨਿੱਕੇ ਬੱਚਿਆਂ ਨਾਲ ਕੈਨੇਡਾ ‘ਸੈੱਟ’ ਹੋ ਗਿਆ। ਮੁੰਡਾ, ਉਸ ਦੀ ਪਤਨੀ ਅਤੇ ਬੱਚਿਆਂ ਨਾਲ ਗੁਆਂਢੀ ਫੇਸ-ਟਾਈਮ ਉੱਤੇ ਲੰਮਾ ਲੰਮਾ ਸਮਾਂ ਗੱਲਾਂ ਕਰਦੇ ਰਹਿੰਦੇ। ਜਦੋਂ ਪੋਤਰਾ ਪੋਤਰੀ ਉਨ੍ਹਾਂ ਨੂੰ ਤੋਤਲੀ ਜ਼ੁਬਾਨ ਵਿਚ ਦਾਦੂ-ਦਾਦੂ, ਦਾਮਾ-ਦਾਮਾ ਕਹਿੰਦੇ ਤਾਂ ਸਾਡੇ ਗੁਆਂਢੀ ਬੜੇ ਖ਼ੁਸ਼ ਹੁੰਦੇ। ਭਾਵੇਂ ਪਿੰਡੋਂ ਆਇਆਂ ਨੂੰ ਵੀਹ ਸਾਲ ਹੋ ਗਏ ਸਨ ਪਰ ਗੁਆਂਢੀ ਸਾਡੇ ਆਪਣਾ ਪੇਂਡੂ ਖਾਸਾ ਨਹੀਂ ਸਨ ਛੱਡਦੇ। ਕਣਕ, ਮੱਕੀ, ਸਰ੍ਹੋਂ ਅੱਜ ਵੀ ਉਨ੍ਹਾਂ ਦੇ ਪਿੰਡੋਂ ਹੀ ਆਉਂਦੀ।
ਉਧਰ ਗੁਆਂਢੀਆਂ ਦਾ ਦੋਹਤਾ ਵੀ ਸੁੱਖ ਨਾਲ ਢਾਈ-ਤਿੰਨ ਵਰ੍ਹਿਆਂ ਦਾ ਹੋ ਗਿਆ ਸੀ। ਉਨ੍ਹਾਂ ਦੀ ਧੀ ਕਿਸੇ ਪ੍ਰਾਈਵੇਟ ਸਕੂਲ ਵਿਚ ਅਧਿਆਪਕਾ ਲੱਗ ਗਈ। ਐਵੇਂ ਮਸ਼ਰੂਫ ਰਹਿਣ ਲਈ। ਹਾਲਾਂਕਿ ਜਵਾਈ ਦੀ ਡਾਕਟਰੀ ਚੰਗੀ ਚਲਦੀ ਸੀ। ਕਿਉਂਕਿ ਦੋਹਤਾ ਹਾਲੇ ਕਾਫ਼ੀ ਛੋਟਾ ਸੀ ਅਤੇ ਸਕੂਲ ਨਹੀਂ ਸੀ ਜਾਣ ਲੱਗਿਆ, ਉਸ ਦੀ ਮਾਂ ਅਕਸਰ ਉਸ ਨੂੰ ਉਸ ਦੇ ਨਾਨਕੇ ਛੱਡ ਜਾਂਦੀ। ਬੜਾ ਹੀ ਪਿਆਰਾ ਬੱਚਾ ਸੀ। ਗੋਗਲੂ ਜਿਹਾ। ਘੁੰਗਰਾਲੇ ਵਾਲ, ਮੋਟੀਆਂ ਅੱਖਾਂ ਤੇ ਗੋਰਾ ਰੰਗ। ਉਸ ਦੇ ਨਾਲ ਹੀ ਸਾਡੇ ਗੁਆਂਢੀਆਂ ਦੀ ਕੁੜੀ ਨੇ ਆਪਣੇ ਕੋਲ ਰੱਖੀ ‘ਆਇਆ’ ਨੂੰ ਵੀ ਛੱਡ ਜਾਣਾ। ਲਗਭਗ ਸਾਰਾ ਹੀ ਦਨਿ ਦੋਹਤਰਾ ਅਤੇ ਉਸ ਦੀ ਮੋਨਾ ਆਂਟੀ ਸਾਡੇ ਗੁਆਂਢ ਰਹਿੰਦੇ। ਸ਼ਾਮ ਨੂੰ ਗੁਆਂਢੀਆਂ ਦੀ ਧੀ ਜਾਂ ਜਵਾਈ ਆ ਕੇ ਅੰਕੁਰ ਅਤੇ ਮੋਨਾ ਨੂੰ ਵਾਪਸ ਲੈ ਜਾਂਦੇ।
ਬੱਚਾ ਸਾਰਾ ਦਨਿ ਗੁਆਂਢ ਵਿਚ ਰੌਣਕ ਲਾਈ ਰੱਖਦਾ। ਨਾਨਾ-ਨਾਨੀ ਦਾ ਵੀ ਦਿਲ ਪਰਚਿਆ ਰਹਿੰਦਾ। ਪਰ ਧੀ-ਜੁਆਈ ਵੱਲੋਂ ਇਕ ਬੜੀ ਸਖ਼ਤ ਹਦਾਇਤ ਸੀ ਨਾਨੇ-ਨਾਨੀ ਅਤੇ ਮੋਨਾ ਨੂੰ ਕਿ ਬੱਚੇ ਨਾਲ ਪੰਜਾਬੀ ’ਚ ਗੱਲ ਨੀ ਕਰਨੀ। ਅੱਵਲ ਤਾਂ ਅੰਗਰੇਜ਼ੀ ਵਿਚ ਬੋਲੋ, ਨਹੀਂ ਤਾਂ ਹਿੰਦੀ। ਡਾਕਟਰ ਪਾਪਾ ਤੇ ਟੀਚਰ ਮੰਮੀ ਭਾਵੇਂ ਆਪਸ ਵਿਚ ਪੰਜਾਬੀ ’ਚ ਗੱਲਾਂ ਕਰਦੇ ਪਰ ਅੰਕੁਰ ਸਾਹਮਣੇ ਸਿਰਫ਼ ਅੰਗਰੇਜ਼ੀ ਵਿਚ ਹੀ ਬੋਲਦੇ। ਪੇਂਡੂ ਨਾਨਾ-ਨਾਨੀ ਅਤੇ ਬਿਹਾਰਨ ਮੋਨਾ ਵਾਹ ਲੱਗਦੀ ਜੁਆਕ ਨਾਲ ਅੰਗਰੇਜ਼ੀ ਵਿਚ ਗੱਲਾਂ ਕਰਦੇ ਜਿੰਨੀ ਕੁ ਉਨ੍ਹਾਂ ਨੂੰ ਸਿਖਾਈ ਗਈ ਜਾਂ ਆਉਂਦੀ ਹੁੰਦੀ।
‘‘ਵੋਹ ਦੇਖੋ ਟਰੀ ਪਰ ਕਰੋਅ; ਅੰਕੁਰ ਬਾਬਾ, ਵਹਾਂ ਨਹੀਂ ਯਹਾਂ ਸਿੱਟ; ਉਰੇ ਆਓ, ਕਮ-ਕਮ, ਸਲੋਅ, ਰਨ ਮਤ ਕਰੋ; ਵੋਹ ਦੇਖੋ, ਸਕਾਈ ਮੇਂ ਐਰੋਪਲੇਨ; ਅੰਕੁਰ ਪੋਟੀ ਆਈ ਤੋਂ ਬਤਾ ਦੇਣਾ, ਕਲੋਥਜ਼ ਮੇਂ ਨਹੀਂ ਕਰਨੀ; ਚਲੋ ਅੰਕੁਰ ਪੁੱਤ ਸਲੀਪੀ ਸਲੀਪੀ ਕਰੋ’’ ਨਾਨਕੇ ਘਰ ਅੰਕੁਰ ਅਜਿਹੇ ਵਾਕ ਡੌਰ-ਭੌਰ ਹੋਇਆ ਸੁਣਦਾ ਰਹਿੰਦਾ ਤੇ ਵਿੱਚੇ ਹੀ ਆਪਣੀਆਂ ਤੋਤਲੀਆਂ ਮੋਤਲੀਆਂ ਕਹਿ ਛੱਡਦਾ।
ਅੱਜ ਤਾਂ ਅੰਕੁਰ ਨੇ ਜਵਿੇਂ ਸਾਰਾ ਨਾਨਕਾ ਘਰ ਹੀ ਸਿਰ ਉੱਤੇ ਚੁੱਕਿਆ ਹੋਇਆ ਸੀ। ਪਤਾ ਨੀ ਕਿਹੜੀ ਗੱਲੋਂ ਉਹ ਜਿਉਂ ਰੋਣ ਲੱਗਿਆ, ਜਿਉਂ ਰੋਣ ਲੱਗਿਆ ਕਿ ਹਟਣ ਦਾ ਨਾਂ ਹੀ ਨਾ ਲਵੇ।
‘‘ਨੋ, ਨੋ ਕਰਾਈ... ਨੋ’’ ਨਾਨਾ-ਨਾਨੀ ਅੰਕੁਰ ਨੂੰ ਚੁੱਪ ਕਰਵਾਉਣ ਦੀ ਅਸਫ਼ਲ ਕੋਸ਼ਿਸ ਕਰ ਰਹੇ ਸਨ। ਹੁਣ ਉਸ ਦੇ ਲਗਾਤਾਰ ਰੋਣ ਦੀ ਆਵਾਜ਼ ਆਲੇ-ਦੁਆਲੇ ਦੀ ਸ਼ਾਂਤੀ ਭੰਗ ਕਰਨ ਲੱਗੀ। ਮੈਥੋਂ ਰਿਹਾ ਨਾ ਗਿਆ। ਬਨੇਰੇ ਤੋਂ ਹੀ ਗੁਆਂਢੀਆਂ ਨੂੰ ਪੁੱਛਿਆ, ‘‘ਕੀ ਗੱਲ ਭਾਈ ਸਾਹਿਬ... ਕੀ ਹੋਇਆ ਅੱਜ ਅੰਕੁਰ ਨੂੰ? ਤਬੀਅਤ ਤਾਂ ਠੀਕ ਹੈ... ਅੱਗੇ ਤਾਂ ਕਦੇ ਐਨਾ ਚਿਰ ਨੀ ਰੋਇਆ।’’
‘‘ਕੀ ਦੱਸੀਏ ਜੀ... ਇਹਦਾ ਕਿਤੇ ਟੁਆਏ ਟੁੱਟ ਗਿਆ। ਲੱਗ ਗਿਆ ਰੋਣ। ਧੀ-ਜੁਆਈ ਨੇ ਕਿਹੈ ਬਈ ਇਹਦੇ ਨਾਲ ਅੰਗਰੇਜ਼ੀ ’ਚ ਹੀ ਗੱਲ ਕਰਨੀ ਹੈ। ਜੇ ਨਾ ਕਰੀਏ ਤਾਂ ਮੋਨਾ ਸ਼ਿਕਾਇਤਾਂ ਕਰਦੀ ਹੈ। ਆਪਣੇ ਤਰੀਕੇ ਅਸੀਂ ਬਥੇਰਾ ਜ਼ੋਰ ਲਾ ਲਿਆ ਇਹਨੂੰ ਚੁੱਪ ਕਰਵਾਉਣ ਲਈ। ਗੱਲ ਨਹੀਂ ਬਣੀ...। ਹੁਣ ਸਾਨੂੰ ਇਹ ਨੀ ਪਤਾ ਬਈ ਇਹਨੂੰ ਅੰਗਰੇਜ਼ੀ ’ਚ ਕਵਿੇਂ ਵਰਾਈਏ।’’ ਗੁਆਂਢੀ ਅੰਕੁਰ ਦੇ ਅੰਗਰੇਜ਼ੀ ਰੋਣੇ ਮੂਹਰੇ ਜਵਿੇਂ ਰੋਣਹਾਕੇ ਹੋਏ ਖੜ੍ਹੇ ਸਨ।
- ਰੰਜੀਵਨ ਸਿੰਘ
ਸੰਪਰਕ: 98150-68816
* * *

Advertisement

ਰੁੱਖ ਦਾ ਦੁੱਖ

‘‘ਅਖੇ, ਮੈਨੂੰ ਤਾਂ ਕੰਮ ਹੈ। ਤੂੰ ਜਾਹ ਬਾਪੂ, ਖੇਤ ਪਰਾਲੀ ਫੂਕ ਆ। ਮੈਂ ਜਵਿੇਂ ਵਿਹਲਾ ਹੀ ਹੁੰਨਾ? ਸਾਰਾ ਦਨਿ ਰੰਨ ਦੇ ਗੋਡੇ ਮੁੱਢ ਬੈਠਾ ਰਹਿੰਦੈ। ਹੁਣ ਬਾਪੂ ਤੂੰ ਆਹ ਕਰਲੈ, ਫਿਰ ਆਹ ਕਰ ਲਈਂ। ਕੋਈ ਪੁੱਛੇ ਭਲਾਂ, ਤੈਨੂੰ ਏਸੇ ਵਾਸਤੇ ਪਾਲ ਪਲੋਸ ਕੇ ਐਡਾ ਕੀਤਾ ਸੀ। ਆਪ ਅਸੀਂ ਦੋਵੇਂ ਜੀਅ ਭਾਵੇਂ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਰਹੇ, ਪਰ ਤੈਨੂੰ ਕਿਸੇ ਚੀਜ਼ ਤੋਂ ਥੁੜ੍ਹਨ ਨਹੀਂ ਦਿੱਤਾ। ਸੋਚਿਆ ਸੀ, ਬੁੱਢੇ ਵਾਰੇ ਬਹਿ ਕੇ ਖਾਵਾਂਗੇ ਪਰ ਹੁਣ ਪਤਾ ਲੱਗਿਆ ਕਿ ਉਹ ਸਾਡਾ ਭੁਲੇਖਾ ਹੀ ਸੀ। ਪੰਦਰਾਂ ਪੰਦਰਾਂ ਦਨਿ ਦਵਾਈ ਮੁੱਕੀ ਰਹਿੰਦੀ ਐ। ਕਦੇ ਸਾਡੇ ਨਾਲ ਦੁੱਖ ਸੁਖ ਕੀਤੈ? ਅਸੀਂ ਤਾਂ ਜਿਹੋ ਜਿਹੇ ਦੁਨੀਆਂ ’ਤੇ ਆਏ, ਜਿਹੋ ਜਿਹੇ ਨਾ ਆਏ।’’ ਦਾਨਾ ਸਿੰਘ ਪਰਾਲੀ ਨੂੰ ਅੱਗ ਲਗਾ ਕੇ ਦਰੱਖਤ ਦੀ ਛਾਂ ਥੱਲੇ ਬੈਠਾ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ।
‘‘ਕਿਉਂ ਆਪਣੀ ਵਾਰੀ ਦੁੱਖ ਲੱਗਿਆ? ਇਹੀ ਗੱਲਾਂ ਮੈਂ ਤੈਨੂੰ ਵੀ ਕਹਿ ਸਕਦਾ ਹਾਂ।’’ ‘‘ਕੌਣ ਐ?’’ ‘‘ਜ਼ਰਾ ਉੱਪਰ ਝਾਕ, ਮੈਂ ਹਾਂ, ਮੈਂ। ਉਹੀ ਦਰੱਖਤ ਜੀਹਦੀ ਛਾਂ ਥੱਲੇ ਤੂੰ ਇਸ ਵਕਤ ਬੈਠਾ ਹੈਂ। ਜਿਹੜਾ ਉਲਾਂਭਾ ਤੂੰ ਆਪਣੀ ਔਲਾਦ ਨੂੰ ਦੇ ਰਿਹਾ ਹੈਂ, ਉਹੀ ਉਲਾਂਭਾ ਸਾਨੂੰ ਸਾਰੇ ਹੀ ਦਰੱਖਤਾਂ ਨੂੰ ਤੁਹਾਡੇ ਪ੍ਰਤੀ ਵੀ ਹੈ। ਭਲਾ ਅਸੀਂ ਤੁਹਾਡੇ ਲਈ ਕੀ ਨਹੀਂ ਕਰਦੇ? ਜੰਮਣ ਤੋਂ ਮਰਨ ਤੱਕ ਅਸੀਂ ਤੁਹਾਡਾ ਸਾਥ ਨਿਭਾਉਂਦੇ ਹਾਂ। ਬੱਚੇ ਦੇ ਜੰਮਣ ਵੇਲੇ ਜਦੋਂ ਸਾਡੇ ਤਾਜ਼ੇ ਪੱਤੇ ਤੋੜ ਕੇ ਤੁਸੀਂ ਨਿੰਮ ਬੰਨ੍ਹਦੇ ਹੋ ਉਦੋਂ ਸਾਨੂੰ ਵੀ ਖ਼ੁਸ਼ੀ ਹੁੰਦੀ ਹੈ। ਗਰਮੀਆਂ ਦੌਰਾਨ ਖੇਤਾਂ ਵਿਚ ਅਸੀਂ ਤੁਹਾਨੂੰ ਛਾਂ ਬਖਸ਼ਦੇ ਹਾਂ। ਧਰਤੀ ਨੂੰ ਹੜ੍ਹਾਂ ਵਿਚ ਖੁਰ ਜਾਣ ਤੋਂ ਅਸੀਂ ਬਚਾਉਂਦੇ ਹਾਂ। ਬਿਮਾਰ ਠਮਾਰ ਹੋਣ ’ਤੇ ਸਾਡੀਆਂ ਜੜੀਆਂ-ਬੂਟੀਆਂ ਕੁੱਟ ਕੇ ਵੈਦ ਤੁਹਾਡਾ ਇਲਾਜ ਕਰਦੇ ਨੇ। ਮੀਂਹ ਪੁਆਉਣ ਵਿਚ ਅਸੀਂ ਸਹਾਈ ਹੁੰਦੇ ਹਾਂ। ਸਾਡੇ ਉੱਤੇ ਲੱਗਣ ਵਾਲੇ ਫਲ ਭਲਾ ਕੀ ਸਾਡੇ ਬੱਚਿਆਂ ਨੇ ਖਾਣੇ ਹੁੰਦੇ ਨੇ? ਤੁਹਾਡਾ ਆਲਾ-ਦੁਆਲਾ ਅਸੀਂ ਮੁਫ਼ਤ ਵਿਚ ਖੁਸ਼ਬੂਦਾਰ ਬਣਾਈ ਰੱਖਦੇ ਹਾਂ। ਸਾਡੀ ਲੱਕੜੀ ਤੁਹਾਡੇ ਅਨੇਕਾਂ ਡੰਗ ਸਾਰਦੀ ਹੈ। ਤੁਹਾਨੂੰ ਸਾਹ ਆਉਂਦਾ ਰਹੇ, ਉਹਦਾ ਇੰਤਜ਼ਾਮ ਵੀ ਅਸੀਂ ਕਰਕੇ ਦਿੰਦੇ ਹਾਂ।
ਬਦਲੇ ਵਿਚ ਅਸੀਂ ਕਦੇ ਤੁਹਾਡੇ ਕੋਲੋਂ ਕਦੇ ਕੁਝ ਮੰਗਿਆ ਹੈ? ਜਦੋਂ ਤੋਂ ਮੈਂ ਉਡਾਰ ਹੋਇਆ ਹਾਂ, ਮੈਨੂੰ ਤਾਂ ਨਹੀਂ ਯਾਦ ਤੂੰ ਕਦੇ ਮੇਰੇ ਵੰਨੀ ਝਾਕਿਆ ਹੋਵੇਂ। ਮਿੱਤਰ ਕੀੜੇ ਤੇ ਪੰਛੀ ਤੁਹਾਡੀਆਂ ਮਾੜੀਆਂ ਹਰਕਤਾਂ ਕਾਰਨ ਪਹਿਲਾਂ ਹੀ ਤੁਹਾਡੇ ਕੋਲੋਂ ਪਾਸਾ ਵੱਟ ਗਏ ਹਨ। ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਕਾਰਨ ਤੁਸੀਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹੋ। ਬੱਸ, ਅਸੀਂ ਰਹਿੰਦੇ ਸੀ, ਸਾਡੇ ਨਾਲ ਵੀ ਤੁਸੀਂ ਜੱਗੋਂ ਤੇਰ੍ਹਵੀਂ ਕਰਨ ਲੱਗੇ ਹੋਏ ਓ। ਤੂੰ ਤਾਂ ਪਰਾਲੀ ਫੂਕ ਕੇ ਘਰ ਨੂੰ ਚਲਾ ਜਾਏਂਗਾ, ਪਿੱਛੋਂ ਜਿਉਂਦੇ ਜੀ ਅੱਗ ’ਚ ਝੁਲਸਾਂਗਾ ਮੈਂ...। ਨਾਲੇ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ ਜਨਿ੍ਹਾਂ ਦੇ ਹਾਲੇ ਖੰਭ ਵੀ ਨਹੀਂ ਨਿਕਲੇ ਹੁੰਦੇ। ਉਨ੍ਹਾਂ ਦਾ ਚੀਕ ਚਿਹਾੜਾ ਕਦੇ ਖੜ੍ਹ ਕੇ ਸੁਣੀ, ਫਿਰ ਤੈਨੂੰ ਅਹਿਸਾਸ ਹੋਊ। ਖਿੱਲ ਬਣ ਚੁੱਕੇ ਬੱਚਿਆਂ ਦੇ ਮਾਪਿਆਂ ਦਾ ਵਿਰਲਾਪ ਅੰਬਰਾਂ ਨੂੰ ਕੰਬਣ ਲਾ ਦਿੰਦਾ ਹੈ। ਤਰਸ ਕਰੋ, ਸਾਡੇ ’ਤੇ ਰਹਿਮ ਕਰੋ।’’
‘‘ਬੱਸ! ਬੱਸ!! ਬੱਸ ਕਰ, ਮੈਥੋਂ ਹੋਰ ਨਹੀਂ ਸੁਣਿਆ ਜਾਣਾ।’’ ਦਾਨਾ ਫੁਸਫਸਾਇਆ ਸੀ।
‘‘ਬੱਸ ਮੈਂ ਇਕੋ ਹੀ ਗੱਲ ਹੋਰ ਕਹਿਣੀ ਹੈ। ਤੇਰੀ ਹਾਲਤ ਤਾਂ ਆਪ ਮੇਰੇ ਵਾਂਗੂੰ ਨਦੀ ਕਨਿਾਰੇ ਰੁੱਖੜੇ ਵਰਗੀ ਹੈ। ਮੇਰੀ ਬੇਨਤੀ ਹੈ ਕਿ ਆਹ ਸਾਰੀਆਂ ਗੱਲਾਂ ਆਪਣੀ ਵਰਤਮਾਨ ਪੀੜ੍ਹੀ ਨੂੰ ਸਮਝਾ ਦਿਓ, ਨਹੀਂ ਤਾਂ ਚਿੜੀਆਂ ਦੇ ਖੇਤ ਚੁਗ ਜਾਣ ਤੋਂ ਬਾਅਦ ਪਛਤਾਉਣ ਦਾ ਕੋਈ ਫ਼ਾਇਦਾ ਨਹੀਂ ਹੋਣਾ।’’
- ਜਗਦੇਵ ਸ਼ਰਮਾ ਬੁਗਰਾ
ਸੰਪਰਕ: 98727-87243
* * *

ਸੁੱਚੇ ਹੱਥ

ਮੱਘਰ ਸਿੰਘ ਨੂੰ ਸਵੇਰ ਦੀ ਬਹੁਤ ਭੁੱਖ ਲੱਗੀ ਹੋਈ ਸੀ। ਜ਼ਿਆਦਾਤਰ ਹਰ ਰੋਜ਼ ਕੰਮ ’ਤੇ ਜਾਣ ਲੱਗਾ ਉਹ ਨਾਲ ਲੱਗਦੇ ਡੇਰੇ ਤੋਂ ਹੀ ਲੰਗਰ ਛਕ ਕੇ ਜਾਂਦਾ ਸੀ ਕਿਉਂਕਿ ਉਸ ਦਾ ਕੋਈ ਨਹੀਂ ਸੀ। ਇਕੱਲਾ ਹੀ ਘਰ ਵਿਚ ਰਹਿੰਦਾ ਸੀ। ਡੇਰੇ ਦੇ ਲੰਗਰ ਹਾਲ ਵਿਚ ਆ ਕੇ ਮੱਘਰ ਨੇ ਦੇਖਿਆ ਕਿ ਸੇਵਾਦਾਰ ਦੇ ਹੱਥ ’ਚ ਮੋਬਾਈਲ ਫੋਨ ਸੀ ਅਤੇ ਉਹ ਆਪਣੇ ਫੋਨ ਵਿਚ ਗੁਆਚਿਆ ਸੀ। ਮੱਘਰ ਨੇ ਪਹਿਲਾਂ ਤਾਂ ਸੋਚਿਆ ਕਿ ਆਪੇ ਭਾਂਡੇ ਚੁੱਕ ਕੇ ਲੰਗਰ ਖਾਣ ਲਈ ਬੈਠ ਜਾਵੇ, ਪਰ ਫਿਰ ਸੇਵਾਦਾਰ ਨੂੰ ਹੀ ਆਵਾਜ਼ ਦਿੱਤੀ, “ਲੰਗਰ ਛਕਾ ਦਿਉ ਸੇਵਾਦਾਰ ਜੀ।’’
ਸੇਵਾਦਾਰ ਦਾ ਕੋਈ ਵੀ ਜਵਾਬ ਨਾ ਆਉਣ ’ਤੇ ਮੱਘਰ ਨੇ ਡਰਦਿਆਂ ਡਰਦਿਆਂ ਸੇਵਾਦਾਰ ਕੋਲ ਪਏ ਭਾਂਡੇ ਚੁੱਕਣੇ ਚਾਹੇ। ਹਾਲੇ ਭਾਂਡਿਆਂ ਨੂੰ ਹੱਥ ਹੀ ਲਗਾਇਆ ਸੀ ਕਿ ਸੇਵਾਦਾਰ ਨੂੰ ਗੁੱਸਾ ਆ ਗਿਆ। ਉਹ ਪੂਰੇ ਤੈਸ਼ ਵਿਚ ਆ ਕੇ ਬੋਲਿਆ, “ਮੈਨੂੰ ਦੱਸ ਦੇ ਮੈਂ ਦੇ ਦਿੰਦਾ ਤੈਨੂੰ ਭਾਂਡੇ। ਭਾਂਡਿਆਂ ਨੂੰ ਹੱਥ ਲਗਾ ਕੇ ਤੂੰ ਸਾਰੇ ਭਾਂਡੇ ਜੂਠੇ ਕਰ ਦਿੱਤੇ, ਆ ਜਾਂਦੈ ਰੋਜ਼ ਸਵੇਰੇ ਸਵੇਰੇ ਮੂੰਹ ਚੱਕ ਕੇ।’’
ਸੇਵਾਦਾਰ ਆਪਣਾ ਹੱਥ ਚੁੱਕ ਕੇ ਮੱਘਰ ਦੇ ਮਾਰਨ ਹੀ ਲੱਗਾ ਸੀ ਕਿ ਮੱਘਰ ਨੇ ਕਿਹਾ, “ਨਹੀਂ ਜੀ, ਮੈਂ ਆ ਕੇ ਤੁਹਾਨੂੰ ਆਵਾਜ ਦਿੱਤੀ ਸੀ, ਪਰ ਥੋਨੂੰ ਸੁਣਿਆ ਨਹੀਂ। ਮੇਰੇ ਗ਼ਰੀਬ ਦੇ ਹੱਥ ਭਾਂਡਿਆਂ ਨੂੰ ਲਗਾਉਣ ਨਾਲ ਸਾਰੇ ਜੂਠੇ ਕਵਿੇਂ ਹੋ ਗਏ? ਮੈਂ ਡੇਰੇ ਵਿਚ ਆ ਕੇ ਸਭ ਤੋਂ ਪਹਿਲਾਂ ਥੋਡੇ ਸਾਹਮਣੇ ਹੱਥ ਹੀ ਧੋਤੇ ਆ। ਸਾਡੇ ਮਜ਼ਦੂਰਾਂ ਦੇ ਹੱਥ ਦੇਖਣ ਨੂੰ ਹੀ ਕਾਲੇ ਲੱਗਦੇ ਨੇ ਪਰ ਹੈਨ ਬਿਲਕੁਲ ਸਾਫ਼ ਤੇ ਸੁੱਚੇ।’’
ਇਹ ਸੁਣ ਕੇ ਸੇਵਾਦਾਰ ਨੇ ਮੱਘਰ ਵੱਲ ਵਧਾਇਆ ਹੱਥ ਥੱਲੇ ਕਰ ਲਿਆ ਅਤੇ ਉਸ ਨੂੰ ਲੰਗਰ ਛਕਾਉਣ ਲੱਗਾ।
- ਸੁਖਮੰਦਰ ਪੁੰਨੀ
ਸੰਪਰਕ: 98157-88001

Advertisement

Advertisement