ਮਿੰਨੀ ਕਹਾਣੀਆਂ
ਮਨਹੂਸ ਦਿਨ
ਵਰਿੰਦਰ ਸ਼ਰਮਾ
ਜਦੋਂ ਗੁਰਮੀਤ ਦੇ ਪਿਤਾ ਦੀ ਮੌਤ ਹੋਈ ਤਾਂ ਉਹ ਦਸਵੀਂ ਪਾਸ ਕਰ ਚੁੱਕਿਆ ਸੀ। ਉਸ ਨੇ ਆਪਣੇ ਪਿਤਾ ਦਲਜੀਤ ਨੂੰ ਹਮੇਸ਼ਾ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੀ ਵੇਖਿਆ। ਦਲਜੀਤ ਦੀ ਸਵੇਰ ਦੀ ਸ਼ੁਰੂਆਤ ਸ਼ਰਾਬ ਪੀਣ ਅਤੇ ਫਿਰ ਆਪਣੀ ਪਤਨੀ ਕਰਮਜੀਤ ਨਾਲ ਝਗੜਣ ਨਾਲ ਹੁੰਦੀ ਸੀ। ਗੁਰਮੀਤ ਇਸ ਮਾਹੌਲ ’ਚ ਵੀ ਨਸ਼ਿਆਂ ਆਦਿ ਤੋਂ ਦੂਰ ਰਿਹਾ। ਉਹ ਪਹਿਲੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਤੱਕ ਸਕੂਲ ਵਿੱਚ ਹਮੇਸ਼ਾ ਅੱਵਲ ਰਿਹਾ।
ਇਹੋ ਸਿਲਸਿਲਾ ਕਾਲਜ ’ਚ ਵੀ ਜਾਰੀ ਰਿਹਾ। ਕਾਲਜ ’ਚ ਇੱਕ ਵਾਰ ਨਸ਼ਾ ਵਿਰੋਧੀ ਸੈਮੀਨਾਰ ’ਚ ਗੁਰਮੀਤ ਨੇ ਨਸ਼ਿਆਂ ਬਾਰੇ ਬਹੁਤ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ। ਉਸ ਨੇ ਸ਼ਰਾਬ ਦੇ ਨਸ਼ੇ ਕਾਰਨ ਜਿਗਰ ਦੀ ਗੰਭੀਰ ਬਿਮਾਰੀ ਕਾਰਨ ਆਪਣੇ ਪਿਤਾ ਦੀ ਮੌਤ ਦਾ ਵੀ ਜ਼ਿਕਰ ਕੀਤਾ। ਕਾਲਜ ਦੀ ਸਭ ਤੋਂ ਸੋਹਣੀ ਕੁੜੀ ਦਿਲਪ੍ਰੀਤ ਉਸ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਈ। ਇੱਕ-ਦੂਜੇ ਨਾਲ ਪੜ੍ਹਾਈ ਦੀਆਂ ਗੱਲਾਂ ਕਰਦੇ ਕਰਦੇ ਦੋਵੇਂ ਇੱਕ-ਦੂਜੇ ਨੂੰ ਆਪਣਾ ਦਿਲ ਦੇ ਬੈਠੇ। ਇਹ ਹਰ ਖੇਤਰ ਵਿੱਚ ਮੋਹਰੀ ਰਹਿਣ ਵਾਲੀ ਸੁਪਰਹਿੱਟ ਜੋੜੀ ਸੀ। ਉਸ ਦੇ ਜਮਾਤੀ ਸੁਖਰਾਜ ਨੇ ਦਿਲਪ੍ਰੀਤ ਨੂੰ ਕਈ ਵਾਰ ਪ੍ਰਪੋਜ਼ ਕੀਤਾ, ਪਰ ਦਿਲਪ੍ਰੀਤ ਪਹਿਲਾਂ ਹੀ ਗੁਰਮੀਤ ਦੀ ਹੋ ਚੁੱਕੀ ਸੀ। ਇਸ ਲਈ ਉਸ ਨੇ ਹਰ ਵਾਰ ਸੁਖਰਾਜ ਦੇ ਪ੍ਰਸਤਾਵ ਨੂੰ ਸਖ਼ਤੀ ਨਾਲ ਠੁਕਰਾ ਦਿੱਤਾ। ਬਸ ਫਿਰ ਕੀ ਸੀ, ਸੁਖਰਾਜ ਨੇ ਗੁਰਮੀਤ ਅਤੇ ਦਿਲਪ੍ਰੀਤ ਦੀ ਜੋੜੀ ਨੂੰ ਵੱਖ ਕਰਨ ਦੀ ਯੋਜਨਾ ਬਣਾਈ।
ਆਪਣੀ ਦੌਲਤ ਸਦਕਾ ਸੁਖਰਾਜ ਨੇ ਕਾਲਜ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜ ਲਿਆ ਅਤੇ ਕਾਲਜ ਵਿਦਿਆਰਥੀ ਯੂਨੀਅਨ ਦਾ ਅਖੌਤੀ ਪ੍ਰਧਾਨ ਬਣ ਗਿਆ। ਪ੍ਰਧਾਨ ਬਣਨ ਦੀ ਖ਼ੁਸ਼ੀ ’ਚ ਉਸ ਨੇ ਸ਼ਹਿਰ ਦੇ ਵੱਡੇ ਹੋਟਲ ’ਚ ਸਾਰਿਆਂ ਨੂੰ ਸ਼ਾਨਦਾਰ ਪਾਰਟੀ ਦਿੱਤੀ। ਗੁਰਮੀਤ ਤੇ ਦਿਲਪ੍ਰੀਤ ਨੂੰ ਵੀ ਬੁਲਾਇਆ ਗਿਆ। ਪਾਰਟੀ ਵਿੱਚ ਨਸ਼ੇ ਦੀ ਭਰਮਾਰ ਸੀ। ਪਤਾ ਨਹੀਂ ਕਿਹੜੇ ਕਿਹੜੇ ਸਿੰਥੈਟਿਕ ਨਸ਼ੇ ਸਨ।
ਸੁਖਰਾਜ ਨੇ ਗੁਰਮੀਤ ਦੇ ਕੋਲਡ ਡਰਿੰਕ ਵਿੱਚ ਨਸ਼ਾ ਮਿਲਾ ਦਿੱਤਾ। ਉਹ ਨਸ਼ੇ ’ਚ ਮਦਹੋਸ਼ ਹੋ ਗਿਆ। ਸਮੇਂ ਨੇ ਪਲਟਾ ਖਾਧਾ ਹੁਣ ਸਿਧਾਂਤ ਉਸ ਲਈ ਨਹੀਂ, ਉਹ ਸਿਧਾਂਤਾਂ ਲਈ ਹੋ ਗਿਆ। ਨਸ਼ੇ ਦਾ ਇਹ ਉਸ ਦਾ ਪਹਿਲਾ ਹੀ ਦਿਨ ਸੀ, ਪਰ ਹੌਲੀ-ਹੌਲੀ ਉਹ ਨਸ਼ਿਆਂ ਦਾ ਗ਼ੁਲਾਮ ਬਣਦਾ ਗਿਆ। ਸੁਖਰਾਜ ਵੀ ਤਾਂ ਇਹੀ ਚਾਹੁੰਦਾ ਸੀ। ਕਦੇ ਨਸ਼ਿਆਂ ਨੂੰ ਨਫ਼ਰਤ ਕਰਨ ਵਾਲਾ ਗੁਰਮੀਤ ਹੁਣ ਨਸ਼ਿਆਂ ਦੇ ਦਰਿਆ ਵਿੱਚ ਡੁੱਬਦਾ ਜਾ ਰਿਹਾ ਸੀ। ਉਸ ਦਾ ਪਿਤਾ ਸ਼ਰਾਬ ਪੀ ਕੇ ਮੋਇਆ ਸੀ ਅਤੇ ਉਹ ਚਿੱਟੇ ਦਾ ਆਦੀ ਹੋ ਗਿਆ। ਚਿੱਟੇ ਦੇ ਨਸ਼ੇ ਨੇ ਗੁਰਮੀਤ ਨੂੰ ਜ਼ਮੀਨ ਅਤੇ ਘਰ ਵੇਚਣ ਲਈ ਮਜਬੂਰ ਕਰ ਦਿੱਤਾ।
ਦੂਜੇ ਪਾਸੇ ਦਿਲਪ੍ਰੀਤ ਦੇ ਵਾਰ-ਵਾਰ ਕਹਿਣ ’ਤੇ ਵੀ ਉਹ ਨਸ਼ਾ ਛੱਡ ਨਹੀਂ ਸਕਿਆ। ਇਸ ਲਈ ਦਿਲਪ੍ਰੀਤ ਨੇ ਉਸ ਨਾਲ ਸਬੰਧ ਤੋੜਨ ਦਾ ਫ਼ੈਸਲਾ ਕਰ ਲਿਆ। ਇੱਕ ਪਾਸੇ ਦਿਲਪ੍ਰੀਤ ਦਾ ਗੁਰਮੀਤ ਨਾਲ ਪਿਆਰ
ਟੁੱਟ ਗਿਆ ਅਤੇ ਦੂਜੇ ਪਾਸੇ ਸੁਖਰਾਜ ਦੀ ਈਰਖਾ
ਨੇ ਉਸ ਨੂੰ ਚਿੱਟੇ ਦੇ ਟੀਕੇ ਲਗਾਉਣ ਦਾ ਆਦੀ
|ਬਣਾ ਦਿੱਤਾ। ਉਹ ਮਨਹੂਸ ਦਿਨ ਵੀ ਆਇਆ ਜਦੋਂ ਉਹ ਕਾਲਜ ਨਾ ਜਾ ਕੇ ਆਪਣੀ ਮੋਟਰ ’ਤੇ ਚਲਾ ਗਿਆ ਅਤੇ ਉੱਥੇ ਉਸ ਨੇ ਹਮੇਸ਼ਾ ਦੀ ਤਰ੍ਹਾਂ ਟੀਕਾ
ਲਗਾ ਲਿਆ। ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ
ਮੌਤ ਹੋ ਗਈ। ਉਸ ਦੀ ਵਿਧਵਾ ਮਾਂ ਰੋਂਦੀ ਵਿਲਕਦੀ ਰਹਿ ਗਈ। ਦੋਸਤਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦੇਣ ਵਾਲੇ ਹੋਣਹਾਰ ਨੌਜਵਾਨ ਗੁਰਮੀਤ ਨੂੰ ਨਸ਼ੇ ਨੇ ਹੀ ਨਿਗਲ ਲਿਆ।
ਈ-ਮੇਲ: varindersharmadharmkot@gmail.com
* * *
ਜੀਵਨ ਦੀ ਪੂੰਜੀ
ਸੁਸ਼ਮਾ ਵਿਆਸ ‘ਰਾਜਨਿਧੀ’
ਨਿਧੀ ਅਕਸਰ ਆਪਣੇ ਪ੍ਰੋਫ਼ੈਸਰ ਪਤੀ ਨਾਲ ਝਗੜਦੀ ਰਹਿੰਦੀ, ‘‘ਕੀ ਕਮਾਉਂਦੇ ਹੋ? ਬੰਨ੍ਹੀ-ਬੰਨ੍ਹਾਈ ਤਨਖ਼ਾਹ ਹੱਥ ’ਤੇ ਲਿਆ ਕੇ ਰੱਖ ਦਿੰਦੇ ਹੋ। ਮਹੀਨੇ ਦਾ ਖਰਚਾ ਕਿਵੇਂ ਚਲਾਉਂਦੀ ਹਾਂ, ਮੈਂ ਹੀ ਜਾਣਦੀ ਹਾਂ। ਟਿਊਸ਼ਨ ਵੀ ਨਹੀਂ ਕਰਦੇ, ਬੜੇ ਆਦਰਸ਼ਵਾਦੀ ਬਣਦੇ ਹੋ! ਬੱਚਿਆਂ ਨੂੰ ਮੁਫ਼ਤ ਹੀ ਪੜ੍ਹਾ ਦਿੰਦੇ ਹੋ! ਹੂੰਅ!... ਮੇਰੇ ਲਈ ਤਾਂ ਵੱਡੇ ਵੱਡੇ ਘਰਾਂ ਤੋਂ ਰਿਸ਼ਤੇ ਆਏ ਸਨ। ਪਤਾ ਨਹੀਂ ਪਿਤਾ ਜੀ ਨੇ ਇੱਥੇ ਕਿਉਂ ਵਿਆਹ ਕਰ ਦਿੱਤਾ!’’ ਨਿਧੀ ਦਾ ਇਹ ਰੋਜ਼ ਦਾ ਰੋਣਾ ਸੀ।
ਮਾਂ ਦੀ ਅਚਾਨਕ ਬਿਮਾਰੀ ਦੀ ਖ਼ਬਰ ਸੁਣ ਕੇ ਉਹ ਆਪਣੀਆਂ ਦੋ ਛੋਟੀਆਂ ਧੀਆਂ ਨੂੰ ਲੈ ਕੇ ਇਕੱਲੀ ਹੀ ਰੇਲਗੱਡੀ ਵਿੱਚ ਬੈਠ ਗਈ। ਰੇਲਗੱਡੀ ਵਿੱਚ ਬਹੁਤ ਜ਼ਿਆਦਾ ਭੀੜ ਸੀ ਅਤੇ ਨਿਧੀ ਕੋਲ ਭਾਰੀ ਸਮਾਨ। ਸਟੇਸ਼ਨ ’ਤੇ ਕਿਵੇਂ ਉਤਰਾਂਗੀ? ਸਮਾਨ ਕਿਵੇਂ ਲਾਹਾਂਗੀ? ਗੋਦੀ ਵਿੱਚ ਇੱਕ ਦੁੱਧ ਪੀਂਦੀ ਧੀ ਤੇ ਦੂਜੀ ਪੰਜ ਸਾਲ ਦੀ। ਬਹੁਤ ਫ਼ਿਕਰਮੰਦ ਸੀ ਨਿਧੀ!
ਗੱਡੀ ਰੁਕਦਿਆਂ ਹੀ ਨਿਧੀ ਸਾਮਾਨ ਨੂੰ ਲਗਭਗ ਘੜੀਸਦੀ ਗੇਟ ਕੋਲ ਲੈ ਆਈ। ਇੰਨੇ ਵਿੱਚ ਪਲੇਟਫਾਰਮ ’ਤੇ ਖੜ੍ਹਾ ਇੱਕ ਸਿਪਾਹੀ ਤੇਜ਼ੀ ਨਾਲ ਨਿਧੀ ਕੋਲ ਆਇਆ। ਉਸ ਨੇ ਛੋਟੀ ਨੂੰ ਨਿਧੀ ਦੇ ਹੱਥੋਂ ਆਪਣੀ ਗੋਦੀ ਵਿੱਚ ਲਿਆ, ਵੱਡੀ ਨੂੰ ਇੱਕ ਹੱਥ ਨਾਲ ਹੇਠਾਂ ਉਤਾਰਿਆ ਤੇ ਨਿਧੀ ਕੋਲੋਂ ਸਾਰਾ ਸਾਮਾਨ ਲੈ ਕੇ ਹੇਠਾਂ ਲਾਹ ਲਿਆ। ਇਹ ਸਭ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਉਹ ਹੈਰਾਨ ਰਹਿ ਗਈ। ਕੌਣ ਹੈ ਇਹ? ਕੁਝ ਡਰ ਵੀ ਗਈ। ਰੇਲਗੱਡੀ ਤੋਂ ਲਗਭਗ ਛਾਲ ਹੀ ਮਾਰ ਦਿੱਤੀ। ਇੰਨੇ ਵਿੱਚ ਪੁਲੀਸ ਵਾਲੇ ਨੇ ਝੱਟ ਉਹਦੇ ਪੈਰ ਛੂਹੇ। ‘‘ਮੈਨੂੰ ਨਹੀਂ ਪਛਾਣਿਆ ਮੈ’ਮ! ਮੈਂ ਮੁਕੇਸ਼। ਸਰ ਤੋਂ ਪੜ੍ਹਨ ਆਉਂਦਾ ਸਾਂ।’’ ਹੁਣ ਨਿਧੀ ਨੂੰ ਪਛਾਣ ਆਈ, ‘‘ਮੁਕੇਸ਼ ਤੂੰ?’’ ਬੇਹੱਦ ਗ਼ਰੀਬ ਪਰਿਵਾਰ ਦਾ ਮੁਕੇਸ਼ ਉਸ ਦੇ ਪ੍ਰੋਫ਼ੈਸਰ ਪਤੀ ਤੋਂ ਪੜ੍ਹਨ ਆਉਂਦਾ ਸੀ। ‘‘ਹਾਂ, ਮੈ’ਮ! ਸਰ ਦੇ ਆਸ਼ੀਰਵਾਦ ਅਤੇ ਦਿੱਤੀ ਹੋਈ ਸਿੱਖਿਆ ਨਾਲ ਹੀ ਮੈਨੂੰ ਰੇਲਵੇ ਪੁਲੀਸ ਵਿੱਚ ਨੌਕਰੀ ਮਿਲ ਗਈ ਅਤੇ ਅੱਜਕੱਲ੍ਹ ਇੱਥੇ ਇੰਦੌਰ ਹੀ ਪੋਸਟਿੰਗ ਹੈ। ਮੇਰਾ ਤੇ ਮੇਰੇ ਪਰਿਵਾਰ ਦਾ ਜੀਵਨ ਸੰਵਾਰ ਦਿੱਤਾ ਸਰ ਨੇ।’’ ਇਉਂ ਕਹਿ ਕੇ ਉਹਨੇ ਸਾਰਾ ਸਾਮਾਨ ਹੱਥਾਂ ਵਿੱਚ ਫੜਿਆ ਅਤੇ ਟੈਕਸੀ ਸਟੈਂਡ ਤੱਕ ਲੈ ਗਿਆ। ਬੇਟੀਆਂ ਨੂੰ ਚਾਕਲੇਟ ਅਤੇ ਫ਼ਰੂਟੀ ਲੈ ਕੇ ਦਿੱਤੀਆਂ। ਨਿਧੀ ਨੂੰ ਟੈਕਸੀ ਵਿੱਚ ਬਿਠਾ ਕੇ ਡਰਾਈਵਰ ਨੂੰ ਸਖ਼ਤ ਹਦਾਇਤ ਦਿੱਤੀ, ‘‘ਚੰਗੀ ਤਰ੍ਹਾਂ ਘਰ ਉਤਾਰ ਕੇ ਆਈਂ ਮੈ’ਮ ਨੂੰ!’’ ਅਤੇ ਜਦੋਂ ਨਿਧੀ ਪੈਸੇ ਦੇਣ ਲੱਗੀ ਤਾਂ ਬੋਲਿਆ, ‘‘ਤੁਹਾਡੇ ਲਈ ਕੀ ਏਨਾ ਵੀ ਨਹੀਂ ਕਰ ਸਕਦਾ ਮੈ’ਮ! ਸਰ ਮੇਰੇ ਲਈ ਕਿਸੇ ਰੱਬ ਤੋਂ ਘੱਟ ਨਹੀਂ ਹਨ!’’ ਅਤੇ ਫਿਰ ਨਿਧੀ ਦੇ ਪੈਰੀਂ ਹੱਥ ਲਾਏ। ਅੱਜ ਨਿਧੀ ਦਾ ਚਿਹਰਾ ਮਾਣ ਅਤੇ ਖ਼ੁਸ਼ੀ ਨਾਲ ਚਮਕ ਉਠਿਆ। ਉਹਨੂੰ ਅੱਜ ਪਹਿਲੀ ਵਾਰ ਮਹਿਸੂਸ ਹੋਇਆ ਕਿ ਪੈਸੇ ਤੋਂ ਵਧ ਕੇ ਸਨਮਾਨ ਅਤੇ ਸਤਿਕਾਰ ਹੀ ਜੀਵਨ ਦੀ ਪੂੰਜੀ ਹੈ!
- ਪੰਜਾਬੀ ਰੂਪ: ਪ੍ਰੋ. ਨਵ ਸੰਗੀਤ ਸਿੰਘ
* * *
ਖ਼ਾਲੀ ਹੱਥ
ਮੁਹੰਮਦ ਅੱਬਾਸ ਧਾਲੀਵਾਲ
ਤਕਰੀਬਨ ਦੋ ਸਾਲ ਬਾਅਦ ਅੱਜ ਸਮੀਰ ਆਪਣੀ ਅੰਬਾਲਾ ਵਿਆਹੀ ਹੋਈ ਭੈਣ ਉਜਮਾ ਨੂੰ ਮਿਲਣ ਗਿਆ ਸੀ। ਦਰਅਸਲ ਸਮੀਰ ਦੇ ਪਿਤਾ ਦੀ ਅਚਾਨਕ ਇੱਕ ਹਾਦਸੇ ’ਚ ਮੌਤ ਹੋ ਗਈ ਸੀ। ਹਾਲਾਂਕਿ ਉਸ ਸਮੇਂ ਸਮੀਰ ਉਜਮਾ ਤੋਂ ਤਕਰੀਬਨ ਤਿੰਨ ਸਾਲ ਵੱਡਾ ਸੀ, ਇਸ ਦੇ ਬਾਵਜੂਦ ਉਜਮਾ ਨੇ ਜਿਉਂ ਹੀ ਦਸਵੀਂ ਜਮਾਤ ਪਾਸ ਕੀਤੀ ਤਾਂ ਉਸ ਦੀ ਮਾਂ ਨੇ ਆਪਣੇ ਭਰਾ ਨੂੰ ਕੁੜੀ ਵਾਸਤੇ ਕੋਈ ਢੰਗ ਦਾ ਰਿਸ਼ਤਾ ਵੇਖਣ ਲਈ ਕਹਿ ਦਿੱਤਾ। ਇਸ ਉਪਰੰਤ ਉਜਮਾ ਦੇ ਮਾਮੇ ਨੇ ਅੰਬਾਲਾ ਵਾਲੇ ਇੱਕ ਆਟੋ ਸਰਵਿਸ ਦੀ ਦੁਕਾਨ ਕਰਨ ਵਾਲੇ ਮੁੰਡੇ ਦੀ ਦੱਸ ਪਾਈ ਤਾਂ ਮਾਂ ਆਪਣੇ ਪੁੱਤਰ ਸਮੀਰ ਨੂੰ ਨਾਲ ਲੈ ਕੇ ਅੰਬਾਲਾ ਜਾ ਕੇ ਮੁੰਡਾ ਤੇ ਉਹਦਾ ਘਰ-ਬਾਰ ਵੇਖ ਆਈ। ਮੁੰਡਾ ਉਮਰ ’ਚ ਉਜਮਾ ਨਾਲੋਂ ਸੱਤ-ਅੱਠ ਸਾਲ ਵੱਡਾ ਸੀ, ਪਰ ਉਸ ਦਾ ਕੰਮਕਾਰ ਤੇ ਘਰ-ਬਾਰ ਉਨ੍ਹਾਂ ਨੂੰ ਫਿੱਟ ਬੈਠ ਗਿਆ ਸੀ। ਇਸੇ ਲਈ ਲੱਗਦੇ ਹੱਥ ਫੌਰਨ ਹੀ ਉਜਮਾ ਦੀ ਮਾਂ ਨੇ ਮੁੰਡੇ ਨੂੰ ਸ਼ਗਨ ਦੇ ਕੇ ਰਿਸ਼ਤਾ ਪੱਕਾ ਕਰ ਛੱਡਿਆ।
ਸਮਾਜ ’ਚ ਕੁੜੀਆਂ ਦੀ ਅਸੁਰੱਖਿਆ ਦੀ ਭਾਵਨਾ ਦੇ ਮੱਦੇਨਜ਼ਰ ਉਜਮਾ ਦੀ ਮਾਂ ਕੋਈ ਖ਼ਤਰਾ ਨਹੀਂ ਸੀ ਸਹੇੜਨਾਂ ਚਾਹੁੰਦੀ। ਇਸੇ ਲਈ ਉਸ ਨੇ ਕੁੜੀ ਨੂੰ ਛੋਟੀ ਉਮਰ ਵਿੱਚ ਵਿਆਹੁਣ ’ਚ ਭਲਾਈ ਸਮਝੀ। ਅੱਜ ਵਿਆਹ ਨੂੰ ਕਰੀਬ ਪੰਜ ਸਾਲ ਹੋ ਚੁੱਕੇ ਸਨ। ਇਸ ਦੌਰਾਨ ਉਜਮਾ ਤਿੰਨ ਬੱਚਿਆਂ ਦੀ ਮਾਂ ਬਣ ਚੁੱਕੀ ਸੀ। ਉਜਮਾ ਨੂੰ ਆਪਣੇ ਘਰ ਕਿਸੇ ਚੀਜ਼ ਦੀ ਤੋਟ ਨਹੀਂ ਸੀ। ਘਰ ਵਾਲਾ ਆਟੋ ਮਕੈਨਿਕ ਸੀ ਤੇ ਉਸ ਪਾਸ ਵਧੀਆ ਕੰਮ ਸੀ। ਸਵੇਰ ਤੋਂ ਸ਼ਾਮ ਤੱਕ ਉਸ ਨੂੰ ਕੰਨ ਖੁਰਕਣ ਦੀ ਵਿਹਲ ਨਹੀਂ ਸੀ। ਇਹੋ ਵਜ੍ਹਾ ਸੀ ਕਿ ਉਜਮਾ ਆਪਣੇ ਪੇਕੇ ਘਰ ਕਦੇ ਸਬਬ ਨਾਲ ਹੀ ਆਉਂਦੀ ਸੀ। ਇੱਕ ਤਰ੍ਹਾਂ ਸਮੇਂ ਤੋਂ ਪਹਿਲਾਂ ਪਈ ਕਬੀਲਦਾਰੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਵਕਤ ਤੋਂ ਪਹਿਲਾਂ ਹੀ ਸਮਝਦਾਰ ਤੇ ਪ੍ਰਪੱਕ ਬਣਾ ਛੱਡਿਆ ਸੀ।
ਸਮੀਰ ਨੇ ਉਜਮਾ ਦੇ ਘਰੋਂ ਵਾਪਸੀ ਕਰਦਿਆਂ ਭੈਣ ਦੇ ਹੱਥ ’ਤੇ ਚੁੱਪ-ਚੁਪੀਤੇ ਦੋ ਹਜ਼ਾਰ ਰੁਪਏ ਧਰ ਦਿੱਤੇ ਜਿਸ ’ਤੇ ਫੌਰਨ ਹੀ ਉਜਮਾ ਨੇ ਆਪਣੀ ਦੂਜੀ ਮੁੱਠੀ ’ਚੋਂ ਪੰਜ ਹਜ਼ਾਰ ਇੱਕ ਤੇ ਹਜ਼ਾਰ ਇੱਕ ਕੁੱਲ ਛੇ ਹਜ਼ਾਰ ਸਮੀਰ ਦੇ ਹੱਥ ਫੜਾਉਂਦਿਆਂ ਆਖਿਆ, ‘‘ਵੀਰੇ ਇੰਝ ਕਰੀਂ... ਮੇਰੀ ਸੱਸ ਦੇ ਸਾਹਮਣੇ ਇਹ ਪੰਜ ਹਜ਼ਾਰ ਮੈਨੂੰ ਦੇ ਦੇਵੀਂ ਤੇ ਇੱਕ ਹਜ਼ਾਰ ਮੇਰੀ ਨਨਾਣ ਨੂੰ ਦੇ ਦੇਵੀਂ... ਉਹ ਆਪਣੇ ਬੱਚਿਆਂ ਨਾਲ ਛੁੱਟੀਆਂ ਕੱਟਣ ਆਈ ਹੋਈ ਹੈ ਇੱਥੇ ਇਨੀਂ ਦਿਨੀਂ...। ਨਹੀਂ ਤਾਂ ਬਾਅਦ ’ਚ ਮੇਰੀ ਸੱਸ ਤੇ ਨਨਾਣ ਇਹੋ ਕਹਿਣਗੀਆਂ ਕਿ ਦੋ ਸਾਲ ਬਾਅਦ ਭਰਾ ਆਇਆ ਸੀ ਉਹ ਵੀ ਖ਼ਾਲੀ ਹੱਥ...!’’ ਉਜਮਾ ਦੀ ਗੱਲ ਸੁਣ ਕੇ ਸਮੀਰ ਨੂੰ ਇੰਝ ਜਾਪਿਆ ਜਿਵੇਂ ਉਹ ਉਸ ਤੋਂ ਕਈ ਸਾਲ ਵੱਡੀ ਹੋ ਗਈ ਹੋਵੇ।
ਸੰਪਰਕ: 98552-59650