ਮਿੰਨੀ ਕਹਾਣੀਆਂ
ਹੱਥਾਂ ਬਾਝ ਕਰਾਰਿਆਂ...
‘‘ਮਾਂ! ਜਦੋਂ ਮੈਂ ਸਕੂਲ ਜਾਂਦੀ ਹਾਂ ਤਾਂ ਰਸਤੇ ਵਿੱਚ ਕੁੱਤੇ ਬਹੁਤ ਭੌਂਕਦੇ ਐ... ਬਹੁਤ ਪ੍ਰੇਸ਼ਾਨ ਕਰਦੇ ਐ, ਮਾਂ...।’’ ਕੁੜੀ ਨੇ ਇਸ਼ਾਰੇ ਨਾਲ ਆਪਣੀ ਮਾਂ ਨਾਲ ਗੱਲ ਤੋਰੀ।
‘‘ਧੀਏ! ਜਿਹੜੇ ਹੋਏ ਈ ਕੁੱਤੇ। ਐਵੇਂ ਕੁੱਤਿਆਂ ਦੀ ਬਹੁਤੀ ਪਰਵਾਹ ਨਹੀਂ ਕਰੀਦੀ।’’
‘‘ਮਾਂ, ਇਹ ਕੁੱਤੇ ਬਿਨਾਂ ਵਜ੍ਹਾ ਹੀ ਕਿਉਂ ਭੌਂਕਦੇ ਰਹਿੰਦੇ ਐ?’’
‘‘‘ਪੁੱਤ, ਕੁੱਤਿਆਂ ਦਾ ਤਾਂ ਕੰਮ ਹੀ ਭੌਂਕਣਾ ਹੁੰਦੈ। ਬਸ ਧੀਏ ਤੂੰ ਇਉਂ ਸਮਝ ਲੈ ਬਈ ਇਨ੍ਹਾਂ ਦਾ ਇਹ ਹੀ ਕੰਮ ਐ। ਪਰ ਜਿਹੜੇ ਲੋਕ ਕੁਝ ਸਮਝਦਾਰ ਹੁੰਦੇ ਨੇ, ਇਨ੍ਹਾਂ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੰਦੇ ਤੇ ਆਪਣੇ ਕੰਮ ਵਿੱਚ ਹੀ ਮਸਤ ਰਹਿੰਦੇ ਐ।’’ ਮਾਂ ਨੇ ਧੀ ਨੂੰ ਸਮਝੌਤੀ ਦਿੱਤੀ।
‘‘ਪਰ ਮਾਂ, ਇਹ ਇਨ੍ਹਾਂ ਵਾਸਤੇ ਹੈ ਬਹੁਤ ਹੀ ਮਾੜੀ ਗੱਲ। ਬਿਨਾਂ ਮਤਲਬ ਤੋਂ ਹੀ ਦੂਸਰਿਆਂ ਨੂੰ ਪ੍ਰੇਸ਼ਾਨ ਕਰੀ ਜਾਓ। ਇਹ ਕੋਈ ਬੰਦਿਆਂ ਵਾਲੀ ਗੱਲ ਤਾਂ ਨਾ ਹੋਈ।’’ ਕੁੜੀ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਸੀ ਤੇ ਸੰਕੇਤਾਂ ’ਚ ਲੁਕ ਨਾ ਸਕੀ।
‘‘ਪੁੱਤ ਕੀ ਗੱਲਾਂ ਕਰੀ ਜਾਨੀ ਐਂ ਤੂੰ। ਧੀਏ ਬੰਦਾ, ਬੰਦਾ ਈ ਹੁੰਦੈ ਤੇ ਕੁੱਤਾ, ਕੁੱਤਾ ਈ ਹੁੰਦੈ। ਦੇਖ ਔਹ ਜਿਹੜਾ ਹਲਕੇ ਵੇ ਕਿਆਂ ਦੇ ਟੱਬਰ ’ਚੋਂ ਅਹੁ ਨਸ਼ੱਈ ਜਿਹਾ ਮੁੰਡੈ..., ਆਪਣੇ ਇਲਾਕੇ ’ਚ ਸਾਰੇ ਹੀ ਕਹਿੰਦੇ ਐ ਕਿ ਉਹ ਬੜਾ ‘ਕੁੱਤਾ ਬੰਦੈ’।’’
‘‘ਚੱਲ ਮਾਂ ਜੇ ਕੁੱਤੇ ਭੌਂਕਦੇ ਐ ਤਾਂ ਆਵਦੇ ਮੂੰਹ ਨਾਲ ਹੀ ਭੌਂਕਦੇ ਐ, ਭੌਂਕੀ ਜਾਣ, ਪਰ ਮਾਂ ਜੇ ਕੋਈ ਸਿਰ ਫਿਰਿਆ ਕੁੱਤਾ ਵੱਢਣ ਨੂੰ ਹੀ ਆ ਪਵੇ ਤਾਂ...? ਮਾਂ ਕੁੱਤਿਆਂ ਦਾ ਕਿਹੜਾ ਕੋਈ ਦੀਨ-ਇਮਾਨ ਹੁੰਦੈ...?’’
‘‘ਫਿਰ ਧੀਏ ਤੇਰਾ ਬਾਪੂ ਤੈਨੂੰ ਮਹਾਂਪੁਰਸ਼ਾਂ ਦੇ ਸ਼ਬਦ ਨਹੀਂ ਸੁਣਾਉਂਦਾ ਹੁੰਦਾ, ਅਖੇ, ‘ਹੱਥਾਂ ਬਾਝ ਕਰਾਰਿਆਂ ਵੈਰੀ ਹੋਇ ਨਾ ਮਿੱਤ’। ਬਸ ਧੀਏ ਫਿਰ ਤਾਂ ਉਹੀ ਨੁਸਖ਼ਾ ਕੰਮ ਆਉਂਦੈ। ਪੁੱਤ, ਇਹੋ ਜਿਹੇ ਸਿਰਫਿਰਿਆਂ ਦਾ ਤਾਂ ਫਿਰ ਬੂਥਾ ਸੇਕਣਾ ਹੀ ਪੈਂਦੈ।’’ ਹੁਣ ਮਾਂ ਦੀ ਨਿਗ੍ਹਾ ਮਹਾਪੁਰਸ਼ਾਂ ਦੀ ਫੋਟੋ ਵੱਲ ਲੱਗੀ ਹੋਈ ਸੀ।
ਮਾਂ ਦੀ ਗੱਲ ਸੁਣਦਿਆਂ ਹੀ ਕੁੜੀ ਨੇ ਆਪਣੇ ਦੋਹਾਂ ਹੱਥਾਂ ਦੇ ਮੁੱਕੇ ਬਣਾ ਹਵਾ ’ਚ ਲਹਿਰਾਏ ਸਨ।
ਹੁਣ ਕੁੜੀ ਦੀਆਂ ਅੱਖਾਂ ਵਿੱਚ ਚਮਕ ਸੀ।
- ਸਤੇਸ਼ ਭੂੰਦੜ
ਸੰਪਰਕ: 9417915033
* * *
ਮੈਂ ਤਾਂ ਰੱਬ ਬਣ ਗਿਆ
ਇੱਕ ਵਾਰ ਬੱਚਿਆਂ ਦੇ ਕਹਿਣ ’ਤੇ ਮੈਡਮ ਜੀ ਨੇ ਛੁੱਟੀਆਂ ਦਾ ਕੰਮ ਨਾ ਦਿੱਤਾ। ਬੱਚੇ ਬਹੁਤ ਖ਼ੁਸ਼ ਹੋਏ। ਮੈਡਮ ਨੇ ਕਿਹਾ, ‘‘ਪਰ ਤੁਸੀਂ ਛੁੱਟੀਆਂ ਵਿੱਚ ਆਪਣੇ ਮਾਤਾ ਪਿਤਾ ਦੀ ਕਿਸੇ ਕੰਮ ਵਿੱਚ ਮਦਦ ਕਰਨੀ ਹੈ ਜਿਸ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੇ।’’
ਅਨਮੋਲ ਛੁੱਟੀਆਂ ਦੇ ਪਹਿਲੇ ਦਿਨ ਹੀ ਸਵੇਰੇ 6 ਵਜੇ ਉੱਠਿਆ। ਉਸ ਨੇ ਸੋਚਿਆ ਕਿ ਅੱਜ ਮੈਂ ਮੰਮੀ ਨੂੰ ਕੰਮ ਕਰਦੇ ਦੇਖਾਂਗਾ ਤੇ ਜੋ ਕੰਮ ਸੌਖਾ ਲੱਗੇਗਾ, ਉਸ ਵਿੱਚ ਹਰ ਰੋਜ਼ ਮਦਦ ਕਰਾਂਗਾ। ਮੰਮੀ ਉਸ ਦੇ ਉੱਠਣ ਤੋਂ ਪਹਿਲਾਂ ਹੀ ਨਹਾ ਧੋ ਕੇ ਰਸੋਈ ਵਿੱਚ ਡੈਡੀ ਲਈ ਨਾਸ਼ਤਾ ਤਿਆਰ ਕਰ ਰਹੇ ਸਨ ਤੇ ਨਾਲ ਹੀ ਨਾਲ ਡੈਡੀ ਲਈ ਦੁਪਹਿਰ ਦਾ ਟਿਫਨ ਵੀ ਬਣਾ ਰਹੇ ਸਨ। ਡੈਡੀ ਨੂੰ ਕੰਮ ’ਤੇ ਭੇਜ ਕੇ ਮੰਮੀ ਨੇ ਦਾਦਾ-ਦਾਦੀ ਨੂੰ ਨਾਸ਼ਤਾ ਦਿੱਤਾ ਅਤੇ ਫਿਰ ਦੋਵੇਂ ਬੱਚਿਆਂ ਨੂੰ ਨਹਾ-ਧੁਆ ਕੇ ਨਾਸ਼ਤਾ ਖੁਆਇਆ। ਬਾਅਦ ਵਿੱਚ ਉਨ੍ਹਾਂ ਨੇ ਸਾਰੇ ਘਰ ਦੀ ਸਫ਼ਾਈ ਕੀਤੀ। ਫਿਰ ਕੱਪੜੇ ਧੋ ਕੇ ਦੁਪਹਿਰ ਦੇ ਖਾਣੇ ਵੱਲ ਹੋ ਗਏ। ਉਸ ਤੋਂ ਬਾਅਦ ਕੁਝ ਦੇਰ ਬੱਚਿਆਂ ਨੂੰ ਕੋਲ ਬਿਠਾ ਕੇ ਪੜ੍ਹਾਇਆ। ਸ਼ਾਮ ਨੂੰ ਚਾਹ ਪੀ ਕੇ ਪਾਠ ਕੀਤਾ। ਧੋਤੇ ਹੋਏ ਕੱਪੜੇ ਸਾਂਭੇ। ਫਿਰ ਉਹ ਰਾਤ ਦੇ ਖਾਣੇ ਦੀ ਤਿਆਰੀ ਕਰਨ ਲੱਗੇ। ਸਾਰਿਆਂ ਨੂੰ ਰਾਤ ਦੀ ਰੋਟੀ ਖੁਆ ਕੇ ਚੁੱਲ੍ਹਾ-ਚੌਕਾ ਸਾਂਭ ਕੇ ਸੌਣ ਲੱਗੇ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ।
ਅਨਮੋਲ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੰਮੀ ਦਾ ਤਾਂ ਕੋਈ ਵੀ ਕੰਮ ਸੌਖਾ ਨਹੀਂ। ਹੁਣ ਮੈਂ ਉਨ੍ਹਾਂ ਦੀ ਮਦਦ ਕਿਵੇਂ ਕਰਾਂ? ਉਸ ਨੇ ਸੌਂਦੇ ਹੋਏ ਆਪਣੀ ਮੰਮੀ ਨੂੰ ਹੀ ਪੁੱਛਿਆ, ‘‘ਮੰਮੀ, ਜੇ ਰੱਬ ਤੁਹਾਡੇ ਕੋਲ ਆਵੇ ਅਤੇ ਤੁਹਾਡੀ ਕਿਸੇ ਕੰਮ ਵਿੱਚ ਮਦਦ ਲਈ ਪੁੱਛੇ ਤਾਂ ਤੁਸੀਂ ਕੀ ਕਹੋਗੇ?’’ ਮਾਂ ਨੇ ਹੱਸਦੇ ਹੋਏ ਕਿਹਾ, ‘‘ਮੈਂ ਚਾਹੁੰਦੀ ਹਾਂ, ਹਰ ਰੋਜ਼ ਸਵੇਰੇ ਕੋਈ ਚਾਹ ਦਾ ਇੱਕ ਕੱਪ ਮੈਨੂੰ ਬਣਿਆ ਬਣਾਇਆ ਦੇ ਦੇਵੇ, ਬੱਸ!’’
ਬਸ ਫਿਰ ਅਨਮੋਲ ਅਗਲੇ ਦਿਨ ਤੋਂ ਹੀ ਸਵੇਰੇ ਪੰਜ ਵਜੇ ਉੱਠਣ ਲੱਗਿਆ ਤੇ ਹਰ ਰੋਜ਼ ਆਪਣੀ ਮਾਂ ਲਈ ਇੱਕ ਕੱਪ ਚਾਹ ਦਾ ਬਣਾ ਕੇ ਉਸ ਨੂੰ ਉਠਾਉਂਦਾ। ਮਾਂ ਦੀਆਂ ਅੱਖਾਂ ਨਮ ਹੋ ਗਈਆਂ। ਉਸ ਆਖਿਆ,‘‘ ਓਏ! ਮੇਰਾ ਪੁੱਤ ਤਾਂ ਰੱਬ ਬਣ ਗਿਆ।’’
- ਪਰਮਿੰਦਰ ਕੌਰ
ਸੰਪਰਕ: 98773-46150
* * *
ਸਮਝੌਤਾ
ਸਮਝੌਤੇ ਦੀਆਂ ਕੋਸ਼ਿਸ਼ਾਂ ਜਾਰੀ ਸਨ। ਸਮਝੌਤੇ ਦੇ ਨੇੜੇ ਮੁੰਡਾ ਬੋਲਿਆ, ‘‘ਅੰਕਲ ਜੀ, ਜਿਹੜੇ ਮੇਰੀ ਜਵਾਨੀ ਦੇ ਦਸ ਸਾਲ ਖੂਹ-ਖਾਤੇ ’ਚ ਪੈ ਗਏ, ਉਸ ਦਾ ਲੇਖਾ?’’
ਨਾਲ ਦੀ ਨਾਲ ਕੁੜੀ ਬੋਲ ਪਈ, ‘‘ਇਕੱਲੇ ਤੇਰੇ ਦਸ ਸਾਲ ਨਹੀਂ ਪਏ, ਮੇਰੇ ਵੀ ਦਸ ਸਾਲ ਪਏ ਨੇ। ਤੂੰ ਮੈਨੂੰ ਮੇਰੇ ਉਹ ਦਸ ਸਾਲ ਮੋੜ ਦੇ, ਮੈਂ ਤੇਰੇ ਵੀ ਦਸ ਸਾਲ ਮੋੜ ਦਿਆਂਗੀ।’’
ਮੈਂ ਉਨ੍ਹਾਂ ਨੂੰ ਟੋਕਿਆ, ‘‘ਕਸੂਰਵਾਰ ਤੁਸੀਂ ਦੋਵੇਂ ਹੀ ਹੋ। ਕੋਮਲ ਤੈਨੂੰ ਬੜਾ ਹੰਕਾਰ ਸੀ ਕਿ ਤੇਰੇ ਮਾਪਿਆਂ ਨੇ ਮੁੰਡੇ ਦਾ ਦਾਜ ਨਾਲ ਘਰ ਭਰ ਦਿੱਤਾ ਤੇ ਰਾਜਿੰਦਰ ਤੈਨੂੰ ਉੱਚ ਯੋਗਤਾ, ਉੱਚ ਅਹੁਦੇ ਦਾ ਅਭਿਮਾਨ ਸੀ। ਹੁਣ ਇਨ੍ਹਾਂ ਸਭ ਗੱਲਾਂ ਨੂੰ ਭੁੱਲ ਜਾਓ, ਮਿੱਟੀ ਪਾ ਦਿਓ। ਲੰਘੇ ਗਏ ਦਸ ਸਾਲਾਂ ਨੂੰ ਨਾ ਰੋਵੋ, ਪਰ ਤੁਸੀਂ ਕਈ ਦਹਾਕੇ ਹੁਸੀਨ ਜ਼ਿੰਦਗੀ ਦੇ ਅਜੇ ਵੀ ਮਾਣਨੇ ਹਨ, ਉਨ੍ਹਾਂ ਦੀ ਸੋਚੋ।’’
ਮੈਂ ਦੇਖਿਆ ਕਿ ਮੇਰੀ ਕਹੀ ਗੱਲ ’ਤੇ ਦੋਵਾਂ ਦੇ ਕੰਨਾਂ ਦੇ ਪਰਦੇ ਸਾਫ਼ ਹੋ ਰਹੇ ਸਨ ਤੇ ਦੋਵਾਂ ਨੇ ‘ਹਾਂ’ ਵਿੱਚ ਸਿਰ ਹਿਲਾ ਕੇ ਹਾਮੀ ਭਰੀ।
ਸਮਝੌਤਾ ਸਿਰੇ ਚੜ੍ਹ ਗਿਆ।
- ਰਘਬੀਰ ਸਿੰਘ ਮਹਿਮੀ
ਸੰਪਰਕ: 96460-24321