ਮਨ ਦੀ ਮੈਨਾ
ਡਾ. ਅਜੀਤ ਸਿੰਘ
ਮੇਰਾ ਨਾਂ ਮੋਹਨ ਹੈ ਅਤੇ ਮੈਂ ਹਾਂ ਇਸ ਘਰ ਦਾ ਸਭ ਤੋਂ ਵੱਡਾ ਮੈਂਬਰ| ਮੈਨੂੰ ਮੇਰਾ ਪੋਤਾ ਅਤੇ ਪੋਤੀ ਪਿਆਰ ਨਾਲ ਦਾਦੂ ਆਖਦੇ ਹਨ| ਵਾਹਿਗੁਰੂ ਦਾ ਸ਼ੁਕਰ ਹੈ ਕਿ ਮੇਰੇ ਅੰਦਰ ਦੀ ਮੈਨਾ ਨੂੰ ਕੋਈ ਵੀ ਸੁਣ ਨਹੀਂ ਸਕਦਾ ਪ੍ਰੰਤੂ ਇਹ ਮਨ ਦੀ ਮੈਨਾ ਵੀ ਮਜਬੂਰ ਹੈ। ਚੁੱਪ ਇਹ ਵੀ ਨਹੀਂ ਰਹਿ ਸਕਦੀ| ਹਰ ਵੇਲੇ ਕੁਝ ਨਾ ਕੁਝ ਉਚਾਰਦੀ ਰਹਿੰਦੀ ਹੈ।
‘‘ਰਾਣੀ ਬੇਟਾ, ਸ਼ਾਲੂ ਨੂੰ ਸਮੇਂ ਤੋਂ ਪਹਿਲਾਂ ਉਠਾ ਦਿਆ ਕਰ ਤਾਂ ਜੋ ਇਹ ਵੀ ਆਤਮਨਿਰਭਰ ਹੋ ਸਕੇ|’’ ਰਾਣੀ ਆਖਦੀ ਹੈ, ‘‘ਮੈਂ ਤਾਂ ਆਵਾਜ਼ਾਂ ਮਾਰ ਮਾਰ ਥੱਕ ਜਾਂਦੀ ਹਾਂ ਇਹ ਕਦੋਂ ਮੇਰੀ ਸੁਣਦੀ ਹੈ|’’ ਰਾਣੀ ਮੇਰੀ ਨੂੰਹ ਹੈ ਅਤੇ ਸ਼ਾਲੂ ਮੇਰੀ ਪੋਤੀ ਹੈ ਜੋ ਸੌਣ ਦੀ ਸ਼ੌਕੀਨ ਹੈ ਤੇ ਉਸ ਨੂੰ ਉਠਾਉਣ ਲਈ ਕਾਫ਼ੀ ਜੱਦੋਜਹਿਦ ਕਰਨੀ ਪੈਂਦੀ ਹੈ| ਇਹ ਜੱਦੋਜਹਿਦ ਲਗਭਗ ਰੋਜ਼ਾਨਾ ਦਾ ਕਿੱਸਾ ਹੈ| ਸ਼ਾਲੂ ਨੂੰ ਜਗਾਉਣ ਦੀਆਂ ਕੋਸ਼ਿਸ਼ਾਂ ਕਾਰਨ ਮੇਰੀ ਨੂੰਹ ਮੇਰੀ ਨੀਂਦ ਨੂੰ ਉਡਾ ਦਿੰਦੀ ਹੈ| ਇਸ ਕਾਰਨ ਹੀ ਮੈਂ ਥੋੜ੍ਹਾ ਪਹਿਲਾਂ ਹੀ ਉੱਠ ਪੈਂਦਾ ਹਾਂ|
ਇੱਕ ਦਿਨ ਮੈਂ ਸਵੇਰ ਦੀ ਸੈਰ ਲਈ ਸਮੁੰਦਰ ਕੰਢੇ ਚਲਾ ਗਿਆ| ਉੱਥੇ ਕੋਈ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਅਤੇ ਕੋਈ ਦੌੜ ਰਿਹਾ ਹੈ| ਸਾਰੇ ਦੇ ਸਾਰੇ ਰਸਤੇ ਨੂੰ ਮੰਜ਼ਿਲ ਬਣਾਉਣ ਲਈ ਅੱਗੇ ਵਧ ਰਹੇ ਹਨ| ਜਵਾਨ ਮੁੰਡੇ-ਕੁੜੀਆਂ ਅੰਦਰ ਜਾਗਿੰਗ, ਜੰਪਿੰਗ ਅਤੇ ਉੱਛਲਣ ਕੁੱਦਣ ਦੇ ਨਵੇਂ ਨਵੇਂ ਢੰਗ ਲੱਭ ਕੇ ਸਿਹਤਮੰਦ ਹੋ ਜਾਣ ਦੀ ਦੌੜ ਲੱਗੀ ਹੋਈ ਹੈ| ਮੋਟਾਪਾ ਘਟਾਉਣ ਦੇ ਯਤਨ ਕੀਤੇ ਜਾ ਰਹੇ ਹਨ| ਇਹ ਕੋਈ ਵੀ ਨਹੀਂ ਸੋਚ ਰਿਹਾ ਕਿ ਮੋਟਾਪਾ ਚੜ੍ਹਿਆ ਕਿਉਂ ਹੈ| ਜਿਹੜਾ ਜੰਕ ਫੂਡ ਜੀਭ ਦੇ ਸੁਆਦ ਪੂਰਾ ਕਰਨ ਲਈ ਵਰਤਿਆ ਜਾ ਰਿਹਾ ਹੈ, ਜੇ ਉਸ ਵੱਲ ਧਿਆਨ ਦਿੱਤਾ ਜਾਵੇ ਤੇ ਸਿਹਤਮੰਦ ਭੋਜਨ ਖਾਧਾ ਜਾਵੇ ਤਾਂ ਮੋਟਾਪੇ ਤੋਂ ਕਿਨਾਰਾ ਹੋ ਸਕਦਾ ਹੈ| ਮੈਂ ਵੀ ਇਸ ਦੌੜ ਵਿੱਚ ਸ਼ਾਮਿਲ ਹਾਂ ਅਤੇ ਇਸ ਰਸਤੇ ਉੱਪਰੋਂ ਲੰਘ ਰਿਹਾ ਹਾਂ| ਲੰਘ ਜਾਣ ਦਾ ਅਰਥ ਹੈ ਕਿ ਹਰ ਰਸਤੇ ਤੋਂ ਲੰਘਣਾ, ਭਾਵੇਂ ਖ਼ੁਸ਼ੀ ਨਾਲ ਲੰਘੋ, ਮਾਯੂਸੀ ਨਾਲ ਜਾਂ ਮਨ ਵਿੱਚ ਕੋਈ ਰੰਜ਼ਿਸ਼ ਲੈ ਕੇ ਲੰਘੋ| ਇਹ ਗੱਲ ਵਿਚਾਰਨ ਵਾਲੀ ਹੈ ਕਿ ਹਰ ਦੌਰ ਵਿੱਚੋਂ ਲੰਘੇ ਬਿਨਾਂ ਕੋਈ ਚਾਰਾ ਵੀ ਨਹੀਂ ਹੈ| ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਹਰ ਰਸਤੇ ਤੋਂ ਖ਼ੁਸ਼ੀ ਨਾਲ ਹੀ ਲੰਘਾ ਤੇ ਉਸ ਰਸਤੇ ’ਤੇ ਚੱਲਾਂ ਜਿਹੜਾ ਮੰਜ਼ਿਲ ਵੱਲ ਸੇਧਿਤ ਹੋਵੇ|
ਇਸ ਗ਼ੈਰ ਬਰਾਬਰੀ ਦੇ ਜ਼ਮਾਨੇ ਅੰਦਰ ਬਰਾਬਰੀ ਦੀ ਗੱਲ ਮੇਰਾ ਧਿਆਨ ਆਪਣੇ ਵੱਲ ਖਿੱਚਦੀ ਹੈ ਕਿ ਸਮੁੰਦਰੀ ਲਹਿਰਾਂ ਅਤੇ ਮਨੁੱਖੀ ਮਨ ਦੀਆਂ ਉਡਾਰੀਆਂ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ| ਹਰ ਸਮੁੰਦਰੀ ਲਹਿਰ ਕਿਨਾਰੇ ਨਾਲ ਟੱਕਰ ਖਾ ਕੇ ਮੁੜਦੀ ਹੈ, ਉਸ ਤੋਂ ਪਿੱਛੋਂ ਦੂਸਰੀ ਲਹਿਰ, ਫਿਰ ਅਗਲੀ ਲਹਿਰ। ਇਸ ਆਵਾ ਗਮਨ ਦੇ ਚੱਕਰ ਵਿੱਚ ਸਾਥ ਅਤੇ ਸਹਿਯੋਗ ਦਿੰਦੀ ਹੈ| ਲਹਿਰਾਂ ਦਾ ਇਹ ਸਫ਼ਰ ਨਿਰੰਤਰ ਜਾਰੀ ਹੈ| ਇਹੋ ਜਿਹਾ ਹੀ ਕੁਝ ਦਿਲ ਨਾਲ ਹੋਇਆ ਕਰਦਾ ਹੈ। ਇੱਕ ਦਿਲ ਦੇ ਵਿੱਚ ਉੱਠਿਆ ਵਿਚਾਰ ਮਨ ਦੀ ਕੰਧ ਨਾਲ ਟਕਰਾ ਕੇ ਮੁੜਦਾ ਹੈ ਤਾਂ ਅਗਲਾ ਵਿਚਾਰ ਸਿਰ ਚੁੱਕੀ ਖੜ੍ਹਾ ਹੁੰਦਾ ਹੈ| ਇਸੇ ਕਾਰਨ ਮਨ ਦੀ ਮੈਨਾ ਵੀ ਕੁਝ ਨਾ ਕੁਝ ਬੋਲਦੀ ਰਹਿੰਦੀ ਹੈ ਅਤੇ ਚੁੱਪ ਨਹੀਂ ਰਹਿ ਸਕਦੀ|
ਮੈਂ ਜਦੋਂ ਸੈਰ ਤੋਂ ਬਾਅਦ ਘਰ ਵਿੱਚ ਪੁੱਜਾ ਤਾਂ ਦੇਖਿਆ ਕਿ ਸਾਡੇ ਘਰ ਅੰਦਰ ਵੀ ਤੇਜ਼ ਘਮਾਸਾਨ ਯੁੱਧ ਚੱਲ ਰਿਹਾ ਹੈ| ਟੀਵੀ ਇੰਨੀ ਉੱਚੀ ਆਵਾਜ਼ ਵਿੱਚ ਚੱਲ ਰਿਹਾ ਹੈ ਕਿ ਸੁਣਨ ਦਾ ਯਤਨ ਕਰਨ ਲਈ ਹਰ ਆਦਮੀ ਨੂੰ ਬੋਲਾਪਣ ਮਹਿਸੂਸ ਹੋ ਰਿਹਾ ਹੈ| ਮੇਰਾ ਪੋਤਾ ਪਿੰਕਾ ਕੰਨ ਵਿੱਚ ਟੂਟੀਆਂ ਲੈ ਕੇ ਮਸਤ ਹੋ ਕੇ ਲੱਕ ਨੂੰ ਹਿਲਾ ਰਿਹਾ ਹੈ ਜਿਵੇਂ ਉਸ ਨੇ ਡਾਂਸਰ ਬਣਨ ਦੀ ਸਹੁੰ ਖਾਧੀ ਹੋਈ ਹੈ| ਅੱਗੇ ਵਧਦਾ ਹਾਂ ਤਾਂ ਦੇਖਿਆ ਕਿ ਰਾਣੀ ਵੀ ਸਾਈਕਲ ਚਲਾ ਰਹੀ ਹੈ। ਇਹ ਅਜਿਹਾ ਸਾਈਕਲ ਹੈ ਜਿਸ ਨੂੰ ਜਿੰਨਾ ਮਰਜ਼ੀ ਚਲਾ ਲਵੋ, ਇਹ ਤੁਹਾਨੂੰ ਕਿਧਰੇ ਵੀ ਨਹੀਂ ਪਹੁੰਚਾ ਸਕਦਾ। ਤੁਸੀਂ ਆਪਣਾ ਪਸੀਨਾ ਬਹਾ ਰਹੇ ਹੋ, ਪਰ ਉੱਥੇ ਹੀ ਖੜੋਤੇ ਹੋ| ਉਸ ਦੇ ਭਾਰੀਪਨ ਦਾ ਅਸਰ ਮਹਿਸੂਸ ਕਰਦੇ ਹੋਏ ਸਾਈਕਲ ਦੇ ਪੈਡਲ ਵੀ ਚੂੰ ਚੂੰ ਦੀ ਆਵਾਜ਼ ਕੱਢਦੇ ਹਨ| ਇੱਕ ਸਾਈਕਲ ਉਹ ਸੀ ਜਿਸ ਨੂੰ ਅਸੀਂ ਚਲਾਇਆ ਕਰਦੇ ਸੀ। ਜਿਸ ਨਾਲ ਦੂਰੀ ਵੀ ਤੈਅ ਹੁੰਦੀ ਸੀ ਤੇ ਪਸੀਨੇ ਨਾਲ ਵੀ ਤਰੋ ਤਰ ਹੋ ਜਾਈਦਾ ਸੀ। ਕਸਰਤ ਵੀ ਹੋ ਜਾਇਆ ਕਰਦੀ ਸੀ|
ਮੈਨੂੰ ਦੇਖਦੇ ਹੀ ਰਾਣੀ ਆਖਦੀ ਹੈ ਕਿ ‘‘ਡੈਡੀ ਤੁਸੀਂ ਆ ਗਏ। ਮੈਂ ਤੁਹਾਡੇ ਲਈ ਚਾਹ ਬਣਾਉਂਦੀ ਹਾਂ। ਤੁਸੀਂ ਪਲੀਜ਼ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦਿਓ|’’ ਮੈਂ ਝੱਟ ਹੀ ਆਖਿਆ, ‘‘ਹਾਂ ਜੀ ਬੇਟਾ ਦਸੋ|’’ ਮੈਂ ਸੋਫੇ ’ਤੇ ਬੈਠਣ ਦਾ ਯਤਨ ਕਰਦਿਆਂ ਪੁੱਛਿਆ| ਮੇਰੇ ਮਨ ਦੀ ਮੈਨਾ ਹੌਲੀ ਜਿਹੀ ਬੋਲਦੀ ਹੈ ਕਿ ਮੈਨੂੰ ਤੱਕਦਿਆਂ ਹੀ ਇਸ ਨੂੰ ਕੰਮ ਯਾਦ ਆ ਜਾਂਦਾ ਹੈ। ਪਾਣੀ ਤਾਂ ਪੁੱਛਿਆ ਹੀ ਨਹੀਂ| ਘਰ ਦਾ ਵਾਧੂ ਮੈਂਬਰ ਜੋ ਹਾਂ, ਕੰਮ ਤਾਂ ਕੋਈ ਕਰਦਾ ਹੀ ਨਹੀਂ ਹਾਂ| ਸਾਰਾ ਦਿਨ ਮੰਜਾ ਹੀ ਤੋੜਦਾ ਰਹਿੰਦਾ ਹਾਂ| ਫਿਰ ਉਹ ਬੋਲੀ ‘‘ਡੈਡੀ ਮੇਰੇ ਸਾਈਕਲ ਦੇ ਪੈਡਲਾਂ ਨੂੰ ਅਤੇ ਚੱਕਿਆਂ ਨੂੰ ਥੋੜ੍ਹਾ ਤੇਲ ਹੀ ਦੇ ਦਿਓ| ਮੈਂ ਹੁਣੇ ਤੇਲ ਲੈ ਕੇ ਆਈ| ਦੇਖੋ ਕਿਵੇਂ ਆਵਾਜ਼ਾਂ ਕੱਢ ਰਹੇ ਹਨ|’’ ਮਨ ਦੀ ਮੈਨਾ ਬੋਲ ਪੈਂਦੀ ਹੈ ਕਿ ਸਾਰਾ ਦਿਨ ਵਿਹਲੀ ਟੀਵੀ ਵੇਖਦੀ ਰਹਿੰਦੀ ਹੈ, ਘਰ ਦੇ ਕੰਮਾਂ ਲਈ ਤਾਂ ਨੌਕਰ ਹਨ, ਕੰਮ ਕੋਈ ਹੈ ਨਹੀਂ, ਫਿਰ ਮੋਟਾਪਾ ਨਹੀਂ ਆਵੇਗਾ ਤੇ ਹੋਰ ਕੀ ਹੋਵੇਗਾ| ਮੈਨਾ ਦੇ ਬੋਲ ਤਾਂ ਮੈਂ ਹੀ ਸੁਣ ਸਕਦਾ ਹਾਂ, ਪਰ ਇਹ ਮੈਨਾ ਮੈਨੂੰ ਬਹੁਤ ਤਸੱਲੀ ਦਿੰਦੀ ਹੈ| ਜੋ ਮੈਂ ਨਹੀਂ ਕਹਿ ਸਕਦਾ ਇਹ ਆਖ ਦਿੰਦੀ ਹੈ| ਰਾਣੀ ਸਾਈਕਲ ਲਈ ਤੇਲ ਮੈਨੂੰ ਦੇ ਕੇ ਚਲੀ ਜਾਂਦੀ ਹੈ| ਮੇਰੇ ਲਈ ਚਾਹ ਬਣਾਉਣੀ ਉਹ ਭੁੱਲ ਗਈ ਹੈ ਪ੍ਰੰਤੂ ਤੇਲ ਤਾਂ ਯਾਦ ਰਹਿ ਗਿਆ ਹੈ| ਮੈਂ ਤੇਲ ਦੇਣ ਵਿੱਚ ਰੁੱਝ ਜਾਂਦਾ ਹਾਂ| ਤੇਲ ਦੇ ਕੇ ਮੈਂ ਥੋੜ੍ਹੀ ਦੇਰ ਚਾਹ ਦਾ ਇੰਤਜ਼ਾਰ ਕਰਦਾ ਹਾਂ| ਮੈਨਾ ਨੂੰ ਚੁੱਪ ਕਰਵਾ ਕੇ ਮੈਂ ਰਸੋਈ ਵਿੱਚ ਚਾਹ ਬਣਾਉਣ ਲੱਗਦਾ ਹਾਂ| ਮੇਰੇ ਬੇਟੇ ਦੀ ਆਵਾਜ਼ ਆਉਂਦੀ ਹੈ ਕਿ ਡੈਡੀ ਪਲੀਜ਼ ਚਾਹ ਦਾ ਇੱਕ ਕੱਪ ਮੈਂ ਵੀ ਲਵਾਂਗਾ| ਮੈਂ ਪਾਣੀ ਵਧਾ ਦਿੰਦਾ ਹਾਂ| ਇਹ ਆਵਾਜ਼ ਮੇਰੇ ਬੇਟੇ ਰੋਹਨ ਦੀ ਹੈ ਜੋ ਭਾਰੇ ਭਾਰੇ ਬੰਡਲ ਚੁੱਕ ਕੇ ਕਸਰਤ ਕਰ ਰਿਹਾ ਹੈ| ਮੈਂ ਉਸ ਨੂੰ ਆਖਦਾ ਹਾਂ ਤੂੰ ਮੇਰਾ ਬਿਸਤਰਾ ਇਕੱਠਾ ਕਰ ਕੇ ਰੱਖ ਦੇਵੀਂ ਮੈਂ ਚਾਹ ਲਿਆ ਰਿਹਾ ਹਾਂ| ‘‘ਡੈਡੀ ਚਿੰਤਾ ਨਾ ਕਰੋ ਮੈਂ ਪਸੀਨਾ ਸੁਕਾ ਕੇ ਕਰ ਦੇਵਾਂਗਾ|’’ ਮੇਰਾ ਬਿਸਤਰਾ ਰਸੋਈ ਦੇ ਕੋਲ ਬਾਹਰ ਥੱਲੇ ਹੀ ਲੱਗਿਆ ਹੁੰਦਾ ਹੈ। ਜੇਕਰ ਨਾ ਚੁੱਕਿਆ ਜਾਵੇ ਤਾਂ ਸਾਰਾ ਦਿਨ ਉੱਪਰ ਹੀ ਟੋਰਾ ਫੇਰਾ ਬਣਿਆ ਰਹਿੰਦਾ ਹੈ ਤੇ ਬਿਸਤਰਾ ਮਿੱਧਿਆ ਜਾਂਦਾ ਹੈ। ਫਿਰ ਰਾਤ ਨੂੰ ਮੈਨੂੰ ਸੋਣਾ ਮੁਸ਼ਕਿਲ ਹੋ ਜਾਂਦਾ ਹੈ|
ਸਾਡੀਆਂ ਗੱਲਾਂ ਨਾਲ ਪਿੰਕਾ ਡਿਸਟਰਬ ਹੋ ਰਿਹਾ ਹੈ। ਉਹ ਆਖਦਾ ਹੈ, ‘‘ਦਾਦੂ, ਤੁਸੀਂ ਡੈਡ ਨਾਲ ਹੌਲੀ ਗੱਲਾਂ ਕਰਿਆ ਕਰੋ। ਮੈਂ ਗੀਤਾਂ ਨੂੰ ਠੀਕ ਤਰ੍ਹਾਂ ਨਾਲ ਨਹੀਂ ਸੁਣ ਸਕਦਾ|’’ ਮੇਰੇ ਮਨ ਦੀ ਮੈਨਾ ਆਖਦੀ ਹੈ ਕਿ ਪੋਤਾ ਵੀ ਪਿਓ ’ਤੇ ਹੀ ਗਿਆ ਹੈ| ਮੇਰੇ ਉੱਪਰ ਤਾਂ ਗੱਲਾਂ ਕਰਨ ’ਤੇ ਵੀ ਪਾਬੰਦੀ ਲੱਗ ਰਹੀ ਹੈ। ਹੁਣ ਚੰਗਾ ਇਹ ਹੈ ਕਿ ਚੁੱਪ ਰਹਾਂ ਤੇ ਖਾਮੋਸ਼ੀ ਦਾ ਮਾਸਕ ਮੂੰਹ ਉੱਪਰ ਚੜ੍ਹਾਈ ਰੱਖਾਂ|
‘‘ਬੇਟਾ ਇਹ ਚਾਹ ਦਾ ਕੱਪ ਮੇਜ਼ ’ਤੇ ਰੱਖ ਦਿੱਤਾ ਹੈ ਲੈ ਲੈ|’’ ਇਹ ਆਖ ਕੇ ਮੈਂ ਆਪਣਾ ਕੱਪ ਲੈ ਆਪਣੀ ਕੁਰਸੀ ’ਤੇ ਬੈਠਣ ਲੱਗਦਾ ਹਾਂ| ਉੱਧਰੋਂ ਰਾਣੀ ਆਪਣਾ ਮੁੜਕਾ ਸੁਕਾ ਕੇ ਮੇਰੇ ਕੋਲ ਆਉਂਦੀ ਹੈ ਤੇ ਆਖਦੀ ਹੈ, ‘‘ਡੈੱਡ ਥੋੜ੍ਹੀ ਚਾਹ ਹੈ’ਗੀ, ਮੈਂ ਵੀ ਪੀਣੀ ਹੈ|’’ ਇਹ ਲੈ ਬੇਟਾ ਆਖ ਕੇ ਮੈਂ ਆਪਣਾ ਚਾਹ ਦਾ ਕੱਪ ਰਾਣੀ ਨੂੰ ਫੜਾ ਦਿੰਦਾ ਹਾਂ। ਉਹ ਚਾਹ ਪੀਣ ਲੱਗੀ ਤੇ ਮੈਂ ਆਪਣਾ ਬਿਸਤਰਾ ਸੰਭਾਲਣ ਲੱਗ ਜਾਂਦਾ ਹਾਂ| ਰਾਣੀ ਚਾਹ ਦਾ ਘੁੱਟ ਭਰਦੀ ਹੋਈ ਆਖਦੀ ਹੈ, ‘‘ਪਾਪਾ ਤੁਸੀਂ ਰਹਿਣ ਦੇਵੋ, ਮੈਂ ਹੁਣੇ ਹੀ ਕਰ ਦੇਵਾਂਗੀ|’’ ਮੇਰੀ ਮੈਨਾ ਚੁੱਪ ਨਹੀਂ ਰਹਿੰਦੀ ਕਿ ਜੇ ਤੂੰ ਕਰਨਾ ਹੁੰਦਾ ਤਾਂ ਹੁਣ ਤੱਕ ਹੋ ਚੁੱਕਿਆ ਹੁੰਦਾ। ਵੀਹ ਵਾਰ ਇਸ ਬਿਸਤਰੇ ਉੱਪਰ ਪੈਰ ਰੱਖ ਤੂੰ ਇੱਥੋਂ ਲੰਘ ਚੁੱਕੀ ਹੈਂ| ਤੂੰ ਚਾਹ ਮੇਰੇ ਲਈ ਲਿਆ ਰਹੀ ਸੀ, ਪਰ ਮੇਰੀ ਪਿਆਲੀ ਵੀ ਆਪਣੇ ਮੂੰਹ ਨੂੰ ਲਾ ਲਈ ਹੈ| ਪਰ ਮੈਂ ਉੱਚੀ ਕੁਝ ਵੀ ਨਹੀਂ ਆਖਿਆ| ਹੁਣ ਮੈਨੂੰ ਪੂਰੀ ਭੁੱਖ ਲੱਗ ਚੁੱਕੀ ਹੈ| ਚਾਹ ਪੀ ਕੇ ਉੱਠਦੀ ਹੋਈ ਰਾਣੀ ਆਖਦੀ ਹੈ ‘‘ਡੈਡ ਹੁਣੇ ਨਾਸ਼ਤਾ ਤਿਆਰ ਹੋ ਰਿਹਾ ਹੈ, ਤੁਸੀਂ ਇਸ਼ਨਾਨ ਕਰ ਲਵੋ|’’ ਪਰ ਮੈਨੂੰ ਪਤਾ ਹੈ ਕਿ ਐਤਵਾਰ ਦਾ ਨਾਸ਼ਤਾ ਤਾਂ ਬਾਹਰੋਂ ਮੰਗਵਾਇਆ ਜਾਣਾ ਹੈ| ਮੇਰੇ ਮਨ ਦੀ ਮੈਨਾ ਨੂੰ ਵੀ ਇਹ ਤਾਂ ਗਿਆਨ ਹੋ ਚੁੱਕਿਆ ਹੈ ਕਿਉਂ ਜੋ ਐਤਵਾਰ ਤਾਂ ਪਰੌਂਠੇ ਬਣਾਏ ਹੀ ਨਹੀਂ ਜਾਂਦੇ| ਬੱਚੇ ਭਾਵ ਪੋਤਾ ਤੇ ਪੋਤੀ ਡੋਸਾ ਤੇ ਇਡਲੀ ਖਾਣਾ ਚਾਹੁੰਦੇ ਹਨ|
ਉੱਧਰੋਂ ਰੋਹਨ ਆ ਰਿਹਾ ਹੈ ਤੇ ਮੈਨੂੰ ਪੁੱਛਦਾ ਹੈ, ‘‘ਡੈਡ ਕੁਝ ਚਾਹੀਦਾ ਹੈ ਤਾਂ ਦੱਸੋ ਮੈਂ ਬਾਜ਼ਾਰ ਜਾ ਰਿਹਾ ਹਾਂ|’’ ਮੈਂ ਆਖਦਾ ਹਾਂ ਕਿ ਨਹੀਂ ਸਭ ਠੀਕ ਹੈ| ਮੈਨੂੰ ਤਾਂ ਸੌਣ ਲਈ ਕੇਵਲ ਬਿਸਤਰਾ ਹੀ ਚਾਹੀਦਾ ਹੈ ਜੋ ਮੇਰੇ ਕੋਲ ਹੈ| ਲਗਾਤਾਰ ਯਤਨ ਕਰਦਾ ਹਾਂ ਕਿ ਮਨ ਦੀ ਮੈਨਾ ਕੁਝ ਨਾ ਬੋਲੇ ਤੇ ਮੈਂ ਵੀ ਆਰਾਮ ਕਰ ਸਕਾਂ, ਪਰ ਇਹ ਨਹੀਂ ਮੰਨਦੀ| ਕੁਝ ਨਾ ਕੁਝ ਬੋਲਦੀ ਹੀ ਰਹਿੰਦੀ ਹੈ| ਮੈਂ ਇਹ ਸੋਚਦਾ ਹਾਂ ਜਿਹੜੇ ਮੇਰੇ ਕੋਲੋਂ ਚਾਹ ਵੀ ਲੈ ਸਕਦੇ ਹਨ, ਉਹ ਮੈਨੂੰ ਕੀ ਦੇ ਸਕਦੇ ਹਨ| ਕਹਿਣ ਨੂੰ ਘਰ ਮੇਰਾ ਹੈ, ਬਿਸਤਰਾ ਵੀ ਮੇਰਾ ਹੈ। ਮੈਨੂੰ ਬੱਚਿਆਂ ਦੀ ਚਾਹ ਹੈ, ਬੱਚਿਆਂ ਨੂੰ ਮੇਰੀ ਕਿੰਨੀ ਚਾਹ ਹੈ? ਇਹ ਮੇਰੇ ਮਨ ਦੀ ਮੈਨਾ ਨੂੰ ਗਿਆਨ ਹੈ ਜੋ ਬੋਲੇ ਬਿਨਾਂ ਰਹਿ ਹੀ ਨਹੀਂ ਸਕਦੀ|
ਈਮੇਲ: dr.singhajit@gmail.com