For the best experience, open
https://m.punjabitribuneonline.com
on your mobile browser.
Advertisement

ਚਿੱਤ ਕਰੇ ਜੇ ਖ਼ਤ ਲਿਖਣੇ ਨੂੰ...

11:33 AM Sep 25, 2024 IST
ਚਿੱਤ ਕਰੇ ਜੇ ਖ਼ਤ ਲਿਖਣੇ ਨੂੰ
ਕਵੀ ਦਰਬਾਰ ਵਿੱਚ ਹਿੱਸਾ ਲੈ ਰਿਹਾ ਇੱਕ ਕਵੀ
Advertisement

ਕੈਲਗਰੀ:

Advertisement

ਪੰਜਾਬੀ ਸਾਹਿਤ ਸਭਾ, ਕੈਲਗਰੀ ਦੀ ਮਾਸਿਕ ਇਕਤੱਰਤਾ ਕੋਸੋ ਹਾਲ ਵਿੱਚ ਸੁਰਿੰਦਰ ਗੀਤ, ਸੁਰਜੀਤ ਸਿੰਘ ਹੇਅਰ ਅਤੇ ਜਰਨੈਲ ਸਿੰਘ ਤੱਗੜ ਦੀ ਪ੍ਰਧਾਨਗੀ ਵਿੱਚ ਹੋਈ। ਸਭਾ ਦੇ ਜਨਰਲ ਸਕੱਤਰ ਗੁਰਦਿਆਲ ਸਿੰਘ ਖਹਿਰਾ ਨੇ ਕੁਝ ਨਵੇਂ ਆਏ ਮੈਂਬਰਾਂ ਨੂੰ ਜੀਅ ਆਇਆਂ ਕਿਹਾ ਅਤੇ ਭਵਿੱਖ ਵਿੱਚ ਵੀ ਸਾਂਝ ਬਣਾਈ ਰੱਖਣ ਲਈ ਬੇਨਤੀ ਕੀਤੀ।
ਆਰੰਭ ਵਿੱਚ ਸ਼ਾਇਰ ਬਚਨ ਸਿੰਘ ਗੁਰਮ ਨੇ ਆਪਣੀ ਭਾਵਪੂਰਤ ਰਚਨਾ ਨਾਲ ਸਭ ਨੂੰ ਭਾਵੁਕ ਕਰ ਦਿੱਤਾ;
ਕਰਦਾ ਨਹੀਂ ਸੀ ਵਾਰ ਤੂੰ
ਦੁਸ਼ਮਣ ਦੀ ਵੀ ਪਿੱਠ ’ਤੇ
ਪਰ ਅਸੀਂ ਤਾਂ
ਨਿੱਤ ਹੀ ਖੋਭਦੇ ਹਾਂ ਖ਼ੰਜ਼ਰ
ਮਿੱਤਰਾਂ ਦੀਆਂ ਪਿੱਠਾਂ ’ਚ
ਤੇ ਟੰਗ ਦਿੰਦੇ ਹਾਂ
ਉਹ ਸਿਰ ਨੇਜ਼ਿਆਂ ਉੱਤੇ
ਜਿਹੜੇ ਕਰਦੇ ਨੇ ਜੁਅਰੱਤ
ਸੀਸ ਬਣਨ ਦੀ!
ਸਭਾ ਦੇ ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਤੱਗੜ ਨੇ ਮਾਂ ਦੀ ਮਹੱਤਤਾ ਨੂੰ ਦਰਸਾਉਂਦੀ ਇੱਕ ਨਜ਼ਮ ਸੁਣਾਈ;
ਬੋਹੜਾਂ ਤੇ ਪਿੱਪਲਾਂ ਨਾਲੋਂ ਵੀ ਉਹ
ਠੰਢੀਆਂ ਠੰਢੀਆਂ ਛਾਵਾਂ।
ਪਿਆਰ ਇਨ੍ਹਾਂ ਦਾ ਸਭ ਤੋਂ ਵੱਖਰਾ
ਦੱਸੋ ਕਿਵੇਂ ਭੁਲਾਵਾਂ!
ਸੁਖਮੰਦਰ ਗਿੱਲ ਦੀ ਸੁਰੀਲੇ ਅੰਦਾਜ਼ ਵਿੱਚ ਸੁਣਾਈ ਨਜ਼ਮ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਸ ਦੀ ਆਵਾਜ਼ ਤੇ ਲੇਖਣੀ ਦੀ ਤਾਰੀਫ਼ ਕਰਨੀ ਬਣਦੀ ਹੈ;
ਹੱਦ ਤੋਂ ਜ਼ਿਆਦਾ ਪਿਆਰ ਵੀ ਕਰਕੇ ਵੇਖ ਲਿਆ।
ਮੈਂ ਹਰ ਇੱਕ ’ਤੇ ਇਤਬਾਰ ਵੀ ਕਰਕੇ ਵੇਖ ਲਿਆ।
ਮਨਜੀਤ ਬਰਾੜ ਨੇ ਪੜ੍ਹੇ ਲਿਖੇ ਠੱਗ ਬਾਬਿਆਂ ਦਾ ਪਰਦਾਫਾਸ਼ ਕਰਦਾ ਗੀਤ ਸੁਣਾਇਆ। ਉਸ ਦਾ ਕਹਿਣਾ ਸੀ ਕਿ ਕੇਵਲ ਲੰਬੇ ਚੋਲਿਆਂ ਵਾਲੇ ਹੀ ਠੱਗ ਨਹੀਂ ਹੁੰਦੇ, ਅੱਜਕੱਲ੍ਹ ਕੋਟ ਪੈਂਟ ਵਾਲੇ ਠੱਗ ਬਾਬਿਆਂ ਦੀ ਵੀ ਬਹੁਤ ਭਰਮਾਰ ਹੈ। ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਹਾਸਰਸ ਦੇ ਤਰੀਕੇ ਨਾਲ ਸਮਾਜ ਨੂੰ ਲੱਗੀ ਕੋਹੜ ਦੀ ਬਿਮਾਰੀ ਵੱਲ ਇਹ ਬਹੁਤ ਤਿੱਖੇ ਸੰਕੇਤ ਸਨ। ਲਹਿੰਦੇ ਪੰਜਾਬ ਤੋਂ ਜਨਾਬ ਮਨੁੱਵਰ ਅਹਿਮਦ ਨੇ ਸੁਰਜੀਤ ਪਾਤਰ ਦੀ ਬੜੀ ਮਸ਼ਹੂਰ ਰਚਨਾ ਆਪਣੀ ਸੁਰੀਲੀ ਆਵਾਜ਼ ਵਿੱਚ ਪੇਸ਼ ਕੀਤੀ। ਉਸ ਦਾ ਅੰਦਾਜ਼ੇ ਬਿਆਨ ਬਹੁਤ ਕਮਾਲ ਦਾ ਸੀ;
ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਉਂ ਬਲਦੇ ਜੰਗਲ ’ਤੇ ਬਰਸਾਤ ਹੋਈ
ਤੂੰ ਤੱਕਿਆ ਤਾਂ ਰੁੱਖਾਂ ਨੂੰ ਫੁੱਲ ਪੈ ਗਏ ਸਨ
ਮੇਰੇ ਵੇਂਹਦੇ ਵੇਂਹਦੇ ਕਰਾਮਾਤ ਹੋਈ।
ਪੰਜਾਬੀ ਸਾਹਿਤ ਸਭਾ ਦੀ ਕਾਰਜਕਰਨੀ ਕਮੇਟੀ ਦੇ ਸਰਗਰਮ ਮੈਂਬਰ ਸੁਰਜੀਤ ਸਿੰਘ ਹੇਅਰ ਨੇ ਆਪਣੀ ਰਚਨਾ ‘ਦੋ ਹੰਝੂ’ ਪੇਸ਼ ਕੀਤੀ। ਕਵਿਤਾ ਦੇ ਬੋਲ ਸਨ;
ਵਤਨ ਮੇਰੇ ਦੀ ਯਾਦ ਨੇ ਰਾਤੀਂ
ਮਨ ਦੇ ਦਰ ਖੜਕਾਏ
ਮਲਕ ਮਲਕ ਦੋ ਅੱਥਰੂ ਤੁਰ ਕੇ, ਪਲਕਾਂ ਬੂਹੇ ਆਏ
ਇੱਕ ਅੱਥਰੂ ਮੈਂ ਪਲਕੋਂ ਲਾਹ ਕੇ
ਉਂਗਲੀ ਉੱਤੇ ਟਿਕਾਇਆ
ਲਖਵਿੰਦਰ ਸਿੰਘ ‘ਪਟਿਆਲਾ’ ਦੀ ਰਚਨਾ ‘ਕਲਾ ਦਾ ਰੁਤਬਾ’ ਨੇ ਬਹੁਤ ਡੂੰਘਾ ਪ੍ਰਭਾਵ ਛੱਡਿਆ;
ਰੱਬ ਦੀਆਂ ਦਿੱਤੀਆਂ ਦਾਤਾਂ ਵਿੱਚੋਂ
ਇਹ ਵੀ ਹੈ ਇੱਕ ਦਾਤ ਮੀਆਂ
ਇਹ ਕਿਸੇ ਵੀ ਹੱਟ ਤੋਂ ਨਹੀਂ ਮਿਲਦੀ
ਹੈ ਅਣਮੁੱਲੀ ਇਹ ਸੌਗਾਤ ਮੀਆਂ
ਸਰਦੂਲ ਸਿੰਘ ਧਾਲੀਵਾਲ ਨੇ ਆਪਣੀਆਂ ਛੋਟੀਆਂ ਛੋਟੀਆਂ ਨਜ਼ਮਾਂ ਤੇ ਇੱਕ ਮਿੰਨੀ ਕਹਾਣੀ ਨਾਲ ਚੋਖਾ ਰੰਗ ਬੰਨ੍ਹਿਆ। ਉਸ ਦੀ ਨਿਵੇਕਲੀ ਪੇਸ਼ਕਾਰੀ ਨੇ ਹਸਾਉਣ ਦੇ ਨਾਲ ਨਾਲ ਸਾਰੇ ਵਾਤਾਵਰਨ ਨੂੰ ਬਹੁਤ ਭਾਵੁਕ ਵੀ ਕੀਤਾ। ਉਸ ਵੱਲੋਂ ਪਰਵਾਸੀ ਜੀਵਨ ’ਤੇ ਉਠਾਏ ਗਏ ਕਈ ਨੁਕਤਿਆਂ ’ਤੇ ਸਵਾਲ ਵੀ ਉਠਾਏ ਗਏ ਜੋ ਧਿਆਨ ਮੰਗਦੇ ਹਨ। ਉਸ ਦੀ ਰਚਨਾ ‘ਅਲਵਿਦਾ’ ਦਾ ਵਰਣਨ ਕਰਨਾ ਜ਼ਰੂਰੀ ਹੈ;
ਮੇਰੇ ਪਿਆਰੇ ਦੋਸਤ
ਢਲ ਚੱਲੇ ਨੇ ਪਰਛਾਵੇਂ
ਉਮਰਾਂ ਦੇ
ਦੋ ਗੱਲਾਂ ਤਾਂ ਹੋ ਹੀ ਸਕਦੀਆਂ
ਸਦੀਵੀ ਨੀਂਦ ਆਉਣ ’ਤੋਂ ਪਹਿਲਾਂ
ਮੇਰੇ ਲਈ ਤੂੰ ਇੱਕ
ਹਰਾ ਕਚੂਰ ਰੁੱਖ ਰਿਹਾਂ
ਗੂੜ੍ਹੀਆਂ ਛਾਵਾਂ ਵਾਲਾ
ਲੇਖਕ ਸਭਾ ਦੇ ਪ੍ਰਧਾਨ ਜਸਵੀਰ ਸਿਹੋਤਾ ਨੇ ਆਪਣੀ ਇੱਕ ਨਜ਼ਮ ਨਾਲ ਹਾਜ਼ਰੀ ਲਗਵਾਈ;
ਪੁੱਛ ਲੈਨਾਂ ਦੱਸ ਦੇਨਾ
ਬੀਤੀ ਹੋਈ ਰਤੀ ਰਤੀ ਓਸਨੂੰ
ਮੈਂ ਕਰ ਲੈਂਨਾ ਫੋਨ
ਕਦੀ ਕਦੀ ਓਸ ਨੂੰ
ਸੁਖਮੰਦਰ ਤੂਰ ਨੇ ਡਾ. ਪਾਤਰ ਦੀ ਬਹੁਤ ਮਿਆਰੀ ਗ਼ਜ਼ਲ ਗਾ ਕੇ ਰੰਗ ਬੰਨ੍ਹਿਆ;
ਕਿਸੇ ਖ਼ਾਬ ਜਾਂ ਖ਼ਿਆਲੋ, ਕਿਸੇ ਸ਼ਖ਼ਸ਼ ਦੇ ਜਮਾਲੋ
ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਊਣਾ
ਡਾ. ਪਾਤਰ ਦੀ ਇਹ ਰਚਨਾ ਕਵੀਆਂ ਨੂੰ ਬਹੁਤ ਪਿਆਰਾ ਤੇ ਡੂੰਘਾ ਸੰਦੇਸ਼ ਹੈ। ਇਸ ਸੰਦੇਸ਼ ਨੂੰ ਹਾਜ਼ਰ ਕਵੀਆਂ ਤੱਕ ਸੁਖਮੰਦਰ ਤੂਰ ਨੇ ਆਪਣੀ ਸੁਰੀਲੀ ਗਾਈਕੀ ਰਾਹੀਂ ਬਹੁਤ ਹੀ ਖ਼ੂਬਸੂਰਤ ਆਵਾਜ਼ ਵਿੱਚ ਪੁੱਜਦਾ ਕੀਤਾ। ਇਸ ਤੋਂ ਇਲਾਵਾ ਕੈਪਟਨ ਵਿਜੇ ਸ਼ਰਮਾ ਤੇ ਦਿਲਾਵਰ ਸਿੰਘ ਸਮਰਾ ਨੇ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ।
ਅੰਤ ਵਿੱਚ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੀਆਂ ਸਾਰੀਆਂ ਕਵਿਤਾਵਾਂ ਏਨੀਆਂ ਪਿਆਰੀਆਂ ਤੇ ਮਿਆਰੀ ਸਨ ਕਿ ਮੇਰੇ ਕੋਲ ਕੁਝ ਬੋਲਣ ਲਈ ਨਹੀਂ ਬਚਿਆ। ਮੈਨੂੰ ਮੇਰੀ ਕਵਿਤਾ ਅੱਜ ਫਿੱਕੀ ਫਿੱਕੀ ਜਿਹੀ ਪ੍ਰਤੀਤ ਹੁੰਦੀ ਹੈ। ਸੁਰਿੰਦਰ ਗੀਤ ਨੇ ਦੋ ਛੋਟੀਆਂ ਨਜ਼ਮਾਂ ਤੋਂ ਇਲਾਵਾ ਇੱਕ ਗ਼ਜ਼ਲ ਤਰੰਨੁਮ ਵਿੱਚ ਪੇਸ਼ ਕੀਤੀ;
ਚਿੱਤ ਕਰੇ ਜੇ ਖ਼ਤ ਲਿਖਣੇ ਨੂੰ, ਚੜ੍ਹਦੇ ਸੂਰਜ ਨਾਮ ਲਿਖੀਂ
ਕਿਰਨਾਂ ਦੇ ਝੁਰਮਟ ਨੂੰ ਸੱਜਣਾ, ਮੇਰਾ ਵੀ ਪੈਗ਼ਾਮ ਲਿਖੀਂ।
ਮੰਚ ਸੰਚਾਲਨ ਦਾ ਕੰਮ ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਸਮੇਂ ਸਮੇਂ ਸਿਰ ਉਸ ਦੀਆਂ ਟਿੱਪਣੀਆਂ ਅਤੇ ਕਾਵਿ-ਟੋਟਕਿਆਂ ਨੇ ਪ੍ਰੋਗਰਾਮ ਨੂੰ ਹੋਰ ਵੀ ਰੌਚਿਕ ਅਤੇ ਪ੍ਰਭਾਵਸ਼ਾਲੀ ਬਣਾ ਦਿੱਤਾ।
ਖ਼ਬਰ ਸਰੋਤ: ਪੰਜਾਬੀ ਸਾਹਿਤ ਸਭਾ ਕੈਲਗਰੀ

Advertisement

Advertisement
Author Image

joginder kumar

View all posts

Advertisement