For the best experience, open
https://m.punjabitribuneonline.com
on your mobile browser.
Advertisement

ਮਨ ਨੂੰ ਵਲੂੰਧਰਦੇ ਸਵਾਲ

10:28 AM Mar 16, 2024 IST
ਮਨ ਨੂੰ ਵਲੂੰਧਰਦੇ ਸਵਾਲ
Advertisement

ਦਰਸ਼ਨ ਸਿੰਘ

Advertisement

ਬੜੇ ਹੀ ਸਿੱਧੇ ਤੇ ਸੌਖੇ ਜਿਹੇ ਸਵਾਲ ਨਿਆਣੀ ਉਮਰੇ ਮੇਰੇ ਕੰਨੀਂ ਪੈਂਦੇ ਸਨ। ਕੋਈ ਪੁੱਛਦਾ, ‘‘ਤੇਰਾ ਨਾਂ ਕੀ ਹੈ? ਕੀਹਦਾ ਮੁੰਡਾ ਤੂੰ?’’ ਸਵਾਲ ਕੋਈ ਇਹ ਵੀ ਕਰਦਾ, ‘‘ਕਿਹੜੇ ਸਕੂਲ ਪੜ੍ਹਦਾ ਏਂ? ਜਮਾਤ ਕਿਹੜੀ ਹੈ?’’ ਹਿਸਾਬ ਦੇ ਸਵਾਲਾਂ ਦੀ ਤਰ੍ਹਾਂ ਇਨ੍ਹਾਂ ਦੇ ਜਵਾਬ ਲੱਭਣ ਲਈ ਨਾ ਗੁਣਾ-ਤਕਸੀਮ ਦੀ ਲੋੜ ਸੀ, ਨਾ ਜੋੜ-ਘਟਾਓ ਦੀ। ਉਮਰ ਨਾਲ ਜਿਉਂ ਜਿਉਂ ਸੋਝੀ ਵੱਡੀ ਹੋਈ, ਕਈ ਸਵਾਲ ਚੁਣੌਤੀਆਂ ਬਣਨ ਲੱਗੇ। ਸਵਾਲਾਂ ਦਾ ਵਧਦਾ ਦਾਇਰਾ ਸੋਚਾਂ ਨੂੰ ਵਲੇਵੇਂ ਪਾਉਣ ਲੱਗਾ। ਸਵਾਲ ਸੁਣਨਾ ਹੀ ਨਹੀਂ, ਕਰਨਾ ਵੀ ਸਿੱਖ ਲਿਆ ਸੀ।
ਕਿਤਾਬੀ ਸਵਾਲਾਂ ਦੇ ਜਵਾਬ ਦਿੰਦਿਆਂ ਬਚਪਨ ਦਾ ਇੱਕ ਖ਼ੂਬਸੂਰਤ ਹਿੱਸਾ ਲੰਘ ਗਿਆ। ਸਵਾਲ ਹੁਣ ਜ਼ਿੰਦਗੀ ਨਾਲ ਜੁੜਨ ਲੱਗੇ ਸਨ। ਸਮੇਂ ਨਾਲ ਹਰ ਚੀਜ਼ ਬਦਲਦੀ ਹੈ। ਸਵਾਲ ਵੀ ਬਦਲੇ, ਸਬਰ, ਸੁਭਾਅ ਤੇ ਸੋਚਾਂ ਵੀ। ਬਹੁਤ ਕੁਝ ਬਦਲਿਆ ਹੋਇਆ ਦੇਖਦਿਆਂ ਹੰਢਾਏ ਪੁਰਾਣੇ ਵੇਲਿਆਂ ਦੀਆਂ ਯਾਦਾਂ ਅੱਖਾਂ ਸਾਹਮਣੇ ਆਉਂਦੀਆਂ ਹਨ। ਯਾਦ ਆਉਂਦੈ, ਵਰ੍ਹਿਆਂ ਪਹਿਲੋਂ ਮੇਰੇ ਵੱਡੇ ਭਰਾ ਦੇ ਇੱਕ ਦਿਨ ਸੱਟ ਲੱਗ ਗਈ। ਲਹੂ ਵਗਦਾ ਦੇਖਦਿਆਂ ਰੋਣਹਾਕਾ ਮੈਂ ਵੀ ਹੋ ਗਿਆ। ‘‘ਲੈ, ਰੋਣ ਵਾਲੀ ਕਿਹੜੀ ਗੱਲ ਆ। ਕੱਲ੍ਹ ਪਰਸੋਂ ਨੂੰ ਗਿੱਟਾ ਠੀਕ ਹੋਜੂ। ਦੋਵੇਂ ਫਿਰ ਤੋਂ ਖੇਡਾਂਗੇ।’’ ਉਸ ਨੇ ਕਿਹਾ। ਮੇਰੇ ਮੋਢੇ ਉਸ ਨੇ ਹੱਥ ਰੱਖਿਆ ਤੇ ਮੈਂ ਉਸ ਦੇ ਠੀਕ ਹੋਣ ਤੱਕ ਆਪਣੀਆਂ ਬਾਹਾਂ-ਮੋਢਿਆਂ ਦਾ ਸਹਾਰਾ ਉਸ ਨੂੰ ਤੁਰਨ ਲਈ ਦਿੰਦਾ ਰਿਹਾ। ਉਦੋਂ ਦੁਖ-ਸੁਖ ਦੀ ਸਾਂਝ ਹਰ ਪਾਸੇ ਸੀ। ਉਮਰਾਂ ਦੇ ਪੈਂਡੇ ਤੈਅ ਕਰਦਿਆਂ ਇਹ ਸੁੱਚੇ ਮੋਹ ਦੇ ਰੰਗ ਘਰ ਘਰ ਫਿੱਕੇ ਪੈਂਦੇ ਦੇਖੇ। ਮਿਲਣਾ ਚੇਤਿਓਂ ਲਹਿ ਗਿਆ। ਵਕਤ ਬਦਲਿਆ ਜਾਂ ਅਸੀਂ ਆਪ? ਸੋਚਦਿਆਂ ਨਵੇਂ ਨਵੇਂ ਸਵਾਲਾਂ ਦੀਆਂ ਤੰਦਾਂ ਹੋਰ ਵੀ ਉਲਝਣ ਲੱਗਦੀਆਂ। ਨਾ ਸਾਂਝਾਂ ਰਹੀਆਂ, ਨਾ ਅਹਿਸਾਸ। ਸੋਹਣੇ ਰਿਸ਼ਤਿਆਂ ਦੀ ਇਹ ਕੋਈ ਨਵੀਂ ਕਹਾਣੀ ਸੀ? ਸੋਚਾਂ ’ਚ ਇਹ ਸਵਾਲ ਲਟਕਦਾ ਰਹਿੰਦਾ।
‘‘ਛੁੱਟੀਆਂ ਕਦੋਂ ਖ਼ਤਮ ਹੋਣਗੀਆਂ?’’ ਇੱਕ ਦਿਨ ਮੈਨੂੰ ਮਾਂ ਨੇ ਪੁੱਛਿਆ। ‘‘ਦਸ ਕੁ ਅਜੇ ਬਾਕੀ ਹਨ।’’ ਮੈਂ ਕਿਹਾ। ਉਂਝ ਗੱਲ ਇਹ ਸੀ ਕਿ ਮੇਰਾ ਛੋਟਾ ਭਰਾ ਗਰਮੀ ਦੀਆਂ ਛੁੱਟੀਆਂ ਵਿੱਚ ਭੂਆ ਕੋਲ ਗਿਆ ਹੋਇਆ ਸੀ। ਮਾਂ ਦਾ ਉਸ ਬਿਨਾਂ ਜੀਅ ਨਾ ਲੱਗੇ। ਕਦੇ ਇੱਧਰ ਜਾਵੇ, ਕਦੇ ਉੱਧਰ। ਡੂੰਘੀ ਚੁੱਪ ’ਚ ਡੁੱਬੀ ਉਹ ਕੰਮ ਕਰਦੀ ਰਹਿੰਦੀ। ਕੱਪੜੇ ਧੋਂਦੀ, ਸੁੱਕਣੇ ਪਾਉਂਦੀ, ਚੁੱਲ੍ਹਾ-ਚੌਂਕਾ ਸਾਂਭਦੀ। ਛੁੱਟੀਆਂ ਮੁੱਕਣ ਪਿੱਛੋਂ ਜਦ ਉਹ ਘਰ ਮੁੜਿਆ ਤਾਂ ਮਾਂ ਦੀਆਂ ਅੱਖਾਂ ’ਚੋਂ ਹੰਝੂ ਟਪਕਣੋਂ ਹੀ ਨਾ ਰੁਕਣ। ਚਿੱਠੀਆਂ ਦਾ ਜ਼ਮਾਨਾ ਸੀ। ਪੜ੍ਹ ਲਿਖ ਕੇ ਮੈਂ ਸ਼ਹਿਰ ਨੌਕਰੀ ਕਰਨ ਲੱਗਾ। ਪਾਪਾ ਜੀ ਦੀ ਚਿੱਠੀ ਆਉਂਦੀ, ‘‘ਕਦ ਆਵੇਂਗਾ? ਤੇਰੀ ਮਾਂ ਬੜੀ ਓਦਰੀ ਪਈ ਆ। ਇੱਕ-ਦੋ ਛੁੱਟੀਆਂ ਵਾਧੂ ਲੈ ਆਈਂ। ਰੱਜ ਕੇ ਮਨ ਦੀਆਂ ਗੱਲਾਂ ਕਰਾਂਗੇ...।’’ ਭਾਵ ਤੇ ਭਾਵਨਾਵਾਂ ਇਨ੍ਹਾਂ ਚਿੱਠੀਆਂ ’ਚ ਗੁੰਦੀਆਂ ਹੁੰਦੀਆਂ ਸਨ। ਚਿੱਠੀ ਆਉਣ ਦਾ ਚਾਅ ਮੈਨੂੰ ਕਮਲਾ ਜਿਹਾ ਕਰ ਦਿੰਦਾ। ਮੈਂ ਪੰਜ-ਪੰਜ ਵਾਰ ਵੀ ਕਈ ਚਿੱਠੀਆਂ ਪੜ੍ਹੀਆਂ। ਜ਼ਿੰਦਗੀ ਦੀ ਖ਼ੂਬਸੂਰਤੀ ਇਹ ਚਿੱਠੀਆਂ ਤੇ ਉਡੀਕਾਂ ਹੀ ਸਨ। ਮੋਹ, ਅਪਣੱਤ, ਸਾਂਝਾਂ...। ਸਾਡੇ ਵੇਲਿਆਂ ਨੇ ਇਹ ਸਭ ਦੇਖਿਆ ਹੈ। ਹਵਾ ਦਾ ਰੁਖ਼ ਹੁਣ ਬਦਲ ਗਿਆ ਹੈ। ਰਿਸ਼ਤੇ ਹੁਣ ਚੁੱਪ ਹਨ। ਚਿੱਠੀਆਂ ਦੇ ਬੋਲ ਬੰਦ ਹੋ ਕੇ ਰਹਿ ਗਏ ਹਨ।
ਵਰ੍ਹਿਆਂ-ਬੱਧੀ ਬਿਗਾਨੀਆਂ ਛੱਤਾਂ ਹੇਠ ਰਹਿਣ ਪਿੱਛੋਂ ਮੇਰੇ ਇੱਕ ਨਜ਼ਦੀਕੀ ਨੇ ਬੜੇ ਚਾਅ ਨਾਲ ਨਵੇਂ ਘਰ ਦੀ ਉਸਾਰੀ ਕੀਤੀ। ਖੁੱਲ੍ਹੇ-ਡੁੱਲ੍ਹੇ ਘਰ ’ਚ ਰਹਿਣ-ਸਹਿਣ ਦੀ ਹਰ ਸਹੂਲਤ ਸੀ। ਆਪੋ-ਆਪਣੇ ਕਮਰੇ ਸਨ। ਇੱਕ ਦੂਜੇ ਕੋਲ ਬਹਿਣਾ ਵੀ ਹੌਲੀ ਹੌਲੀ ਜਿਵੇਂ ਘਰ ਦੇ ਜੀਆਂ ਨੂੰ ਭੁੱਲ ਗਿਆ ਹੋਵੇ। ਮੋਬਾਈਲ ਦੀ ਟਿੱਕ-ਟਿੱਕ ’ਚ ਗੁਆਚੀਆਂ ਤੇ ਸਕਰੀਨ ਨਾਲ ਚਿਪਕੀਆਂ ਇਨ੍ਹਾਂ ਦੀਆਂ ਉਂਗਲਾਂ ਫੇਸ-ਬੁੱਕ ਉੱਤੇ ਨਵੇਂ ਰਿਸ਼ਤੇ ਭਾਲਦੀਆਂ ਤੇ ਬਣਾਉਂਦੀਆਂ। ਮੇਰੇ ਨਾਲ ਕਦੇ ਕਦੇ ਉਹ ਘਰ ਵਿੱਚ ਉਸਰੀਆਂ ਉੱਚੀਆਂ ਅਣਦਿਸਦੀਆਂ ਕੰਧਾਂ ਦੀ ਗੱਲ ਕਰਦਾ। ‘‘ਇਸ ਨਾਲੋਂ ਤਾਂ ਇੱਕ ਕਮਰੇ ਵਾਲਾ ਮਕਾਨ ਹੀ ਚੰਗਾ ਸੀ...ਰਲ਼ ਮਿਲ ਕੇ ਇਕੱਠੇ ਬੈਠਦੇ ਤਾਂ ਸੀ। ਹੁਣ ਲੱਗਦੈ ਜਿਵੇਂ ਘਰ ਵਿੱਚ ਰਹਿੰਦਿਆਂ ਵੀ ਮਿਲਿਆਂ ਨੂੰ ਚਿਰ ਹੋ ਗਿਆ ਹੋਵੇ।’’ ਨਵੇਂ ਜ਼ਮਾਨੇ ਦੇ ਅਸਹਿ ਦਰਦ ਉਸ ਦੇ ਬੋਲਾਂ ’ਚ ਸਨ।
‘‘ਬੁਢਾਪਾ ਡਾਰੋਂ ਵਿੱਛੜੀ ਕੂੰਜ ਦੇ ਦਰਦ ਜਿਹਾ ਹੋ ਗਿਆ ਹੈੈ...ਇਹ ਦਿਨ ਸਾਡੇ ’ਤੇ ਵੀ ਆਏ ਸਮਝੋ ...। ਮੈਨੂੰ ਡਾਰ ’ਚ ਰਲਾਉਣ ਵਾਲਾ ਕੋਈ ਦਿਸਦਾ ਨ੍ਹੀਂ।’’ ਉਸ ਨੇ ਕਿਹਾ। ਸੁਣ ਕੇ ਮੈਂ ਠਠੰਬਰ ਗਿਆ। ਜਾਣ ਲੱਗਾ ਤਾਂ ਮੈਂ ਉਸ ਨੂੰ ਰੋਕ ਲਿਆ। ‘‘ਯਾਰ! ਸਾਰੀਆਂ ਉਂਗਲਾਂ ਕਦੀ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸਰਵਣ ਪੁੱਤ ਵੀ ਜਿਉਂਦੇ ਆ ਅਜੇ।’’ ਮੈਂ ਕਿਹਾ।
‘‘ਚੰਗੀ ਗੱਲ ਹੈ ਪਰ ਪਹਿਲਾਂ ਵਾਲੀਆਂ ਗੱਲਾਂ ਵੀ ਹੁਣ ਨਹੀਂ ਰਹੀਆਂ। ਤੂੰ ਵੀ ਭਰਾਵਾਂ ਤੇ ਮਾਪਿਆਂ ਦੇ ਡੁੱਲ੍ਹ-ਡੁੱਲ੍ਹ ਪੈਂਦੇ ਪਿਆਰ ਵਾਲਾ ਆਪਣਾ ਬਚਪਨ ਦੇਖਿਆ, ਮੈਂ ਵੀ। ਤੂੰ ਵੀ ਮਾਪੇ ਸੰਭਾਲੇ, ਮੈਂ ਵੀ। ਜਿੱਥੋਂ ਤੁਰੇ ਹੋਈਏ, ਉਹ ਰਾਹ ਨਹੀਂ ਭੁੱਲੀ ਦੇ। ਨਵੀਂ ਪੀੜ੍ਹੀ ਤੇ ਪਨੀਰੀ ਤਾਂ...।’’ ਆਖਦਾ ਉਹ ਚੁੱਪ ਕਰ ਗਿਆ। ਉਸ ਦੇ ਵਾਲਾਂ ਦੀ ਸਫ਼ੈਦੀ ’ਚੋਂ ਝਲਕਦਾ ਉਸ ਦੇ ਮਨ ਦਾ ਕੋਈ ਡਰ ਮੇਰੇ ਸਾਹਮਣੇ ਸੀ। ਸੀਨੇ ਵਿੱਚ ਦਰਦ ਦਬਾਈਂ ਉਹ ਘਰ ਮੁੜ ਗਿਆ। ਮੇਰੇ ਅੰਦਰ ਸੋਚਣ ਲਈ ਕਈ ਸਵਾਲ ਛੱਡ ਗਿਆ। ਸੋਚਦਾ ਸਾਂ, ਇੱਕ ਅਜਿਹਾ ਵਕਤ ਵੀ ਹੁੰਦਾ ਹੈ ਜਦੋਂ ਆਪਣਾ ਸਾਰਾ ਸਮਾਂ ਆਪਣੇ ਬੱਚਿਆਂ ਨੂੰ ਦੇਣ ਵਾਲੇ ਮਾਪੇ ਉਨ੍ਹਾਂ ਨਾਲ ਦੋ ਚਾਰ ਗੱਲਾਂ ਕਰਨ ਤੇ ਕੋਲ ਬਹਿਣ ਲਈ ਦੋਵੇਂ ਹੱਥ ਜੋੜ ਕੇ ਉਨ੍ਹਾਂ ਕੋਲੋਂ ਸਮਾਂ ਮੰਗਦੇ ਹਨ। ਉਨ੍ਹਾਂ ਨੂੰ ਹਾਸੇ ਦੇਣ ਜੋਗੇ ਦੋ ਪਲ ਵੀ ਸਾਡੇ ਕੋਲ ਨਹੀਂ ਹਨ? ਉਨ੍ਹਾਂ ਦੀ ਇਸ ਪੀੜ ਦਾ ਅਹਿਸਾਸ ਅਸੀਂ ਕਦੋਂ ਕਰਨਾ ਹੈ? ਇਹ ਸਵਾਲ ਮੇਰੇ ਅੰਦਰ ਉਦੋਂ ਵੀ ਸੀ, ਹੁਣ ਵੀ ਹੈ। ਕਿਤਾਬੀ ਵਰਕਿਆਂ ਦੇ ਸਵਾਲਾਂ ਜਿਹਾ ਇਹ ਸਵਾਲ ਨਹੀਂ ਹੈ ਜਿਸ ਦਾ ਜਵਾਬ ਪੜ੍ਹ ਕੇ ਦਿੱਤਾ ਜਾ ਸਕਦਾ ਹੋਵੇ। ਕੁਝ ਸਵਾਲ ਆਪਣੇ ਆਪ ਨੂੰ ਕਰਨ ਵਾਲੇ ਹੁੰਦੇ ਹਨ ਅਤੇ ਜਵਾਬ ਵੀ ਸਾਨੂੰ ਆਪਣੇ ਅੰਦਰੋਂ ਲੱਭਣੇ ਪੈਂਦੇ ਹਨ।
ਸੰਪਰਕ: 94667-37933

Advertisement
Author Image

joginder kumar

View all posts

Advertisement
Advertisement
×