ਮੋਦੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਲੱਖਾਂ ਵਿਦਿਆਰਥੀਆਂ ਦਾ ਨੁਕਸਾਨ ਹੋਇਆ: ਰਾਹੁਲ
ਨਵੀਂ ਦਿੱਲੀ, 9 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਨੀਟ-ਯੂਜੀ ਮੈਡੀਕਲ ਦਾਖਲਾ ਪ੍ਰੀਖਿਆ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਵਜੋਂ ਨਾਮਜ਼ਦ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਨਵੇਂ ਕਾਰਜਕਾਲ ਲਈ ਮੋਦੀ ਦੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਕਾਰਨ 24 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਨੁਕਸਾਨ ਹੋਇਆ ਹੈ। ਗਾਂਧੀ ਨੇ ਦੇਸ਼ ਦੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਉਹ ਸੰਸਦ ’ਚ ਉਨ੍ਹਾਂ ਦੀ ਆਵਾਜ਼ ਬਣਨਗੇ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਉਣਗੇ। ਨੀਟ-ਯੂਜੀ ’ਚ ਅੰਕ ਵਧਾਏ ਜਾਣ ਦੇ ਦੋਸ਼ਾਂ ਵਿਚਾਲੇ ਐੱਨਟੀਏ ਨੇ ਬੀਤੇ ਦਿਨ ਕਿਹਾ ਸੀ ਕਿ ਸਿੱਖਿਆ ਮੰਤਰਾਲੇ ਨੇ ਗਰੇਸ ਅੰਕ ਹਾਸਲ ਕਰਨ ਵਾਲੇ 1500 ਤੋਂ ਵੱਧ ਪ੍ਰੀਖਿਆਰਥੀਆਂ ਦੇ ਨਤੀਜਿਆਂ ਦੀ ਸਮੀਖਿਆ ਲਈ ਚਾਰ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਰਾਹੁਲ ਗਾਂਧੀ ਨੇ ਐਕਸ ’ਤੇ ਲਿਖਿਆ, ‘ਨਰਿੰਦਰ ਮੋਦੀ ਨੇ ਅਜੇ ਸਹੁੰ ਵੀ ਨਹੀਂ ਚੁੱਕੀ ਹੈ ਅਤੇ ਨੀਟ ਪ੍ਰੀਖਿਆ ’ਚ ਹੋਈ ਧਾਂਦਲੀ ਨੇ 24 ਲੱਖ ਤੋਂ ਵੱਧ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋੜ ਦਿੱਤਾ ਹੈ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ , ‘ਇੱਕ ਹੀ ਪ੍ਰੀਖਿਆ ਕੇਂਦਰ ਤੋਂ ਛੇ ਵਿਦਿਆਰਥੀਆਂ ਦੇ ਵੱਧ ਤੋਂ ਵੱਧ ਅੰਕ ਹਾਸਲ ਕਰਕੇ ਸਿਖਰ ’ਤੇ ਰਹਿਣਾ, ਜਦੋਂ ਕਿ ਜ਼ਿਆਦਾਤਰ ਦੇ ਅਜਿਹੇ ਅੰਕ ਆਉਣਾ, ਤਕਨੀਕੀ ਤੌਰ ’ਤੇ ਸੰਭਵ ਨਹੀਂ ਹੈ। ਪਰ ਸਰਕਾਰ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਲਗਾਤਾਰ ਨਕਾਰ ਰਹੀ ਹੈ।’ ਉਨ੍ਹਾਂ ਕਿਹਾ, ‘ਅੱਜ ਮੈਂ ਦੇਸ਼ ਦੇ ਸਾਰੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਸੰਸਦ ’ਚ ਤੁਹਾਡੀ ਆਵਾਜ਼ ਬਣ ਕੇ ਤੁਹਾਡੇ ਭਵਿੱਖ ਨਾਲ ਜੁੜੇ ਮੁੱਦੇ ਮਜ਼ਬੂਤੀ ਨਾਲ ਚੁੱਕਾਂਗਾ।’ -ਪੀਟੀਆਈ