ਨਿੱਜੀ ਪੱਤਰ ਪ੍ਰੇਰਕਲੁਧਿਆਣਾ, 25 ਦਸੰਬਰਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਸਦਰ ਦੀ ਪੁਲੀਸ ਨੂੰ ਬਲਜੀਤ ਕੌਰ ਪਤਨੀ ਰਣਬੀਰ ਸਿੰਘ ਮਾਂਗਟ ਵਾਸੀ ਗੁਰੂ ਨਾਨਕ ਕਲੋਨੀ ਨੇ ਦੱਸਿਆ ਕਿ ਗੁਆਂਢ ਵਿੱਚ ਰਹਿੰਦੇ ਪਤੀ-ਪਤਨੀ ਨੇ ਉਸਦੇ ਲੜਕੇ ਨਵਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 7 ਲੱਖ ਰੁਪਏ ਹਾਸਲ ਕਰ ਲਏ ਪਰ ਉਸਨੂੰ ਨਾ ਤਾਂ ਕੈਨੇਡਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਢੋਲੇਵਾਲ ਵਾਸੀ ਪਰਮਿੰਦਰ ਕੌਰ ਪੁੱਤਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਹਨੇਵਾਲ ਰਹਿੰਦੇ ਇੱਕ ਵਿਅਕਤੀ ਨੇ ਉਸਨੂੰ ਪੁਰਤਗਾਲ ਟੂਰਿਸਟ ਵੀਜ਼ਾ ’ਤੇ ਭੇਜਣ ਦਾ ਝਾਂਸਾ ਦੇ ਕੇ ਉਸ ਪਾਸੋਂ 2 ਲੱਖ 46 ਹਜ਼ਾਰ 450 ਰੁਪਏ ਹਾਸਲ ਕਰ ਲਏ ਪਰ ਨਾ ਤਾਂ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ।