ਕਰੋੜਪਤੀ ਆਗੂ ਖੇਤੀ ਸ਼ਹੀਦਾਂ ਲਈ ਨਹੀਂ ਕੱਢ ਰਹੇ ‘ਦਸਵੰਧ’
ਚਰਨਜੀਤ ਭੁੱਲਰ
ਚੰਡੀਗੜ੍ਹ, 22 ਫਰਵਰੀ
ਪੰਜਾਬ ਦੇ ਸਿਆਸੀ ਆਗੂ ਕਿਸਾਨਾਂ ਪ੍ਰਤੀ ਹੇਜ ਤਾਂ ਦਿਖਾ ਰਹੇ ਹਨ ਪਰ ਅਜਿਹਾ ਕੋਈ ਆਗੂ ਨਜ਼ਰ ਨਹੀਂ ਆਇਆ ਜਿਸ ਨੇ ‘ਖੇਤੀ ਸ਼ਹੀਦਾਂ’ ਦੇ ਪਰਿਵਾਰਾਂ ਵਾਸਤੇ ਦਸਵੰਧ ਕੱਢਿਆ ਹੋਵੇ। ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ’ਚ ਚੱਲੇ ਕਿਸਾਨ ਅੰਦੋਲਨ ਦੌਰਾਨ ਕਰੀਬ 750 ਕਿਸਾਨ ਸ਼ਹੀਦ ਹੋਏ ਸਨ ਜਿਨ੍ਹਾਂ ਨੂੰ ਸਰਕਾਰੀ ਮਦਦ ਤਾਂ ਮਿਲੀ ਪਰ ਕਿਸੇ ਸਿਆਸਤਾਨ ਨੇ ਨਿੱਜੀ ਤੌਰ ’ਤੇ ਕਿਸੇ ਪਰਿਵਾਰ ਦੀ ਬਾਂਹ ਨਹੀਂ ਫੜੀ। ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਹੁਣ ਤੱਕ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸ਼ਹੀਦ ਹੋਇਆ ਹੈ ਅਤੇ ਇਸੇ ਤਰ੍ਹਾਂ ਤਿੰਨ ਹੋਰ ਕਿਸਾਨਾਂ ਦੀ ਮੌਤ ਹੋਈ ਹੈ।
ਫੌਤ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਤੰਗੀ ਤੁਰਸ਼ੀ ਕਿਸੇ ਤੋਂ ਲੁਕੀ ਨਹੀਂ ਹੈ। ਸ਼ੁਭਕਰਨ ਸਿੰਘ ਦੀ ਮੌਤ ਮਗਰੋਂ ਸਿਆਸੀ ਧਿਰਾਂ ਦੀ ਟੇਕ ਸਰਕਾਰੀ ਖਜ਼ਾਨੇ ’ਤੇ ਹੈ ਅਤੇ ਇਹੋ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਰਕਾਰ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਵਿੱਤੀ ਮਦਦ ਕਰੇ। ਪੰਜਾਬ ਦੇ ਕਰੋੜਪਤੀ ਵਿਧਾਇਕਾਂ, ਵਜ਼ੀਰਾਂ ਅਤੇ ਸੰਸਦ ਮੈਂਬਰਾਂ ਦਾ ਅੰਕੜਾ ਵੱਡਾ ਹੈ ਪਰ ਇਨ੍ਹਾਂ ਸਿਆਸਤਦਾਨਾਂ ਦੇ ਦਿਲ ਛੋਟੇ ਜਾਪਦੇ ਹਨ। ਇਨ੍ਹਾਂ ਨੇਤਾਵਾਂ ਦੇ ਸ਼ੋਸ਼ਲ ਮੀਡੀਆ ਖਾਤਿਆਂ ’ਤੇ ਝਾਤ ਮਾਰਨ ’ਤੇ ਇਹ ਕਿਸਾਨਾਂ ਦੇ ਵੱਡੇ ਮੁਦਈ ਲੱਗਦੇ ਹਨ।
ਵੇਰਵਿਆਂ ਅਨੁਸਾਰ ਮੌਜੂਦਾ ਸਮੇਂ ਪੰਜਾਬ ਦੇ 117 ਵਿਧਾਇਕ ਹਨ ਜਿਨ੍ਹਾਂ ਵਿਚ ਕੈਬਨਿਟ ਮੰਤਰੀ ਵੀ ਸ਼ਾਮਿਲ ਹਨ। ਇਨ੍ਹਾਂ ਸਭਨਾਂ ਵਿਚੋਂ 87 ਵਿਧਾਇਕ (74 ਫੀਸਦੀ) ਕਰੋੜਪਤੀ ਹਨ। ਪੰਜ ਵਿਧਾਇਕ ਉਹ ਹਨ ਜਿਨ੍ਹਾਂ ਦੀ ਜਾਇਦਾਦ ਪ੍ਰਤੀ ਵਿਧਾਇਕ 50 ਕਰੋੜ ਤੋਂ ਜ਼ਿਆਦਾ ਹੈ ਅਤੇ ਇਨ੍ਹਾਂ ਵਿਚੋਂ ਕੋਈ ਵੀ ਖੇਤੀ ਸ਼ਹੀਦਾਂ ਦੇ ਪਰਿਵਾਰਾਂ ਲਈ ਦਸਵੰਧ ਕੱਢਣ ਲਈ ਅੱਗੇ ਨਹੀਂ ਆਇਆ। ਮੌਜੂਦਾ ਵਿਧਾਨ ਸਭਾ ਦੇ ਸਭ ਤੋਂ ਅਮੀਰ ‘ਆਪ’ ਵਿਧਾਇਕ ਕੁਲਵੰਤ ਸਿੰਘ ਹਨ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ 2022 ਸਮੇਂ ਆਪਣੀ 238 ਕਰੋੜ ਦੀ ਸੰਪਤੀ ਦਾ ਵੇਰਵਾ ਨਸ਼ਰ ਕੀਤਾ ਸੀ।
ਦੂਜੇ ਨੰਬਰ ’ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਹਨ ਜਿਨ੍ਹਾਂ ਦੀ ਸੰਪਤੀ 125 ਕਰੋੜ ਦੀ ਹੈ ਅਤੇ ਤੀਜੇ ਨੰਬਰ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਜਾਇਦਾਦ 95.12 ਕਰੋੜ ਦੀ ਹੈ। ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ 69.75 ਕਰੋੜ ਅਤੇ ਸੁਖਪਾਲ ਸਿੰਘ ਖਹਿਰਾ ਦੀ ਸੰਪਤੀ 50.32 ਕਰੋੜ ਦੀ ਹੈ। ਇਵੇਂ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸੰਪਤੀ 36.91 ਕਰੋੜ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸੰਪਤੀ 15.11 ਕਰੋੜ ਦੀ ਹੈ।
ਬੀਕੇਯੂ (ਸਿੱਧੂਪੁਰ) ਦੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਆਖਦੇ ਹਨ ਕਿ ਸਿਆਸੀ ਲੀਡਰ ਕਿਸਾਨਾਂ ਦੇ ਨਾਮ ’ਤੇ ਸਿਆਸੀ ਰੋਟੀਆਂ ਤਾਂ ਸੇਕਦੇ ਹਨ ਪਰ ਕਿਸੇ ਕਰੋੜਪਤੀ ਸਿਆਸਤਦਾਨ ਨੇ ਖੇਤੀ ਸ਼ਹੀਦਾਂ ਦੇ ਪਰਿਵਾਰਾਂ ਦੀ ਨਿੱਜੀ ਤੌਰ ’ਤੇ ਵਿੱਤੀ ਮਦਦ ਨਹੀਂ ਕੀਤੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਦੇ ਕਿਸਾਨਾਂ ਦੇ ਰਾਖੇ ਅਤੇ ਕਦੇ ਪਾਣੀਆਂ ਦੇ ਰਾਖੇ ਬਣ ਕੇ ਸਾਹਮਣੇ ਆਏ ਪਰ ਉਨ੍ਹਾਂ ਨੇ ਵੀ ਕਦੇ ਨਿੱਜੀ ਖਜ਼ਾਨੇ ਵਿਚੋਂ ਦਸਵੰਧ ਨਹੀਂ ਕੱਢਿਆ। ਹਾਲਾਂ ਕਿ ਉਨ੍ਹਾਂ ਕੋਲ 48 ਕਰੋੜ ਦੀ ਸੰਪਤੀ ਹੈ। ਮੌਜੂਦਾ ਲੋਕ ਸਭਾ ਮੈਂਬਰਾਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕੋਲ 217.99 ਕਰੋੜ ਦੀ ਸੰਪਤੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਸ਼ੁਭਕਰਨ ਸਿੰਘ ਦੇ ਪਰਿਵਾਰ ਦੀ ਵਿੱਤੀ ਮਦਦ ਕਰੇ ਅਤੇ ਜੇ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਹ ਸ਼੍ਰੋਮਣੀ ਕਮੇਟੀ ਨੂੰ ਮਦਦ ਦੀ ਅਪੀਲ ਕਰਨਗੇ। ਬਾਦਲ ਨੇ ਨਿੱਜੀ ਹੈਸੀਅਤ ਵਿਚ ਸਹਾਇਤਾ ਦਾ ਕੋਈ ਐਲਾਨ ਨਹੀਂ ਕੀਤਾ।
ਰਾਜ ਸਭਾ ਮੈਂਬਰ ਕਰੋੜਾਂ ਦੇ ਮਾਲਕ
‘ਆਪ’ ਨਾਲ ਸਬੰਧਿਤ ਰਾਜ ਸਭਾ ਮੈਂਬਰਾਂ ’ਤੇ ਨਜ਼ਰ ਮਾਰੀਏ ਤਾਂ ਵਿਕਰਮਜੀਤ ਸਿੰਘ ਸਾਹਨੀ ਕੋਲ 498.45 ਕਰੋੜ ਦੀ ਸੰਪਤੀ ਹੈ ਜਦੋਂ ਕਿ ਸੰਜੀਵ ਅਰੋੜਾ ਕੋਲ 460.28 ਕਰੋੜ ਦੀ ਜਾਇਦਾਦ ਹੈ। ਇਸੇ ਤਰ੍ਹਾਂ ਐੱਮ.ਪੀ ਅਸ਼ੋਕ ਮਿੱਤਲ ਕੋਲ 91.34 ਕਰੋੜ ਦੀ ਸੰਪਤੀ ਦੀ ਮਾਲਕੀ ਹੈ। ਹਰਭਜਨ ਸਿੰਘ ਕੋਲ 81.80 ਕਰੋੜ, ਸੰਦੀਪ ਪਾਠਕ ਕੋਲ 4.30 ਕਰੋੜ, ਰਾਘਵ ਚੱਢਾ ਕੋਲ 36.99 ਲੱਖ ਅਤੇ ਸੰਤ ਬਲਵੀਰ ਸਿੰਘ ਕੋਲ ਸਭ ਤੋਂ ਘੱਟ 4.30 ਲੱਖ ਦੀ ਸੰਪਤੀ ਹੈ। ਹਾਲੇ ਤੱਕ ਕੋਈ ਰਾਜ ਸਭਾ ਮੈਂਬਰ ਖੇਤੀ ਸ਼ਹੀਦਾਂ ਦੀ ਮਦਦ ਲਈ ਅੱਗੇ ਨਹੀਂ ਆਇਆ।