Milkipur bypoll: ਦੁਪਹਿਰ 1 ਵਜੇ ਤੱਕ 44 ਫੀਸਦ ਤੋਂ ਵੱਧ ਪੋਲਿੰਗ
ਅਯੁੱਧਿਆ(ਯੂਪੀ), 5 ਫਰਵਰੀ
ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਵਿਚ ਬਾਅਦ ਦੁਪਹਿਰ 1 ਵਜੇ ਤੱਕ 44 ਫੀਸਦ ਤੋਂ ਵਧ ਪੋਲਿੰਗ ਦਰਜ ਕੀਤੀ ਗਈ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ।
ਚੋਣ ਕਮਿਸ਼ਨ ਮੁਤਾਬਕ ਦੁਪਹਿਰ ਇਕ ਵਜੇ ਤੱਕ 44.59 ਫੀਸਦ ਵੋਟਿੰਗ ਹੋਈ ਹੈ। ਮਿਲਕੀਪੁਰ ਦੀ ਜ਼ਿਮਨੀ ਚੋਣ ਸਮਾਜਵਾਦੀ ਪਾਰਟੀ ਤੇ ਭਾਜਪਾ ਦਰਮਿਆਨ ਵਕਾਰ ਦੀ ਲੜਾਈ ਹੈ। ਸਮਾਜਵਾਦੀ ਪਾਰਟੀ ਆਗੂਆਂ ਨੇ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਵੋਟਰਾਂ ਵਿਚ ਡਰ ਪੈਦਾ ਕਰਨ ਲਈ ਉਨ੍ਹਾਂ ਦੇ ਸ਼ਨਾਖਤੀ ਕਾਰਡ ਤੱਕ ਚੈਕ ਕੀਤੇ ਜਾ ਰਹੇ ਹਨ।
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਚੋਣ ਕਮਿਸ਼ਨ ਨੂੰ ਇਸ ਖ਼ਬਰ ਨਾਲ ਸਬੰਧਤ ਤਸਵੀਰਾਂ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ ਕਿ ਅਯੁੱਧਿਆ ਪੁਲੀਸ - ਜਿਸ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਵੀ ਸ਼ਾਮਲ ਹਨ - ਮਿਲਕੀਪੁਰ ਵਿੱਚ ਵੋਟਰਾਂ ਦੇ ਪਛਾਣ ਪੱਤਰਾਂ ਦੀ ਜਾਂਚ ਕਰ ਰਹੀ ਹੈ।’’ ਯਾਦਵ ਨੇ ਆਪਣੀ ਪੋਸਟ ਨਾਲ ਇੱਕ ਤਸਵੀਰ ਨੱਥੀ ਕਰਦਿਆਂ ਕਿਹਾ, ‘‘ਇਹ ਵੋਟਰਾਂ ਵਿੱਚ ਡਰ ਪੈਦਾ ਕਰਕੇ ਵੋਟਿੰਗ ਨੂੰ ਅਸਿੱਧੇ ਤੌਰ ’ਤੇ ਪ੍ਰਭਾਵਿਤ ਕਰਕੇ ਜਮਹੂਰੀਅਤ ਦਾ ਕਤਲ ਹੈ। ਅਜਿਹੇ ਲੋਕਾਂ ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਖਿਲਾਫ਼ ਸਜ਼ਾਯੋਗ ਕਾਰਵਾਈ ਕਰਨੀ ਬਣਦੀ ਹੈ।’’
ਉਧਰ ਅਯੁੱਧਿਆ ਦੇ ਐੱਸਐੱਸਪੀ ਰਾਜ ਕਰਣ ਨਾਇਰ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਜ਼ਿਮਨੀ ਚੋਣ ਲਈ 255 ਪੋਲਿੰਗ ਸੈਂਟਰ ਤੇ 414 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਬਹੁਜਨ ਸਮਾਜ ਪਾਰਟੀ ਜ਼ਿਮਨੀ ਚੋਣ ਨਹੀਂ ਲੜ ਰਹੀ ਜਦੋਂਕਿ ਕਾਂਗਰਸ ਵੱਲੋਂ ਆਪਣੇ ਗੱਠਜੋੜ ਭਾਈਵਾਲ ‘ਸਪਾ’ ਉਮੀਦਵਾਰ ਦੀ ਹਮਾਇਤ ਕੀਤੀ ਜਾ ਰਹੀ ਹੈ। ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਵੀ ਸੀਟ ਤੋਂ ਉਮੀਦਵਾਰ ਮੈਦਾਨ ਵਿਚ ਉਤਾਰਿਆ ਹੈ। ਸਪਾ ਆਗੂ ਅਵਧੇਸ਼ ਪ੍ਰਸਾਦ ਦੇ 2024 ਵਿਚ ਫੈਜ਼ਾਬਾਦ ਲੋਕ ਸਭਾ ਹਲਕੇ ਤੋਂ ਜਿੱਤਣ ਮਗਰੋਂ ਉਨ੍ਹਾਂ ਇਹ ਸੀਟ ਖਾਲੀ ਕਰ ਦਿੱਤੀ ਸੀ। -ਪੀਟੀਆਈ