ਮਿਲਕਫੈੱਡ ਨੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਮੰਨੀਆਂ
ਪੱਤਰ ਪ੍ਰੇਰਕ
ਮੋਰਿੰਡਾ, 7 ਫਰਵਰੀ
ਮਿਲਕ ਵੇਰਕਾ ਮਿਲਕ ਪਲਾਂਟ ਮੁਹਾਲੀ ਨਾਲ ਜੁੜੇ ਦੁੱਧ ਉਤਪਾਦਕਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਮਿਲਕਫੈਡ ਵੱਲੋਂ ਦੁੱਧ ਦੇ ਘਟਾਏ ਭਾਅ 11 ਫਰਵਰੀ 2024 ਤੋਂ ਮੁੜ ਬਹਾਲ ਕਰ ਦਿੱਤੇ ਜਾਣਗੇ। ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ ਨੇ ਦੱਸਿਆ ਕਿ ਇਹ ਫ਼ੈਸਲਾ ਮਿਲਕ ਪਲਾਂਟ ਮੁਹਾਲੀ ਅਤੇ ਮਿਲਕਫੈੱਡ ਪੰਜਾਬ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਹੋਇਆ ਹੈ। ਚਲਾਕੀ ਨੇ ਦੱਸਿਆ ਕਿ ਮਿਲਕਫੈੱਡ ਪੰਜਾਬ ਵਲੋਂ ਦੁੱਧ ਦਾ ਭਾਅ ਤਿੰਨ ਰੁਪਏ ਪ੍ਰਤੀ ਕਿਲੋ ਘਟਾ ਦਿੱਤਾ ਗਿਆ ਸੀ, ਜਿਸ ਤੇ ਦੁੱਧ ਉਤਪਾਦਕ ਨਿਰਾਸ਼ ਸਨ। ਦੁੱਧ ਉਤਪਾਦਕ ਲਗਾਤਾਰ ਆਪਣੀ ਮੰਗ ਲਈ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਸਨ ਜਿਸ ਦੇ ਸਿੱਟੇ ਵਜੋਂ ਮਿਲਕਫੈੱਡ ਵੱਲੋਂ 11 ਫਰਵਰੀ ਤੋਂ ਦੁੱਧ ਦਾ ਮੁੜ ਪਹਿਲਾਂ ਵਾਲਾ ਭਾਅ ਬਹਾਲ ਕਰ ਦਿੱਤਾ ਜਾਵੇਗਾ। ਸ੍ਰੀ ਚਲਾਕੀ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਦੀ ਦੂਜੀ ਮੰਗ ਦੁੱਧ ਚੁੱਕਣ ਵਾਲੀਆਂ ਗੱਡੀਆਂ ਜੋ ਬੀਐੱਮਸੀਜ ਤੋਂ ਦੁੱਧ ਇਕੱਠਾ ਕਰਦੀਆਂ ਸਨ, ਦੇ ਰੂਟ ਮਿਲੀਭੁਗਤ ਨਾਲ 700 ਕਿਲੋਮੀਟਰ ਪ੍ਰਤੀ ਦਿਨ ਵਧਾਏ ਹੋਏ ਸਨ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜੋ ਫਾਲਤੂ ਕਿਲੋਮੀਟਰਾਂ ਦੇ ਰੂਟ ਬਣਾਏ ਹੋਏ ਹਨ, ਉਹ 15 ਦਿਨਾਂ ਦੇ ਅੰਦਰ ਅੰਦਰ ਠੀਕ ਕਰਵਾ ਦਿੱਤੇ ਜਾਣਗੇ।