For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ ਦੇ ਚੋਣ ਅਮਲ ’ਤੇ ਫ਼ੌਜੀ ਪਰਛਾਵਾਂ

08:01 AM Aug 24, 2023 IST
ਪਾਕਿਸਤਾਨ ਦੇ ਚੋਣ ਅਮਲ ’ਤੇ ਫ਼ੌਜੀ ਪਰਛਾਵਾਂ
Advertisement

ਜੀ ਪਾਰਥਾਸਾਰਥੀ

Advertisement

ਪਾਕਿਸਤਾਨ ਵਿਚ ਜਦੋਂ ਆਉਣ ਵਾਲੀਆਂ ਪਾਰਲੀਮਾਨੀ ਚੋਣਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਤਾਂ ਦੇਸ਼ ਦੇ ਨਵੇਂ ਬਣੇ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਨੇ ਤਟਫਟ ਕਾਰਵਾਈ ਕਰਦਿਆਂ ਇਹ ਯਕੀਨੀ ਬਣਾ ਦਿੱਤਾ ਕਿ ਹਰਮਨ ਪਿਆਰੇ ਕ੍ਰਿਕਟਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਗਲੀਆਂ ਚੋਣਾਂ ਲੜਨ ਦੇ ਯੋਗ ਨਾ ਰਹਿ ਸਕਣ। ਜਨਰਲ ਮੁਨੀਰ ਨੇ ਇਮਰਾਨ ਖ਼ਾਨ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਵਾ ਕੇ ਅਤੇ ਦੋਸ਼ੀ ਕਰਾਰ ਦੇ ਕੇ ਜੇਲ੍ਹ ਭਿਜਵਾ ਦਿੱਤਾ ਹੈ। ਜਨਰਲ ਮੁਨੀਰ ਦੇ ਮਨ ਵਿਚ ਇਮਰਾਨ ਖ਼ਾਨ ਪ੍ਰਤੀ ਗਹਿਰੀ ਰੰਜਿਸ਼ ਹੈ। ਲੈਫਟੀਨੈਂਟ ਜਨਰਲ ਮੁਨੀਰ ਨੂੰ ਤਤਕਾਲੀ ਸੈਨਾ ਮੁਖੀ ਜਨਰਲ ਬਾਜਵਾ ਵਲੋਂ ਆਈਐੱਸਆਈ ਦਾ ਮੁਖੀ ਥਾਪਿਆ ਗਿਆ ਸੀ; ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਚਹੇਤੇ ਲੈਫਟੀਨੈਂਟ ਜਨਰਲ ਫ਼ੈਜ਼ ਹਮੀਦ ਨੂੰ ਆਈਐੱਸਆਈ ਦਾ ਮੁਖੀ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਸਿਆਸਤ ਵਿਚ ਗਹਿਰੀ ਦਿਲਚਸਪੀ ਲੈਣ ਵਾਲੇ ਜਨਰਲ ਬਾਜਵਾ ਦੀ ਤਜਵੀਜ਼ ਠੁਕਰਾ ਦਿੱਤੀ। ਇਸ ਤੋਂ ਬਾਅਦ ਜਨਰਲ ਬਾਜਵਾ ਨੇ ਇਮਰਾਨ ਖ਼ਾਨ ਦੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਕ ਸਮਾਂ ਐਸਾ ਆਇਆ ਕਿ ਇਮਰਾਨ ਖ਼ਾਨ ਬਹੁਮਤ ਗੁਆ ਬੈਠੇ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ।
ਉਸ ਤੋਂ ਬਾਅਦ ਜਨਰਲ ਬਾਜਵਾ ਨੇ ਇਹ ਯਕੀਨੀ ਬਣਾਇਆ ਕਿ ਉਨ੍ਹਾਂ ਦੇ ਚਹੇਤੇ ਲੈਫਟੀਨੈਂਟ ਜਨਰਲ ਮੁਨੀਰ ਨੂੰ ਸ਼ਾਹਬਾਜ਼ ਸ਼ਰੀਫ਼ ਸਰਕਾਰ ਵਲੋਂ ਨਵੰਬਰ 2022 ਵਿਚ ਸੈਨਾ ਮੁਖੀ ਥਾਪਿਆ ਜਾਵੇ। ਇਹ ਜਨਰਲ ਬਾਜਵਾ ਹੀ ਸਨ ਜੋ ਭਾਰਤ ਨਾਲ ਅੰਦਰਖਾਤੇ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਵਿੱਤ ਮੰਤਰੀ ਇਸਹਾਕ ਡਾਰ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਪਾਕਿਸਤਾਨ, ਅਮਰੀਕਾ ਦੀ ਇਮਦਾਦ ਸਦਕਾ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਕੋਲੋਂ ਰਾਹਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ। ਇਸ ਤੋਂ ਇਲਾਵਾ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨੇ ਇਸਲਾਮਾਬਾਦ ਨੂੰ ਇਮਦਾਦ ਦੇਣ ਦਾ ਆਪਣਾ ਵਾਅਦਾ ਨਿਭਾਇਆ ਪਰ ਪਾਕਿਸਤਾਨ ਅਜੇ ਵੀ ‘ਕੌਮਾਂਤਰੀ ਪੱਧਰ ’ਤੇ ਆਰਥਿਕ ਨਾਕਾਮੀ ਦੀ ਸੂਰਤ’ ਬਣਿਆ ਹੋਇਆ ਹੈ ਜੋ ਵਿਦੇਸ਼ੀ ਇਮਦਾਦ ਦੇ ਆਸਰੇ ਹੀ ਆਪਣੇ ਅਰਥਚਾਰੇ ਨੂੰ ਚਲਾਉਣ ਦੇ ਸਮਰੱਥ ਹੋ ਸਕਦਾ ਹੈ। ਉਂਝ, ਵਿਦੇਸ਼ੀ ਇਮਦਾਦ ਦਾ ਇਕ ਅਹਿਮ ਪਹਿਲੂ ਇਹ ਵੀ ਹੈ ਕਿ ਪਾਕਿਸਤਾਨ ਯੂਕਰੇਨ ਨੂੰ ਹਥਿਆਰ ਅਤੇ ਅਸਲ੍ਹਾ ਸਪਲਾਈ ਜਾਰੀ ਰੱਖਣ ਲਈ ਰਾਜ਼ੀ ਹੋ ਗਿਆ ਹੈ। ਅਮਰੀਕਾ ਦੀ ਇਮਰਾਨ ਖ਼ਾਨ ਪ੍ਰਤੀ ਨਾਖੁਸ਼ੀ ਉਦੋਂ ਜੱਗ ਜ਼ਾਹਿਰ ਹੋ ਗਈ ਸੀ ਜਦੋਂ ਉਨ੍ਹਾਂ ਯੂਕਰੇਨ ਟਕਰਾਅ ਸ਼ੁਰੂ ਹੋਣ ਮੌਕੇ ਮਾਸਕੋ ਦਾ ਦੌਰਾ ਕਰ ਕੇ ਰਾਸ਼ਟਰਪਤੀ ਪੂਤਿਨ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਪਾਕਿਸਤਾਨ ਦੀਆਂ ਸੰਵਿਧਾਨਕ ਰਵਾਇਤਾਂ ’ਤੇ ਚੱਲਦਿਆਂ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਿਰੋਧੀ ਧਿਰ ਦੇ ਆਗੂ ਨਾਲ ਸਲਾਹ ਕਰ ਕੇ ਸ਼ਰੀਫ਼ ਨੇ ਇਕ ਲਗਭਗ ਅਣਜਾਣ ਪਰ ਕਾਫ਼ੀ ਪੜ੍ਹੇ ਲਿਖੇ ਸੈਨੇਟਰ ਅਨਵਰ-ਉਲ-ਹੱਕ ਕੱਕੜ ਨੂੰ ਕਾਇਮ ਮੁਕਾਮ ਪ੍ਰਧਾਨ ਮੰਤਰੀ ਨਾਮਜ਼ਦ ਕਰ ਦਿੱਤਾ। ਕੱਕੜ ਪਖਤੂਨ ਹਨ ਅਤੇ 2018 ਵਿਚ ਬਲੋਚਿਸਤਾਨ ਤੋਂ ਸੈਨੇਟ ਲਈ ਚੁਣੇ ਗਏ ਸਨ। ਕੱਕੜ ਬਲੋਚਿਸਤਾਨ ਦੇ ਉਨ੍ਹਾਂ ਗਿਣੇ ਚੁਣੇ ਲੋਕਾਂ ’ਚੋਂ ਹਨ ਜਿਨ੍ਹਾਂ ਦੇ ਫ਼ੌਜੀ ਨਿਜ਼ਾਮ ਨਾਲ ਚੰਗੇ ਰਿਸ਼ਤੇ ਹਨ। ਇਹ ਲੁਕੀ ਛੁਪੀ ਗੱਲ ਨਹੀਂ ਹੈ ਕਿ ਅੰਤਰਿਮ ਸਰਕਾਰ ਸੈਨਾਪਤੀ ਜਨਰਲ ਆਸਿਮ ਮੁਨੀਰ ਦੀਆਂ ਇੱਛਾਵਾਂ ’ਤੇ ਫੁੱਲ ਚੜ੍ਹਾਵੇਗੀ। ਇਸ ਦੌਰਾਨ ਪਾਕਿਸਤਾਨ ਵਲੋਂ ਅਮਰੀਕਾ ਨੂੰ ਖੁਸ਼ ਰੱਖਣ ਲਈ ਯੂਕਰੇਨ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਹਨ। ਦੇਖਣਾ ਪੈਣਾ ਹੈ ਕਿ ਰੂਸ ਪਾਕਿਸਤਾਨ ਨੂੰ ਰਿਆਇਤੀ ਦਰਾਂ ’ਤੇ ਤੇਲ ਦੀ ਸਪਲਾਈ ਜਾਰੀ ਰੱਖੇਗਾ। ਜ਼ਾਹਿਰ ਹੈ ਕਿ ਚੀਨ ਦੇ ਅਸਰ ਰਸੂਖ ਸਦਕਾ ਹੀ ਰੂਸ ਪਾਕਿਸਤਾਨ ਨੂੰ ਤੇਲ ਸਪਲਾਈ ਕਰਨ ਲਈ ਰਾਜ਼ੀ ਹੋਇਆ ਸੀ।
ਜਨਰਲ ਬਾਜਵਾ ਭਾਰਤ ਪ੍ਰਤੀ ਨਪੇ ਤੁਲੇ ਅੰਦਾਜ਼ ਵਿਚ ਗੱਲਬਾਤ ਕਰਦੇ ਰਹਿੰਦੇ ਸਨ ਜਦਕਿ ਉਨ੍ਹਾਂ ਤੋਂ ਬਾਅਦ ਜਨਰਲ ਮੁਨੀਰ ਭਾਰਤ ਨੂੰ ‘ਖੇਤਰੀ ਅਮਨ ਲਈ ਖਤਰੇ’ ਦੀ ਤਸ਼ਬੀਹ ਦਿੰਦੇ ਆ ਰਹੇ ਹਨ ਅਤੇ ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਜੰਮੂ ਕਸ਼ਮੀਰ ਦੇ ਮੁੱਦੇ ’ਤੇ ਭਾਰਤ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਟਿੱਪਣੀਆਂ 14 ਅਗਸਤ ਨੂੰ ਪਾਕਿਸਤਾਨ ਦੇ ਕੌਮੀ ਆਜ਼ਾਦੀ ਦਿਵਸ ਮੌਕੇ ਕੀਤੀਆਂ ਹਨ। ਇਹ ਤੱਥ ਹੈ ਕਿ ਜੇ ਨਵ-ਨਿਯੁਕਤ ਸੈਨਾ ਮੁਖੀ ਭਾਰਤ ਖਿਲਾਫ਼ ਸਖ਼ਤ ਸਟੈਂਡ ਦਾ ਮੁਜ਼ਾਹਰਾ ਕਰਨਾ ਚਾਹੁੰਦੇ ਸਨ ਤਾਂ ਅਜਿਹੀਆਂ ਟਿੱਪਣੀਆਂ ਦੀ ਲੋੜ ਪੈਣੀ ਸੀ। ਉਮੀਦ ਕੀਤੀ ਜਾਂਦੀ ਹੈ ਕਿ ਦਹਿਸ਼ਤਵਾਦ ਦੇ ਸਵਾਲ ਤੋਂ ਆਪਣੇ ਬਚਾਓ ਲਈ ਉਹ ਜਨਰਲ ਪ੍ਰਵੇਜ਼ ਮੁਸ਼ੱਰਫ਼ ਅਤੇ ਜਨਰਲ ਬਾਜਵਾ ਦੇ ਪਦ-ਚਿੰਨ੍ਹਾਂ ’ਤੇ ਚੱਲਣਗੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਬਲੋਚਿਸਤਾਨ ਅਤੇ ਖ਼ੈਬਰ ਪਖਤੂਨਖਵਾ ਸੂਬੇ ਤੋਂ ਆ ਰਹੀਆਂ ਵੰਗਾਰਾਂ ਨੂੰ ਵੀ ਧਿਆਨ ਵਿਚ ਰੱਖਣਾ ਪਵੇਗਾ। ਇਸ ਤੋਂ ਇਲਾਵਾ ਭਾਰਤ ਨੂੰ ਅਫ਼ਗਾਨਿਸਤਾਨ ਨੂੰ ਕਣਕ ਅਤੇ ਦਵਾਈਆਂ ਦੀ ਸਪਲਾਈ ਕਰਨ ਲਈ ਪਾਕਿਸਤਾਨ ਦੇ ਲਾਂਘੇ ਦੀ ਲੋੜ ਨਹੀਂ ਪਵੇਗੀ ਕਿਉਂਕਿ ਇਰਾਨ ਦੀ ਚਾਬਹਾਰ ਬੰਦਰਗਾਹ ਜਾਂ ਹਵਾਈ ਰਸਤੇ ਇਹ ਸਮੱਗਰੀ ਪਹੁੰਚਾਈ ਜਾ ਸਕਦੀ ਹੈ।
ਭਾਰਤ ਇਸ ਵੇਲੇ ਆਪਣੇ ਆਂਢ-ਗੁਆਂਢ ਦੇ ਕਈ ਦੇਸ਼ਾਂ ਨਾਲ ਵਪਾਰ ਲਈ ਰੁਪਏ ਵਿਚ ਅਦਾਇਗੀ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜੇ ਪਾਕਿਸਤਾਨ ਆਪਣੀਆਂ ਨੀਤੀਆਂ ’ਤੇ ਚੱਲਦਾ ਰਿਹਾ ਤਾਂ ਇਹ ਦੱਖਣੀ ਏਸ਼ੀਆ ਵਿਚ ਹੋਰ ਜਿ਼ਆਦਾ ਅਲੱਗ ਥਲੱਗ ਹੋ ਜਾਵੇਗਾ ਪਰ ਇਸ ਦਾ ਫ਼ੈਸਲਾ ਰਾਵਲਪਿੰਡੀ ਅਤੇ ਇਸਲਾਮਾਬਾਦ ਵਿਚ ਕਰਨਾ ਪੈਣਾ ਹੈ। ਪਾਕਿਸਤਾਨ ਦੇ ‘ਸਦਾਬਹਾਰ ਦੋਸਤ’ ਚੀਨ ਕੋਲ 3176.5 ਅਰਬ ਡਾਲਰ ਦੇ ਵਿਦੇਸ਼ੀ ਮੁਦਰਾ ਭੰਡਾਰ ਹਨ। ਪੇਈਚਿੰਗ ਲਈ ਇਨ੍ਹਾਂ ਭੰਡਾਰਾਂ ’ਚੋਂ ਆਪਣੇ ਦੋਸਤ ਮੁਲਕ ਨੂੰ 0.01 ਫ਼ੀਸਦ ਡਾਲਰ ਦੇਣ ਵਿਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਆਖ਼ਰਕਾਰ, ਚੀਨ ਬਲੋਚਿਸਤਾਨ ਦੀ ਗਵਾਦਰ ਬੰਦਰਗਾਹ ਵਿਚ ਲਗਾਤਾਰ ਆਪਣੀ ਮੌਜੂਦਗੀ ਵਧਾ ਰਿਹਾ ਹੈ। ਉਂਝ, ਸ੍ਰੀਲੰਕਾ ਹੋਵੇ ਜਾਂ ਪਾਕਿਸਤਾਨ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੇ ਲੋੜਵੰਦ ਭਿਆਲਾਂ ਨੂੰ ਅਮਰੀਕੀ ਡਾਲਰ ਦੇਣ ਵਿਚ ਕਿਸੇ ਤਰ੍ਹਾਂ ਦੀ ਫਰਾਖ਼ਦਿਲੀ ਨਹੀਂ ਵਰਤੀ।
ਜਨਰਲ ਮੁਨੀਰ ਪਾਕਿਸਤਾਨ ਦੇ ਪਹਿਲੇ ਸੈਨਾ ਮੁਖੀ ਨਹੀਂ ਹਨ ਜਿਨ੍ਹਾਂ ਨੂੰ ਆਪਣੀ ਲੀਡਰਸ਼ਿਪ ਦੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਵਿਰੋਧੀ ਧਿਰ ਨਾਲ ਨਜਿੱਠਦਿਆਂ ਬਹੁਤ ਇਹਤਿਆਤ ਤੋਂ ਕੰਮ ਲੈਣਾ ਪਵੇਗਾ ਕਿਉਂਕਿ ਆਮ ਲੋਕ ਹੀ ਨਹੀਂ ਸਗੋਂ ਫ਼ੌਜ ਦਾ ਇਕ ਹਿੱਸਾ ਵੀ ਇਮਰਾਨ ਖ਼ਾਨ ਨੂੰ ਪਸੰਦ ਕਰਦਾ ਹੈ। ਇਸ ਵਕਤ ਜਨਰਲ ਮੁਨੀਰ ਦਾ ਧਿਆਨ ਜੇਲ੍ਹ ਵਿਚ ਬੰਦ ਇਮਰਾਨ ਖ਼ਾਨ ਵਲੋਂ ਆਉਣ ਵਾਲੀ ਚੁਣੌਤੀ ਨਾਲ ਨਜਿੱਠਣ ’ਤੇ ਲੱਗਿਆ ਹੋਇਆ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਮਰਾਨ ਖ਼ਾਨ ਦੀ ਜਨਤਕ ਹਮਾਇਤ ਦਾ ਦਾਇਰਾ ਬਹੁਤ ਵਿਸ਼ਾਲ ਹੈ। ਉਂਝ, ਇਸ ‘ਸਾਮ ਦਾਮ ਦੰਡ’ ਨੀਤੀ ਰਾਹੀਂ ਉਨ੍ਹਾਂ ਦੇ ਜਨ ਆਧਾਰ ਨੂੰ ਖੋਰਾ ਲਾ ਕੇ ਦੂਜੀਆਂ ਪਾਰਟੀਆਂ ਦੇ ਪਾਲ਼ੇ ਵਿਚ ਲਿਆਂਦਾ ਜਾ ਸਕਦਾ ਹੈ। ਫਿਲਹਾਲ ਇਮਰਾਨ ਖ਼ਾਨ ਵਲੋਂ ਅਜਿਹੀ ਕੋਈ ਪਹਿਲ ਨਹੀਂ ਕੀਤੀ ਗਈ ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਸੱਤਾ ਤੋਂ ਹਟਾ ਕੇ ਜੇਲ੍ਹ ਭੇਜਿਆ ਗਿਆ ਹੈ, ਉਸ ਨਾਲ ਲੋਕਾਂ ਵਿਚ ਕਾਫ਼ੀ ਰੋਹ ਹੈ।
ਪਾਕਿਸਤਾਨ ਦੇ ਮੌਜੂਦਾ ਸੱਤਾ ਤੰਤਰ ਨੂੰ ਅਮਰੀਕਾ ਅਤੇ ਇਸ ਦੇ ਸਹਿਯੋਗੀਆਂ ਤੋਂ ਹਮਾਇਤ ਮਿਲੇਗੀ। ਇਸ ਦੌਰਾਨ ਰੂਸ ਨੂੰ ਇਹ ਸਮਝ ਆ ਰਹੀ ਹੋਵੇਗੀ ਕਿ ਯੂਕਰੇਨ ਟਕਰਾਅ ਦੀ ਸ਼ੁਰੂਆਤ ਵੇਲੇ ਮਾਸਕੋ ਦੇ ਦੌਰੇ ’ਤੇ ਆਏ ਇਮਰਾਨ ਖ਼ਾਨ ਨੂੰ ਕਿਵੇਂ ਪੱਛਮੀ ਦੇਸ਼ਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਸੀ ਤੇ ਸੰਭਵ ਹੈ ਕਿ ਉਹ ਕੁਝ ਦੇਰ ਲਈ ਪਾਕਿਸਤਾਨ ਦੀ ਘਰੋਗੀ ਸਿਆਸਤ ਵਿਚ ਹਿੱਸਾ ਨਾ ਲੈ ਸਕਣ। ਇਹ ਗੱਲ ਠੀਕ ਹੈ ਕਿ ਇਮਰਾਨ ਖ਼ਾਨ ਨੂੰ ਜਿਸ ਤਰ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਤੋਂ ਲੋਕਾਂ ਵਿਚ ਕਾਫ਼ੀ ਰੋਹ ਦੇਖਣ ਨੂੰ ਮਿਲਿਆ ਸੀ ਪਰ ਅਜਿਹੇ ਲੋਕਾਂ ਦੀ ਸੰਖਿਆ ਬਹੁਤੀ ਨਹੀਂ ਹੋਵੇਗੀ ਜੋ ਇਮਰਾਨ ਖ਼ਾਨ ਦੀ ਸਿਆਸੀ ਤਕਦੀਰ ਬਣਾਉਣ ਲਈ ਕੋਈ ਸਰਗਰਮ ਭੂਮਿਕਾ ਨਿਭਾ ਸਕਣ। ਉਮੀਦ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਦਾ ਫ਼ੌਜੀ ਨਿਜ਼ਾਮ ਇਹ ਗੱਲ ਯਾਦ ਰੱਖੇਗਾ ਕਿ ਭਾਰਤ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਨਹੀਂ ਕਰੇਗਾ। ਪਾਕਿਸਤਾਨੀ ਫ਼ੌਜ ਹੁਣ ਦੇਸ਼ ਦੇ ਕੌਮੀ ਜੀਵਨ ਵਿਚ ਹੋਰ ਜਿ਼ਆਦਾ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣ ਅਤੇ ਆਉਣ ਵਾਲੀਆਂ ਕੌਮੀ ਚੋਣਾਂ ਦੇ ਨਤੀਜੇ ਤੈਅ ਕਰਨ ਵਿਚ ਜੁਟੀ ਹੋਈ ਹੈ। ਉਂਝ, ਪਾਕਿਸਤਾਨ ਦੇ ਇਤਿਹਾਸ ਵਿਚ ਇਹ ਕੋਈ ਬਹੁਤੀ ਨਵੀਂ ਗੱਲ ਵੀ ਨਹੀਂ ਹੈ!
*ਲੇਖਕ ਪਾਕਿਸਤਾਨ ਵਿਚ ਭਾਰਤ ਦਾ ਹਾਈ ਕਮਿਸ਼ਨਰ ਰਹਿ ਚੁੱਕਾ ਹੈ।

Advertisement

Advertisement
Author Image

sukhwinder singh

View all posts

Advertisement