ਫ਼ੌਜੀ ਅਧਿਕਾਰੀਆਂ ਵੱਲੋਂ ਸਿੰਘਪੁਰਾ ਦਾ ਦੌਰਾ
ਮਿਹਰ ਸਿੰਘ
ਕੁਰਾਲੀ, 4 ਫਰਵਰੀ
ਭਾਰਤ ਸਣੇ ਅੱਧੀ ਦਰਜਨ ਮੁਲਕਾਂ ਦੇ ਫ਼ੌਜੀ ਅਧਿਕਾਰੀਆਂ ਦੇ ਉੱਚ ਪੱਧਰੀ ਵਫ਼ਦ ਨੇ ਅੱਜ ਨੇੜਲੇ ਪਿੰਡ ਸਿੰਘਪੁਰਾ ਦਾ ਦੌਰਾ ਕੀਤਾ। ਅਧਿਕਾਰੀਆਂ ਦੀ ਟੀਮ ਨੇ ਪਿੰਡ ਦੇ ਜਲਘਰ ਦਾ ਦੌਰਾ ਕਰਦਿਆਂ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਤੋਂ ਇਲਾਵਾ ਸੀਵਰੇਜ ਅਤੇ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਰਕਾਰੀ ਸਕੀਮਾਂ ਦਾ ਜਾਇਜ਼ਾ ਲਿਆ। ਨੈਸ਼ਨਲ ਡਿਫੈਂਸ ਕਾਲਜ ਦਿੱਲੀ ਦੇ ਕਮਾਂਡੈਂਟ ਏਅਰ ਮਾਰਸ਼ਲ ਹਰਦੀਪ ਸਿੰਘ ਬੈਂਸ ਦੀ ਅਗਵਾਈ ਹੇਠ ਅਧਿਕਾਰੀਆਂ ਮੇਜਰ ਜਨਰਲ ਏਕੇ ਸਿੰਘ, ਕੋਆਰਡੀਨੇਟਰ ਨਰੇਂਦਰਾ ਚੌਬੇ, ਬ੍ਰਿਗੇਡੀਅਰ ਅਮਨ ਆਨੰਦ ਆਦਿ ਤੋਂ ਇਲਾਵਾ ਮੰਗੋਲੀਆ ਤੋਂ ਫ਼ੌਜੀ ਅਧਿਕਾਰੀ ਕਰਨਲ ਟੀ. ਡਾਸ਼ਨੋਡਵ, ਸ੍ਰੀ ਲੰਕਾ ਦੇ ਏਅਰ ਕਮਾਂਡਰ ਕਾਪਸ ਕੁਰੂਵਿਤਾ, ਮਿਸਰ ਤੋਂ ਬ੍ਰਿਗੇਡੀਅਰ ਜਨਰਲ ਅਹਿਮਦ ਮੁਹੰਮਦ ਅਬਦਿਲਾਜੀਜ਼, ਓਮਾਨ ਤੋਂ ਕਰਨਲ ਖਾਲਿਦ ਅਹਿਮਦ ਅਤੇ ਰੂਸ ਤੋਂ ਕਰਨਲ ਵੀ. ਨਾਜ਼ਾਰੋਵ ਬ੍ਰਿਗੇਡੀਅਰ ’ਤੇ ਆਧਾਰਿਤ ਵਫ਼ਦ ਪਿੰਡ ਸਿੰਘਪੁਰਾ ਪੁੱਜਿਆ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਵਫ਼ਦ ਦਾ ਸਿੰਘਪੁਰਾ ਪੁੱਜਣ ’ਤੇ ਸਵਾਗਤ ਕੀਤਾ। ਸਿੰਘਪੁਰਾ ਸਕੂਲ ਦੇ ਵਿਦਿਆਰਥੀਆਂ ਨੇ ਸਵਾਗਤ ’ਚ ਕਵਿਤਾ ਪੜ੍ਹੀ। ਇਸ ਮਗਰੋਂ ਵਫ਼ਦ ਦੇ ਮੈਂਬਰਾਂ ਨੇ ਪਿੰਡ ਵਿੱਚ ਚੱਲ ਰਹੇ ਜਲ ਸਪਲਾਈ ਪ੍ਰਾਜੈਕਟ ਅਤੇ ਸੀਵਰੇਜ ਪ੍ਰਾਜੈਕਟ ਦਾ ਨਿਰੀਖਣ ਕੀਤਾ।