ਫੰਡਾਂ ਦੀ ਘਾਟ ਕਰਕੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਕਾਰ ਸੁੰਗੜਿਆ: ਸ਼ੇਰਗਿੱਲ
ਆਤਿਸ਼ ਗੁਪਤਾ
ਚੰਡੀਗੜ੍ਹ, 14 ਨਵੰਬਰ
ਮਿਲਟਰੀ ਲਿਟਰੇਚਰ ਫੈਸਟੀਵਲ ਆਰਗੇਨਾਈਜ਼ਿੰਗ ਕਮੇਟੀ ਵੱਲੋਂ 8ਵਾਂ ਮਿਲਟਰੀ ਲਿਟਰੇਚਰ ਫੈਸਟੀਵਲ 30 ਨਵੰਬਰ ਤੇ ਇਕ ਦਸੰਬਰ ਨੂੰ ਚੰਡੀਗੜ੍ਹ ਵਿੱਚ ਸੁਖਨਾ ਲੇਕ ਕਲੱਬ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਕਮੇਟੀ ਦੇ ਚੇਅਰਮੈਨ ਲੈਫਟੀਨੇਂਟ ਜਨਰਲ ਟੀਐੱਸ ਸ਼ੇਰਗਿੱਲ ਨੇ ਚੰਡੀਗੜ੍ਹ ਵਿੱਚ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ 8ਵੀਂ ਮਿਲਟੀ ਲਿਟਰੇਚਰ ਫੈਸਟੀਵਲ ਸਾਲ 1999 ਦੀ ਕਾਰਗਿੱਲ ਜੰਗ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ। ਇਸ ਵਿੱਚ ਰੂਸ, ਚੀਨ, ਉੱਤਰੀ ਕੋਰੀਆ ਤੇ ਇਰਾਨ ਦੇਸ਼ਾਂ ਦੀ ਭੁਗੋਲਿਕ ਸਥਿਤੀ ਦਾ ਭਾਰਤ ’ਤੇ ਅਸਰ, ਬੰਗਲਾਦੇਸ਼ ਤੇ ਮਨੀਮਾਪੁਰ ਵਿੱਚ ਟਕਰਾਅ ਕਰਕੇ ਭਾਰਤੀ ਸੁਰੱਖਿਆ ਅਤੇ ਅਸਰ ਅਤੇ ਜ਼ਮਹੂਰੀ ਦੇਸ਼ਾਂ ਦੀ ਕੌਮੀ ਸੁਰੱਖਿਆ ਨੀਤੀਆਂ ਬਾਰੇ ਵਿਚਾਰ-ਚਰਚਾ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਫੈਸਟੀਵਲ ਵਿੱਚ ਫੌਜ ਦੇ ਹਥਿਆਰਾਂ ਦੀ ਪ੍ਰਦਰਸ਼ਨੀ, ਨੌਜਵਾਨਾਂ ਵਿੱਚ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਫਿਲਮਾਂ ਤੇ ਫੌਜ ਦੇ ਇਤਿਹਾਸ ਨਾਲ ਜੁੜੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।
ਸ੍ਰੀ ਸ਼ੇਰਗਿੱਲ ਨੇ ਕਿਹਾ ਕਿ ਮੌਜੂਦਾ ਵਰ੍ਹੇ ਫੈਸਟੀਵਲ ਕਮੇਟੀ ਨੂੰ ਫੰਡਾਂ ਦੀ ਘਾਟ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮੰਰਿੰਦਰ ਸਿੰਘ ਦੀ ਸਰਕਾਰ ਸਮੇਂ ਇਕ ਤੋਂ ਦੋ ਕਰੋੜ ਰੁਪਏ ਤੱਕ ਦੇ ਬਜਟ ਸਰਕਾਰ ਵੱਲੋਂ ਮਿਲਦੇ ਰਹੇ ਹਨ, ਪਰ ਇਸ ਵਾਰ 50 ਲੱਖ ਰੁਪਏ ਮਿਲਣੇ ਹਨ। ਉਹ ਵੀ ਹਾਲੇ ਤੱਕ ਕਮੇਟੀ ਨੂੰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਪੁਰਾਣੀ ਸਰਕਾਰ ਸਮੇਂ ਫੈਸਟੀਵਲ ਵਿੱਚ 40 ਤੋਂ 45 ਵਿਦੇਸ਼ੀ ਮਹਿਮਾਨ ਇਸ ਫੈਸਟੀਵਲ ਵਿੱਚ ਹਿੱਸਾ ਲੈਂਦੇ ਸਨ, ਪਰ ਫੰਡਾਂ ਦੀ ਘਾਟ ਕਰਕੇ ਇਸ ਵਾਰ 2-3 ਵਿਦੇਸ਼ੀ ਮਹਿਮਾਨਾਂ ਨੂੰ ਹੀ ਸੱਦਿਆ ਜਾ ਰਿਹਾ ਹੈ।
ਸ੍ਰੀ ਸ਼ੇਰਗਿੱਲ ਨੇ ਅਗਨੀਵੀਰ ਯੋਜਨਾ ਬਾਰੇ ਕਿਹਾ ਕਿ ਇਹ ਦੇਸ਼ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਵਾਲੀ ਯੋਜਨਾ ਹੈ। ਇਸ ਨਾਲ ਛੋਟੀ ਉਮਰ ਵਿੱਚ ਹੀ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਅਲਖ ਜਗਾਈ ਜਾ ਸਕੇਗੀ।