For the best experience, open
https://m.punjabitribuneonline.com
on your mobile browser.
Advertisement

ਸਾਡੇ ਸਮਿਆਂ ਦੇ ਸੱਚ ਨੂੰ ਬਿਆਨ ਕਰਨ ਵਾਲਾ ਮਿਲਾਨ ਕੁੰਦੇਰਾ

08:47 AM Jul 20, 2023 IST
ਸਾਡੇ ਸਮਿਆਂ ਦੇ ਸੱਚ ਨੂੰ ਬਿਆਨ ਕਰਨ ਵਾਲਾ ਮਿਲਾਨ ਕੁੰਦੇਰਾ
Advertisement

ਪ੍ਰੋ . (ਡਾ.) ਕ੍ਰਿਸ਼ਨ ਕੁਮਾਰ ਰੱਤੂ

ਮਿਲਾਨ ਕੁੰਦੇਰਾ ਦੁਨੀਆ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਕਾਂ ਵਿੱਚੋਂ ਇੱਕ ਸੀ ਜੋ ਆਪਣੀਆਂ ਦਾਰਸ਼ਨਿਕ ਲਿਖਤਾਂ ਵਿੱਚ ਆਪਣੀ ਸਪੱਸ਼ਟ ਸੋਚ ਅਤੇ ਸੱਚਾਈ ਖ਼ਾਤਰ ਸੰਘਰਸ਼ ਲਈ ਜਾਣਿਆ ਜਾਂਦਾ ਸੀ। ਇਹ ਨਿਡਰ ਤੇ ਬੇਬਾਕ ਲੇਖਕ ਹੁਣ ਸਾਡੇ ਵਿੱਚ ਨਹੀਂ ਰਿਹਾ।
‘‘ਇੱਕ ਲੇਖਕ ਸੱਚ ਦੀਆਂ ਪਰਤਾਂ ਵਿੱਚੋਂ ਦੇਖਦਾ ਹੈ ਜੋ ਇਸ ਸਮੇਂ ਦੀ ਰਾਜਨੀਤੀ ਅਤੇ ਪਿਆਰ ਨੂੰ ਇਕੱਠੇ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਇਹ ਸਾਡੇ ਸਮੇਂ ਦਾ ਸੱਚ ਹੈ।’’ ਹਕੂਮਤਾਂ ਦੇ ਪਾਜ ਉਦੇੜਦੀਆਂ ਲਿਖਤਾਂ ਨੂੰ ਸਮਰਪਿਤ ਮਿਲਾਨ ਕੁੰਦੇਰਾ ਦਾ ਕੁਝ ਦਨਿ ਪਹਿਲਾਂ 94 ਸਾਲ ਦੀ ਉਮਰ ਵਿੱਚ ਫਰਾਂਸ ਵਿੱਚ ਦੇਹਾਂਤ ਹੋਇਆ।
ਮਿਲਾਨ ਕੁੰਦੇਰਾ ਦੇ ਸਦੀਵੀ ਵਿਛੋੜੇ ਨਾਲ ਉਸ ਸਾਹਿਤਕ ਯੁੱਗ ਦਾ ਅੰਤ ਹੋ ਗਿਆ ਹੈ ਜੋ ਜ਼ਿੰਦਗੀ ਨੂੰ ਅਲਵਿਦਾ ਨਹੀਂ ਕਹਿੰਦੇ। ਮਿਲਾਨ ਨੇ ਪਿਆਰ, ਰਾਜਨੀਤੀ ਅਤੇ ਆਪਣੇ ਸੰਘਰਸ਼ ਦੀ ਕਹਾਣੀ ਨਾਲ ਸਾਰੇ ਸੰਸਾਰ ਨੂੰ ਜੋੜਿਆ ਅਤੇ ਜ਼ਿੰਦਾ ਰੱਖਿਆ ਸੀ। ਉਹ ਸੱਚਮੁੱਚ ਅਦਭੁੱਤ ਲੇਖਕ ਸੀ।
ਉਹ ਆਪਣੀ ਮਿਸਾਲ ਆਪ ਸੀ। ਮਿਲਨ ਨੇ ਕੀ ਨਹੀਂ ਲਿਖਿਆ! ਕਹਾਣੀ, ਨਾਵਲ, ਕਵਿਤਾ, ਡਾਇਰੀ ਲਿਖਣਾ ਅਤੇ ਹੋਰ ਬਹੁਤ ਕੁਝ ਜੋ ਅਜੇ ਤੱਕ ਦੁਨੀਆਂ ਦੇ ਸਾਹਮਣੇ ਨਹੀਂ ਆਇਆ।
ਅਸਲ ਵਿੱਚ ਮਿਲਾਨ ਕੁੰਦੇਰਾ ਦੁਨੀਆਂ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਸੀ ਜਨਿ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਆਪਣੀ ਸੱਚਾਈ ਨੂੰ ਸਫ਼ਲਤਾਪੂਰਵਕ ਪ੍ਰਗਟ ਕੀਤਾ ਹੈ। ਇਸੇ ਸੋਚ ’ਤੇ ਪਹਿਰਾ ਦਿੰਦਿਆਂ ਉਸ ਨੇ ਆਪਣੀ ਇੱਕ ਕਵਿਤਾ ਵਿੱਚ ਲਿਖਿਆ ਹੈ:
ਭੀੜ ਵਿੱਚ ਗੁਆਚ ਗਿਆ
ਧਰਤੀ ’ਤੇ ਮਨੁੱਖ
ਹੁਣ ਪਛਾਣ ਗੁੰਮ ਹੈ
ਇਸ ਭੀੜ ਸਿਸਟਮ ਵਿੱਚ
ਅੱਜ ਸਾਰਾ ਸੰਸਾਰ
ਝੂਠ ਦੀ ਰਾਜਨੀਤੀ ’ਤੇ ਖੜ੍ਹਾ ਹੈ
ਸ਼ੀਸ਼ਆਸਨ ਕਰਦਿਆਂ
ਮੈਂ ਇਸ ਵਿਰੁੱਧ ਬਗਾਵਤ ਕਰਦਾ ਹਾਂ।
ਮਿਲਾਨ ਕੁੰਦੇਰਾ ਨੇ ਸਭ ਤੋਂ ਪਹਿਲਾਂ ਆਪਣੀ ਮਾਤ ਭਾਸ਼ਾ ਚੈੱਕ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਉਸ ਨੇ ਚੈਕੋਸਲੋਵਾਕੀਅਨ ਕਮਿਊਨਿਸਟ ਪਾਰਟੀ ਤੋਂ ਬਗ਼ਾਵਤ ਕਰ ਕੇ 1975 ਵਿੱਚ ਫਰਾਂਸ ਨੂੰ ਆਪਣਾ ਘਰ ਬਣਾਇਆ ਅਤੇ ਫਰਾਂਸੀਸੀ ਵਿੱਚ ਲਿਖਣਾ ਸ਼ੁਰੂ ਕੀਤਾ ਜੋ ਆਪਣੀ ਜ਼ਿੰਦਗੀ ਦੇ ਆਖ਼ਰੀ ਦਨਿਾਂ ਤੱਕ ਜਾਰੀ ਰੱਖਿਆ।
ਮਿਲਾਨ ਦੀਆਂ ਸਾਰੀਆਂ ਕਿਤਾਬਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ, ਉਨ੍ਹਾਂ ਦਾ ਦੁਨੀਆ ਦੀਆਂ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਸੀ ਅਤੇ ਖ਼ਾਸਕਰ ਅੰਗਰੇਜ਼ੀ ਤੇ ਚੈੱਕ ਵਿੱਚ ਸਭ ਵੱਧ ਪੜ੍ਹਿਆ ਗਿਆ ਸੀ।
ਇਸ ਦੁਨੀਆਂ ਦੀ ਕੋਈ ਵੀ ਭਾਸ਼ਾ ਅਜਿਹੀ ਨਹੀਂ ਹੈ ਜਿਸ ਵਿੱਚ ਮਿਲਾਨ ਕੁੰਦੇਰਾ ਦਾ ਜ਼ਿਕਰ ਨਾ ਕੀਤਾ ਗਿਆ ਹੋਵੇ। ਇਹ ਉਸ ਦੇ ਸ਼ਬਦਾਂ, ਉਸ ਦੀ ਸ਼ੈਲੀ ਅਤੇ ਭਾਸ਼ਾਈ ਮੁਹਾਰਤ ਕਾਰਨ ਹੈ। ਮਿਲਾਨ ਇੱਕ ਜੁਝਾਰੂ ਲੇਖਕ ਸੀ ਅਤੇ ਉਹ ਅੱਜ ਸਾਡੇ ਵਿਚਕਾਰ ਨਾ ਹੋਣ ਦੇ ਬਾਵਜੂਦ ਹਮੇਸ਼ਾ ਸੰਘਰਸ਼ ਦਾ ਪ੍ਰਤੀਕ ਬਣਿਆ ਰਹੇਗਾ।ਮਿਲਨ ਕੁੰਡੇਰਾ ਨੇ ਕਿਹਾ ਸੀ ਕਿ ਸਾਡੀ ਅਜੋਕੀ ਦੁਨੀਆਂ ਦੇ ਲੇਖਕ ਹੁਣ ਲਿਖ ਨਹੀਂ ਰਹੇ, ਉਹ ਦੁਨੀਆਂ ਨਾਲੋਂ ਕੱਟ ਕੇ ਬਹੁਤ ਦੂਰ ਚਲੇ ਗਏ ਹਨ। ਝੂਠ ਵਿੱਚ ਪੈਣਾ, ਕਿਸੇ ਨਾਲ ਗੱਲਬਾਤ ਕੀਤੇ ਬਨਿਾਂ ਸੜਕ ‘ਤੇ ਜਾਣਾ। ਹੁਣ ਮਨੁੱਖ ਦੀ ਇਕੱਲਤਾ ਦਾ ਇਹ ਅਹਿਸਾਸ ਉਹੀ ਹੈ ਜੋ ਕਿ ਕੁੰਡੇਰਾ ਸਾਰੀ ਉਮਰ ਦੁਨੀਆਂ ਭਰ ਦੇ ਲੱਖਾਂ-ਕਰੋੜਾਂ ਲੋਕਾਂ ਨੂੰ ਕਹਿੰਦਾ ਰਿਹਾ ਹੈ। ਮਿਲਾਨ ਕੁੰਡੇਰਾ ਨੇ ਲਿਖਿਆ: ‘‘ਲੇਖਕ ਦੀ ਰਾਇ ਇਹ ਨਹੀਂ ਹੈ ਕਿ ਉਸ ਨੂੰ ਸੱਚਾਈ ਲਈ ਰੌਲਾ ਪਾਉਣਾ ਚਾਹੀਦਾ ਹੈ, ਉਸ ਦਾ ਮਕਸਦ ਸੱਚ ਨੂੰ ਸਾਹਮਣੇ ਲਿਆਉਣਾ ਹੈ। ਸੁਤੰਤਰਤਾ ਮੇਰਾ ਪਿਆਰ ਹੈ।’’ ਮਿਲਾਨ ਕੁੰਦੇਰਾ ਦਾ ਜਨਮ 1 ਅਪਰੈਲ 1929 ਨੂੰ ਚੈਕੋਸਲੋਵਾਕੀਆ ਵਿੱਚ ਹੋਇਆ ਸੀ। ਬਾਅਦ ਵਿੱਚ ਉਸ ਨੂੰ ਆਪਣੀ ਪੂਰੀ ਜ਼ਿੰਦਗੀ ਫਰਾਂਸ ਵਿੱਚ ਜਲਾਵਤਨੀ ਵਿੱਚ ਬਿਤਾਉਣੀ ਪਈ। 1979 ਵਿੱਚ ਉਸ ਦੀ ਚੈਕੋਸਲੋਵਾਕੀਆ ਦੀ ਨਾਗਰਿਕਤਾ ਖੋਹ ਲਈ ਗਈ ਸੀ। ਉਂਜ, 2019 ਵਿੱਚ ਉਸ ਨੂੰ ਦੁਬਾਰਾ ਉੱਥੋਂ ਦੀ ਨਾਗਰਿਕਤਾ ਦਿੱਤੀ ਗਈ ਸੀ।
ਉਸ ਨੇ ਚਾਰਲਸ ਯੂਨੀਵਰਸਿਟੀ ਪਰਾਗ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਮਿਲਾਨ ਦੇ ਪਿਤਾ ਅਤੇ ਮਾਤਾ ਦੋਵੇਂ ਸੰਗੀਤ ਦੀਆਂ ਮੰਚ ’ਤੇ ਪੇਸ਼ਕਾਰੀਆਂ ਕਰਦੇ ਸਨ ਜੋ ਮਿਲਾਨ ਨੇ ਵੀ ਸਿੱਖਿਆ ਅਤੇ ਬਾਅਦ ਵਿੱਚ ਕਈ ਵਾਰ ਉਸ ਦੇ ਕੰਮ ਆਇਆ।
ਉਹ 1947 ਵਿੱਚ ਚੈੱਕ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ, ਪਰ ਪਾਰਟੀ ਦੀ ਅੰਦਰੂਨੀ ਰਾਜਨੀਤੀ ਤੋਂ ਮੋਹ ਭੰਗ ਹੋਣ ਦੇ ਨਾਲ ਹੀ ਉਹ ਦੇਸ਼ ਅਤੇ ਪਾਰਟੀ ਦੋਵਾਂ ਨੂੰ ਛੱਡ ਗਿਆ। 1947 ਵਿੱਚ ਉਸ ਦਾ ਪਹਿਲਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਇਆ ਜਿਸ ਦਾ ਸਿਰਲੇਖ ਸੀ, ‘ਫਿਰ ਲਾਸ਼ ਨੂੰ ਯਾਦ ਹੈ’। ਇਸ ਵਿੱਚ ਉਸ ਸਮੇਂ ਦੇ ਨਾਜ਼ੀ ਕੈਂਪਾਂ ਵਿੱਚ ਹੋ ਰਹੇ ਅੱਤਿਆਚਾਰਾਂ ਦੀ ਵਿਆਖਿਆ ਕੀਤੀ ਗਈ ਸੀ।
1950 ਤੋਂ 1952 ਤੱਕ ਉਹ ਵਿਸ਼ਵ ਸਾਹਿਤ ਦੇ ਅਧਿਆਪਕ ਵਜੋਂ ਚੁਣਿਆ ਗਿਆ। ਮਿਲਾਨ ਨੇ 1962 ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ‘ਆਲ ਵਰਲਡ ਹੈਪੀਨੈੱਸ ਰੇਨ ਆਲ’ ਵਿੱਚ ਇਸ ਦਾ ਜ਼ਿਕਰ ਕੀਤਾ ਹੈ। ਉਸ ਨੇ ਕਿਹਾ ਕਿ ਬਸੰਤ ਅਤੇ ਪੱਤਝੜ ਦੇ ਮੌਸਮ ਸ਼ਾਇਦ ਇੱਕੋ ਜਿਹੇ ਹਨ। ਉਸ ਨੇ ਆਪਣੇ ਪਾਤਰਾਂ ਦੇ ਮਨੋਵਿਗਿਆਨਕ ਤੱਥਾਂ ਨੂੰ ਧਿਆਨ ਵਿੱਚ ਰੱਖਿਆ ਅਤੇ ਉਸ ਦੇ ਵਿਚਾਰਾਂ ਨੇ ਉਸੇ ਸਮੇਂ ਆਪਣੇ ਰੂਪ ਨੂੰ ਦੁਹਰਾਇਆ ਹੈ। ਮਿਲਾਨ ਨੇ ਸਾਰੀ ਉਮਰ ਨਵੀਂ ਚੇਤਨਾ ਦੇ ਸੰਕਲਪ ਨਾਲ ਇਹ ਉਪਰਾਲਾ ਕੀਤਾ। ਉਸ ਦਾ ਤਿੱਖਾ ਅੰਦਾਜ਼ ਉਸ ਦੀ ਪਛਾਣ ਬਣ ਗਿਆ।
ਮਿਲਾਨ ਕੁੰਡੇਰਾ ਦਾ ਰਚਨਾ ਸੰਸਾਰ
ਮਿਲਾਨ ਕੁੰਦੇਰਾ ਦੀ ਸਿਰਜਣਾ ਦੀ ਦੁਨੀਆਂ ਭਰ ਵਿੱਚ ਚਰਚਾ ਹੋਈ ਹੈ, ਪਰ ਕਈ ਵਾਰ ਸਿਫ਼ਾਰਿਸ਼ ਹੋਣ ਦੇ ਬਾਵਜੂਦ ਉਸ ਨੂੰ ਨੋਬੇਲ ਪੁਰਸਕਾਰ ਨਹੀਂ ਦਿੱਤਾ ਗਿਆ। ਦਰਅਸਲ, ਮਿਲਾਨ ਕੁੰਦੇਰਾ ਦਾ ਸਾਹਿਤ ਕਿਸੇ ਵੀ ਪੁਰਸਕਾਰ ਨਾਲੋਂ ਬਹੁਤ ਉੱਚਾ ਹੈ। ਆਪਣੇ ਪਹਿਲੇ ਨਾਵਲ ‘ਜੋਕ’ ਵਿੱਚ ਉਸ ਨੂੰ ਵਿਦਰੋਹੀ ਟਿੱਪਣੀ ਕਰਨ ਕਰਕੇ ਸਰਕਾਰ ਨੇ ਨਿਸ਼ਾਨਾ ਬਣਾਇਆ ਸੀ। ਇਸ ਨਾਵਲ ਨੇ ਕੁੰਦੇਰਾ ਨੂੰ ਪ੍ਰਸਿੱਧ ਲੇਖਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਅਤੇ ਉਸ ਨੂੰ ਸਮੁੱਚੇ ਯੂਰਪੀ ਸਾਹਿਤ ਵਿੱਚ ਮਾਨਤਾ ਮਿਲੀ ਸੀ।
ਉਸ ਦੇ ਇਸ ਨਾਵਲ ਵਿੱਚ ਇਹ ਇੱਕ ਵਿਦਿਆਰਥੀ ਹੈ ਜੋ ਇੱਕ ਕੁੜੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਨਾਵਲ ਚੁਟਕਲੇ ਦੀ ਇੱਕ ਪ੍ਰਸ਼ਨਾਵਲੀ ਦੁਆਲੇ ਘੁੰਮਦਾ ਹੈ ਜੋ ਉਹ ਬਣਾਉਂਦਾ ਹੈ। ਇਸ ਨੂੰ ਉਸ ਸਮੇਂ ਦੀ ਸਰਕਾਰ ਨੇ ਜ਼ਬਤ ਕਰ ਲਿਆ ਸੀ। ਇਸ ਨਾਵਲ ਨਾਲ ਮਿਲਾਨ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਬਹੁਤ ਵੱਡਾ ਲੇਖਕ ਬਣ ਗਿਆ ਸੀ।
ਵਿਸ਼ਵ ਸਾਹਿਤ ਦੀ ਗੱਲ ਕਰੀਏ ਤਾਂ ਮਿਲਾਨ ਕੁੰਦੇਰਾ ਉਸ ਸਮੇਂ ਦੇ ਪ੍ਰਸਿੱਧ ਦਾਰਸ਼ਨਿਕ ਨੀਤਸ਼ੇ ਅਤੇ ਕਾਫ਼ਕਾ ਤੋਂ ਬਹੁਤ ਪ੍ਰਭਾਵਿਤ ਸੀ। ਇਹ 1952 ਦੇ ਦਨਿ ਸਨ ਜਦੋਂ ਯੂਰਪੀ ਸਮਾਜ ਸਮਾਜਿਕ ਅਤੇ ਰਾਜਨੀਤਕ ਤਬਦੀਲੀ ਵਿੱਚੋਂ ਲੰਘ ਰਿਹਾ ਸੀ। ਇਸ ਘਟਨਾ ਤੋਂ ਬਾਅਦ ਉਹ 1975 ਵਿੱਚ ਜਲਾਵਤਨ ਹੋ ਕੇ ਫਰਾਂਸ ਚਲਾ ਗਿਆ। ਉੱਥੇ ਰਹਿੰਦਿਆਂ ਮਿਲਾਨ ਕੁੰਦੇਰਾ ਨੇ ਦੁਨੀਆ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲ ਲਿਖਿਆ ‘ਦਿ ਅਨਬੀਅਰਏਬਲ ਲਾਈਟਨੈੱਸ ਆਫ ਬੀਇੰਗ’। ਉਸ ਸਮੇਂ ਦੇ ਆਲੋਚਕ ਜੌਹਨ ਬੇਲੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਮਿਲਾਨ ਕੁੰਦੇਰਾ ਦਾ ਇਹ ਨਾਵਲ ਵਿਸ਼ਵ ਦੇ ਨਾਵਲ ਸਾਹਿਤ ਵਿੱਚ ਲੇਖਕ ਦੀ ਆਵਾਜ਼ ਸੀ। ਇਹ ਕੋਈ ਸਮਝੌਤਾ ਨਹੀਂ। ਇਹ ਇੱਕ ਸ਼ਾਨਦਾਰ ਸ਼ੈਲੀ ਵਿੱਚ ਲਿਖਿਆ ਨਾਵਲ ਹੈ ਜਿਸ ਦੀ ਦੁਨੀਆਂ ਦੇ ਸਾਹਿਤ ਵਿੱਚ ਕੋਈ ਹੋਰ ਮਿਸਾਲ ਨਹੀਂ ਮਿਲਦੀ।
ਅਸਲ ਵਿੱਚ, ਇਹ ਵਿਧਾ ਦੇ ਦਰਸ਼ਨ ਅਤੇ ਰਚਨਾ ਦੀ ਪੁਰਾਣੀ ਪਰੰਪਰਾ ਨੂੰ ਬੇਰਹਿਮੀ ਨਾਲ ਤੋੜਦਾ ਹੈ। ਮਿਲਾਨ ਦੇ ਸਾਰੇ ਨਾਵਲਾਂ ’ਤੇ ਫਿਲਮਾਂ ਬਣਾਈਆਂ ਗਈਆਂ ਹਨ ਜਨਿ੍ਹਾਂ ਵਿੱਚੋਂ ਕਈ ਔਸਕਰ ਵਰਗੇ ਵੱਕਾਰੀ ਐਵਾਰਡਾਂ ਲਈ ਨਾਮਜ਼ਦ ਵੀ ਹੋਈਆਂ। ਨਿਰਮਲ ਵਰਮਾ ਵਰਗੇ ਹਿੰਦੀ ਲੇਖਕਾਂ ਨੇ ਮਿਲਾਨ ਕੁੰਦੇਰਾ ਦੀਆਂ ਕਹਾਣੀਆਂ ਦਾ ਸਿੱਧਾ ਚੈੱਕ ਭਾਸ਼ਾ ਤੋਂ ਅਨੁਵਾਦ ਕੀਤਾ, ਪਰ ਕਿਸੇ ਹੋਰ ਭਾਸ਼ਾ ਵਿੱਚ ਅਜਿਹਾ ਕੁਝ ਨਹੀਂ ਮਿਲਦਾ। ਉਸ ਦੇ ਨਾਵਲਾਂ ਵਿੱਚ ਉਸ ਦੀ ਸ਼ੈਲੀ ਅਤੇ ਧਾਰਮਿਕਤਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ।
ਕੁੰਦੇਰਾ ਦਾ ਕਥਨ ਹੈ ਕਿ ਲੇਖਕ ਆਪਣੀਆਂ ਰਚਨਾਵਾਂ ਵਿੱਚ ਅੱਗੇ ਨਹੀਂ ਆਉਂਦਾ, ਪਰ ਉਸ ਦੀ ਰਚਨਾ ਪਾਠਕਾਂ ਵਿੱਚ ਅੱਗੇ ਆਉਂਦੀ ਹੈ ਅਤੇ ਅੱਗੇ ਆਉਣੀ ਚਾਹੀਦੀ ਹੈ। ਉਸ ਦਾ ਇਹ ਵੀ ਮੰਨਣਾ ਸੀ ਕਿ ਸੱਤਾ ਕਦੇ ਵੀ ਆਪਣੀ ਆਲੋਚਨਾ ਨੂੰ ਬਰਦਾਸ਼ਤ ਨਹੀਂ ਕਰਦੀ। ਇਹ ਵੀ ਸੱਚ ਹੈ ਕਿ ਦੁਨੀਆ ਭਰ ਦੇ ਲੋਕ ਇਸ ਦਾ ਸ਼ਿਕਾਰ ਹੋਏ ਹਨ ਅਤੇ ਮਿਲਾਨ ਕੁੰਦੇਰਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਸਦਾ ਗੁਪਤ ਰੱਖਿਆ। ਉਹ ਸ਼ਾਇਦ ਦੁਨੀਆ ਦਾ ਪਹਿਲਾ ਲੇਖਕ ਹੈ ਜਿਸ ਨੇ ਆਪਣੀ ਰਚਨਾਤਮਕਤਾ ’ਤੇ ਬਹੁਤ ਘੱਟ ਮੀਡੀਆ ਇੰਟਰਵਿਊਜ਼ ਦਿੱਤੀਆਂ ਹਨ।
ਮਿਲਾਨ ਕੁੰਡੇਰਾ ਨੇ ਸਭ ਤੋਂ ਵੱਡੀ ਟਿੱਪਣੀ ਕਿਤਾਬਾਂ ਦੇ ਭਵਿੱਖ ਬਾਰੇ ਕੀਤੀ। ਉਸ ਨੇ ਕਦੇ ਵੀ ਆਪਣੀਆਂ ਕਿਤਾਬਾਂ ਦੇ ਡਿਜੀਟਲ ਸੰਸਕਰਣਾਂ ਦੀ ਆਗਿਆ ਨਹੀਂ ਦਿੱਤੀ। ਉਹ ਕਹਿੰਦੇ ਰਹੇ ਕਿ ਉਨ੍ਹਾਂ ਦੀ ਕੋਈ ਉਮਰ ਨਹੀਂ, ਕਿਤਾਬ ਕਾਗਜ਼ਾਂ ’ਤੇ ਹੀ ਸਦੀਆਂ ਜ਼ਿੰਦਾ ਰਹੇਗੀ। ਉਹ ਹਮੇਸ਼ਾ ਕਿਤਾਬਾਂ ਦੇ ਇਸ ਡਿਜੀਟਲ ਰੂਪ ਵਿਰੁੱਧ ਲੜਦਾ ਰਿਹਾ।
ਮੈਨੂੰ 2012 ਦੇ ਆਖ਼ਰੀ ਦਨਿਾਂ ਦਾ ਉਨ੍ਹਾਂ ਦਾ ਇੱਕ ਭਾਸ਼ਣ ਯਾਦ ਹੈ। ਕੁੰਦੇਰਾ ਨੇ ਕਿਹਾ ਸੀ: ‘‘ਇਸ ਸਮੇਂ ਨੇ ਕਿਤਾਬਾਂ ਨੂੰ ਬੇਰਹਿਮੀ ਨਾਲ ਤਬਾਹ ਕਰਨਾ ਸ਼ੁਰੂ ਕਰ ਦਿੱਤਾ ਹੈ।’’ ਮਿਲਾਨ ਨੇ ਆਧੁਨਿਕ ਲੋਕਾਂ ਅਤੇ ਲੇਖਕਾਂ ਬਾਰੇ ਕਿਹਾ ਸੀ ਕਿ ਉਹ ਸੜਕ ’ਤੇ ਤਾਂ ਤੁਰਦੇ ਹਨ ਪਰ ਨਾਲ ਚੱਲਣ ਵਾਲੇ ਲੋਕਾਂ ਨੂੰ ਵੀ ਨਹੀਂ ਦੇਖਦੇ। ਮਿਲਾਨ ਕੁੰਦੇਰਾ ਮੁਤਾਬਿਕ, ਆਦਮੀ ਦੀ ਨਿੱਜਤਾ ਬਹੁਤ ਮਹੱਤਵਪੂਰਨ ਹੈ ਅਤੇ ਉਸ ਨੇ ਇਹ ਪ੍ਰਤੀਬੱਧਤਾ ਆਪਣੇ ਤੇ ਆਪਣੇ ਕਿਰਦਾਰਾਂ ਨਾਲ ਨਿਭਾਈ।
* ਲੇਖਕ ਪ੍ਰਸਿੱਧ ਸਾਹਿਤਕਾਰ ਅਤੇ ਵਿਸ਼ਵ ਸਾਹਿਤ ’ਤੇ ਮੀਡੀਆ ਮਾਹਿਰ ਹਨ।
ਸੰਪਰਕ: 94787-30156

Advertisement

Advertisement
Tags :
Author Image

joginder kumar

View all posts

Advertisement
Advertisement
×