ਪਰਵਾਸ, ਪੰਜਾਬੀ ਨੌਜਵਾਨ ਤੇ ਪੰਜਾਬ ਦਾ ਭਵਿੱਖ
ਪਾਵੇਲ ਕੁੱਸਾ
ਪੰਜਾਬ ਅੰਦਰ ਹੱਕੀ ਲੋਕ ਸੰਘਰਸ਼ਾਂ ਦੇ ਅਖਾੜੇ ਮਘ ਰਹੇ ਹਨ। ਪੰਜਾਬ ਦੇ ਡਾਢੇ ਸੰਕਟਾਂ ਦੇ ਦੌਰ ’ਚ ਜਦੋਂ ਕਿਰਤੀ ਕਿਸਾਨ ਆਪਣੇ ਸਾਹ ਚੱਲਦੇ ਰੱਖਣ ਲਈ ਹਾਕਮਾਂ ਨਾਲ ਮੱਥਾ ਲਾ ਰਹੇ ਹਨ ਤਾਂ ਇਸ ਦ੍ਰਿਸ਼ ਵਿਚੋਂ ਨੌਜਵਾਨਾਂ ਦੀ ਝਲਕ ਬਹੁਤ ਫਿੱਕੀ ਹੈ। ਕਦੇ ਕਦੇ ਕੋਈ ਚੇਤਨ ਤੇ ਜੁਝਾਰ ਨੌਜਵਾਨਾਂ ਦੀ ਟੋਲੀ ਦੀ ਗੂੰਜ ਪੈਂਦੀ ਹੈ ਪਰ ਆਮ ਕਰ ਕੇ ਪੰਜਾਬ ਦੇ ਜਨਤਕ ਘੋਲਾਂ ਦਾ ਪਿੜ ਨੌਜਵਾਨਾਂ ਦੀ ਮੌਜੂਦਗੀ ਨੂੰ ਤਰਸਿਆ ਹੀ ਰਹਿੰਦਾ ਹੈ। ਤਰਸੇਗਾ ਹੀ, ਹੱਕਾਂ ਲਈ ਸਮੂਹਿਕ ਸੰਘਰਸ਼ ਤਾਂ ਮਗਰੋਂ ਹੋਣਾ ਹੁੰਦਾ ਹੈ, ਪਹਿਲਾਂ ਤਾਂ ਇਥੇ ਕੁਝ ਹੋ ਸਕਣ ਦੀ ਆਸ ਦੀ ਕਰੂੰਬਲ ਫੁੱਟਣੀ ਚਾਹੀਦੀ ਹੈ। ਉਹ ਕਰੂੰਬਲ ਫੁੱਟਦੀ ਹੈ ਤਾਂ ਉਹਨਾਂ ਆਸਾਂ ਨੂੰ ਸਾਕਾਰ ਕਰਨ ਲਈ ਲੋਕ ਰਲ ਕੇ ਘਾਲਣਾ ਘਾਲਦੇ ਹਨ, ਹੱਕਾਂ ਦੀ ਪਛਾਣ ਕਰਦੇ ਹਨ ਤੇ ਡਾਢੀਆਂ ਹਕੂਮਤਾਂ ਤੋਂ ਉਹ ਹੱਕ ਲੈਣ ਲਈ ਨਿਤਰਦੇ ਹਨ ਪਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਧਰਤੀ ਇੰਨੀ ਬੇ-ਆਸ ਲੱਗਦੀ ਹੈ ਕਿ ਇਥੇ ਜਿ਼ੰਦਗੀ ਦਾ ਕੁਝ ਸੰਵਰ ਜਾਣ ਦੀ ਆਸ ਦੀ ਕਿਰਨ ਫੁੱਟਣ ਤੋਂ ਪਹਿਲਾਂ ਮੁਰਝਾ ਜਾਂਦੀ ਹੈ। ਜਿ਼ੰਦਗੀ ਦੀ ਖੁਸ਼ਹਾਲੀ ਦੀਆਂ ਆਸਾਂ ਦੀਆਂ ਕਰੂੰਬਲਾਂ ਹੁਣ ਸੱਤ ਸਮੁੰਦਰੋਂ ਪਾਰ ਦੀ ਧਰਤੀ ’ਤੇ ਫੁੱਟ ਰਹੀਆਂ ਹਨ ਤੇ ਉਥੇ ਪੁੱਜਣ ਲਈ ਸੰਘਰਸ਼ ਵੀ ਹੋ ਰਿਹਾ ਹੈ। ਪੰਜਾਬੀ ਨੌਜਵਾਨਾਂ ਵੱਲੋਂ ਵਿਦੇਸ਼ ਜਾਣ ਲਈ ਘਾਲ਼ੀ ਜਾ ਰਹੀ ਘਾਲਣਾ ਪੰਜਾਬੀ ਚਿੰਤਕਾਂ ਦੀ ਇਸ ਫਿਕਰਮੰਦੀ ਦਾ ਜਵਾਬ ਬਣਦੀ ਹੈ ਕਿ ਪੰਜਾਬੀ ਨੌਜਵਾਨ ਨਿਕੰਮਾ ਹੋ ਚੁੱਕਿਆ ਹੈ। ਜਿ਼ੰਦਗੀ ਤੋਂ ਬੇ-ਮੁੱਖ ਹੋ ਚੁੱਕਿਆ ਹੈ ਤੇ ਘੋਰ ਨਿਰਾਸ਼ਾ ਦੇ ਸਮੁੰਦਰਾਂ ’ਚ ਗੋਤੇ ਲਾ ਰਿਹਾ ਹੈ। ਜਿ਼ੰਦਗੀ ਦੀ ਬਿਹਤਰੀ ਦੀ ਆਸ ਇਉਂ ਇੰਨੀ ਜਲਦੀ ਕਿੱਥੇ ਮੁੱਕਦੀ ਹੈ। ਇਹਨੂੰ ਸੰਵਾਰ ਲੈਣ ਦੇ ਸੁਫ਼ਨੇ ਅਜੇ ਜਿਊਂਦੇ ਹਨ।
ਹਾਂ, ਪੰਜਾਬੀ ਨੌਜਵਾਨ ਪੰਜਾਬ ਅੰਦਰ ਹੀ ਜਿ਼ੰਦਗੀ ਦੇ ਸੰਵਰ ਜਾਣ ਤੋਂ ਬੇ-ਮੁਖ ਹੋਏ ਜਾਪ ਸਕਦੇ ਹਨ ਪਰ ਭਰਪੂਰ ਜਿ਼ੰਦਗੀ ਜਿਊਣ ਦੀਆਂ ਆਸਾਂ ਤਾਂ ਮਨਾਂ ’ਚ ਉਵੇਂ ਹੀ ਧੜਕ ਰਹੀਆਂ ਹਨ। ਇਹਨਾਂ ਆਸਾਂ ਦੀ ਪੂਰਤੀ ਲਈ ਨਿਗਾਹਾਂ ਦੂਰ ਦੀਆਂ ਧਰਤੀਆਂ ’ਤੇ ਹਨ। ਇਹਨਾਂ ਆਸਾਂ ਨੇ ਪੰਜਾਬ ’ਚੋਂ ਹੈਰਾਨ ਕਰਨ ਦੀ ਪੱਧਰ ਤੱਕ ਪਰਵਾਸ ਨੂੰ ਜਨਮ ਦਿੱਤਾ ਹੈ। ਪੱਛਮੀ ਤਰਜ਼-ਏ-ਜਿ਼ੰਦਗੀ ਦੀ ਚਕਾਚੌਂਧ, ਖਪਤਕਾਰੀ ਸੱਭਿਆਚਾਰ ਦਾ ਪ੍ਰਛਾਵਾਂ, ਇਥੋਂ ਨਾਲੋਂ ਸਾਫ ਵਾਤਾਵਰਨ ਵਰਗੇ ਕਾਰਨ ਤਾਂ ਨਿਗੂਣੇ ਹਨ। ਆਧਾਰ ਤਾਂ ਪੰਜਾਬ ਅੰਦਰ ਬੇਰੁਜ਼ਗਾਰੀ ਦੇ ਦੈਂਤ ਦਾ ਕਹਿਰ ਹੈ ਜਿਸ ਦਾ ਸਾਹਮਣਾ ਕਰਨਾ ਹਰ ਇੱਕ ਲਈ ਮੁਸ਼ਕਿਲ ਹੋਇਆ ਪਿਆ ਹੈ। ਇਸ ਨੇ ਸਮਾਜਿਕ ਸੰਕਟ ਦੇ ਪਸਾਰ ਵਧਾ ਦਿੱਤੇ ਹਨ ਤੇ ਕੁੱਲ ਮਿਲਾ ਕੇ ਪੰਜਾਬ ’ਚ ਅਸੁਰੱਖਿਅਤਾ ਦੇ ਵਾਤਾਵਰਨ ਦਾ ਪਸਾਰਾ ਹੋ ਗਿਆ ਹੈ। ਵਿਦੇਸ਼ੀ ਧਰਤੀਆਂ ’ਤੇ ਜਿ਼ੰਦਗੀ ਗੁਜ਼ਾਰਨ ਦਾ ਵੱਲ ਜਿਹਾ ਸਿੱਖ ਲੈਣ ਮਗਰੋਂ ਅੱਗੇ ਤੋਂ ਅੱਗੇ ਹੁੰਦੇ ਗਏ ਸੰਚਾਰ ਨੇ ਪੰਜਾਬੀਆਂ ਲਈ ਪਰਵਾਸ ਆਮ ਵਰਤਾਰਾ ਬਣਾ ਦਿੱਤਾ ਹੈ। ਪੰਜਾਬੀ ਜਿਸ ਹੱਦ ਤੱਕ ਵਿਦੇਸ਼ਾਂ ’ਚ ਜਾਣ ਲਈ ਜਫ਼ਰ ਜਾਲਦੇ ਹਨ, ਜਿੰਨੀ ਮਿਹਨਤ ਇਥੋਂ ਜਾਣ ਲਈ ਕਰਦੇ ਹਨ ਤੇ ਉਸ ਤੋਂ ਜਿ਼ਆਦਾ ਉੱਥੇ ਜਾ ਕੇ ਕਮਾਈਆਂ ਕਰਨ ਲਈ ਕਰਦੇ ਹਨ। ਇਹ ਵੀ ਪੰਜਾਬੀਆਂ ਦੇ ਕੰਮ ਛੱਡ ਜਾਣ ਦੀ ਧਾਰਨਾ ਦਾ ਜਵਾਬ ਹੈ। ਇਥੇ ਵਿਹਲੇ ਜਾਪਦੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਨਾਲ਼ ਉਥੇ ਪੜ੍ਹਾਈਆਂ ਕਰ ਰਹੇ ਹਨ, ਨਾਲੇ ਦੋ ਦੋ ਸਿ਼ਫਟਾਂ ’ਚ ਕੰਮ ਕਰ ਕੇ ਫੀਸਾਂ ਦਾ ਜੁਗਾੜ ਕਰ ਰਹੇ ਹਨ। ਇਹ ਮਿਹਨਤ ਕਿਹੜੇ ਭਾਈਚਾਰੇ ਨਾਲੋਂ ਘੱਟ ਬਣਦੀ ਹੈ। ਜਿ਼ੰਦਗੀ ਦੇ ਸੰਵਰ ਜਾਣ ਦੀ ਆਸ ਹੋਵੇ ਤਾਂ ਮਿਹਨਤ ਮਨੁੱਖੀ ਸੁਭਾਅ ਦਾ ਹਿੱਸਾ ਹੈ। ਪੰਜਾਬੀ ਓੜਕਾਂ ਦਾ ਕੰਮ ਕਰ ਸਕਦੇ ਹਨ ਪਰ ਇਹ ਕੰਮ ਜਿ਼ੰਦਗੀ ’ਚ ਰੰਗ ਭਰਦਾ ਜਾਪੇ। ਢਿੱਡ ਨੂੰ ਝੁਲਕਾ ਦੇਣ ਲਈ ਤਾਂ ਹਰ ਕੋਈ ਕਰਦਾ ਹੀ ਹੈ, ਕਰ ਰਿਹਾ ਹੈ। ਜੇ ਭਵਿੱਖ ਵਿਦੇਸ਼ ਜਾ ਕੇ ਸੰਵਰਦਾ ਦਿਸੇ ਤਾਂ ਕੋਈ ਇਥੇ ਕਿਉਂ ਰਹੇਗਾ? ਇਥੇ ਉਹੀ ਰਹਿਣਗੇ, ਜਿਨ੍ਹਾਂ ਲਈ ਕਿਤੇ ਹੋਰ ਰੌਸ਼ਨੀ ਦੀ ਕਿਰਨ ਨਹੀਂ ਹੈ। ਉਹ ਲਾਜ਼ਮੀ ਹੀ ਇਥੋਂ ਵੀ ਰੌਸ਼ਨੀ ਲੱਭ ਲੈਣਗੇ।
ਪਰਵਾਸ ਪੰਜਾਬ ਦੇ ਇਹਨਾਂ ਸੰਕਟਾਂ ਦਾ ਹੱਲ ਨਹੀਂ ਹੋ ਸਕਦਾ। ਪੱਛੜੇ ਸਮਾਜਾਂ ਤੋਂ ਵਿਕਸਤ ਸਮਾਜ ਵੱਲ ਪਰਵਾਸ ਹੁੰਦਾ ਹੀ ਰਿਹਾ ਹੈ, ਹੁਣ ਵੀ ਜਾਰੀ ਰਹੇਗਾ ਪਰ ਇਹ ਸਾਡੇ ਸਮਾਜ ਦੇ ਸੰਕਟਾਂ ਦਾ ਨਿਵਾਰਨ ਕਰਨ ਜੋਗਾ ਕਿਵੇਂ ਹੋ ਸਕਦਾ ਹੈ। ਇਹਨਾਂ ਸੰਕਟਾਂ ਦਾ ਹੱਲ ਤਾਂ ਇਥੋਂ ਦੇ ਸਮਾਜ ਨੇ ਕਰਨਾ ਹੈ, ਪਿੱਛੇ ਬਚ ਗਏ ਸਮਾਜ ਨੇ ਕਰਨਾ ਹੈ। ਪਰਵਾਸ ਜਿੰਨਾ ਵੀ ਵੱਡਾ ਹੋਵੇ, ਜਿੰਨਾ ਵੀ ਵਿਆਪਕ ਹੋਵੇ, ਅਜੇ ਤਾਂ ਇਹ ਸਾਡੇ ਪੰਜਾਬ ਦੀ ਚੰਦ ਪ੍ਰਤੀਸ਼ਤ ਦਾ ਮਸਲਾ ਹੀ ਬਣਦਾ ਹੈ।
ਸਾਮਰਾਜੀ ਮੁਲਕਾਂ ਦੇ ਡੂੰਘੇ ਹੋ ਰਹੇ ਆਰਥਿਕ ਸੰਕਟਾਂ ਨੇ ਉਥੇ ਵੀ ਆਉਂਦੇ ਸਮੇਂ ’ਚ ਰੁਜ਼ਗਾਰ ਦੇ ਮੌਕਿਆਂ ’ਤੇ ਸੱਟ ਮਾਰਨੀ ਹੈ ਪਰ ਪੰਜਾਬ ਦੇ ਬੇ-ਜ਼ਮੀਨੇ ਕਿਸਾਨਾਂ, ਗਰੀਬ ਦੁਕਾਨਦਾਰਾਂ ਤੇ ਦਲਿਤਾਂ ਦੇ ਬੱਚਿਆਂ ਲਈ ਤਾਂ ਹੁਣ ਵੀ ਉਹਨਾਂ ਮੁਲਕਾਂ ਦੇ ਬੂਹੇ ਬੰਦ ਹੀ ਹਨ। ਲੱਖਾਂ ਰੁਪਏ ਝੋਕ ਕੇ ਜਾਣ ਦੀ ਪਰੋਖੋਂ ਹੀ ਨਹੀਂ ਇਹਨਾਂ ਹਿੱਸਿਆਂ ਦੀ। ਇਹਨਾਂ ਨੂੰ ਆਸਾਂ ਪੰਜਾਬ ਦੀ ਧਰਤੀ ’ਤੇ ਜਗਾਉਣੀਆਂ ਪੈਣੀਆਂ ਹਨ ਤੇ ਉਹਨਾਂ ਨੂੰ ਬੂਰ ਪਾਉਣ ਲਈ ਸਭਨਾਂ ਕਿਰਤੀ ਲੋਕਾਂ ਨਾਲ ਰਲ ਕੇ, ਉਹਨਾਂ ਦੇ ਸੁਫ਼ਨਿਆਂ ਦੀ ਕਤਲਗਾਹ ਬਣੇ ਇਸ ਨਿਜ਼ਾਮ ਨਾਲ ਭਿੜਨਾ ਹੀ ਪੈਣਾ ਹੈ। ਕੋਈ ਪਰਵਾਸ ਇਹਨਾਂ ਲਈ ਰੌਸ਼ਨ ਭਵਿੱਖ ਦੇ ਬੂਹੇ ਖੋਲ੍ਹਣ ਜੋਗਾ ਨਹੀਂ ਹੈ। ਇਹਨਾਂ ਨੌਜਵਾਨਾਂ ਨੇ ਵਰਤਮਾਨ ਇਥੇ ਹੀ ਹੰਢਾਉਣਾ ਹੈ ਤੇ ਭਵਿੱਖ ਵੀ ਇਥੇ ਹੀ ਬਣਾਉਣਾ ਹੈ। ਇਸ ਪਰਤ ਦੀਆਂ ਇਸੇ ਧਰਤੀ ’ਤੇ ਭਵਿੱਖ ਸੰਵਾਰਨ ਦੀਆਂ ਆਸਾਂ ਅਜੇ ਜਿਊਂਦੀਆਂ ਹਨ। ਪੰਜਾਬ ’ਚ ਲੋਕਾਂ ਨੂੰ ਜੂਝਣ ਦਾ ਹੋਕਾ ਦੇ ਰਹੀਆਂ ਨੌਜਵਾਨ ਟੋਲੀਆਂ ਇਸ ਸੱਚ ਦੇ ਦੀਦਾਰ ਕਰਵਾ ਰਹੀਆਂ ਹਨ। ਕਿਰਤੀ ਘਰਾਂ ਦੇ ਇਹਨਾਂ ਧੀਆਂ-ਪੁੱਤਾਂ ਦੀਆਂ ਇਹ ਟੋਲੀਆਂ ਅੱਜ ਛੋਟੀਆਂ ਹਨ ਪਰ ਇਹ ਪੰਜਾਬ ਲਈ ਵੱਡੀ ਆਸ ਦਾ ਸੋਮਾ ਹਨ। ਪੰਜਾਬ ਦੀਆਂ ਨੌਜਵਾਨ ਵਿਦਿਆਰਥੀ ਜਥੇਬੰਦੀਆਂ ’ਚ ਸ਼ਾਮਲ ਅਜਿਹੇ ਸੈਂਕੜੇ ਕਾਰਕੁਨ ਲੋਕ ਸੰਘਰਸ਼ਾਂ ਦਾ ਝੰਡਾ ਉੱਚਾ ਕਰ ਰਹੇ ਹਨ। ਇਹਨਾਂ ਨੌਜਵਾਨਾਂ ਦੀਆਂ ਅਜਿਹੀਆਂ ਜਿਊਂਦੀਆਂ ਆਸਾਂ ’ਚ ਹੀ ਪੰਜਾਬ ਦਾ ਭਵਿੱਖ ਜਿਊਂਦਾ ਹੈ।
ਸੰਪਰਕ: pavelnbs11@gmail.com