ਪਰਵਾਸ ਨੇ ਪੰਜਾਬ ’ਚ ਉਚੇਰੀ ਵਿੱਦਿਆ ਨੂੰ ਪ੍ਰਭਾਵਿਤ ਕੀਤਾ: ਡਾ. ਸਵਰਾਜ ਸਿੰਘ
ਪੱਤਰ ਪ੍ਰੇਰਕ
ਪਟਿਆਲਾ, 19 ਦਸੰਬਰ
ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰਮਤਿ ਲੋਕ-ਧਾਰਾ ਵਿਚਾਰ ਮੰਚ ਵੱਲੋਂ ਸੰਵਾਦ- 7 ਤਹਿਤ ‘ਬਦਲਦੇ ਵਿਸ਼ਵ ਦ੍ਰਿਸ਼ ਵਿੱਚ ਪਰਵਾਸ’ ਵਿਸ਼ੇ ਬਾਰੇ ਡਾ. ਹਰਜਿੰਦਰ ਸਿੰਘ ਵਾਲੀਆ ਦੀ ਪ੍ਰਧਾਨਗੀ ਤੇ ਡਾ. ਭੀਮ ਇੰਦਰ ਸਿੰਘ ਦੀ ਦੇਖ-ਰੇਖ ਹੇਠ ਗੋਸ਼ਟੀ ਕਰਵਾਈ ਗਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਪੁੱਜੇ ਜਦਕਿ ਹੋਰ ਬੁਲਾਰਿਆਂ ਵਿੱਚ ਗੁਰਪ੍ਰੀਤ ਸਿੰਘ ਤੂਰ, ਡਾ. ਤਰਲੋਚਨ ਕੌਰ, ਪਵਨ ਹਰਚੰਦਪੁਰੀ, ਪ੍ਰਾਣ ਸਭਰਵਾਲ, ਲਕਸ਼ਮੀ ਨਰਾਇਣ ਭੀਖੀ, ਨਿਹਾਲ ਸਿੰਘ ਮਾਨ, ਏਪੀ ਸਿੰਘ ਅਤੇ ਇਕਬਾਲ ਗੱਜਣ ਨੇ ਭਾਗ ਲਿਆ। ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨ ਕੀਤਾ। ਡਾ. ਸਵਰਾਜ ਸਿੰਘ ਨੇ ਕਿਹਾ ਕਿ ਬਦਲ ਰਹੇ ਵਿਸ਼ਵ ਦ੍ਰਿਸ਼ ’ਚ ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ ਅੱਜ ਦੇ ਮੁੱਖ ਰੁਝਾਨ ਕਹੇ ਜਾ ਸਕਦੇ ਹਨ। ਜੇ ਅਸੀਂ ਪੂਰਬੀ ਦੇਸ਼ਾਂ ਦੀ ਮੁੱਖ ਸੰਸਥਾ ਬਰਿਕਸ ਅਤੇ ਪੱਛਮੀ ਦੇਸ਼ਾਂ ਦੀ ਮੁੱਖ ਸੰਸਥਾ ਜੀ 7 ਤੁਲਨਾ ਕਰੀਏ ਤਾਂ ਇਹ ਰੁਝਾਨ ਸਪੱਸ਼ਟ ਹੋ ਜਾਂਦਾ ਹੈ। ਰੂੜ੍ਹੀਵਾਦੀ ਸ਼ਕਤੀਆਂ ਪਰਵਾਸ ਦਾ ਵਿਰੋਧ ਕਰ ਰਹੀਆਂ ਹਨ। ਪੱਛਮੀ ਦੇਸ਼ਾਂ ਦੀ ਸਥਾਨਕ ਵਸੋਂ ਦਾ ਵੱਡਾ ਹਿੱਸਾ ਪਰਵਾਸ ਦਾ ਵਿਰੋਧ ਕਰਦਾ ਹੈ ਅਤੇ ਪਰਵਾਸੀਆਂ ਵਿਰੁੱਧ ਉਸ ਵਿੱਚ ਭਾਵਨਾ ਬਹੁਤ ਤਿੱਖੀ ਹੋ ਰਹੀ ਹੈ। ਪਰਵਾਸੀਆਂ ਵਿਰੁੱਧ ਨਫ਼ਰਤ ਹੀ ਅਮਰੀਕਾ ਵਿੱਚ ਟਰੰਪ ਅਤੇ ਯੂਰਪ ਵਿੱਚ ਰੂੜ੍ਹੀਵਾਦੀ ਪਾਰਟੀਆਂ ਦੀ ਜਿੱਤ ਦਾ ਕਾਰਨ ਬਣ ਰਹੀ ਹੈ।
ਉਨ੍ਹਾਂ ਕਿਹਾ ਕਿ ਪਰਵਾਸ ਨੇ ਪੰਜਾਬ ਵਿੱਚ ਉਚੇਰੀ ਵਿੱਦਿਆ ਦੇ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਆਸ ਰੱਖੀ ਜਾ ਸਕਦੀ ਹੈ ਕਿ ਪਰਵਾਸ ਦਾ ਵਧ ਰਿਹਾ ਸੰਕਟ ਉਚੇਰੀ ਵਿੱਦਿਆ ਦੇ ਰੁਝਾਨ ਨੂੰ ਪੁਨਰ-ਸੁਰਜੀਤ ਕਰੇਗਾ। ਇਸ ਦੌਰਾਨ ਡਾ. ਹਰਜਿੰਦਰ ਸਿੰਘ ਵਾਲੀਆ ਨੇ ਸਰਕਾਰਾਂ ਦੀ ਅਣਗਹਿਲੀ, ਮਿਆਰੀ ਸਿੱਖਿਆ ਦੀ ਘਾਟ, ਪੰਜਾਬ ਦਾ ਤਕਨੀਕੀ ਖੇਤਰ ’ਚ ਪਿੱਛੇ ਰਹਿਣਾ, ਬੇਰੁਜ਼ਗਾਰੀ ਅਤੇ ਖੇਤੀ ਸੈਕਟਰ ਚ ਪੈਂਦੇ ਘਾਟੇ ਨੇ ਪਰਵਾਸ ਨੂੰ ਉਤਸ਼ਾਹਿਤ ਕੀਤਾ ਹੈ।