ਪਤਨੀ ਨਾਲ ਛੇੜ-ਛਾੜ ਦਾ ਵਿਰੋਧ ਕਰਨ ’ਤੇ ਪਰਵਾਸੀ ਮਜ਼ਦੂਰਾਂ ’ਤੇ ਹਮਲਾ ਕੀਤਾ
ਪੱਤਰ ਪ੍ਰੇਰਕ
ਜਲੰਧਰ, 18 ਮਾਰਚ
ਇੱਥੋਂ ਦੇ ਲੈਦਰ ਕੰਪਲੈਕਸ ਚੌਕ ’ਚ ਅੱਧੀ ਰਾਤ ਨੂੰ ਕੁਝ ਨੌਜਵਾਨਾਂ ਨੇ ਪਰਵਾਸੀ ਮਜ਼ਦੂਰਾਂ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ’ਚ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਹਨ। ਪਰਵਾਸੀਆਂ ਦਾ ਦੋਸ਼ ਹੈ ਕਿ ਪੁਲੀਸ ਨੇ ਥਾਣੇ ਅੰਦਰ ਉਨ੍ਹਾਂ ਨਾਲ ਵੀ ਮਾੜਾ ਵਿਵਹਾਰ ਕੀਤਾ। ਦੇਰ ਰਾਤ ਜ਼ਖ਼ਮੀਆਂ ਨੇ ਸਿਵਲ ਹਸਪਤਾਲ ਤੋਂ ਐਮਐਲਆਰ ਕੱਟ ਕੇ ਪੁਲੀਸ ਨੂੰ ਦੇ ਦਿੱਤੀ। ਹੁਣ ਪੁਲੀਸ ਮਾਮਲੇ ਦੀ ਜਾਂਚ ਕਰ ਕੇ ਅਗਲੀ ਕਾਰਵਾਈ ਕਰੇਗੀ।
ਵਰਿਆਣਾ ਦੇ ਰਹਿਣ ਵਾਲੇ ਪਰਵਾਸੀ ਰੋਹਿਤ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਹੈ ਕਿ ਉਹ ਦੇਰ ਰਾਤ ਆਪਣੀ ਪਤਨੀ ਨਾਲ ਘਰ ਆ ਰਿਹਾ ਸੀ। ਇਸ ਦੌਰਾਨ ਵਰਿਆਣਾ ਸਥਿਤ ਇੱਕ ਫੈਕਟਰੀ ਦੇ ਲੋਕਾਂ ਨੇ ਉਸ ਦੀ ਪਤਨੀ ’ਤੇ ਅਸ਼ਲੀਲ ਟਿੱਪਣੀਆਂ ਕੀਤੀਆਂ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਹੋਰ ਪਰਵਾਸੀ ਦਖਲ ਦੇਣ ਲਈ ਅੱਗੇ ਆਏ ਤਾਂ ਉਨ੍ਹਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ। ਮੁਲਜ਼ਮ ਪਰਵਾਸੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਵਾਰਦਾਤ ਵਾਲੀ ਥਾਂ ਤੋਂ ਫ਼ਰਾਰ ਹੋ ਗਏ ਜਿਸ ਤੋਂ ਬਾਅਦ ਰਾਹਗੀਰਾਂ ਦੀ ਮਦਦ ਨਾਲ ਸਾਰਿਆਂ ਨੂੰ ਇਲਾਜ ਲਈ ਦੇਰ ਰਾਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉੱਥੋਂ ਐੱਮ.ਐੱਲ.ਆਰ. ਦਰਜ ਕਰਵਾਉਣ ਤੋਂ ਬਾਅਦ ਉਹ ਫੋਕਲ ਪੁਆਇੰਟ ਚੌਕੀ ਪਹੁੰਚੇ। ਪਰਵਾਸੀਆਂ ਦਾ ਦੋਸ਼ ਹੈ ਕਿ ਹਮਲਾ ਕਰਨ ਵਾਲੇ ਮੁਲਜ਼ਮਾਂ ਦੇ ਫੈਕਟਰੀ ਮਾਲਕਾਂ ਦੇ ਦਬਾਅ ਕਾਰਨ ਪੁਲੀਸ ਕਾਰਵਾਈ ਨਹੀਂ ਕਰ ਰਹੀ। ਦੇਰ ਰਾਤ ਥਾਣੇ ’ਚ ਮੌਜੂਦ ਏਐੱਸਆਈ ਸੁਖਦੇਵ ਚੰਦ ਨੇ ਦੱਸਿਆ ਕਿ ਇਹ ਘਟਨਾ ਥਾਣਾ ਮਕਸੂਦਾਂ ਦੇ ਇਲਾਕੇ ’ਚ ਵਾਪਰੀ ਹੈ। ਉਹ ਇਸ ’ਤੇ ਕਾਰਵਾਈ ਨਹੀਂ ਕਰ ਸਕਦੇ ਪਰ ਪੁਲੀਸ ਵੱਲੋਂ ਕਿਸੇ ਨਾਲ ਵੀ ਦੁਰਵਿਵਹਾਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਥਾਣੇ ਵਿੱਚ ਥਾਂ-ਥਾਂ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ।