ਪਰਵਾਸੀ ਮਜ਼ਦੂਰਾਂ ਦੇ ਚਾਅ ਵੀ ਨਿਗਲ ਗਈ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਮਾਲਵਾ ਪੱਟੀ ਵਿੱਚ ਨਰਮੇ ਦੀ ਫ਼ਸਲ ’ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹਮਲੇ ਮਗਰੋਂ ਨਰਮੇ ਹੇਠ ਘਟੇ ਰਕਬੇ ਦਾ ਅਸਰ ਹੁਣ ਪਰਵਾਸੀ ਮਜ਼ਦੂਰਾਂ ’ਤੇ ਵੀ ਪੈਣ ਲੱਗਿਆ ਹੈ। ਵੱਡੀ ਪੱਧਰ ਉੱਤੇ ਬਾਹਰਲੇ ਰਾਜਾਂ ਦੇ ਮਜ਼ਦੂਰ ਪਰਿਵਾਰਾਂ ਸਮੇਤ ਅੱਜ-ਕੱਲ੍ਹ ਨਰਮਾ ਪੱਟੀ ਵਿੱਚ, ਜਦੋਂ ਪੁੱਜ ਰਹੇ ਹਨ ਤਾਂ ਅੱਗੋਂ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਪੰਜਾਬ ਵਿੱਚ ਨਰਮਾ ਚੁਗਣ ਲਈ ਗੁਆਂਢੀ ਰਾਜਾਂ ਤੋਂ ਮਜ਼ਦੂਰ ਆਉਂਦੇ ਹਨ। ਜ਼ਿਕਰਯੋਗ ਹੈ ਕਿ ਨਰਮਾ ਚੁਗਣ ਵਾਲੇ ਇਹ ਪਰਵਾਸੀ ਮਜ਼ਦੂਰ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਵਿਚੋਂ ਹੀ ਵੱਡੀ ਗਿਣਤੀ ਵਿਚ ਕਈ ਸਾਲਾਂ ਤੋਂ ਆਉਂਦੇ ਹਨ। ਇਹ ਪਰਵਾਸੀ ਮਜ਼ਦੂਰ ਕਿਸਾਨਾਂ ਦੇ ਸਾਰਾ ਨਰਮਾ ਚੁਗਾ ਕੇ ਅਤੇ ਟੀਂਡਿਆਂ ਵਿਚਲਾ ਨਰਮਾ ਕੱਢ ਕੇ ਹੀ ਆਪਣਾ ਹਿਸਾਬ-ਕਿਤਾਬ ਕਰਕੇ ਆਪਣੇ ਘਰਾਂ ਨੂੰ ਮੁੜਦੇ ਹਨ। ਼ਮਾਲਵਾ ਖੇਤਰ ਵਿਚ ਦਿੱਲੀ ਵਾਲੇ ਪਾਸਿਓਂ ਦੋ ਹਫ਼ਤਿਆਂ ਤੋਂ ਆਉਂਦੀਆਂ ਰੇਲ ਗੱਡੀਆਂ ਵਿਚੋਂ ਹਰ ਰੋਜ਼ ਮਜ਼ਦੂਰ ਟੋਲੀਆਂ ਦੇ ਰੂਪ ’ਚ ਰੇਲਵੇ ਸਟੇਸ਼ਨਾਂ ਉਤੇ ਉਤਰ ਰਹੇ ਹਨ, ਪਰ ਇਨ੍ਹਾਂ ਪਰਵਾਸੀ ਮਜ਼ਦੂਰਾਂ ਨੂੰ ਲਿਜਾਣ ਵਾਲੇ ਕਿਸਾਨਾਂ ਵਿੱਚ ਇਸ ਵਾਰ ਪਹਿਲਾਂ ਜਿੰਨਾ ਚਾਅ ਨਹੀਂ ਹੈ।
ਮਜ਼ਦੂਰਾਂ ਨੂੰ ਪਿੰਡ ਲੈ ਕੇ ਜਾ ਰਹੇ ਹਨ ਕਿਸਾਨ
ਵੈਸੇ ਕੁਝ ਪਿੰਡਾਂ ਤੋਂ ਕਿਸਾਨ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪ੍ਰਤੀ ਕੁਇੰਟਲ ਰੇਟ ਨਿਸ਼ਚਿਤ ਕਰ ਕੇ ਆਪਣੇ ਘਰਾਂ ਨੂੰ ਲੈ ਕੇ ਜਾ ਤਾਂ ਰਹੇ ਹਨ ਪਰ ਉਨ੍ਹਾਂ ਦਾ ਹੌਂਸਲਾ ਫ਼ਸਲ ਨੂੰ ਵੇਖ ਕੇ ਘੱਟ ਪੈ ਰਿਹਾ ਹੈ। ਉਂਝ ਇਹ ਵੀ ਵੇਖਿਆ ਗਿਆ ਹੈ ਕਿ ਇਸ ਵਾਰ ਇਹ ਪਰਵਾਸੀ ਮਜ਼ਦੂਰ, ਕਿਸਾਨਾਂ ਤੋਂ ਮਰੀ ਫ਼ਸਲ ਬਾਰੇ ਸੁਣ ਕੇ ਭੈਅ-ਭੀਤ ਹੋ ਰਹੇ ਹਨ। ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਅਤੇ ਪਿੰਡ ਫਫੜੇ ਭਾਈਕੇ ਦੇ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਨਰਮੇ ਨੂੰ ਗੁਲਾਬੀ ਸੁੰਡੀ ਪੈ ਜਾਣ ਦੇ ਬਾਵਜੂਦ ਉਹ ਪਰਵਾਸੀ ਮਜ਼ਦੂਰਾਂ ਨੂੰ ਮਜਬੂਰਨ ਆਪਣੇ ਘਰਾਂ ਨੂੰ ਲਿਜਾ ਰਹੇ ਹਨ, ਪਰ ਇਹ ਸੁੰਡੀ ਮਜ਼ਦੂਰਾਂ ਦੇ ਚਾਅ ਅਤੇ ਖੁਸ਼ੀਆਂ ਨੂੰ ਖਾ ਗਈ ਹੈ।