ਪਰਵਾਸੀ ਮਜ਼ਦੂਰ ਵੱਲੋਂ 50 ਰੁਪਏ ਲਈ ਸਾਥੀ ਦਾ ਕਤਲ
ਡੀਪੀਐੱਸ ਬੱਤਰਾ
ਸਮਰਾਲਾ, 2 ਅਗਸਤ
ਪਿੰਡ ਢਿੱਲਵਾਂ ਵਿੱਚ ਦੇਰ ਰਾਤ ਪਰਵਾਸੀ ਮਜ਼ਦੂਰ ਨੇ ਸ਼ਰਾਬ ਦੇ ਨਸ਼ੇ ਵਿੱਚ 50 ਰੁਪਏ ਲਈ ਹੋਏ ਝਗੜੇ ਤੋਂ ਬਾਅਦ ਆਪਣੇ ਸਾਥੀ ਨੂੰ ਡੰਡਿਆਂ ਨਾਲ ਕੁੱਟ-ਕੁੱਟ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਪੂਰੀ ਰਾਤ ਮੁਲਜ਼ਮ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਸਾਥੀ ਦੀ ਲਾਸ਼ ਕੋਲ ਹੀ ਪਿਆ ਰਿਹਾ ਅਤੇ ਸਵੇਰੇ ਪੁਲੀਸ ਨੂੰ ਪਤਾ ਲੱਗਣ ’ਤੇ ਮੁਲਜ਼ਮ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਡੀਐੱਸਪੀ ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ, ਪੁਲੀਸ ਨੂੰ ਪਿੰਡ ਢਿੱਲਵਾ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚ ਬਣੇ ਕਮਰੇ ਵਿੱਚ ਰਹਿੰਦੇ ਦੋ ਪਰਵਾਸੀ ਮਜ਼ਦੂਰਾਂ ਵਿੱਚ ਹੋਏ ਝਗੜੇ ਤੋਂ ਬਾਅਦ ਇੱਕ ਪਰਵਾਸੀ ਮਜ਼ਦੂਰ ਦਾ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ’ਤੇ ਐੱਸਐੱਚਓ ਭਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਜਦੋਂ ਮੌਕੇ ’ਤੇ ਪੁੱਜੇ ਤਾਂ ਉੱਥੇ ਖੂਨ ਨਾਲ ਲੱਥਪਥ ਮਜ਼ਦੂਰ ਦੀ ਲਾਸ਼ ਪਈ ਸੀ ਅਤੇ ਦੂਸਰਾ ਪਰਵਾਸੀ ਮਜ਼ਦੂਰ ਵੀ ਨਸ਼ੇ ਦੀ ਹਾਲਤ ਵਿੱਚ ਉੱਥੇ ਹੀ ਪਿਆ ਸੀ। ਪੁਲੀਸ ਅਨੁਸਾਰ ਮ੍ਰਿਤਕ ਮਜ਼ਦੂਰ ਜਿਸ ਦੀ ਪਛਾਣ ਸ਼ਵਿ ਨਾਥ ਮੁਖੀਆ (ਬਿਹਾਰ) ਵਜੋਂ ਹੋਈ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ। ਕਤਲ ਕਰਨ ਵਾਲੇ ਮੁਲਜ਼ਮ ਦੀ ਪਛਾਣ ਇਨਰਜੀਤ ਮੁਖੀਆ (ਨੇਪਾਲ) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦੇ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਦੋਵੇਂ ਮੋਟਰ ’ਤੇ ਕਾਫੀ ਦੇਰ ਤੋਂ ਇੱਕਠੇ ਰਹਿੰਦੇ ਆ ਰਹੇ ਸਨ। ਰਾਤ ਵੇਲੇ ਉਹ ਸ਼ਰਾਬ ਦੀ ਬੋਤਲ ਪੀਣ ਲਈ ਲਿਆਇਆ ਸੀ। ਮ੍ਰਿਤਕ ਵੀ ਉਸ ਕੋਲੋ ਸ਼ਰਾਬ ਪੀਣ ਲੱਗਿਆ, ਪਰ ਉਸ ਨੇ ਆਪਣੇ ਹਿੱਸੇ ਦੇ 50 ਰੁਪਏ ਉਸ ਨੂੰ ਨਹੀਂ ਦਿੱਤੇ। ਜਿਸ ਕਰਕੇ ਉਸ ਨੇ ਨਸ਼ੇ ਦੀ ਹਾਲਤ ਵਿੱਚ ਉਸ ਨੂੰ ਡੰਡੇ ਨਾਲ ਕੁੱਟ ਕੇ ਕਤਲ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਅਤੇ ਮੁਲਜ਼ਮ ਖੇਤ ਮਜ਼ਦੂਰ ਵਜੋਂ ਕੰਮ ਕਰਦੇ ਸਨ ਅਤੇ ਕਈ ਸਾਲ ਤੋਂ ਇੱਕਠੇ ਹੀ ਰਹਿ ਰਹੇ ਸਨ।