ਟਿੱਪਰ ਦੀ ਫੇਟ ਵੱਜਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ
ਐੱਨਪੀ ਧਵਨ
ਪਠਾਨਕੋਟ, 18 ਨਵੰਬਰ
ਸ਼ਾਹਪੁਰਕੰਡੀ-ਜੁਗਿਆਲ ਰੋਡ ’ਤੇ ਅੱਜ ਸਵੇਰੇ ਇੱਕ ਟਿੱਪਰ ਦੀ ਲਪੇਟ ਵਿੱਚ ਆਉਣ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਇਸ ਮਗਰੋਂ ਸਥਾਨਕ ਲੋਕਾਂ ਨੇ ਲਾਸ਼ ਨੂੰ ਸੜਕ ਤੇ ਰੱਖ ਕੇ ਰੋਸ ਧਰਨਾ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਸੜਕ ਤੋਂ ਲੰਘਣ ਵਾਲੇ ਤੇਜ਼ ਰਫਤਾਰ ਟਿੱਪਰਾਂ ਨੂੰ ਬੰਦ ਕਰਵਾਇਆ ਜਾਵੇ। ਟਿੱਪਰ ਚਾਲਕ ਵੱਲੋਂ ਪਰਵਾਸੀ ਮਜ਼ਦੂਰ ਨੂੰ ਕੁਚਲਣ ਦੀ ਸੀਸੀਟੀਵੀ ਫੁਟੇਜ਼ ਵਾਇਰਲ ਹੋ ਰਹੀ ਹੈ। ਮ੍ਰਿਤਕ ਦੀ ਪਛਾਣ ਸੰਜੇ ਸਿੰਘ (36) ਵਾਸੀ ਯੂਪੀ ਵਜੋਂ ਹੋਈ ਹੈ। ਧਰਨਾਕਾਰੀਆਂ ਦਾ ਦੋਸ਼ ਸੀ ਕਿ ਇਹ ਟਿੱਪਰ ਚਾਲਕ ਲਾਪ੍ਰਵਾਹੀ ਵਿੱਚ ਤੇਜ਼ ਰਫਤਾਰ ਨਾਲ ਆਉਂਦੇ-ਜਾਂਦੇ ਹਨ। ਅੱਜ ਵੀ ਇੱਕ ਮਜ਼ਦੂਰ ਨੂੰ ਤੇਜ਼ ਰਫਤਾਰ ਟਿੱਪਰ ਨੇ ਕੁਚਲ ਦਿੱਤਾ ਹੈ, ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਲੋਕਾਂ ਨੇ ਮੰਗ ਕੀਤੀ ਕਿ ਇਨ੍ਹਾਂ ਟਿੱਪਰਾਂ ਨੂੰ ਇੱਥੋਂ ਲੰਘਣਾ ਬੰਦ ਕਰਵਾਇਆ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਹੋ ਸਕੇ। ਡੀਐੱਸਪੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੰਜੇ ਸਿੰਘ ਕਬਾੜ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਕੈਂਟਰ ਦੀ ਫੇਟ ਕਾਰਨ ਨੌਜਵਾਨ ਹਲਾਕ; ਸਾਥੀ ਜ਼ਖ਼ਮੀ
ਤਰਨ ਤਾਰਨ (ਗੁਰਬਖ਼ਸ਼ਪੁਰੀ): ਤਰਨ ਤਾਰਨ-ਪੱਟੀ ਸੜਕ ’ਤੇ ਬੀਤੇ ਦਿਨ ਪਿੰਡ ਜੰਡੋਕੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਸਰਹਾਲੀ ਦੀ ਪੁਲੀਸ ਚੌਕੀ ਨੌਸ਼ਹਿਰਾ ਪੰਨੂਆਂ ਦੇ ਇੰਚਾਰਜ ਏਐੱਸਆਈ ਗੱਜਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵੀਜਾ ਸਿੰਘ (40) ਵਾਸੀ ਮਨਿਆਲਾ ਵਜੋਂ ਹੋਈ ਹੈ। ਜ਼ਖ਼ਮੀ ਹੋਏ ਅਕਾਸ਼ਦੀਪ ਸਿੰਘ ਵਾਸੀ ਮਨਿਆਲਾ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਤੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। ਗੱਜਣ ਸਿੰਘ ਨੇ ਦੱਸਿਆ ਕਿ ਵੀਜਾ ਸਿੰਘ ਅਤੇ ਅਕਾਸ਼ਦੀਪ ਸਿੰਘ ਆਪਣੇ ਪਿੰਡ ਤੋਂ ਮੋਟਰ ਸਾਈਕਲ ’ਤੇ ਤਰਨ ਤਾਰਨ ਜਾ ਰਹੇ ਸਨ| ਜੰਡੋਕੇ ਪਿੰਡ ਨੇੜੇ ਸਾਹਮਣੇ ਤੋਂ ਆਉਂਦੇ ਇਕ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਵੀਜਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਅਕਾਸ਼ਦੀਪ ਸਿੰਘ ਜ਼ਖ਼ਮੀ ਹੋ ਗਿਆ। ਇਸ ਸਬੰਧੀ ਮੌਕੇ ਤੋਂ ਫਰਾਰ ਹੋਏ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।