ਪਰਵਾਸੀ ਸਰਗਰਮੀਆਂ
ਹਰਦਮ ਮਾਨ
ਅੱਠ ਮਾਰਚ ਨੂੰ ਰਿਲੀਜ਼ ਹੋਵੇਗੀ ਪੰਜਾਬੀ ਫਿਲਮ ‘ਬਲੈਕੀਆ-2’
ਸਰੀ: ਪੰਜਾਬੀ ਫਿਲਮਾਂ ਦੇ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਪੰਜਾਬੀ ਫਿਲਮਾਂ ਹੁਣ ਵੱਡੇ ਬਜਟ ਨਾਲ ਬਣ ਰਹੀਆਂ ਹਨ ਅਤੇ ਇਹ ਕਿਸੇ ਪੱਖੋਂ ਵੀ ਹੌਲੀਵੁੱਡ, ਬੌਲੀਵੁੱਡ ਜਾਂ ਸਾਊਥ ਦੀਆਂ ਫਿਲਮਾਂ ਤੋਂ ਘੱਟ ਨਹੀਂ ਹਨ। ਪਿਛਲੇ ਸਮੇਂ ਵਿੱਚ ਕਈ ਪੰਜਾਬੀ ਫਿਲਮਾਂ ਨੇ ਟਿਕਟ ਖਿੜਕੀ ’ਤੇ ਬੇਹੱਦ ਸਫਲਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਦਰਸ਼ਕ ਦੱਖਣ ਭਾਰਤ ਦੀਆਂ ਡੱਬ ਫਿਲਮਾਂ, ਹੌਲੀਵੁੱਡ ਦੀਆਂ ਫਿਲਮਾਂ ਅਤੇ ਬੌਲੀਵੁੱਡ ਦੀਆਂ ਫਿਲਮਾਂ ਵੀ ਦੇਖਦਾ ਹੈ। ਇਸ ਲਈ ਪੰਜਾਬੀ ਫਿਲਮਾਂ ਨੂੰ ਵੀ ਇਨ੍ਹਾਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣਾ ਪੈਣਾ ਹੈ ਅਤੇ ਕਈ ਫਿਲਮਾਂ ਨੇ ਅਜਿਹਾ ਕਰਨ ਵਿੱਚ ਸਫਲਤਾ ਵੀ ਪ੍ਰਾਪਤ ਕੀਤੀ ਹੈ। ਦੇਵ ਖਰੌੜ ਆਪਣੀ ਨਵੀਂ ਆ ਰਹੀ ਫਿਲਮ ‘ਬਲੈਕੀਆ-2’ ਦੀ ਪ੍ਰਮੋਸ਼ਨ ਦੇ ਸਬੰਧ ਵਿੱਚ ਸਰੀ ਵਿਖੇ ਮੀਡੀਆ ਦੇ ਰੂਬਰੂ ਹੋਇਆ।
ਉਸ ਨੇ ਕਿਹਾ ਕਿ ਮੈਂ ਇਹ ਆਪਣਾ ਫਰਜ਼ ਸਮਝਦਾ ਹਾਂ ਕਿ ਫਿਲਮ ਵਿੱਚ ਮਨੋਰੰਜਨ ਦੇ ਨਾਲ ਨਾਲ ਕੋਈ ਸਮਾਜਿਕ ਮੁੱਦਾ ਵੀ ਛੋਹਿਆ ਜਾਵੇ। ਇਸ ਲਈ ਉਸ ਦੀਆਂ ਜਿੰਨੀਆਂ ਵੀ ਫਿਲਮਾਂ ਹੁਣ ਤੱਕ ਆਈਆਂ ਹਨ ਉਨ੍ਹਾਂ ਵਿੱਚ ਕਿਸੇ ਨਾ ਕਿਸੇ ਸਮਾਜਿਕ ਪਹਿਲੂ ਨੂੰ ਛੋਹਿਆ ਗਿਆ ਹੈ। ਉਸੇ ਲੜੀ ਵਿੱਚ ‘ਬਲੈਕੀਆ’ ਫਿਲਮ ਸੀ ਤੇ ਹੁਣ ‘ਬਲੈਕੀਆ-2’ ਹੈ। ਇਸ ਫਿਲਮ ਦਾ ਨਾਇਕ ਇੱਕ ਬਲੈਕੀਆ ਹੈ ਪਰ ਉਸ ਰਾਹੀਂ ਇੱਕ ਅਜਿਹਾ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਆਉਣ ਵਾਲੀ ਪੀੜ੍ਹੀ ਦੇ ਨਾਮ ਨਾਲੋਂ ਬਲੈਕੀਆ ਸ਼ਬਦ ਹਟਾ ਦਿੱਤਾ ਜਾਵੇ, ਉਨ੍ਹਾਂ ਲਈ ਸਕੂਲ ਖੋਲ੍ਹੇ ਜਾਣ, ਹਸਪਤਾਲ ਖੋਲ੍ਹੇ ਜਾਣ, ਉਹ ਬੱਚੇ ਪੜ੍ਹ ਲਿਖ ਕੇ ਤਰੱਕੀ ਕਰਨ ਅਤੇ ਵੱਡੇ ਅਫ਼ਸਰ ਬਣਨ। ਇਸ ਵਿੱਚ 1970 ਤੋਂ ਲੈ ਕੇ 2024 ਤੱਕ ਦੇ ਸਮੇਂ ਦੌਰਾਨ ਸਰਹੱਦਾਂ ਰਾਹੀਂ ਹੋ ਰਹੇ ਕਾਲੇ ਧੰਦੇ ਦੇ ਚਿੱਟੇ ਰੂਪ ਨੂੰ ਫਿਲਮਾਇਆ ਗਿਆ ਹੈ। ਦੇਵ ਖਰੌੜ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਰਾਜਸਥਾਨ, ਬੰਬਈ ਅਤੇ ਪੰਜਾਬ ਵਿੱਚ 50 ਦਿਨਾਂ ਵਿੱਚ ਮੁਕੰਮਲ ਕੀਤੀ ਗਈ ਹੈ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ।
ਪਿਕਸ ਵੱਲੋਂ 22 ਫਰਵਰੀ ਨੂੰ ‘ਮੈਗਾ ਜੌਬ ਫੇਅਰ-2024’
ਸਰੀ: ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪਿਕਸ-PICS) ਵੱਲੋਂ 22 ਫਰਵਰੀ ਨੂੰ ਵੈਨਕੂਵਰ ਵਿਖੇ ‘ਮੈਗਾ ਜੌਬ ਫੇਅਰ-2024’ ਕਰਵਾਇਆ ਜਾ ਰਿਹਾ ਹੈ। ਬ੍ਰੌਡਵੇ ਸਕਾਈਟਰੇਨ ਸਟੇਸ਼ਨ ਦੇ ਨੇੜੇ ਕ੍ਰੋਏਸ਼ੀਅਨ ਕਲਚਰਲ ਸੈਂਟਰ ਵਿੱਚ ਇਹ ਜੌਬ ਫੇਅਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 3 ਵਜੇ ਸਮਾਪਤ ਹੋਵੇਗਾ।
ਇਹ ਜਾਣਕਾਰੀ ਦਿੰਦਿਆਂ ਪਿਕਸ ਦੀ ਮਾਰਕੀਟਿੰਗ, ਸੰਚਾਰ ਅਤੇ ਫੰਡਰੇਜ਼ਿੰਗ ਅਫ਼ਸਰ ਫਲਕ ਬੇਤਾਬ ਨੇ ਦੱਸਿਆ ਕਿ ਮੈਗਾ ਜੌਬ ਫੇਅਰ ਪਿਕਸ ਦੇ ਰੁਜ਼ਗਾਰ ਸੇਵਾਵਾਂ ਪ੍ਰੋਗਰਾਮਾਂ ਲਈ ਅਹਿਮ ਹੈ। ਇਸ ਰਾਹੀਂ ਨੌਕਰੀ ਲੱਭਣ ਵਾਲਿਆਂ ਨੂੰ ਰੁਜ਼ਗਾਰ ਦੇਣ ਵਾਲਿਆਂ ਨਾਲ ਸਿੱਧੇ ਤੌਰ ’ਤੇ ਜੁੜਨ ਅਤੇ ਲੇਬਰ ਮਾਰਕੀਟ ਵਿੱਚ ਉਪਲੱਬਧ ਅਣਗਿਣਤ ਮੌਕਿਆਂ ਦੀ ਪੜਚੋਲ ਕਰਨ ਦਾ ਅਨਮੋਲ ਮੌਕਾ ਪ੍ਰਦਾਨ ਹੋਵੇਗਾ। ਇਸ ਤੋਂ ਇਲਾਵਾ ਹਾਜ਼ਰੀਨ ਕਮਿਊਨਿਟੀ ਸੇਵਾ ਪ੍ਰਦਾਨ ਕਰਨ ਵਾਲਿਆਂ ਅਤੇ ਵਿਦਿਅਕ ਸੰਸਥਾਵਾਂ ਦੁਆਰਾ ਪੇਸ਼ ਕੀਤੇ ਸਰੋਤਾਂ ਤੱਕ ਪਹੁੰਚ ਕਰਨ ਦਾ ਲਾਭ ਲੈ ਸਕਣਗੇ। ਇਹ ਪ੍ਰੋਗਰਾਮ ਆਪਣੀ ਪਹਿਲੀ ਨੌਕਰੀ ਦੀ ਭਾਲ ਕਰ ਰਹੇ ਨਵੇਂ ਵਿਅਕਤੀਆਂ, ਵਰਕ ਫੋਰਸ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਜਾਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦਾ ਟੀਚਾ ਰੱਖਣ ਵਾਲੇ ਵਿਅਕਤੀਆਂ ਲਈ ਖੁੱਲ੍ਹਾ ਹੈ।
ਕਹਾਣੀਕਾਰ ਸੁਖਜੀਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਸਰੀ: ਵੈਨਕੂਵਰ ਅਤੇ ਐਬਟਸਫੋਰਡ ਦੇ ਲੇਖਕਾਂ ਅਤੇ ਸਾਹਿਤਕ ਪ੍ਰੇਮੀਆਂ ਨੇ ਪ੍ਰਸਿੱਧ ਪੰਜਾਬੀ ਕਹਾਣੀਕਾਰ ਸੁਖਜੀਤ ਦੀ ਬੇਵਕਤ ਮੌਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬੀ ਕਹਾਣੀ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਸੁਖਜੀਤ ਦੇ ਸਦੀਵੀ ਵਿਛੋੜੇ ਉੱਪਰ ਵੈਨਕੂਵਰ ਵਿਚਾਰ ਮੰਚ ਦੇ ਸਰਪ੍ਰਸਤ ਅਤੇ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਚਿੱਤਰਕਾਰ ਜਰਨੈਲ ਸਿੰਘ, ਅੰਗਰੇਜ਼ ਬਰਾੜ, ਨਵਦੀਪ ਗਿੱਲ ਅਤੇ ਪਰਮਜੀਤ ਸਿੱਖ ਨੇ ਕਿਹਾ ਕਿ ਸੁਖਜੀਤ ਨੇ ਇਤਿਹਾਸ ਅਤੇ ਮਿਥਿਹਾਸ ਦੇ ਹਵਾਲਿਆਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਵਡਮੁੱਲੀਆਂ ਰਚਨਾਵਾਂ ਰਾਹੀਂ ਪੰਜਾਬੀ ਸਾਹਿਤ ਨੂੰ ਅਮੀਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਗਜ਼ਲ ਮੰਚ ਸਰੀ ਦੇ ਪ੍ਰਧਾਨ ਅਤੇ ਸ਼ਾਇਰ ਜਸਵਿੰਦਰ, ਰਾਜਵੰਤ ਰਾਜ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫਿਰੋਜ਼, ਕ੍ਰਿਸ਼ਨ ਭਨੋਟ, ਬਲਦੇਵ ਸੀਰਾ ਅਤੇ ਸੁਖਜੀਤ ਕੌਰ ਨੇ ਵੀ ਸੁਖਜੀਤ ਦੇ ਅਚਾਨਕ ਚਲੇ ਜਾਣ ’ਤੇ ਗਹਿਰਾ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਸਮਰੱਥ ਸਾਹਿਤਕਾਰ
ਸਾਡੇ ਕੋਲੋਂ ਵਿੱਛੜ ਗਿਆ ਹੈ। ਸੁਖਜੀਤ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜੋ ਪੈੜਾਂ ਪਾਈਆਂ ਹਨ ਉਹ ਹਮੇਸ਼ਾਂ ਪੰਜਾਬੀ ਸਾਹਿਤ ਪ੍ਰੇਮੀਆਂ ਦੇ ਚੇਤਿਆਂ ਵਿੱਚ ਉੱਕਰੀਆਂ ਰਹਿਣਗੀਆਂ।
ਚਿੰਤਕ ਅਤੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੇ ਵੀ ਸੁਖਜੀਤ ਦੇ ਸਦੀਵੀ ਵਿਛੋੜੇ ਉੱਪਰ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਬੇਖੌਫ, ਨਿੱਡਰ ਅਤੇ ਬੇਬਾਕ ਇਨਸਾਨ ਅਤੇ ਕਹਾਣੀਕਾਰ ਸੀ। ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਚੋਹਲਾ, ਡਾ. ਸੁਖਵਿੰਦਰ ਵਿਰਕ, ਨਵਰੂਪ ਸਿੰਘ, ਰਣਧੀਰ ਢਿੱਲੋਂ, ਡਾ. ਗੁਰਵਿੰਦਰ ਸਿੰਘ ਧਾਲੀਵਾਲ ਅਤੇ ਸ਼ਾਇਰ ਦਵਿੰਦਰ ਪੂਨੀਆ ਨੇ ਵੀ ਸੁਖਜੀਤ ਦੇ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸੰਪਰਕ: +1 604 308 6663