For the best experience, open
https://m.punjabitribuneonline.com
on your mobile browser.
Advertisement

ਸਾਹਿਤ ਦੀਆਂ ਦਾਈਆਂ-ਪੜਦਾਈਆਂ

11:43 AM Oct 08, 2023 IST
ਸਾਹਿਤ ਦੀਆਂ ਦਾਈਆਂ ਪੜਦਾਈਆਂ
Advertisement

ਗੋਵਰਧਨ ਗੱਬੀ

Advertisement

ਵਿਅੰਗ

Advertisement

ਇੱਕ ਕਰੂਰ ਕਹਾਵਤ ਹੈ ਕਿ ਜਿਹੜੀਆਂ ਜੰਮਣੋਂ ਹਟ ਜਾਂਦੀਆਂ ਹਨ, ਉਹ ਦਾਈਆਂ ਬਣ ਜਾਂਦੀਆਂ ਨੇ। ਜਦੋਂ ਕਿਸੇ ਵੀ ਕਿੱਤੇ ਨਾਲ ਸਬੰਧਿਤ ਕੋਈ ਵਿਅਕਤੀ ਆਪਣੇ ਆਪ ਨੂੰ ਉਸ ਨਾਲੋਂ ਵੱਖ ਕਰਨ ਜਾਂ ਹੋਣ ਬਾਰੇ ਸੋਚਦਾ ਹੈ ਤਾਂ ਉਸ ਲਈ ਕਈ ਸਾਰੇ ਕਾਰਨ ਹੋ ਸਕਦੇ ਹਨ। ਉਸ ਦੀ ਵਧੀ ਹੋਈ ਉਮਰ, ਕਾਰਗੁਜ਼ਾਰੀ ਵਿਚ ਠਹਿਰਾਓ, ਸਰਵੋਤਮ ਹੋਣ ਦਾ ਗ਼ਰੂਰ, ਹੀਣ ਭਾਵਨਾ, ਆਪਣੇ ਤੋਂ ਘੱਟ ਉਮਰ ਤੇ ਪ੍ਰਤਿਭਾਵਾਨ ਲੋਕਾਂ ਦੇ ਬਰਾਬਰ ਬੈਠ ਕੇ ਕੰਮ ਨਾ ਕਰ ਸਕਣਾ। ਇਸ ਨਾਲ ਵਿਅਕਤੀ ਖ਼ੁਦ ਉਸ ਕੰਮ ਨੂੰ ਕਰਨ ਤੋਂ ਅਸਮਰੱਥ ਹੋ ਜਾਂਦਾ ਹੈ। ਨਤੀਜਾ ਇਹ ਕਿ ਉਹ ਫਿਰ ਆਪਣੇ ਕਿੱਤੇ ਦਾ ਗੁਰੂ ਬਣਨਾ ਲੋਚਦਾ ਹੈ। ਉਸ ਨੂੰ ਗੁਰੂ ਕਹਾਉਣਾ ਭਾਉਂਦਾ ਹੈ। ਚੇਲਿਆਂ ਨੂੰ ਹਦਾਇਤਾਂ ਦੇਣਾ ਚੰਗਾ ਲੱਗਦਾ ਹੈ। ਫਖ਼ਰ ਮਹਿਸੂਸ ਹੁੰਦਾ ਹੈ। ਆਪਣੇ ਹੁਨਰ ਦੀਆਂ ਬਾਰੀਕੀਆਂ ਤੇ ਗੁਰਮੰਤਰ ਸਿਖਾਉਂਦਾ ਹੈ। ਉਨ੍ਹਾਂ ਨੂੰ ਸਫਲ ਹੋਣ ਦਾ ਸਬਕ ਦਿੰਦਾ ਹੈ। ਇੰਝ ਕਰਦਿਆਂ ਉਹ ਆਪਣੀ ਤਜਰਬੇ ਦੀ ਧੁੱਪ ਵਿਚ ਚਿੱਟੀ ਹੋਈ ਲੰਬੀ ਦਾੜ੍ਹੀ ਨੂੰ ਸਹਿਲਾਉਂਦਾ ਹੈ।
ਜੇ ਉਹ ਚੰਗਾ ਗੁਰੂ ਬਣਿਆ ਰਹੇ ਤਾਂ ਕੋਈ ਗੱਲ ਨਹੀਂ, ਮੁਸ਼ਕਿਲ ਉਦੋਂ ਪੈਦਾ ਹੁੰਦੀ ਹੈ ਜਦੋਂ ਉਹ ਅਧਿਆਪਕ ਬਣੇ ਰਹਿਣ ਦੇ ਵੀ ਅਸਮਰੱਥ ਹੋ ਜਾਂਦਾ ਹੈ। ਉਸ ਹਾਲਤ ਵਿਚ ਮੈਂ ਉਪਰੋਕਤ ਕਹਾਵਤ ਨੂੰ ਜ਼ਰਾ ਕੁ ਅੱਗੇ ਤੋਰਨਾ ਚਾਹਾਂਗਾ ਕਿ ‘ਜਿਹੜੀਆਂ ਦਾਈਪਣੇ ਤੋਂ ਵੀ ਹੱਥ ਧੁਆ ਬਹਿੰਦੀਆਂ ਨੇ, ਉਹ ਪੜਦਾਈਆਂ ਬਣ ਜਾਂਦੀਆਂ ਨੇ’। ਭਾਵ ਉਹ ਗੁਰੂਆਂ ਦਾ ਮਹਾਂ-ਗੁਰੂ ਬਣ ਜਾਂਦਾ ਹੈ। ਹੁਣ ਉਹ ਚੇਲਿਆਂ ਦੀ ਨਹੀਂ ਸਗੋਂ ਗੁਰੂਆਂ ਦੀ ਕਲਾਸ ਲੈਣੀ ਸ਼ੁਰੂ ਕਰ ਦਿੰਦਾ ਹੈ। ਉਹ ਖ਼ੁਦ ਪੜ੍ਹਨਾ, ਪੜ੍ਹਾਉਣਾ ਤੇ ਸਿਖਾਉਣਾ ਬੰਦ ਕਰ ਦਿੰਦਾ ਹੈ। ਬਿਨਾ ਵਜ੍ਹਾ ਦੀਆਂ ਗ਼ਲਤੀਆਂ ਕੱਢਦਾ ਹੈ। ਗੱਲ ਗੱਲ ’ਤੇ ਟੋਕਦਾ ਹੈ। ਹਰ ਕਿਸੇ ਦੀ ਮੰਜੀ ਠੋਕਦਾ ਹੈ। ਉਦਾਹਰਨ ਦੇ ਤੌਰ ’ਤੇ ਜੇ ਭੋਜਨ ਖਾਂਦੇ ਸਮੇਂ ਜੇ ਕਿਸੇ ਸੱਜਣ ਦੀ ਦਾਹੜੀ ਜਾਂ ਮੁੱਛਾਂ ਹਿਲਣ ਤਾਂ ਉਹ ਉਸ ਨੂੰ ਤਾੜਨਾ ਪਾਏ ਬਿਨਾ ਨਹੀਂ ਰਹਿੰਦਾ। ਹਰ ਕਿਸੇ ਦੇ ਕੰਮ ਵਿਚ ਕੋਈ ਨਾ ਕੋਈ ਗ਼ਲਤੀ ਲੱਭਦਾ ਹੈ। ਹਰ ਕਿਸੇ ਨੂੰ ਟਿੱਚਰਾਂ ਕਰਨਾ ਸ਼ੁਰੂ ਵਿਚ ਤਾਂ ਉਸਦਾ ਸ਼ੌਕ ਹੁੰਦਾ ਹੈ ਪਰ ਸਮਾਂ ਪਾ ਕੇ ਉਸਦੀ ਮਜਬੂਰੀ ਤੇ ਬਾਅਦ ਵਿਚ ਫ਼ਿਤਰਤ ਬਣ ਜਾਂਦੀ ਹੈ। ਪਰ ਜੇ ਉਸ ਨੂੰ ਲੱਗੇ ਕਿ ਕੋਈ ਉਸ ਦੀ ਗ਼ਲਤੀ ਕੱਢ ਰਿਹਾ ਹੈ, ਨੁਕਤਾਚੀਨੀ ਕਰ ਰਿਹਾ ਹੈ, ਉਸ ਨੂੰ ਟਿੱਚਰ ਕਰ ਰਿਹਾ ਹੈ ਤਾਂ ਉਸ ਨੂੰ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ ਹੈ। ਆਪਣੇ ਗੁੱਸੇ ਦੀ ਅੱਗ ਬੁਝਾਉਣ ਲਈ ਉਹ ਉਨ੍ਹਾਂ ਦੇ ਘਰਾਂ ਨੂੰ ਅੱਗ ਲਾਉਣ ਤੱਕ ਜਾਂਦਾ ਹੈ। ਕਹਿਣ ਦਾ ਭਾਵ ਕਿ ਹਰ ਕੰਮ ਵਿਚ ਮੀਨ ਮੇਖ ਕੱਢਣੀ ਸ਼ੁਰੂ ਕਰ ਦਿੰਦਾ ਹੈ। ਕੁੱਲ ਮਿਲਾ ਕੇ ਉਹ ਹਰ ਕਿਸੇ ਦੇ ਚਲਦੇ ਸਾਈਕਲ ਵਿਚ ਲੱਤ ਤੇ ਘੁੰਮ ਰਹੇ ਚਰਖੇ ਵਿਚ ਉਂਗਲ ਦੇਣ ਵਿਚ ਆਨੰਦ ਭਾਲਦਾ ਹੈ।
ਇੱਕੀ ਕੁ ਸਾਲ ਪਹਿਲਾਂ ਮੈਂ ਸਾਹਿਤ ਦੇ ਸਕੂਲ ਵਿਚ ਦਾਖਲ ਹੋਇਆ ਸਾਂ। ਇੱਕ ਸਾਹਿਤਕ ਵਿਦਿਆਰਥੀ ਦੇ ਤੌਰ ’ਤੇ ਸਾਹਿਤ ਬਾਰੇ ਕੁਝ ਸਿੱਖਣ, ਜਾਨਣ ਤੇ ਰਚਨ ਖ਼ਾਤਰ। ਸਕੂਲ ਵਿੱਚ ਸਾਹਿਤ ਦੇ ਡਾਕਟਰਾਂ, ਪ੍ਰਿੰਸੀਪਲਾਂ, ਹੈੱਡ ਮਾਸਟਰਾਂ, ਅਧਿਆਪਕਾਂ, ਵਿਦਿਆਰਥੀਆਂ, ਨਰਸਾਂ, ਦਾਈਆਂ ਤੇ ਪੜਦਾਈਆਂ ਨਾਲ ਮੇਰਾ ਵਾਹ ਅਕਸਰ ਪੈਂਦਾ ਰਹਿੰਦਾ ਸੀ। ਇਨ੍ਹਾਂ ਸਾਰਿਆਂ ਬਾਰੇ ਗੱਲ ਕਦੇ ਫੇਰ ਕਰਾਂਗਾ, ਅੱਜ ਮੈਂ ਆਪਣੇ ਤਜਰਬੇ ਅਨੁਸਾਰ ਸਿਰਫ਼ ਸਕੂਲ ਦੀਆਂ ਸਾਹਿਤਕ ਦਾਈਆਂ ਤੇ ਪੜਦਾਈਆਂ ਦੀਆਂ ਕਿਸਮਾਂ ਤੇ ਉਨ੍ਹਾਂ ਦੇ ਵਵਿਹਾਰ ਬਾਰੇ ਹੀ ਗੱਲ ਕਰਾਂਗਾ।
ਕੁਝ ਦਾਈਆਂ ਜਦੋਂ ਜਵਾਨ ਸਨ। ਉਸ ਵੇਲੇ ਉਹ ਦਾਈਆਂ ਨਹੀਂ ਸਗੋਂ ਸਾਹਿਤ ਦੀਆਂ ਜੱਚਾਵਾਂ ਸਨ। ਸੋਹਣੀਆਂ ਸਾਹਤਿਕ ਰਚਨਾਵਾਂ ਨੂੰ ਜਨਮ ਦਿੰਦੀਆਂ ਸਨ। ਕੁਝ ਦਾਈਆਂ ਦੀਆਂ ਰਚਨਾਵਾਂ ਸਾਹਿਤ ਦੀ ਯੂਨੀਵਰਸਿਟੀਆਂ, ਕਾਲਜਾਂ ਤੇ ਸਕੂਲਾਂ ਵਿਚ ਚਿਰਾਂ ਤੋਂ ਜਿਉਂਦੀਆਂ ਸਨ। ਅਮਰ ਸਨ। ਸਾਹਿਤ ਦੇ ਡਾਕਟਰਾਂ, ਨਰਸਾਂ ਵਾਸਤੇ ਇੱਕ ਮਾਡਲ ਦਾ ਕੰਮ ਕਰਦੀਆਂ ਸਨ। ਅੱਗੇ ਤੋਂ ਵੀ ਕੰਮ ਆਉਂਦੀਆਂ ਰਹਿਣਗੀਆਂ। ਕੁਝ ਸਾਹਿਤਕ ਜੱਚਾਵਾਂ ਨੇ ਤਾਂ ਸ਼ਾਹਕਾਰ ਰਚਨਾਵਾਂ ਨੂੰ ਜਨਮ ਦਿੱਤਾ ਤੇ ਜੋਬਨ ਰੁੱਤੇ ਹੀ ਉਪਰ ਵਾਲੇ ਨੂੰ ਪਿਆਰੀਆਂ ਹੋ ਗਈਆਂ। ਸਾਹਿਤ ਦੇ ਆਕਾਸ਼ ਵਿਚ ਤਾਰਾ ਬਣ ਕੇ ਚਮਕਣ ਲੱਗ ਪਈਆਂ। ਆਪਣਾ ਨਾਂ ਰੌਸ਼ਨ ਕਰ ਗਈਆਂ। ਦਾਈਆਂ ਬਣਨਾ ਉਨ੍ਹਾਂ ਦੇ ਭਾਗਾਂ ਵਿਚ ਨਹੀਂ ਸੀ।
ਕੁਝ ਕੁ ਜੱਚਾਵਾਂ ’ਤੇ ਰੱਬ ਬਹੁਤ ਮਿਹਰਬਾਨ ਰਿਹਾ। ਉਨ੍ਹਾਂ ਬਹੁਤ ਚੰਗੀਆਂ ਸਾਹਿਤਕ ਰਚਨਾਵਾਂ ਨੂੰ ਜਨਮ ਦਿੱਤਾ। ਉਹ ਪਿਛਲੀ ਉਮਰ ਤਕ ਵੀ ਕੁਝ ਨਾ ਕੁਝ ਜੰਮਦੀਆਂ ਰਹੀਆਂ ਤੇ ਥੋੜ੍ਹਾ ਬਹੁਤ ਦਾਈਪੁਣੇ ਦਾ ਕੰਮ ਵੀ ਕਰਦੀਆਂ ਰਹੀਆਂ। ਉਨ੍ਹਾਂ ਨੂੰ ਸਾਹਿਤ ਦੇ ਮਰੀਜ਼ਾਂ ਵੱਲੋਂ ਪਿਆਰ ਤੇ ਸਰਕਾਰਾਂ ਵੱਲੋਂ ਸਤਿਕਾਰ ਵੀ ਮਿਲਦੇ ਰਹੇ। ਕੁਝ ਉਨ੍ਹਾਂ ਹਥਿਆ ਵੀ ਲਏ। ਕੁੱਲ ਮਿਲਾ ਕੇ ਉਹ ਆਪਣੇ ਸਾਹਿਤਕ ਰਚਨਾ ਕਾਰਜ ਤੋਂ ਖ਼ੁਸ਼ ਤੇ ਸੰਤੁਸ਼ਟ ਸਨ।
ਪਰ ਕੁਝ ਐਸੀਆਂ ਜੱਚਾਵਾਂ ਵੀ ਸਨ ਜਨਿ੍ਹਾਂ ਨੇ ਸਾਹਿਤ ਦੀ ਕਿਸੇ ਵੀ ਵਿਧਾ ਵਿਚ ਕੁਝ ਵੀ ਢੰਗ ਦਾ ਨਹੀਂ ਜੰਮਿਆ ਸੀ। ਉਹ ਕਦੇ ਕਹਾਣੀ, ਕਦੇ ਕਵਿਤਾ, ਨਾਵਲ ਤੇ ਕਦੇ ਵਿਅੰਗ ਦੇ ਭੁਤ ਭਤਾਣੇ ਨਾਲ ਭੱਜ ਗਈਆਂ। ਗੁਆਚੀ ਗਾਂ ਵਾਂਗ ਇੱਧਰ ਉੱਧਰ ਦੌੜਦੀਆਂ ਰਹੀਆਂ। ਉਹ ਨਾ ਕਹਾਣੀ ਜੰਮ ਪਾਈਆਂ ਤੇ ਨਾ ਹੀ ਕਵਿਤਾਵਾਂ। ਨਾ ਵਾਰਤਕ ਤੇ ਨਾ ਵਿਅੰਗ। ਉਹ ਨਾ ਘਰ ਦੀਆਂ ਰਹੀਆਂ ਨਾ ਘਾਟ ਦੀਆਂ। ਹਾਂ! ਇੱਕ ਵਿਧਾ ਉਨ੍ਹਾਂ ਨੂੰ ਆ ਗਈ। ਮਤਲਬ ਦੂਸਰੀਆਂ ਜੱਚਾਵਾਂ ਦੁਆਰਾ ਜੰਮੀਆਂ ਰਚਨਾਵਾਂ ਦਾ ਮਖੌਲ ਉਡਾਉਣ ਦੀ ਵਿਧਾ। ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਪੈਰੋਡੀਆਂ ਬਣਾਉਣਾ। ਕਹਾਣੀਆਂ ਦਾ ਘਾਣ ਕਰਨਾ। ਜਿਹੜੀਆਂ ਚੰਗੇ ਸਾਹਿਤ ਨੂੰ ਜਨਮ ਦੇ ਕੇ ਨਾਮਣਾ ਖੱਟ ਕੇ ਜਵਾਨੀ ਵਿੱਚ ਹੀ ਤੁਰ ਗਈਆਂ, ਉਨ੍ਹਾਂ ਦੇ ਜਿਉਂਦੇ ਜੀਅ ਤਾਂ ਉਨ੍ਹਾਂ ਦੀਆਂ ਭੰਡੀਆਂ ਕਰਨਾ ਤੇ ਜਦੋਂ ਉਹ ਮਰ ਗਈਆਂ ਉਦੋਂ ਉਨ੍ਹਾਂ ਦੇ ਸ਼ਰਧਾਂਜਲੀਆਂ ਸਮਾਰੋਹਾਂ ਵਿਚ ਉਨ੍ਹਾਂ ਦੀਆਂ ਸਿਫ਼ਤਾਂ ਤੇ ਉਨ੍ਹਾਂ ਦੀਆਂ ਚੰਗੀਆਂ ਸਹੇਲੀਆਂ ਕਹਾਉਣ ਵਿਚ ਮਾਣ ਮਹਿਸੂਸ ਕਰਨਾ। ਹੱਥਾਂ ਵਿਚ ਗੁਲਦਸਤੇ, ਗਲੇ ਵਿਚ ਮਾਲਾ ਤੇ ਉਪਰੋਂ ਕੋਈ ਖੇਸੀ ਜਾਂ ਸ਼ਾਲ ਲੈਣਾ। ਇਨ੍ਹਾਂ ਨੇ ਸਾਹਿਤ ਨੂੰ ਕੋਈ ਦੇਣ ਨਹੀਂ ਦਿੱਤੀ ਸਗੋਂ ਸਾਹਿਤ ਨੂੰ ਵਸੀਲਾ ਬਣਾ ਕੇ ਆਪਣੇ ਕੱਦ ਨੂੰ ਉੱਚਾ ਤੇ ਘਰਾਂ ਨੂੰ ਵੱਡਾ ਕਰ ਲਿਆ।
ਇਸ ਦੌਰਾਨ ਮੈਂ ਮਹਿਸਸੂਸ ਕੀਤਾ ਕਿ ਸਾਹਿਤ ਦੀਆਂ ਕੁਝ ਦਾਈਆਂ ਅਜੀਬ ਹੀ ਕਿਸਮ ਦੀਆਂ ਹੁੰਦੀਆਂ ਹਨ। ਉਹ ਜਦੋਂ ਕੁਝ ਠੀਕ ਠਾਕ ਜਿਹਾ ਰਚ ਲੈਂਦੀਆਂ ਹਨ। ਤਿਕੜਮਬਾਜ਼ੀ ਨਾਲ ਰਾਜਿਆਂ, ਮਹਾਰਾਜਿਆਂ, ਮੰਤਰੀਆਂ ਸੰਤਰੀਆਂ ਤੇ ਸਾਹਿਤ ਦੇ ਲੱਕੜਦਾਦਿਆਂ ਦੀ ਸਿਫ਼ਾਰਸ਼ਾਂ ਲਗਾ ਕੇ ਇਨਾਮ ਸਨਮਾਨ ਵੀ ਲੈ ਲੈਂਦੀਆਂ ਹਨ। ਜੇ ਆਪ ਇਨਾਮ ਦੇਣ ਵਾਲੀਆਂ ਕਮੇਟੀਆਂ ਜਾਂ ਬੋਰਡ ਦੇ ਮੈਂਬਰ ਬਣ ਜਾਣ ਤਾਂ ਆਪਣੇ ਲੱਗੇ-ਬੱਧਿਆਂ ਤੋਂ ਬਾਹਰ ਇਨਾਮਾਂ ਨੂੰ ਜਾਣ ਨਹੀਂ ਦਿੰਦੀਆਂ। ਮਹੱਤਵਪੂਰਨ ਅਹੁਦਿਆਂ ’ਤੇ ਬਿਰਾਜਮਨ ਹੋ ਜਾਂਦੀਆਂ ਹਨ। ਆਪਣੇ ਰੁਤਬੇ ਦਾ ਫ਼ਾਇਦਾ ਉਠਾ ਕੇ ਅਖ਼ਬਾਰਾਂ ਦੇ ਤੀਸਰੇ ਪੰਨੇ ’ਤੇ ਬਣੀਆਂ ਰਹਿੰਦੀਆਂ ਹਨ। ਅਖ਼ਬਾਰਾਂ ਵਿਚ ਰੋਜ਼ ਆਪਣੀ ਫੋਟੂ ਤੇ ਨਾਂ ਛਪਿਆ ਦੇਖਣਾ ਉਨ੍ਹਾਂ ਦੀ ਮਜਬੂਰੀ ਤੇ ਕਮਜ਼ੋਰੀ ਬਣ ਜਾਂਦਾ ਹੈ। ਉਹ ਸਾਹਿਤ ਦੀਆਂ ਛੋਟੀਆਂ ਮੋਟੀਆਂ ਸਰਕਾਰੀ ਤੇ ਨਿੱਜੀ ਡਿਸਪੈਂਸਰੀਆਂ ਭਾਵ ਸਾਹਿਤਕ ਸੰਸਥਾਵਾਂ ਦੀਆਂ ਮੁਖੀ ਵੀ ਬਣੀਆਂ ਰਹਿਣ ਲਈ ਕਈ ਚਲਿੱਤਰ ਚਲਾਉਂਦੀਆਂ ਹਨ। ਜਿਸ ਸਮਾਗਮ ਵਿਚ ਉਨ੍ਹਾਂ ਨੂੰ ਮੁੱਖ ਮਹਿਮਾਨ ਜਾਂ ਪ੍ਰਧਾਨ ਨਹੀਂ ਬਣਾਇਆ ਜਾਂਦਾ ਉਸ ਸਮਾਗਮ ਵਿਚ ਸ਼ਿਰਕਤ ਹੀ ਨਹੀਂ ਕਰਦੀਆਂ। ਮੁੱਖ ਮਹਿਮਾਨ ਬਣਨ ਜਾਂ ਪ੍ਰਧਾਨਗੀ ਕਰਨ ਲਈ ਪੈਸੇ ਮੰਗਦੀਆਂ ਹਨ। ਉਨ੍ਹਾਂ ਨੂੰ ਆਪਣੀਆਂ ਰਚਨਾਵਾਂ ਤੋਂ ਬਿਹਤਰ ਕਿਸੇ ਦੀਆਂ ਰਚਨਾਵਾਂ ਨਹੀਂ ਲੱਗਦੀਆਂ। ਮੈਂ ਐਸੀਆਂ ਕਈ ਸਾਰੀਆਂ ਦਾਈਆਂ ਨੂੰ ਜਾਣਦਾ ਹਾਂ ਜੋ ਹੁਣ ਵੀ ਕਦੇ ਕਦਾਈਂ ਕੁਝ ਸਾਹਿਤ ਜੰਮ ਦਿੰਦੀਆਂ ਹਨ। ਉਹ ਸਵਿਾਏ ਆਪਣੀਆਂ ਰਚਨਾਵਾਂ ਤੋਂ ਹੋਰ ਕਿਸੇ ਦੀਆਂ ਰਚਨਾਵਾਂ ਨੂੰ ਨਾ ਹੀ ਪੜ੍ਹਦੀਆਂ ਹਨ ਤੇ ਨਾ ਹੀ ਕਿਸੇ ਹੋਰ ਨੂੰ ਕੋਈ ਪਰਵਾਨਗੀ ਦਿੰਦੀਆਂ ਹਨ।
ਬਹੁਤ ਸਾਰੀਆਂ ਦਾਈਆਂ ਹੰਕਾਰ ਦਾ ਸ਼ਿਕਾਰ ਹੋ ਜਾਂਦੀਆਂ ਹਨ। ਹੰਕਾਰ ਵਿਚ ਗੜੁੱਚ ਇਹ ਦਾਈਆਂ ਨਵੀਆਂ ਜੱਚਾਵਾਂ ਨੂੰ ਟਿੱਚ ਸਮਝਦੀਆਂ ਹਨ। ਉਨ੍ਹਾਂ ਦੇ ਜ਼ਿਹਨ ਵਿਚ ਹਉਮੈਂ ਇਸ ਕਦਰ ਭਰ ਗਈ ਹੁੰਦੀ ਹੈ ਕਿ ਉਨ੍ਹਾਂ ਨੂੰ ਸਾਹ ਲੈਣਾ ਵੀ ਔਖਾ ਹੁੰਦਾ ਹੈ। ਹਰ ਸਮੇਂ ਗਰਦਨ ਅਕੜਾ ਕੇ ਰੱਖਦੀਆਂ ਹਨ। ਉਨ੍ਹਾਂ ਦੀ ਗਰਦਨ ਟੁੱਟ ਤਾਂ ਸਕਦੀ ਹੈ ਪਰ ਲਿਫ਼ ਨਹੀਂ ਸਕਦੀ। ਉਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਸਾਹਿਤਕਾਰ ਨਹੀਂ ਸਗੋਂ ਹਿਟਲਰ ਹਨ। ਉੱਲਰ ਉੱਲਰ ਕੇ ਗੱਲਾਂ ਕਰਦੀਆਂ ਹਨ। ਆਪਣੇ ਹਾਣ ਦੀਆਂ ਦਾਈਆਂ ਨੂੰ ਵੀ ਅੱਡੀਆਂ ਚੁੱਕ ਚੁੱਕ ਕੇ ਪੈਂਦੀਆਂ ਹਨ। ਐਸੀਆਂ ਦਾਈਆਂ ਦਾ ਰੱਬ ਹੀ ਰਾਖਾ ਹੁੰਦਾ ਹੈ।
ਕੁਝ ਸਾਹਿਤਕ ਪੜਦਾਈਆਂ ਤਾਂ ਸਾਰੇ ਹੱਦਾਂ ਬੰਨੇ ਟੱਪ ਜਾਂਦੀਆਂ ਹਨ। ਉਹ ਨਾ ਤਾਂ ਚੰਗੀਆਂ ਸਾਹਿਤਕ ਜੱਚਾਵਾਂ ਬਣ ਪਾਈਆਂ ਤੇ ਨਾ ਹੀ ਦਾਈਆਂ ਪਰ ਹੁਣ ਪੜਦਾਈਆਂ ਦਾ ਕਿਰਦਾਰ ਵੀ ਉਹ ਚੰਗੀ ਤਰ੍ਹਾਂ ਨਹੀਂ ਨਿਭਾ ਪਾ ਪਾਉਂਦੀਆਂ। ਸਾਹਿਤ ਦੀਆਂ ਦਾਈਆਂ, ਡਾਕਟਰਾਂ ਤੇ ਨਰਸਾਂ ਦੀ ਗੱਲ ਤਾਂ ਦੂਰ ਉਹ ਸਾਹਿਤ ਦੇ ਹਸਪਤਾਲ ਵਿਚ ਕੰਮ ਕਰ ਰਹੇ ਮੁੱਛਫੁਟ ਸਾਹਿਤਕ ਕਾਮਿਆਂ ਨਾਲ ਖਾਰ ਖਾਂਦੀਆਂ ਹਨ। ਉਨ੍ਹਾਂ ਦੀ ਪ੍ਰਤਿਭਾ ਉਨ੍ਹਾਂ ਨੂੰ ਗਰਨੇ ਦੇ ਕੰਡਿਆਂ ਵਾਂਗ ਚੁਭਦੀ ਹੈ। ਉਨ੍ਹਾਂ ਦਾ ਚੰਗਾ ਰਹਿਣਾ-ਸਹਿਣਾ ਤੇ ਸੰਭਾਵਨਾ ਭਰੀ ਸਾਹਿਤ ਰਚਨਾ ਵੀ ਫਨੀਅਰ ਸੱਪ ਵਾਂਗ ਡੰਗਦੀ ਹੈ। ਈਰਖਾ ਦੀਆਂ ਮਾਰੀਆਂ ਇਹ ਪੜਦਾਈਆਂ ਐਸੇ ਸ਼ਬਦੀ ਡੰਗ ਮਾਰਦੀਆਂ ਹਨ ਕਿ ਉਨ੍ਹਾਂ ਦੇ ਜ਼ਹਿਰ ਨਾਲ ਸਾਰੇ ਸਾਹਿਤਕ ਹਸਪਤਾਲ ਨੂੰ ਲਕਵਾ ਮਾਰ ਸਕਦਾ ਹੈ।
ਪਿੱਛੇ ਜਿਹੇ ਇੱਕ ਨੌਜਵਾਨ ਸਾਹਿਤਕ ਜੱਚਾ ਨੇ ਆਪਣੀ ਸਾਹਿਤ ਰਚਨਾ ਨੂੰ ਜਨਮ ਦਿੱਤਾ ਤਾਂ ਇੱਕ ਚਾਰੇ ਕੂੰਟਾਂ ਤੋਂ ਹਾਰ ਚੁੱਕੀ ਇੱਕ ਪੜਦਾਈ ਨੂੰ ਇੰਨੀ ਅੱਗ ਲੱਗੀ ਕਿ ਉਸ ਨੇ ਕਿਤਾਬ ਦੀ ਰਿਲੀਜ਼ ਮੌਕੇ ਹੀ ਜੱਚਾ ਨੂੰ ਬੇ-ਬੁਨਿਆਦ ਸ਼ਬਦਾਂ ਤੇ ਬੋਲਾਂ ਦੇ ਤੀਰਾਂ ਨਾਲ ਵਿੰਨ੍ਹ ਸੁੱਟਿਆ। ਉਸ ਨੂੰ ਬੇਕਾਰ, ਬੇਅਕਲੀ ਤੇ ਅ-ਸਾਹਿਤਕ ਜੱਚਾ ਕਰਾਰ ਦਿੱਤਾ। ਉਸ ਨੇ ਕਿਹਾ ਕਿ ਇਹ ਜੱਚਾ ਸਾਹਿਤ ਦੇ ਡਾਕਟਰਾਂ, ਨਰਸਾਂ, ਦਾਈਆਂ ਤੇ ਪੜਦਾਈਆਂ ਨਾਲ ਆਪਣੀ ਪਛਾਣ ਵਧਾਉਣ ਲਈ ਉਨ੍ਹਾਂ ਨੂੰ ਖਿਲਾ ਪਿਲਾ ਰਹੀ ਹੈ। ਸਾਹਿਤ ਸਿਰਜਣਾ ਨੂੰ ਹਥਿਆਰ ਬਣਾ ਰਹੀ ਹੈ। ਗੱਡੀਆਂ ਵਿਚ ਹੂਟੇ ਦਵਿਾ ਰਹੀ ਹੈ। ਆਪਣੇ ਬਾਰੇ ਅਖ਼ਬਾਰਾਂ ਰਸਾਲਿਆਂ ਵਿਚ ਕਸੀਦੇ ਲਿਖਵਾ ਰਹੀ ਹੈ। ਜਲਦੀ ਮਸ਼ਹੂਰ ਹੋਣ ਲਈ ਸਾਹਿਤਕ ਰਸਾਲਿਆਂ ਦੇ ਸੰਪਾਦਕਾਂ ਨਾਲ ਮਿਲ ਕੇ ਸਕੈਂਡਲ ਰਚ ਰਹੀ ਹੈ। ਸਾਹਿਤਕ ਸਕੂਪ ਪੈਦਾ ਕਰ ਰਹੀ ਹੈ ਆਦਿ।
ਅਗਲੇ ਦਨਿ ਅਖ਼ਬਾਰਾਂ ਵਿਚ ਜੱਚਾ ਦੀ ਫੋਟੋ ਦੇਖ ਕੇ ਉਸ ਪੜਦਾਈ ਨੂੰ ਹੋਰ ਅੱਗ ਲਗ ਗਈ। ਗੱਲ ਇੱਥੇ ਹੀ ਨਹੀਂ ਮੁੱਕੀ। ਉਸ ਪੜਦਾਈ ਨੇ ਇੱਕ ਸਾਹਿਤ ਦੇ ਰਸਾਲੇ, ਜਿਸ ਵਿਚ ਉਹ ਕਾਲਮ ਲਿਖਦੀ ਹੈ, ਉੱਥੇ ਵੀ ਉਸ ਨਵੀਂ ਜੱਚਾ ਦਾ ਮਜ਼ਾਕ ਉਡਾਇਆ ਪਰ ਉਸ ਦਾਈ ਦੀਆਂ ਹਾਣੀ-ਤਰਾਣੀ ਕਈ ਸਾਰੀਆਂ ਦਾਈਆਂ ਤੇ ਪੜਦਾਈਆਂ ਨੂੰ ਪਤਾ ਸੀ ਇਹ ਸਭ ਕੁਝ ਕਰਕੇ ਉਸ ਨੂੰ ਠੰਢ ਪੈ ਰਹੀ ਸੀ। ਬਹੁਤ ਸਾਰੀਆਂ ਪੜਦਾਈਆਂ ਨੇ ਉਸ ਨਵੀਂ ਜੱਚਾ ਨੂੰ ਹੌਸਲਾ ਦਿੱਤਾ ਤੇ ਉਸ ਪੜਦਾਈ ਦੀਆਂ ਬੇਕਾਰ ਗੱਲਾਂ ਵੱਲ ਧਿਆਨ ਨਹੀਂ ਦੇਣ ਲਈ ਕਿਹਾ।
ਭੋਲੀ-ਭਾਲੀ ਜੱਚਾ ਉਸ ਪੜਦਾਈ ਦੇ ਦਿਲ ਦੀ ਸਾਰੀ ਪੀੜਾ ਸਮਝਦੀ ਸੀ। ਉਸ ਦੀ ਇੱਜ਼ਤ ਕਰਦੀ ਸੀ। ਸਭ ਕੁਝ ਭੁਲਾ ਕੇ ਜੱਚਾ ਨੇ ਉਸ ਪੜਦਾਈ ਵੱਲੋਂ ਉਸ ਬਾਰੇ ਕੀਤੀ ਕੁੱਲ ਚੁੰਝ ਚਰਚਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਪੜਦਾਈ ਦੇ ਮਨ ਨੂੰ ਸਕੂਨ ਤੇ ਸ਼ਾਂਤੀ ਦੇਣ ਲਈ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਹੇ ਰੱਬਾ! ਚੰਗੇ ਮੰਦੇ ਸਭ ਤੇਰੇ ਬੰਦੇ। ਆਮੀਨ!
ਸੰਪਰਕ: 94171-73700

Advertisement
Author Image

sukhwinder singh

View all posts

Advertisement