ਮਿੱਡੂਖੇੜਾ ਕਤਲ ਮਾਮਲਾ: ਗੈਂਗਸਟਰ ਭੁੱਪੀ ਰਾਣਾ ਤੇ ਹੋਰਨਾਂ ਖ਼ਿਲਾਫ਼ ਦੋਸ਼ ਤੈਅ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 7 ਨਵੰਬਰ
ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਮੁਹਾਲੀ ਅਦਾਲਤ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭੁੱਪੀ ਰਾਣਾ ਸਮੇਤ 5 ਹੋਰ ਸ਼ੂਟਰਾਂ ਅਨਿਲ ਲੱਠ, ਅਜੈ ਉਰਫ਼ ਸਨੀ, ਸੱਜਣ ਉਰਫ਼ ਭੋਲੂ, ਅਮਿਤ ਡਾਗਰ, ਕੌਸ਼ਲ ਚੌਧਰੀ ਖ਼ਿਲਾਫ਼ ਧਾਰਾ 302 ਅਤੇ ਅਸਲਾ ਐਕਟ ਤਹਿਤ ਦੋਸ਼ ਤੈਅ ਕੀਤੇ ਹਨ। ਵਿੱਕੀ ਇੱਥੇ ਆਪਣੇ ਪਰਿਵਾਰ ਅਤੇ ਵੱਡੇ ਭਰਾ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਨਾਲ ਰਹਿ ਰਿਹਾ ਸੀ ਅਤੇ ਉਹ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਦੇ ਕਾਫ਼ੀ ਨਜ਼ਦੀਕੀ ਸਮਝਿਆਂ ਜਾਂਦਾ ਸੀ। 21 ਅਗਸਤ 2021 ਨੂੰ ਮੁਹਾਲੀ ਦੇ ਸੈਕਟਰ-71 ਦੀ ਮਾਰਕੀਟ ਵਿੱਚ ਸ਼ਰ੍ਹੇਆਮ ਗੋਲੀਆਂ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਸੀ ਅਤੇ ਗੈਂਗਸਟਰ ਬੰਬੀਹਾ ਗਰੁੱਪ ਨੇ ਆਪਣੇ ਫੇਸਬੁੱਕ ਪੇਜ਼ ’ਤੇ ਇੱਕ ਪੋਸਟ ਅਪਲੋਡ ਕਰਕੇ ਵਿੱਕੀ ਮਿੱਡੂਖੇੜਾ ਨੂੰ ਮੌਤ ਦੇ ਘਾਟ ਉਤਾਰਨ ਦੀ ਜ਼ਿੰਮੇਵਾਰੀ ਲਈ ਸੀ। ਅਦਾਲਤ ਨੇ ਬੀਤੇ ਦਿਨੀਂ ਐੱਸਐੱਸਪੀ ਰਾਹੀਂ ਥਾਣਾ ਮੁਖੀ ਨੂੰ ਗਵਾਹੀਆਂ ਕਰਵਾਉਣ ਲਈ ਕਿਹਾ ਹੈ। ਸੁਣਵਾਈ ਮੌਕੇ ਬਚਾਅ ਪੱਖ ਦੇ ਵਕੀਲ ਐਡਵੋਕੇਟ ਗੀਤਾਂਜਲੀ ਬਾਲੀ ਨੇ ਫੋਰੈਂਸਿਕ ਜਾਂਚ ਟੀਮ ਵੱਲੋਂ ਘਟਨਾ ਤੋਂ ਬਾਅਦ ਲਏ ਨਮੂਨਿਆਂ ਬਾਰੇ ਕਰਾਸ ਬਹਿਸ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਅਜੇ ਵੀ ਕਈ ਹੋਰ ਗੈਂਗਸਟਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਲੱਕੀ ਗੌਰਵ ਉਰਫ਼ ਲੱਕੀ ਪਟਿਆਲ ਦਾ ਨਾਂ ਵੀ ਸ਼ਾਮਲ ਹੈ, ਜੋ ਅਰਮੀਨੀਆ ਦੀ ਜੇਲ੍ਹ ਵਿੱਚ ਹੈ। ਇਸ ਤੋਂ ਇਲਾਵਾ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦਾ ਵੀ ਨਾਂ ਸਾਹਮਣੇ ਆਇਆ ਸੀ।