ਮਿੱਡੂਖੇੜਾ: ਸਿਆਸੀ ਧਿਰਾਂ ਦੇ ਝਗੜੇ ’ਚ ਗ਼ੈਰਜ਼ਮਾਨਤੀ ਧਾਰਾ ਦਾ ਵਾਧਾ
ਪੱਤਰ ਪ੍ਰੇਰਕ
ਲੰਬੀ, 21 ਅਕਤੂਬਰ
ਪੁਲੀਸ ਨੇ ਮਿੱਡੂਖੇੜਾ ਵਿੱਚ ਪੰਚਾਇਤ ਚੋਣ ਤੋਂ ਪਹਿਲਾਂ ਅਕਾਲੀ ਤੇ ‘ਆਪ’ ਧਿਰਾਂ ਵਿੱਚਕਾਰ ਝਗੜੇ ਦੇ ਦਰਜ ਮੁਕੱਦਮੇ ਵਿੱਚ ਬਲਾਕ ਸਮਿਤੀ ਮੈਂਬਰ ਦੇ ਖ਼ਿਲਾਫ਼ ਮੋਬਾਇਲ ਖੋਹਣ ਦੀ ਧਾਰਾ 304(2) ਲਗਾ ਕੇ ਜੁਰਮ ’ਚ ਵਾਧਾ ਕੀਤਾ ਹੈ। ਜਿਸ ਨਾਲ ਮਾਮਲਾ ਗੈਰ-ਜ਼ਮਾਨਤੀ ਹੋ ਗਿਆ ਹੈ। ਇਹ ਵਾਧਾ ‘ਆਪ’ ਆਗੂ-ਕਮ-ਸਾਬਕਾ ਸਰਪੰਚ ਦੇ ਪਤੀ ਬਿੱਟੂ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਹੋਇਆ ਹੈ। ਅਕਾਲੀ ਧਿਰ ਨੇ ਜੁਰਮ ਵਾਧੇ ਨੂੰ ‘ਆਪ’ ਦੀ ਨਿਰੋਲ ਸਿਆਸੀ ਬਦਲਾਖੋਰੀ ਕਰਾਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 13 ਅਕਤੂਬਰ ਦੀ ਰਾਤ ਨੂੰ ਇਹ ਝਗੜਾ ਹੋਇਆ ਸੀ। ਮੁਕੱਦਮੇ ਵਿੱਚ ਇੱਕ ਔਰਤ ਤੇ ਬਲਾਕ ਸਮਿਤੀ ਮੈਂਬਰ ਅਮਰਜੀਤ ਸਿੰਘ ਸਣੇ 11 ਜਣੇ ਨਾਮਜ਼ਦ ਹਨ। ਬਿੱਟੂ ਦੇ ਬਿਆਨਾਂ ਮੁਤਾਬਕ ਉੁਹ ਸਰਪੰਚ ਉਮੀਦਵਾਰ ਲਖਵੀਰ ਸਿੰਘ ਲਈ ਵੋਟਾਂ ਮੰਗ ਰਿਹਾ ਸੀ, ਜਦੋਂ ਜਸਵੰਤ ਸਿੰਘ, ਚਮਕੌਰ ਸਿੰਘ, ਸੁਖਮੰਦਰ ਸਿੰਘ, ਰਾਣੀ ਕੌਰ ਤੇ ਹੋਰਨਾਂ ਨੇ ਉਨ੍ਹਾਂ ਉੱਪਰ ਸੱਬਲ, ਬੇਸਵਾਲਾਂ ਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਤੇ ਕਾਰ ਵੀ ਭੰਨ੍ਹ ਦਿੱਤੀ। ਉਸ ਦਾ ਦੋਸ਼ ਹੈ ਕਿ ਅਮਰਜੀਤ ਸਿੰਘ ਉਸ ਦੇ ਸਾਥੀ ਪਵਨ ਕੁਮਾਰ ਦਾ ਮੋਬਾਈਲ ਤੇ ਉਸ ਦੇ ਕਵਰ ’ਚ ਮੌਜੂਦ ਇੱਕ ਹਜ਼ਾਰ ਰੁਪਏ ਖੋਹ ਕੇ ਲੈ ਗਿਆ। ਅਕਾਲੀ ਧਿਰ ਦੇ ਚਮਕੌਰ ਸਿੰਘ ਦੇ ਬਿਆਨਾਂ ਮੁਤਾਬਕ ਉਸ ਦੇ ਚਾਚਾ ਪਪਨਾ ਸਿੰਘ ਨੇ ਸੂਚਨਾ ਦਿੱਤੀ ਕਿ ਬਿੱਟੂ ਸਿੰਘ ਤੇ ਸਾਥੀ ਤੇਜ਼ਧਾਰ ਹਥਿਆਰਾਂ ਨਾਲ ਘਰ ਮੂਹਰੇ ਲਲਕਾਰੇ ਮਾਰ ਰਹੇ ਹਨ। ਉਹ ਚੌਕੀਦਾਰ ਸੱਤਪਾਲ ਸਿੰਘ ਦੇ ਨਾਲ ਪੁੱਜਾ ਜਿੱਥੇ ਬਿੱਟੂ ਸਿੰਘ ਤੇ ਸਾਥੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ। ਚੌਕੀਦਾਰ ਸੱਤਪਾਲ ’ਤੇ ਵੀ ਵਾਰ ਕੀਤਾ। ਚਮਕੌਰ ਸਿੰਘ ਮੁਤਾਬਕ ਇਹ ਹਮਲਾ ਸੁਖਮੰਦਰ ਸਿੰਘ ਪੁੱਤਰ ਪਪਨਾ ਸਿੰਘ ਦੀ ਪਤਨੀ ਮਰਨ ਕਰਕੇ ਸੀਲੂ ਉਰਫ਼ ਸੁਨੀਲ ਕੁਮਾਰ ਖਿਲਾਫ਼ ਦਰਜ ਕਰਵਾਏ ਮੁਕੱਦਮੇ ਦੀ ਰੰਜਿਸ਼ ਹੇਠ ਕੀਤਾ ਗਿਆ।
‘ਆਪ’ ਲੀਡਰਸ਼ਿਪ ਬਦਲਾਖ਼ੋਰੀ ਦੇ ਰਾਹ ’ਤੇ: ਮਿੱਡੂਖੇੜਾ
ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਸੱਤਾ ਪੱਖ ‘ਆਪ’ ਦੀ ਲੀਡਰਸ਼ਿਪ ਲੰਬੀ ਹਲਕੇ ਵਿੱਚ ਪੂਰੀ ਤਰ੍ਹਾਂ ਬਦਲਾਖ਼ੋਰੀ ਦੀ ਰਾਹ ’ਤੇ ਉੱਤਰ ਪਈ ਹੈ। ਉਨ੍ਹਾਂ ਕਿਹਾ ਕਿ ਸਰਪੰਚ ਚੋਣ ਹਾਰਨ ਦੀ ਬੌਖਲਾਹਟ ਵਿੱਚ ਕੀਤਾ ਗਿਆ ਹੈ ਤੇ ਬਦਲਾਖ਼ੋਰੀ ਤਹਿਤ ਪਿੰਡ ਵਿੱੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਦੋਸ਼ ਲਾਇਆ ਕਿ ਅਕਾਲੀ ਵਰਕਰਾਂ ਵੱਲੋਂ ਦਰਜ ਮੁਕੱਦਮੇ ’ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਨਿਰਪੱਖ ਪੜਤਾਲ ਹੋ ਰਹੀ: ਥਾਣਾ ਮੁਖੀ
ਜੁਰਮ ਵਾਧੇ ਬਾਰੇ ਥਾਣਾ ਕਿੱਲਿਆਂਵਾਲੀ (ਆਰਜੀ) ਦੇ ਮੁਖੀ ਕਰਮਜੀਤ ਕੌਰ ਦਾ ਕਹਿਣਾ ਹੈ ਕਿ ਇਹ ਪੜਤਾਲ ਦਾ ਵਿਸ਼ਾ ਹੈ। ਤੱਥਾਂ ਦੇ ਆਧਾਰ ’ਤੇ ਨਿਰਪੱਖ ਪੜਤਾਲ ਕੀਤੀ ਜਾ ਰਹੀ ਹੈ।