For the best experience, open
https://m.punjabitribuneonline.com
on your mobile browser.
Advertisement

ਬਜਟ ਵਿੱਚ ਮੱਧ ਵਰਗ ਨੂੰ ਦਿੱਤਾ ਗਿਆ ਧੋਖਾ: ਕੇਜਰੀਵਾਲ

08:21 AM Feb 02, 2025 IST
ਬਜਟ ਵਿੱਚ ਮੱਧ ਵਰਗ ਨੂੰ ਦਿੱਤਾ ਗਿਆ ਧੋਖਾ  ਕੇਜਰੀਵਾਲ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਫਰਵਰੀ
ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਿਤ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਖਾਸ ਕਰਕੇ ਮੱਧ ਵਰਗ ਨੂੰ ਧੋਖਾ ਦਿੱਤਾ ਗਿਆ ਹੈ। ਬਜਟ ਵਿੱਚ ਜੀਐੱਸਟੀ ਅਤੇ ਹੋਮ ਲੋਨ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ ਹੈ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਜਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਐਕਸ ’ਤੇ ਕਿਹਾ ਕਿ ਦੇਸ਼ ਦੇ ਖਜ਼ਾਨੇ ਦਾ ਵੱਡਾ ਹਿੱਸਾ ਕੁਝ ਅਮੀਰ ਅਰਬਪਤੀਆਂ ਦੇ ਕਰਜ਼ੇ ਮੁਆਫ ਕਰਨ ’ਤੇ ਚਲਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਸੀ ਕਿ ਬਜਟ ਵਿੱਚ ਇਹ ਐਲਾਨ ਕੀਤਾ ਜਾਵੇ ਕਿ ਭਵਿੱਖ ਵਿੱਚ ਕਿਸੇ ਵੀ ਅਰਬਪਤੀ ਦਾ ਕਰਜ਼ਾ ਮੁਆਫ਼ ਨਹੀਂ ਕੀਤਾ ਜਾਵੇਗਾ। ਇਸ ਤੋਂ ਬਚਣ ਵਾਲੇ ਪੈਸੇ ਨਾਲ ਮੱਧ ਵਰਗ ਦੇ ਘਰਾਂ ਅਤੇ ਵਾਹਨਾਂ ਦੇ ਕਰਜ਼ਿਆਂ ਵਿੱਚ ਛੋਟ ਦਿੱਤੀ ਜਾਵੇ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਇਨਕਮ ਟੈਕਸ ਅਤੇ ਜੀਐੱਸਟੀ ਦੀਆਂ ਟੈਕਸ ਦਰਾਂ ਅੱਧੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਅਜਿਹਾ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਮੰਗ ਕੀਤੀ ਸੀ ਕਿ ਸਰਕਾਰ ਇਹ ਐਲਾਨ ਕਰੇ ਕਿ ਉਹ ਪੂੰਜੀਪਤੀਆਂ ਦੇ ਕਰਜ਼ੇ ਮੁਆਫ਼ ਨਹੀਂ ਕਰੇਗੀ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਆਪਣੇ ਸਰਮਾਏਦਾਰ ਦੋਸਤਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ, ਇਹ ਪੈਸਾ ਵੀ ਵਸੂਲ ਕੀਤਾ ਜਾਵੇ। ਇਸ ਕਾਰਨ ਇਨਕਮ ਟੈਕਸ ਅਤੇ ਜੀਐੱਸਟੀ ਦੀਆਂ ਮੌਜੂਦਾ ਦਰਾਂ ਅੱਧੀਆਂ ਹੋ ਸਕਦੀਆਂ ਹਨ, ਪਰ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ। ਇਸ ਦਾ ਮਤਲਬ ਹੈ ਕਿ ਭਾਜਪਾ ਅਜੇ ਵੀ ਪੂੰਜੀਪਤੀਆਂ ਦੇ ਲੱਖਾਂ-ਕਰੋੜਾਂ ਦੇ ਕਰਜ਼ੇ ਮੁਆਫ਼ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਭਾਜਪਾ ਦਾ ਲੱਖਾਂ-ਕਰੋੜਾਂ ਰੁਪਏ ਦਾ ਬਕਾਇਆ ਵਸੂਲਣ ਦਾ ਇਰਾਦਾ ਨਹੀਂ ਹੈ।
‘ਆਪ’ ਦੀ ਸੀਨੀਅਰ ਨੇਤਾ ਜੈਸਮੀਨ ਸ਼ਾਹ ਨੇ ਟਵਿੱਟਰ ‘ਤੇ ਲਿਖਿਆ ਕਿ ਬਜਟ 2025 ਸਾਰਿਆਂ ਲਈ ਨਿਰਾਸ਼ਾਜਨਕ ਹੈ, ਖਾਸ ਕਰਕੇ ਮੱਧ ਵਰਗ ਲਈ। ਉਨ੍ਹਾਂ ਸਰਲ ਸ਼ਬਦਾਂ ਵਿੱਚ ਦੱਸਿਆ ਕਿ ਕਿਵੇਂ ਇਹ ਬਜਟ ਮੱਧ ਵਰਗ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੀ ਲਗਪਗ 30 ਫ਼ੀਸਦੀ ਆਬਾਦੀ ਮੱਧ ਵਰਗ ਹੈ ਅਤੇ ਸਿਰਫ 2 ਫ਼ੀਸਦੀ ਯਾਨੀ ਲਗਪਗ 3 ਕਰੋੜ ਲੋਕ ਇਨਕਮ ਟੈਕਸ ਅਦਾ ਕਰਦੇ ਹਨ। ਬਾਕੀ, ਗਰੀਬਾਂ ਸਮੇਤ, ਪੈਟਰੋਲ ਅਤੇ ਡੀਜ਼ਲ ’ਤੇ ਜੀਐੱਸਟੀ, ਐਕਸਾਈਜ਼ ਡਿਊਟੀ ਵਰਗੇ ਅਸਿੱਧੇ ਟੈਕਸ ਅਦਾ ਕਰਦੇ ਹਨ। ਇਸ ਬਜਟ ਵਿੱਚ 98 ਫ਼ੀਸਦੀ ਭਾਰਤੀਆਂ ਲਈ ਕੋਈ ਰਾਹਤ ਨਹੀਂ ਦਿੱਤੀ ਗਈ।

Advertisement

ਨੌਜਵਾਨਾਂ ਤੇ ਕਿਸਾਨਾਂ ਲਈ ਬਜਟ ਵਿੱਚ ਕੁਝ ਨਹੀਂ: ਅਰੋੜਾ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਹਅਿਾਣਾ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ਥਾਨੇਸਰ ਦੇ ਮੌਜੂਦਾ ਵਿਧਾਇਕ ਅਸ਼ੋਕ ਅਰੋੜਾ ਨੇ ਕੇਂਦਰੀ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਸਿਰਫ ਇਕ ਫ਼ੀਸਦੀ ਆਮਦਨ ਕਰਦਾਤਾਵਾਂ ਨੂੰ ਕੁਝ ਰਿਆਇਤਾਂ ਦੇਣ ਤੋਂ ਇਲਾਵਾ ਦੇਸ਼ ਦੇ 99 ਫ਼ੀਸਦੀ ਲੋਕਾਂ ਲਈ ਕੁਝ ਵੀ ਨਹੀਂ। ਦਿੱਲੀ ਚੋਣਾਂ ਦੇ ਮੱਦੇਨਜਰ ਕੇਂਦਰੀ ਬਜਟ ਵਿੱਚ ਅਮੀਰ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਜਦਕਿ ਆਮ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਜੀਐੱਸਟੀ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ,ਜਦਕਿ ਸਰਕਾਰ ਨੂੰ ਵੱਡੀ ਮਾਤਰਾ ਵਿੱਚ ਜੀਐੱਸਟੀ, ਪੈਟਰੋਲ ਤੇ ਡੀਜ਼ਲ ’ਤੇ ਹਰ ਕੋਈ ਅਦਾ ਕਰਦਾ ਹੈ। ਨਾ ਤਾਂ ਜੀਐੱਸਟੀ ਦਰਾਂ ਵਿਚ ਕਟੌਤੀ ਕੀਤੀ ਗਈ ਤੇ ਨਾ ਹੀ ਬਜਟ ਵਿਚ ਵੈਟ ਵਿੱਚ ਕੋਈ ਕਟੌਤੀ ਕੀਤੀ ਗਈ ਹੈ। ਨੌਜਵਾਨਾਂ ਤੇ ਕਿਸਾਨਾਂ ਲਈ ਬਜਟ ਵਿਚ ਕੁਝ ਨਹੀਂ ਹੈ। ਕਿਸਾਨਾਂ ਵੱਲੋਂ ਵਰਤੇ ਜਾਣ ਵਾਲੇ ਕੀਟਨਾਸ਼ਕਾ, ਖੇਤੀ ਸੰਦਾਂ ਤੇ ਖਾਦਾਂ ’ਤੇ ਵੀ ਟੈਕਸ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ। ਕੇਂਦਰੀ ਬਜਟ ਨੇ ਆਮ ਲੋਕਾਂ ਨੂੰ ਨਿਰਾਸ਼ ਕੀਤਾ ਹੈ।ਇਸ ਮੌਕੇ ਉਨਾਂ ਦੇ ਨਾਲ ਸੂਬਾ ਕਾਂਗਰਸ ਦੇ ਸਾਬਕਾ ਸੰਗਠਨ ਸਕੱਤਰ ਸੁਭਾਸ਼ ਪਾਲੀ ਵੀ ਮੌਜੂਦ ਸਨ।

Advertisement

ਸਾਈਕਲ, ਖੇਡਾਂ ਦੇ ਸਾਮਾਨ ਅਤੇ ਕੱਪੜਾ ਕਾਰੋਬਾਰ ’ਤੇ ਵਿਸ਼ੇਸ਼ ਫੋਕਸ ਸਕੀਮ ਲਾਗੂ ਕੀਤੀ ਜਾਵੇ: ਸਾਹਨੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਬਜਟ ਬਾਰੇ ਬੋਲਦਿਆਂ, ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਕਿ ਬਜਟ ਵਿੱਚ ਚਮੜੇ, ਜੁੱਤੀਆਂ ਅਤੇ ਖਿਡੌਣਿਆਂ ਲਈ ਫੋਕਸ ਏਰੀਆ ਦੇ ਨਾਲ-ਨਾਲ ਲੁਧਿਆਣਾ ਅਤੇ ਜਲੰਧਰ ਉਦਯੋਗਾਂ ਲਈ ਸਾਈਕਲਾਂ, ਹੌਜ਼ਰੀ, ਟੈਕਸਟਾਈਲ ਅਤੇ ਖੇਡਾਂ ਦੇ ਸਾਮਾਨ ਲਈ ਫੋਕਸ ਖੇਤਰ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਹਵਾਈ ਕਾਰਗੋ ਸਹੂਲਤਾਂ ਦੇ ਅਪਗ੍ਰੇਡੇਸ਼ਨ ਵਿੱਚ ਮੁਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡੇ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ ਅਤੇ ਇਨ੍ਹਾਂ ਹਵਾਈ ਅੱਡਿਆਂ ਤੋਂ ਕਾਰਗੋ ਉਡਾਣਾਂ ਤੁਰੰਤ ਸ਼ੁਰੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਾਲਾਂ ਅਤੇ ਤੇਲ ਬੀਜਾਂ ਲਈ 100 ਫ਼ੀਸਦ ਖਰੀਦ ਗਾਰੰਟੀ ਇੱਕ ਸਵਾਗਤਯੋਗ ਕਦਮ ਹੈ ਪਰ ਸਰਕਾਰ ਨੂੰ ਮੱਕੀ, ਬਾਜਰਾ ਆਦਿ ਵਰਗੀਆਂ ਹੋਰ ਐੱਮਐੱਸਪੀ ਐਲਾਨੀਆਂ ਫਸਲਾਂ ਦੀ ਵੀ ਲੋੜੀਂਦੀ ਮਾਤਰਾ ਵਿੱਚ ਖਰੀਦ ਕਰਨੀ ਚਾਹੀਦੀ ਹੈ।

Advertisement
Author Image

sukhwinder singh

View all posts

Advertisement