ਤਨਖਾਹਾਂ ਜਾਰੀ ਨਾ ਹੋਣ ਕਾਰਨ ਮਿੱਡ-ਡੇਅ ਮੀਲ ਵਰਕਰ ਪ੍ਰੇਸ਼ਾਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੁਲਾਈ
ਬਲਾਕ ਮਾਂਗਟ ਤਿੰਨ ਦੇ ਅਧਿਆਪਕਾਂ ਵੱਲੋਂ ਅੱਜ ਆਪਣੀਆਂ ਮੁਸ਼ਕਲਾਂ ਉਪਰ ਵਿਚਾਰ ਚਰਚਾ ਕਰਨ ਅਤੇ ਉਨ੍ਹਾਂ ਦੇ ਹਲ ਲਈ ਵਿਸ਼ੇਸ਼ ਮੀਟਿੰਗ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੀ ਗਈ। ਇਸ ਵਿੱਚ ਵੱਖ ਵੱਖ ਅਧਿਆਪਕ ਕੈਟਾਗਰੀ ਤੋਂ ਇਲਾਵਾ ਮਿਡ ਡੇਅ ਮੀਲ ਵਰਕਰ ਵੀ ਸ਼ਾਮਿਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਅਮਨਦੀਪ ਖੇੜਾ ਅਤੇ ਸਕੱਤਰ ਰੋਹਿਤ ਅਵੱਸਥੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਬਲਕ ਦੀਆਂ ਡੀਡੀਓ ਪਾਵਰਾਂ ਕਿਸੇ ਕੋਲ ਨਾ ਹੋਣ ਕਾਰਨ ਤਨਖਾਹਾਂ ਜਾਰੀ ਹੋਣ ਵਿੱਚ ਬਹੁਤ ਮੁਸ਼ਕਲ ਪੇਸ਼ ਆ ਰਹੀ ਹੈ। ਇਸ ਕਾਰਨ ਮਿਡ ਡੇਅ ਮੀਲ ਵਰਕਰਾਂ, ਆਲੰਟੀਅਰ ਅਧਿਆਪਕਾਂ ਦੀ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਜਾਰੀ ਨਹੀਂ ਹੋਈ ਜਦਕਿ ਪ੍ਰਾਇਮਰੀ ਕਾਡਰ ਦੇ ਵੱਖ ਵੱਖ ਅਧਿਆਪਕਾਂ ਦੀ ਜੂਨ ਮਹੀਨੇ ਦੀ ਤਨਖਾਹ ਜਾਰੀ ਨਹੀਂ ਹੋਈ। ਇਸ ਕਾਰਨ ਮੁਲਾਜ਼ਮਾਂ ਨੂੰ ਵਿੱਤੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਜਦੋਂ ਇਸ ਮੁਸ਼ਕਲ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਬਲਦੇਵ ਸਿੰਘ ਜੋਧਾਂ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਹਨਾਂ ਦੱਸਿਆ ਕਿ ਬੀਪੀਈਓ ਦੇ ਬਦਲੀ ਕਰਾ ਲੈਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ ਜਿਸ ਬਾਬਤ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਗਿਆ ਹੈ ਅਤੇ ਅੱਜ ਦੁਬਾਰਾ ਇਸ ਸਮੱਸਿਆ ਦੇ ਹਲ ਲਈ ਲਿਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਲਦੀ ਹੀ ਸਾਰੇ ਵਰਗਾਂ ਦੀ ਤਨਖਾਹ ਜਾਰੀ ਕਰ ਦਿੱਤੀ ਜਾਵੇਗੀ। ਮੌਕੇ ’ਤੇ ਹਾਜ਼ਰ ਨੁਮਾਇੰਦਿਆਂ ਨੇ ਹੋਰ ਦਫਤਰ ਸਮੱਸਿਆਵਾਂ ਉਪਰ ਵੀ ਚਰਚਾ ਕੀਤੀ ਜਿਸ ਨੂੰ ਬਲਾਕ ਅਧਿਕਾਰੀ ਦੇ ਆਉਣ ਉਪਰ ਹੱਲ ਕਰਵਾਉਣ ਦੀ ਗੱਲ ਕੀਤੀ ਜਾਵੇਗੀ। ਇਸ ਮੌਕੇ 6635 ਪ੍ਰਧਾਨ ਸੰਦੀਪ ਫਾਜ਼ਿਲਕਾ, ਰਕੇਸ਼ ਕੁਮਾਰ, ਕਰਨੈਲ ਕੌਰ, ਹਰਦੀਪ ਕੌਰ ਅਤੇ ਸੁਰਿੰਦਰ ਕੌਰ ਆਦਿ ਹਾਜ਼ਰ ਸਨ।