ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਵੱਲੋਂ ਏਡੀਸੀ ਨੂੰ ਮੰਗ ਪੱਤਰ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਨਵੰਬਰ
ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੇ ਵਫ਼ਦ ਵਲੋਂ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਕੌਰ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੂੰ ਮੰਗ ਪੱਤਰ ਦਿੱਤਾ ਗਿਆ। ਵਫ਼ਦ ਨੇ ਮੰਗ ਕੀਤੀ ਕਿ ਮਿੱਡ-ਡੇਅ ਮੀਲ ਵਰਕਰਾਂ ਨੂੰ ਪੂਰੇ ਸਕੇਲਾਂ ਵਿਚ ਰੈਗੂਲਰ ਕੀਤਾ ਜਾਵੇ, ਮਿਡ ਡੇਅ ਮੀਲ ਵਰਕਰਾਂ ਨੂੰ ਪਛਾਣ ਪੱਤਰ ਤੇ ਗਰਮ ਵਰਦੀਆਂ ਦਿੱਤੀਆਂ ਜਾਣ, ਹੋਰ ਮਹਿਲਾ ਮੁਲਾਜ਼ਮਾਂ ਵਾਂਗ ਇਨ੍ਹਾਂ ਵਰਕਰਾਂ ਨੂੰ ਵੀ ਅਚਨਚੇਤ, ਮੈਡੀਕਲ, ਪ੍ਰਸੂਤਾ ਤੇ ਕਮਾਈ ਛੱਟੀਆਂ ਦਿੱਤੀਆਂ ਜਾਣ, ਪ੍ਰੀ ਨਰਸਰੀ ਵਾਲੇ ਬੱਚਿਆਂ ਦੀ ਗਿਣਤੀ ਪ੍ਰਾਇਮਰੀ ਸਕੂਲਾਂ ਵਿਚ ਕੀਤੀ ਜਾਵੇ, ਹਰੇਕ ਸਕੂਲ ਵਿਚ ਘੱਟੋ-ਘੱਟ ਦੋ ਵਰਕਰਾਂ ਰੱਖੀਆਂ ਜਾਣ, ਮਿੱਡ ਡੇਅ ਮੀਲ ਵਰਕਰਾਂ ਦਾ 5 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ਤੇ ਕਿਸੇ ਵੀ ਵਰਕਰ ਕੋਲੋਂ ਜਬਰਨ ਕੋਈ ਕੰਮ ਨਾ ਲਿਆ ਜਾਵੇ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਰਕਰਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦੀ ਨਾ ਕੀਤਾ ਤਾਂ 19 ਨਵੰਬਰ ਨੂੰ ਵਿੱਤ ਮੰਤਰੀ ਦੇ ਹਲਕੇ ਦਿੜ੍ਹਬਾ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਵਫਦ ਵਿਚ ਸੀਮਾ ਰਾਣੀ, ਨੀਲਮ, ਮੀਨਾ ਰਾਣੀ, ਮਲਕੀਤ ਕੌਰ, ਸੋਨੀਆ, ਸੱਤਿਆ ਦੇਵੀ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਸੁਨੀਲ ਸ਼ਰਮਾ ਆਦਿ ਸ਼ਾਮਿਲ ਸਨ।