ਮਿੱਡ-ਡੇਅ ਮੀਲ ਵਰਕਰਾਂ ਵੱਲੋਂ ਮੁੱਖ ਮੰਤਰੀ ਦੇ ਦੌਰੇ ਦਾ ਵਿਰੋਧ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਰੱਖੇ ਗਏ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਸ਼ਾਸਨ ਨੂੰ ਮਿੱਡ-ਡੇਅ ਮੀਲ ਵਰਕਰਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੀਆਂ ਮਿੱਡ-ਡੇਅ ਮੀਲ ਵਰਕਰਾਂ ਨੇ ਪੰਜਾਬ ਦੀ ‘ਆਪ’ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨਣ ਦਾ ਦੋਸ਼ ਲਾਇਆ। ਲਾਲ ਝੰਡਾ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ (ਸੀਟੀਯੂ ਪੰਜਾਬ) ਦੀ ਸੂਬਾਈ ਪ੍ਰਧਾਨ ਜਸਮੇਲ ਕੌਰ ਬੀਰ ਕਲਾਂ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨਾਲ ਮਿਲਾਇਆ ਜਾਵੇਗਾ ਅਤੇ ਜਥੇਬੰਦੀ ਦੀ ਗੱਲ ਰੱਖੀ ਜਾਵੇਗੀ ਪਰ ਬਾਅਦ ਵਿੱਚ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁੱਕਰ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸ਼ਾਮ ਤੱਕ ਕਿਸੇ ਜਗ੍ਹਾ ’ਤੇ ਨਜ਼ਰਬੰਦ ਕਰਕੇ ਰੱਖਿਆ ਤਾਂ ਕਿ ਉਹ ਮੁੱਖ ਮੰਤਰੀ ਦਾ ਵਿਰੋਧ ਨਾ ਕਰ ਸਕਣ। ਜਥੇਬੰਦੀ ਦੀ ਪ੍ਰਧਾਨ ਨੇ ਚਿਤਾਵਨੀ ਦਿੱਤੀ ਕਿ ਮੰਗਾਂ ਮੰਨੇ ਜਾਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।
ਬੇਰੁਜ਼ਗਾਰਾਂ ਵੱਲੋਂ ਮੁੱਖ ਮੰਤਰੀ ਖ਼ਿਲਾਫ਼ ਰੋਸ ਮੁਜ਼ਾਹਰਾ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਨਾਮ ਫੇਰੀ ਦਾ ਵਿਰੋਧ ਕਰਦਿਆਂ ਅੱਜ ਸ਼ਹਿਰ ਦੇ ਬਾਜ਼ਾਰਾਂ ਅਤੇ ਚੌਰਾਹਿਆਂ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪ੍ਰਦਰਸ਼ਨ ਕੀਤੇੇ। ਸ਼ਹਿਰ ਵਿੱਚ ਇੱਕ ਪਾਸੇ ਸਾਂਝਾ ਬੇਰੁਜ਼ਗਾਰ ਮੋਰਚਾ ਦੇ ਕਾਰਕੁਨ ਨਾਅਰੇਬਾਜ਼ੀ ਕਰ ਰਹੇ ਸਨ, ਉੱਥੇ ਹੀ ਦੂਜੇ ਪਾਸੇ ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੇ ਕਾਰਕੁਨ ਆਪਣੀਆਂ ਮੰਗਾਂ ਲਈ ਡਟੇ ਹੋਏ ਸਨ। ਸਾਂਝਾ ਬੇਰੁਜ਼ਗਾਰ ਮੋਰਚਾ ਦੇ ਆਗੂ ਅਮਨ ਸੇਖ਼ਾ ਅਤੇ ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੀ ਆਗੂ ਗਗਨਦੀਪ ਕੌਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਓਐੱਸਡੀ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਸੀ, ਜਿਸ ਕਾਰਨ ਪਹਿਲਾਂ ਉਨ੍ਹਾਂ ਸੰਘਰਸ਼ ਨੂੰ ਮੁਲਤਵੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੇ ਸਕੱਤਰ ਜਥੇਬੰਦੀਆਂ ਦੇ ਆਗੂਆਂ ਨੂੰ ਮਿਲਣ ਲਈ ਆਏ, ਜੋ ਜਥੇਬੰਦੀ ਦੀਆਂ ਮੰਗਾਂ ਤੋਂ ਅਣਜਾਣ ਸਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਜਾਣ-ਬੁੱਝ ਕੇ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ।