For the best experience, open
https://m.punjabitribuneonline.com
on your mobile browser.
Advertisement

ਮਿੱਡ-ਡੇਅ ਮੀਲ: ਮੌਸਮੀ ਫਲ ਦੇਣ ਦੀ ਸਕੀਮ ਦਾ ‘ਫਲ’ ਝੜਿਆ

06:59 AM Jul 06, 2024 IST
ਮਿੱਡ ਡੇਅ ਮੀਲ  ਮੌਸਮੀ ਫਲ ਦੇਣ ਦੀ ਸਕੀਮ ਦਾ ‘ਫਲ’ ਝੜਿਆ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਜੁਲਾਈ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮਿੱਡ-ਡੇਅ ਮੀਲ ਵਿੱਚ ਮੌਸਮੀ ਫਲ ਦੇਣ ਨਾਲ ਪਹਿਲੇ ਸੀਜ਼ਨ ’ਚ ਕਿਸਾਨਾਂ ਨੂੰ ਠੁੰਮ੍ਹਣਾ ਮਿਲਿਆ ਪ੍ਰੰਤੂ ਉਸ ਮਗਰੋਂ ਮੌਸਮੀ ਫਲ ਦੇਣ ਦੀ ਸਕੀਮ ਨੂੰ ਬੂਰ ਨਹੀਂ ਪਿਆ। ਸਿੱਖਿਆ ਵਿਭਾਗ ਨੇ ਇਸ ਸੀਜ਼ਨ ਵਿੱਚ ਕਿਸਾਨਾਂ ਕੋਲੋਂ 8.17 ਕਰੋੜ ਰੁਪਏ ਦਾ ਕਿੰਨੂ ਖਰੀਦਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਫਰਵਰੀ 2023 ਵਿੱਚ ਬੱਚਿਆਂ ਨੂੰ ਪੰਜਾਬ ਦਾ ਮੌਸਮੀ ਫਲ ਦੇਣ ਦਾ ਫ਼ੈਸਲਾ ਲਿਆ ਸੀ। ਜਦੋਂ ਸੂਬੇ ਵਿੱਚ ਕਿੰਨੂ ਦੀ ਫ਼ਸਲ ਰੁਲ ਰਹੀ ਸੀ ਤਾਂ ਉਦੋਂ ਇਹ ਫ਼ੈਸਲਾ ਸਾਹਮਣੇ ਆਇਆ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਿੰਨੂ ਉਤਪਾਦਕਾਂ ਨੂੰ ਮਿੱਡ-ਡੇਅ ਮੀਲ ਲਈ ਕਿੰਨੂ ਸਪਲਾਈ ਕਰਨ ਨਾਲ ਕਰੋੜਾਂ ਰੁਪਏ ਦੀ ਆਮਦਨ ਹੋਈ।
ਸਰਕਾਰੀ ਸਕੂਲਾਂ ਵਿੱਚ 12 ਫਰਵਰੀ ਤੋਂ ਕਿੰਨੂ ਮਿੱਡ-ਡੇਅ ਮੀਲ ਵਿੱਚ ਦੇਣਾ ਸ਼ੁਰੂ ਕੀਤਾ ਗਿਆ ਸੀ ਅਤੇ ਫਰਵਰੀ ਤੇ ਮਾਰਚ ਮਹੀਨੇ ਤੱਕ ਇਸ ਦੀ ਸਪਲਾਈ ਸਕੂਲਾਂ ਵਿੱਚ ਜਾਰੀ ਰਹੀ। ਬਾਗਵਾਨੀ ਵਿਭਾਗ ਅਤੇ ਪੰਜਾਬ ਐਗਰੋ ਵੱਲੋਂ ਸਕੂਲਾਂ ਦਾ ਬਾਗਵਾਨਾਂ ਨਾਲ ਸੰਪਰਕ ਕਰਾਇਆ ਗਿਆ ਸੀ। ਸਰਕਾਰੀ ਸਕੂਲਾਂ ਵੱਲੋਂ ਕਿਸਾਨਾਂ ਕੋਲੋਂ ਕਿੰਨੂ ਦੀ ਸਿੱਧੀ ਖ਼ਰੀਦ ਕੀਤੀ ਗਈ ਸੀ ਅਤੇ ਪ੍ਰਤੀ ਕਿੰਨੂ ਪੰਜ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਿੰਨੂ ਦੀ ਸਪਲਾਈ ਜ਼ਿਆਦਾ ਹੋਈ ਸੀ। ਬਾਗਵਾਨਾਂ ਅਤੇ ਸਕੂਲ ਮੁਖੀਆਂ ਦੀਆਂ ਮੀਟਿੰਗਾਂ ਕਰਾਉਣ ਦੇ ਮਾਮਲੇ ਵਿੱਚ ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ਼ੇਨੂ ਦੁੱਗਲ ਦੀ ਉਦੋਂ ਕਾਫ਼ੀ ਪ੍ਰਸ਼ੰਸਾ ਵੀ ਹੋਈ ਸੀ। ਪੁਰਸਕਾਰ ਜੇਤੂ ਬਾਗਵਾਨ ਸੁਖਪਾਲ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਪ੍ਰੰਤੂ ਲੋੜ ਇਸ ਗੱਲ ਦੀ ਹੈ ਕਿ ਇਹ ਸਕੀਮ ਰੈਗੂਲਰ ਲਾਗੂ ਕਰ ਕੇ ਸਮੇਂ ਸਿਰ ਮੌਸਮੀ ਫਲ ਦੀ ਸਪਲਾਈ ਲਈ ਜਾਵੇ। ਉਨ੍ਹਾਂ ਕਿਹਾ ਕਿ ਕਿੰਨੂ ਦੀ ਫ਼ਸਲ ਉਦੋਂ ਸਕੂਲਾਂ ਵਿੱਚ ਸਪਲਾਈ ਹੋਈ ਜਦੋਂ ਬਾਗਵਾਨ ਸਸਤੇ ਭਾਅ ’ਤੇ ਆਪਣੀ ਫ਼ਸਲ ਵੇਚ ਚੁੱਕੇ ਸਨ। ਬਾਗਵਾਨ ਆਖਦੇ ਹਨ ਕਿ ਮਿੱਡ-ਡੇਅ ਮੀਲ ਸਕੀਮ ਨੇ ਥੋੜ੍ਹਾ ਠੁੰਮ੍ਹਣਾ ਜ਼ਰੂਰ ਦਿੱਤਾ ਸੀ।
ਮਿੱਡ-ਡੇਅ ਮੀਲ ਤਹਿਤ ਬੱਚਿਆਂ ਨੂੰ ਕਿੰਨੂ ਦੇਣ ਮਗਰੋਂ ਮੌਸਮੀ ਫਲ ਦੇਣ ਦਾ ਮਾਮਲਾ ਖਟਾਈ ਵਿੱਚ ਪੈ ਗਿਆ ਅਤੇ ਹੁਣ ਬੱਚਿਆਂ ਨੂੰ ਮੁੜ ਪਹਿਲਾਂ ਵਾਂਗ ਕੇਲਾ ਹੀ ਦਿੱਤਾ ਜਾਣ ਲੱਗਾ ਹੈ। ਸਿੱਖਿਆ ਵਿਭਾਗ ਨੇ ਵੀ ਅਗਲਾ ਮੌਸਮੀ ਫਲ ਦੇਣ ਲਈ ਕੋਈ ਪਹਿਲ ਨਹੀਂ ਕੀਤੀ ਅਤੇ ਬਾਗਵਾਨੀ ਵਿਭਾਗ ਨੇ ਵੀ ਸਿੱਖਿਆ ਵਿਭਾਗ ਨੂੰ ਮੌਸਮੀ ਫਲ ਬਾਰੇ ਕੋਈ ਠੋਸ ਜਾਣਕਾਰੀ ਮੌਕੇ ’ਤੇ ਮੁਹੱਈਆ ਨਹੀਂ ਕਰਵਾਈ। ਮੌਸਮੀ ਫਲ ਦੇਣ ਦਾ ਫ਼ੈਸਲਾ ਕਿੰਨੂ ਦੀ ਫ਼ਸਲ ਤੋਂ ਬਾਅਦ ਹੀ ਖ਼ਤਮ ਹੋ ਗਿਆ। ਸੂਬੇ ਵਿੱਚ ਮਈ ਮਹੀਨੇ ਆੜੂ ਦੀ ਫ਼ਸਲ ਆ ਗਈ ਸੀ ਪ੍ਰੰਤੂ ਮਿੱਡ- ਡੇਅ ਮੀਲ ’ਚੋਂ ਇਹ ਫਲ ਗਾਇਬ ਰਿਹਾ ਹੈ। ਹੁਣ ਜੂਨ ਮਹੀਨੇ ਤੋਂ ਲੀਚੀ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਕਿਸੇ ਵੀ ਸਕੂਲ ਵਿੱਚ ਲੀਚੀ ਨਹੀਂ ਪੁੱਜੀ ਹੈ। ਡੇਢ ਮਹੀਨੇ ਬਾਅਦ ਅਮਰੂਦ ਦੀ ਫ਼ਸਲ ਆ ਜਾਣੀ ਹੈ। ਜੁਲਾਈ ਮਹੀਨੇ ਵਿੱਚ ਹੀ ਹੁਸ਼ਿਆਰਪੁਰ ਇਲਾਕੇ ਵਿੱਚ ਅੰਬ ਦੀ ਫ਼ਸਲ ਆ ਚੁੱਕੀ ਹੈ ਪਰ ਕਿਸੇ ਸਕੂਲ ਵਿੱਚ ਅੰਬ ਮਿੱਡ-ਡੇਅ ਮੀਲ ਦਾ ਹਿੱਸਾ ਨਹੀਂ ਬਣਿਆ ਹੈ। ਕਿੰਨੂ ਦਾ ਤਜਰਬਾ ਦੇਖੀਏ ਤਾਂ ਮੌਸਮੀ ਫਲ ਮਿੱਡ-ਡੇਅ ਮੀਲ ਦਾ ਹਿੱਸਾ ਬਣਨ ਨਾਲ ਬਾਗਵਾਨਾਂ ਲਈ ਲਾਹੇਵੰਦ ਸੌਦਾ ਬਣ ਸਕਦਾ ਹੈ।
ਦੱਸਣਯੋਗ ਹੈ ਕਿ ਸਿੱਖਿਆ ਵਿਭਾਗ ਨੇ ਫਲਾਂ ਵਿੱਚ ਮੌਸਮ ਦੇ ਹਿਸਾਬ ਨਾਲ ਕਿਨੂੰ, ਅਮਰੂਦ, ਬੇਰ, ਅੰਬ ਅਤੇ ਲੀਚੀ ਦੇਣ ਦਾ ਫ਼ੈਸਲਾ ਲਿਆ ਹੈ। ਪੰਜਾਬ ਵਿੱਚ 19,120 ਸਰਕਾਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ ਅੱਠਵੀਂ ਕਲਾਸ ਤੱਕ ਦੇ 16.35 ਲੱਖ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਫਲੈਕਸੀ ਫ਼ੰਡ ’ਚੋਂ ਰਾਸ਼ੀ ਫਲਾਂ ’ਤੇ ਖ਼ਰਚ ਕੀਤੀ ਜਾਂਦੀ ਹੈ। ਮਿੱਡ-ਡੇਅ ਮੀਲ ਦੇ ਖ਼ਰਚੇ ’ਚੋਂ ਵਿੱਤੀ ਵਰ੍ਹੇ ਦੀ ਆਖ਼ਰੀ ਤਿਮਾਹੀ ਮੌਕੇ ਜੋ ਫ਼ੰਡ ਰਹਿ ਜਾਂਦੇ ਹਨ, ਉਨ੍ਹਾਂ ਨੂੰ ‘ਫਲੈਕਸੀ ਫ਼ੰਡ’ ਵਿੱਚ ਪਾਇਆ ਜਾਂਦਾ ਹੈ। ਬਾਗਵਾਨੀ ਵਿਭਾਗ ਦੀ ਡਾਇਰੈਕਟਰ ਸ਼ੈਲੇਂਦਰ ਕੌਰ ਦਾ ਕਹਿਣਾ ਸੀ ਕਿ ਇਹ ਸਕੀਮ ਸਿੱਖਿਆ ਵਿਭਾਗ ਦੀ ਹੈ ਅਤੇ ਬਾਗਵਾਨੀ ਮਹਿਕਮੇ ਵੱਲੋਂ ਸਿੱਖਿਆ ਵਿਭਾਗ ਨੂੰ ਹਰੇਕ ਮੌਸਮੀ ਫਲ ਦੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ।

Advertisement

ਫ਼ੈਸਲਾ ਸਕੂਲ ਮੁਖੀ ਲੈ ਸਕਦੇ ਨੇ: ਯਾਦਵ

ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਮੌਸਮੀ ਫਲਾਂ ਦੀ ਖ਼ਰੀਦ ਦਾ ਫ਼ੈਸਲਾ ਸਕੂਲ ਪੱਧਰ ’ਤੇ ਹੀ ਲਿਆ ਜਾਣਾ ਹੈ ਅਤੇ ਸਕੂਲ ਮੁਖੀ ਮੌਸਮੀ ਫਲ ਦੀ ਉਪਲਬਧਤਾ ਦੇ ਹਿਸਾਬ ਨਾਲ ਫਲ ਖ਼ਰੀਦ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿੱਡ-ਡੇਅ ਮੀਲ ਦੇ ਫ਼ੰਡਾਂ ਦੀ ਬੱਚਤ ’ਚੋਂ ਹੀ ਫਲਾਂ ’ਤੇ ਰਾਸ਼ੀ ਖ਼ਰਚ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿੰਨੂ ਦੇਣ ਦਾ ਤਜਰਬਾ ਚੰਗਾ ਰਿਹਾ ਹੈ।

Advertisement

Advertisement
Author Image

sanam grng

View all posts

Advertisement