ਮਿੱਡ-ਡੇਅ ਮੀਲ: ਐਲੁੂਮੀਨੀਅਮ ਦੇ ਭਾਂਡਿਆਂ ਦੀ ਵਰਤੋਂ ਘਟਾਉਣ ਦੇ ਹੁਕਮ; ਪਰ ਬਦਲਵੇਂ ਪ੍ਰਬੰਧ ਨਹੀਂ
ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 31 ਜੁਲਾਈ
ਐਲੂਮੀਨੀਅਮ ਦੇ ਬਰਤਨਾਂ ਵਿੱਚ ਖਾਣਾ ਪਕਾਉਣ , ਸੰਭਾਲਣ ਅਤੇ ਪਰੋਸਨ ਦੇ ਸਬੰਧ ਵਿੱਚ ਸਮੇਂ ਸਮੇਂ ’ਤੇ ਪ੍ਰਾਪਤ ਹੁੰਦੇ ਸਰਕਾਰੀ ਹੁਕਮਾਂ ਨੂੰ ਮੰਨੀਏ ਤਾਂ ਹਰ ਉਮਰ ਵਰਗ ਦੇ ਲੋਕ ਰੋਜ਼ਾਨਾ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਜ਼ਹਿਰ ਲੈ ਰਹੇ ਹਨ ਜਿਹੜੇ ਹੋਟਲਾਂ, ਢਾਬਿਆਂ ’ਤੇ ਰੁਟੀਨ ਵਿੱਚ ਖਾਣਾ ਖਾਣ ਤੋਂ ਇਲਾਵਾ ਵਿਆਹ ਸ਼ਾਦੀਆਂ ਅਤੇ ਭੋਗਾਂ ਦੌਰਾਨ ਜ਼ਿਆਦਾ ਖਾਣ-ਪੀਣ ਕਰਦੇ ਹਨ।
ਕਿਸੇ ਵੀ ਕਿਸਮ ਦੇ ਰਸਾਇਣਕ ਜ਼ਹਿਰ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਉਮਰ ਵਰਗ ਦੇ ਬੱਚਿਆਂ ਦੇ ਸਬੰਧ ਵਿੱਚ ਹੋਰ ਵੀ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਵੱਲੋਂ ਮਿਡ ਡੇਅ ਮੀਲ ਸਕੀਮ ਅਧੀਨ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਪਕਾਉਣ ਅਤੇ ਪਰੋਸਨ ਲਈ ਐਲੁਮੀਨੀਅਮ ਦੀ ਵਰਤੋਂ ਘਟਾਉਣ ਦੀਆਂ ਹਦਾਇਤਾਂ ਤਾਂ ਸਾਰੇ ਸਬੰਧਤ ਸਕੂਲਾਂ ਦੇ ਮੁਖੀਆਂ ਨੂੰ ਕੀਤੀਆਂ ਗਈਆਂ ਹਨ ਪਰ ਸਾਲਾਂ ਤੋਂ ਚੱਲੇ ਆ ਰਹੇ ਇਸ ਜ਼ਹਿਰੀਲੀ ਧਾਤ ਦੇ ਪਤੀਲੇ ਆਦਿ ਬਦਲਣ ਲਈ ਕੋਈ ਗਰਾਂਟ ਨਹੀਂ ਭੇਜੀ ਜਾ ਰਹੀ।
ਇਹ ਵੀ ਮੰਨਿਆ ਗਿਆ ਹੈ ਕਿ ਐਲੂਮੀਨੀਅਮ ਦੀ ਲੰਮੇ ਸਮੇਂ ਦੀ ਵਰਤੋਂ ਕਾਰਨ ਅਨੀਮੀਆ, ਦਿਮਾਗੀ ਕਮਜ਼ੋਰੀ ਅਤੇ ਹੱਡੀਆਂ ਦੀ ਕਮਜ਼ੋਰੀ ਆਦਿ ਬਿਮਾਰੀਆਂ ਨਾਲ ਕੋਈ ਵੀ ਪ੍ਰਭਾਵਿਤ ਹੋ ਸਕਦਾ ਹੈ। ਮੈਡੀਕਲ ਅਧਿਐਨ ਅਨੁਸਾਰ ਇਹ ਧਾਤ ਆਇਰਨ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਸੋਖਣ ਦੀ ਪ੍ਰਕਿਰਿਆ ਵਿੱਚ ਰੁਕਾਵਟ ਬਣਦਾ ਹੈ ਅਤੇ ਇਸ ਨਾਲ ਔਸਟੀਓਮੈਲੇਸ਼ੀਆ, ਅਨੀਮੀਆ, ਅਲਜਾਈਮਰ, ਪਾਰਕਿਨੋਸਨ ਡਿਮੈਂਸੀਆ , ਇਨਸੈਫਲੋਪੈਥੀ ਅਤੇ ਗੁਰਦੇ ਦੇ ਰੋਗ ਵੀ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਹੁਣ ਜਦੋਂ ਇਹ ਪਤਾ ਲੱਗ ਚੁੱਕਿਆ ਹੈ ਕਿ ਐਲੁਮੀਨੀਅਮ ਦੇ ਬਰਤਨਾਂ ਦੀ ਲਗਾਤਾਰ ਵਰਤੋਂ ਨਾਲ ਘਾਤਕ ਬਿਮਾਰੀਆਂ ਹੋ ਸਕਦੀਆਂ ਹਨ ਤਾਂ ਇਨ੍ਹਾਂ ਦੀ ਵਰਤੋਂ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਇੱਥੋਂ ਦੇ ਇੱਕ ਪ੍ਰਾਈਵੇਟ ਏਡਡ ਸਕੂਲ ਦੀ ਮਿਡ ਡੇ ਮੀਲ ਰਸੋਈ ਦੀ ਚੈਕਿੰਗ ਕਰਨ ਤੋਂ ਬਾਅਦ ਤਹਿਸੀਲਦਾਰ ਮਨਮੋਹਨ ਕੌਸ਼ਕ ਨੇ ਦਾਅਵਾ ਕੀਤਾ ਕਿ ਸਬੰਧਤ ਸਕੂਲਾਂ ਨੂੰ ਇਹ ਹਦਾਇਤ ਕਰ ਦਿੱਤੀ ਗਈ ਹੈ ਕਿ ਖਾਣਾ ਪਕਾਉਣ ਅਤੇ ਪਰੋਸਨ ਲਈ ਐਲੁਮੀਨੀਅਮ ਦੇ ਬਰਤਨਾਂ ਦੀ ਵਰਤੋਂ ਨੂੰ ਜਲਦੀ ਬੰਦ ਕੀਤਾ ਜਾਵੇ।