ਮਿੱਡ-ਡੇਅ ਮੀਲ ਕੁੱਕ ਬੀਬੀਆਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਜਗਜੀਤ ਕੁਮਾਰ
ਖਮਾਣੋ, 6 ਨਵੰਬਰ
ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਪ੍ਰਧਾਨ ਪ੍ਰਵੀਨ ਬਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਕੌਰ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਿੱਡ-ਡੇਅ ਮੀਲ ਕੁੱਕ ਦੀਆਂ ਤਨਖ਼ਾਹਾਂ ਵਿੱਚ ਵਾਧਾ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਹਰ ਮੀਟਿੰਗ ਵਿੱਚ ਕੁੱਕ ਨੂੰ ਤਨਖ਼ਾਹ ਵਧਾਉਣ ਦਾ ਵਾਅਦਾ ਕੀਤਾ, ਪਰ ਕੋਈ ਪੱਤਰ ਜਾਰੀ ਨਹੀਂ ਕੀਤਾ। ਇਸ ਮਸਲੇ ਨੂੰ ਕੇਂਦਰ ਸਰਕਾਰ ’ਤੇ ਸੁੱਟ ਕੇ ਆਪ ਪਾਸਾ ਵੱਟ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ 21 ਅਕਤੂਬਰ ਨੂੰ ਪੰਜਾਬ ਭਵਨ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਮਿੱਡ-ਡੇਅ ਮੀਲ ਕੁੱਕ ਨਾਲ ਸਬੰਧਤ ਜਥੇਬੰਦੀਆਂ ਦੀ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਸਣੇ ਉੱਚ ਅਧਿਕਾਰੀਆਂ ਨਾਲ ਹੋਈ ਸੀ। ਇਸ ਵਿੱਚ ਤਨਖ਼ਾਹਾਂ ਵਧਾਉਣ ਅਤੇ ਸਕੂਲ ਵਿੱਚ ਬੱਚੇ ਘਟਣ ਕਰ ਕੇ ਕੁੱਕ ਨੂੰ ਕੱਢਣ ਵਾਲਾ ਪੱਤਰ ਵਾਪਸ ਕਰਨ ਸਬੰਧੀ ਗੱਲਬਾਤ ਕੀਤੀ ਗਈ ਸੀ।
ਇਸ ਮੌਕੇ ਕੁਲਦੀਪ ਕੌਰ ਅਮਲੋਹ, ਦਲਵੀਰ ਕੌਰ ਜੈ ਸਿੰਘ ਵਾਲਾ, ਰੇਨੂੰ ਬਾਲਾ ਸਰਹਿੰਦ, ਅਮਰਜੀਤ ਕੌਰ ਖੇੜਾ, ਹਰਪ੍ਰੀਤ ਕੌਰ ਲਖਣਪੁਰ, ਪਰਮਜੀਤ ਕੌਰ, ਕਰਮਜੀਤ ਕੌਰ, ਹਰਨੇਕ ਕੌਰ ਅਤੇ ਨੀਸ਼ਾ ਰਾਣੀ ਆਦਿ ਹਾਜ਼ਰ ਸਨ।