ਮਿੱਡ-ਡੇਅ ਮੀਲ ਕੁੱਕ ਬੀਬੀਆਂ ਵੱਲੋਂ ਧਰਨਾ
ਪੱਤਰ ਪ੍ਰੇਰਕ
ਮਾਨਸਾ, 6 ਅਕਤੂਬਰ
ਸਰਕਾਰੀ ਸਕੂਲਾਂ ਵਿੱਚ ਕੰਮ ਕਰਦੀਆਂ ਮਿੱਡ-ਡੇਅ ਮੀਲ ਕੁੱਕ ਬੀਬੀਆਂ ਨੂੰ ਵਾਅਦੇ ਮੁਤਾਬਕ ਤਨਖ਼ਾਹ ’ਚ ਵਾਧਾ ਨਾ ਕਰਨ ਅਤੇ ਕੁੱਝ ਮੁਲਾਜ਼ਮਾਂ ਨੂੰ ਸਤੰਬਰ ਮਹੀਨੇ ਦੀ ਤਨਖ਼ਾਹ ਨਾ ਜਾਰੀ ਕਰਨ ਖਿਲਾਫ਼ ਮਿੱਡ-ਡੇਅ ਮੀਲ ਤੇ ਸਫ਼ਾਈ ਵਰਕਰ ਯੂਨੀਅਨ (ਆਜ਼ਾਦ) ਅਗਵਾਈ ਹੇਠ ਜ਼ਿਲ੍ਹਾ ਕਚਹਿਰੀਆਂ ’ਚ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਵੀ ਸੌਂਪਿਆ।
ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ ਸਰਕਾਰੀ ਸਕੂਲਾਂ ਵਿੱਚ ਮਿੱਡ-ਡੇਅ ਮੀਲ ਸਕੀਮ ਤਹਿਤ ਬੱਚਿਆਂ ਲਈ ਖਾਣਾ ਬਣਾਉਣ ਦਾ ਕੰਮ ਕਰਨ ਵਾਲੀਆਂ ਹਜ਼ਾਰਾਂ ਕੁੱਕ ਬੀਬੀਆਂ ਦੀ ਤਨਖਾਹ 8000 ਰੁਪਏ ਪ੍ਰਤੀ ਮਹੀਨਾ ਕਰਨ ਦਾ ਕੀਤਾ ਵਾਅਦਾ ਵਫ਼ਾ ਨਹੀਂ ਹੋਇਆ ਹੈ। ਜਥੇਬੰਦੀ ਦੇ ਜ਼ਿਲ੍ਹਾ ਜਸਵਿੰਦਰ ਕੌਰ ਗਾਮੀਵਾਲਾ ਨੇ ਦੱਸਿਆ ਕਿ ਜੇਕਰ ਕੁੱਕ ਬੀਬੀਆਂ ਦੀ ਤਨਖਾਹ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਕੌਰ, ਨਸੀਬ ਕੌਰ ਪੈਰੋ, ਗੁਰਦੇਵ ਕੌਰ ਰੱਲੀ, ਰਾਣੀ ਕੌਰ ਬੋਹਾ, ਅਮਰਜੀਤ ਕੌਰ ਅੱਕਾਂਵਾਲੀ ਅਤੇ ਸਰਬਜੀਤ ਕੌਰ ਅਕਲੀਆ ਨੇ ਵੀ ਸੰਬੋਧਨ ਕੀਤਾ।