ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿੱਡ-ਡੇਅ ਮੀਲ: ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿਲੇਗਾ ਮੌਸਮੀ ਫ਼ਲ

06:43 AM Feb 08, 2024 IST

ਚਰਨਜੀਤ ਭੁੱਲਰ
ਚੰਡੀਗੜ੍ਹ, 7 ਫਰਵਰੀ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿੱਡ-ਡੇਅ ਮੀਲ ਸਕੀਮ ਤਹਿਤ 12 ਫਰਵਰੀ ਤੋਂ ਮੌਸਮੀ ਫ਼ਲ ਮਿਲੇਗਾ। ਪੰਜਾਬ ਸਰਕਾਰ ਨੇ ਹਫਤੇ ’ਚੋਂ ਇੱਕ ਦਿਨ ਪੰਜਾਬ ਦਾ ਮੌਸਮੀ ਫਲ ਬੱਚਿਆਂ ਨੂੰ ਖਾਣੇ ਵਿਚ ਦੇਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਵਿਭਾਗ ਨੇ ਅੱਜ ਸ਼ਾਮ ਸਕੂਲ ਮੁਖੀਆਂ ਅਤੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰ ਕੇ ਹਰ ਸੋਮਵਾਰ ਸਕੂਲੀ ਬੱਚਿਆਂ ਨੂੰ ਮੌਸਮੀ ਫ਼ਲ ਦੇਣ ਦੀ ਹਦਾਇਤ ਕੀਤੀ ਹੈ। ਪੰਜਾਬ ਹੁਣ ਉਨ੍ਹਾਂ ਸੂਬਿਆਂ ਵਿਚ ਸ਼ੁਮਾਰ ਹੋ ਗਿਆ ਹੈ ਜਿੱਥੇ ਬੱਚਿਆਂ ਨੂੰ ਫ਼ਲ ਦੇਣ ਦੀ ਪਹਿਲ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸਕੂਲੀ ਬੱਚਿਆਂ ਨੂੰ ਪਹਿਲੀ ਜਨਵਰੀ ਤੋਂ ਕੇਲਾ ਦੇਣਾ ਸ਼ੁਰੂ ਕੀਤਾ ਗਿਆ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੌਸਮੀ ਫ਼ਲ ਦੇਣ ਦੇ ਫ਼ੈਸਲੇ ਨੂੰ ਹਰੀ ਝੰਡੀ ਦਿੱਤੀ ਹੈ। ਪੰਜਾਬ ਵਿਚ ਬਾਗਵਾਨਾਂ ਦੀ ਫ਼ਸਲ ਰੁਲਣ ਤੋਂ ਬਚਾਉਣ ਅਤੇ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਲਈ ਇਹ ਤਜਰਬਾ ਕੀਤਾ ਜਾ ਰਿਹਾ ਹੈ। ਪੰਜਾਬ ਮਿੱਡ-ਡੇਅ ਮੀਲ ਸੁਸਾਇਟੀ ਵੱਲੋਂ ਪੱਤਰ ਜਾਰੀ ਕਰ ਕੇ ਕਿਹਾ ਗਿਆ ਹੈ ਕਿ ਹਰ ਸਕੂਲੀ ਬੱਚੇ ਨੂੰ ਦੁਪਹਿਰ ਦੇ ਖਾਣੇ ’ਚ ਹਰ ਸੋਮਵਾਰ ਮੌਸਮੀ ਫ਼ੈਲ ਦੇਣ ਦਾ ਫ਼ੈਸਲਾ ਸਕੂਲ ਮੁਖੀ/ਪ੍ਰਿੰਸੀਪਲ ਆਪਣੇ ਪੱਧਰ ’ਤੇ ਲਾਗੂ ਕਰਨ। ਪ੍ਰਤੀ ਵਿਦਿਆਰਥੀ ਮੌਸਮੀ ਫ਼ਲ ’ਤੇ ਪੰਜ ਤੋਂ ਛੇ ਰੁਪਏ ਖਰਚ ਕੀਤੇ ਜਾਣੇ ਹਨ।
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਹੁਣ ਅਗਲੇ ਸੋਮਵਾਰ (12 ਫਰਵਰੀ) ਤੋਂ ਮੌਸਮੀ ਫ਼ਲ ਮਿਲੇਗਾ। ਫ਼ਲਾਂ ਵਿਚ ਮੌਸਮ ਦੇ ਹਿਸਾਬ ਨਾਲ ਕਿੰਨੂ, ਅਮਰੂਦ, ਬੇਰ, ਅੰਬ ਅਤੇ ਲੀਚੀ ਦੇਣ ਦਾ ਫ਼ੈਸਲਾ ਲਿਆ ਗਿਆ ਹੈ। ਅਬੋਹਰ ਦੇ ਇਲਾਕੇ ਵਿਚ ਇਨ੍ਹਾਂ ਦਿਨਾਂ ਵਿਚ ਬਾਗਵਾਨ ਕਿੰਨੂ ਦਾ ਭਾਅ ਡਿੱਗਣ ਕਰ ਕੇ ਪ੍ਰੇਸ਼ਾਨੀ ਵਿਚ ਹਨ। ਉਨ੍ਹਾਂ ਲਈ ਇਹ ਫ਼ੈਸਲਾ ਢਾਰਸ ਬਣ ਸਕਦਾ ਹੈ। ਪੰਜਾਬ ਵਿਚ ਇਸ ਵੇਲੇ 19,120 ਸਰਕਾਰੀ ਸਕੂਲਾਂ ਵਿਚ ਪ੍ਰੀ-ਨਰਸਰੀ ਤੋਂ ਅੱਠਵੀਂ ਕਲਾਸ ਤੱਕ ਦੇ 18.35 ਲੱਖ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਪਰੋਸਿਆ ਜਾ ਰਿਹਾ ਹੈ। ਪ੍ਰਤੀ ਵਿਦਿਆਰਥੀ ਛੇ ਰੁਪਏ ਮੌਸਮੀ ਫ਼ਲ ’ਤੇ ਖਰਚੇ ਜਾਣ ਨਾਲ ਸਾਲਾਨਾ 52.86 ਕਰੋੜ ਰੁਪਏ ਫਲਾਂ ਦੀ ਖਰੀਦ ’ਤੇ ਖ਼ਰਚ ਆਉਣਗੇ। ਇਹ ਰਾਸ਼ੀ ਪੰਜਾਬ ਦੇ ਬਾਗਬਾਨਾਂ ਲਈ ਸਹਾਈ ਹੋ ਸਕਦੀ ਹੈ। ਪੰਜਾਬ ਦੇ ਸਕੂਲਾਂ ਵਿਚ ਇਸ ਵੇਲੇ 19.75 ਲੱਖ ਵਿਦਿਆਰਥੀ ਪੜ੍ਹ ਰਹੇ ਹਨ। ਕੇਂਦਰ ਸਰਕਾਰ ਵੱਲੋਂ ਪੀਐੱਮ ਪੋਸ਼ਣ (ਮਿੱਡ-ਡੇਅ ਮੀਲ) ਤਹਿਤ ਕਰੀਬ 456 ਕਰੋੜ ਰੁਪਏ ਸਾਲਾਨਾ ਖਰਚ ਕੀਤੇ ਜਾਂਦੇ ਹਨ। ਵਰ੍ਹਾ 2024-25 ਲਈ ਮਿੱਡ-ਡੇਅ ਮੀਲ ਦਾ 467 ਕਰੋੜ ਦਾ ਪਲਾਨ ਤਿਆਰ ਕੀਤਾ ਗਿਆ ਹੈ। ਇਸ ਵਿਚ 40 ਫੀਸਦੀ ਹਿੱਸੇਦਾਰੀ ਪੰਜਾਬ ਸਰਕਾਰ ਵੱਲੋਂ ਪਾਈ ਜਾਂਦੀ ਹੈ। ਇਸ ਦੇ ਖਰਚ ’ਚੋਂ ਵਿੱਤੀ ਵਰ੍ਹੇ ਦੀ ਆਖਰੀ ਤਿਮਾਹੀ ਮੌਕੇ ਜੋ ਫੰਡ ਬਚ ਜਾਂਦੇ ਹਨ, ਉਨ੍ਹਾਂ ਨੂੰ ‘ਫਲੈਕਸੀ ਫੰਡ’ ਵਿਚ ਪਾਇਆ ਜਾਂਦਾ ਹੈ। ਨਿਯਮਾਂ ਅਨੁਸਾਰ ਇਨ੍ਹਾਂ ਫੰਡਾਂ ਨੂੰ ਬੱਚਿਆਂ ਨੂੰ ਇੱਕ ਦਿਨ ‘ਮਹਿਮਾਨੀ ਭੋਜਨ’ ਦੇਣ ਵਾਸਤੇ ਵਰਤਿਆ ਜਾ ਸਕਦਾ ਹੈ। ਇਹ ਫੰਡ ਹੁਣ ਮੌਸਮੀ ਫ਼ਲਾਂ ’ਤੇ ਖਰਚ ਕੀਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਮੰਡੀ ਬੋਰਡ ਅਤੇ ਬਾਗਵਾਨੀ ਵਿਭਾਗ ਤੋਂ ਹਰ ਮੌਸਮੀ ਫ਼ਲ ਦਾ ਖਿੱਤਾ, ਰਕਬਾ ਅਤੇ ਪੈਦਾਵਾਰ ਦਾ ਚਾਰਟ ਤਿਆਰ ਕਰਵਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਨੇ ਪੰਜਾਬ ਯੂਨੀਵਰਸਿਟੀ ਤੋਂ ਮਿੱਡ-ਡੇਅ ਮੀਲ ਨੂੰ ਲੈ ਕੇ ਸੋਸ਼ਲ ਆਡਿਟ ਵੀ ਕਰਵਾਇਆ ਹੈ ਜਿਸ ਵਿਚ ਬੱਚਿਆਂ ਨੁੂੰ ਫ਼ਲ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕੇਲੇ ਦੀ ਥਾਂ ਬੱਚਿਆਂ ਨੂੰ ਪੰਜਾਬ ਦਾ ਮੌਸਮੀ ਫ਼ਲ ਦੇਣ ਦੇ ਹੁਕਮ ਕੀਤੇ ਹਨ।

Advertisement

ਮੌਸਮੀ ਫ਼ਲ ਦੇਣ ਲਈ ਹਦਾਇਤਾਂ ਜਾਰੀ: ਯਾਦਵ

ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਆਉਂਦੇ ਸੋਮਵਾਰ ਤੋਂ ਸਕੂਲੀ ਬੱਚਿਆਂ ਨੂੰ ਮਿੱਡ-ਡੇਅ ਮੀਲ ਵਿਚ ਮੌਸਮੀ ਫ਼ਲ ਦਿੱਤਾ ਜਾਵੇਗਾ। ਇਸ ਬਾਰੇ ਸਕੂਲ ਮੁਖੀਆਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ ਤੋਂ ਬਕਾਇਦਾ ਇਲਾਕਾਈ ਮੌਸਮੀ ਫ਼ਲਾਂ ਦੀ ਉਪਲੱਬਧਤਾ ਦੇ ਹਿਸਾਬ ਨਾਲ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

Advertisement
Advertisement