ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ’ਚ ਏਆਈ ’ਤੇ 25,700 ਕਰੋੜ ਨਿਵੇਸ਼ ਕਰੇਗੀ ਮਾਈਕਰੋਸੌਫਟ

06:45 AM Jan 08, 2025 IST

ਬੰਗਲੁਰੂ, 7 ਜਨਵਰੀ
ਭਾਰਤ ਵਿੱਚ ਕਲਾਊਡ ਕੰਪਿਊਟਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਮਸਨੂਈ ਬੌਧਿਕਤਾ) ਸਮਰੱਥਾਵਾਂ ਦੇ ਵਿਸਥਾਰ ਲਈ ਮਾਈਕਰੋਸੌਫਟ ਕੰਪਨੀ ਤਿੰਨ ਬਿਲੀਅਨ ਅਮਰੀਕੀ ਡਾਲਰ (ਲਗਪਗ 25,700 ਕਰੋੜ ਰੁਪਏ) ਨਿਵੇਸ਼ ਕਰੇਗੀ। ਕੰਪਨੀ ਦੇ ਸੀਈਓ ਸੱਤਿਆ ਨਾਡੇਲਾ ਨੇ ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਕਿ ਕੰਪਨੀ ਵੱਲੋਂ ਸਾਲ 2030 ਤੱਕ ਭਾਰਤ ਵਿੱਚ 1 ਕਰੋੜ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਸਟਾਰਟਅਪਾਂ ਦੇ ਬਾਨੀ ਅਤੇ ਤਕਨੀਕੀ ਫਰਮਾਂ ਦੇ ਕਾਰਜਕਾਰੀ ਅਧਿਕਾਰੀ ਮੌਜੂਦ ਸਨ। ਵਿਸ਼ਵ ਵਿੱਚ ਤਕਨਾਲੋਜੀ ਖੇਤਰ ਦੇ ਦਿੱਗਜਾਂ ’ਚੋਂ ਭਾਰਤ ਦਾ ਦੌਰਾ ਕਰਨ ਵਾਲੇ ਸੱਤਿਆ ਨਾਡੇਲਾ ਪਹਿਲੇ ਵਿਅਕਤੀ ਹਨ। ਇਸ ਸਮੇਂ ਭਾਰਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੱਡੇ ਬਾਜ਼ਾਰ ਵਜੋਂ ਵਿਕਸਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਈਕਰੋਸੌਫਟ ਆਪਣੀ ਕਲਾਊਡ ਕੰਪਿਊਟਿੰਗ ਸੇਵਾਵਾਂ ‘ਐਜ਼ਿਓਰ’ ਨਾਮੀਂ ਬਰਾਂਡ ਹੇਠ ਮੁਹੱਈਆ ਕਰਵਾਉਂਦਾ ਹੈ।
ਦੱਸਣਯੋਗ ਹੈ ਕਿ ਪਿਛਲੀ ਵਾਰ ਨਾਡੇਲਾ ਨੇ ਫਰਵਰੀ 2024 ਵਿੱਚ ਭਾਰਤ ਦਾ ਦੌਰਾ ਕੀਤਾ ਸੀ ਜਿਸ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਕੰਪਨੀ ਛੋਟੇ ਸ਼ਹਿਰਾਂ ਤੇ ਪੇਂਡੂ ਇਲਾਕਿਆਂ ਵਿੱਚ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਸਾਲ 2025 ਤੱਕ 20 ਲੱਖ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਾਵੇਗੀ। ਬੀਤੇ ਦਿਨੀਂ ਸੋਮਵਾਰ ਨੂੰ ਸ੍ਰੀ ਨਾਡੇਲਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਿਸ਼ਨ, ਇੰਡੀਆ ਸਟੈਕ ਅਤੇ ਮੁਲਕ ਦੇ ਉੱਦਮੀਆਂ ਦੀਆਂ ਉਮੀਦਾਂ ਬਾਰੇ ਚਰਚਾ ਕੀਤੀ ਸੀ। ਉਨ੍ਹਾਂ ‘ਐਕਸ’ ਉੱਤੇ ਇਸ ਸਬੰਧੀ ਇੱਕ ਤਸਵੀਰ ਪਾਉਂਦਿਆਂ ਲਿਖਿਆ ਸੀ,‘ਭਾਰਤ ਨੂੰ ਏਆਈ-ਫਸਟ ਬਣਾਉਣ ’ਚ ਆਪਣੀ ਪ੍ਰਤੀਬੱਧਤਾ ’ਤੇ ਕੰਮ ਕਰਨ ਲਈ ਕਾਫ਼ੀ ਉਤਸ਼ਾਹਿਤ ਹਾਂ।’ ਇਸ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਸੀ ਕਿ ਉਹ ਭਾਰਤ ਵਿੱਚ ਮਾਈਕਰੋਸੌਫਟ ਦੇ ਵਿਸਥਾਰ ਤੇ ਨਿਵੇਸ਼ ਯੋਜਨਾਵਾਂ ਬਾਰੇ ਸੁਣ ਕੇ ਖੁਸ਼ ਹਨ। ਸ੍ਰੀ ਨਾਡੇਲਾ ਨੇ ਕਿਹਾ ਕਿ ਕੰਪਨੀ ਵੱਲੋਂ ਭਾਰਤ ਵਿੱਚ ਖੇਤਰੀ ਪੱਧਰ ’ਤੇ ਵਿਸਥਾਰ ਲਈ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ। -ਪੀਟੀਆਈ

Advertisement

Advertisement