For the best experience, open
https://m.punjabitribuneonline.com
on your mobile browser.
Advertisement

ਤਾਮਿਲਨਾਡੂ ਵਿੱਚ ਮਿਚੌਂਗ ਦਾ ਕਹਿਰ; ਪੰਜ ਮੌਤਾਂ

08:52 AM Dec 05, 2023 IST
ਤਾਮਿਲਨਾਡੂ ਵਿੱਚ ਮਿਚੌਂਗ ਦਾ ਕਹਿਰ  ਪੰਜ ਮੌਤਾਂ
ਚੇਨੱਈ ਵਿੱਚ ਮੀਂਹ ਮਗਰੋਂ ਰਿਹਾਇਸ਼ੀ ਖੇਤਰ ਵਿੱਚੋਂ ਲੋਕਾਂ ਨੂੰ ਕਿਸ਼ਤੀ ਰਾਹੀਂ ਬਾਹਰ ਕੱਢਦੇ ਹੋਏ ਬਚਾਅ ਦਲ ਦੇ ਕਰਮੀ। -ਫੋਟੋ: ਰਾਇਟਰਜ਼
Advertisement

ਚੇਨੱਈ, 4 ਦਸੰਬਰ
ਚੱਕਰਵਾਤੀ ਤੂਫਾਨ ‘ਮਿਚੌਂਗ’ ਦੇ ਪ੍ਰਭਾਵ ਨਾਲ ਚੇਨੱਈ ਤੇ ਉਸ ਦੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚ ਅੱਜ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮੀਂਹ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਚੇਨੱਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਭਰ ਗਿਆ, ਜਿਸ ਨਾਲ 2015 ਵਰਗਾ ਹੜ੍ਹ ਮੁੜ ਆਉਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਲੋਕਾਂ ਨੂੰ ਪੀਣ ਵਾਲੇ ਪਾਣੀ ਤੇ ਹੋਰ ਜ਼ਰੂਰੀ ਚੀਜ਼ਾਂ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਤੇਜ਼ ਹਵਾਵਾਂ ਦੇ ਨਾਲ ਮੋਹਲੇਧਾਰ ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਤੇ ਇੰਟਰਨੈੱਟ ਸੇਵਾ ’ਚ ਵੀ ਅੜਿੱਕਾ ਪਿਆ। ਤੂਫਾਨ ਕਾਰਨ ਪੁੱਡੂਚੇਰੀ ਵਿਚ ਵੀ ਜ਼ੋਰਦਾਰ ਮੀਂਹ ਪੈ ਰਿਹਾ ਹੈ। ‘ਮਿਚੌਂਗ’ ਦੇ ਭਲਕੇ ਦੁਪਹਿਰੇ ਆਂਧਰਾ ਪ੍ਰਦੇਸ਼ ਦੇ ਸਮੁੰਦਰ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਆਂਧਰਾ ਸਰਕਾਰ ਨੇ 8 ਜ਼ਿਲ੍ਹਿਆਂ ਲਈ ਚਿਤਾਵਨੀ ਜਾਰੀ ਕੀਤੀ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਭਰਵਾਂ ਮੀਂਹ ਪੈ ਰਿਹਾ ਹੈ। ਆਂਧਰਾ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਤੂਫਾਨ ਬਾਰੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਸਥਿਤੀ ਦੀ ਸਮੀਖਿਆ ਕੀਤੀ ਹੈ। ਖਰਾਬ ਮੌਸਮ ਕਾਰਨ ਕਈ ਰੇਲਗੱਡੀਆਂ ਤੇ ਉਡਾਣਾਂ ਰੱਦ ਹੋ ਗਈਆਂ ਹਨ। ਮੌਸਮ ਵਿਭਾਗ ਮੁਤਾਬਕ ਚੱਕਰਵਾਤੀ ਤੂਫਾਨ ਦੱਖਣੀ ਆਂਧਰਾ ਪ੍ਰਦੇਸ਼ ਤੇ ਉੱਤਰੀ ਤਾਮਿਲਨਾਡੂ ਤੱਟਾਂ ਦੇ ਨਾਲ ਬੰਗਾਲ ਦੀ ਦੱਖਣ-ਪੱਛਮੀ ਖਾੜੀ ਉਤੇ ਕੇਂਦਰਿਤ ਹੈ ਤੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੱਛਮ ਵੱਲ ਵਧ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ ਸਰਕਾਰ ਨੇ ਚੇਨੱਈ, ਤਿਰੂਵਲੂਰ, ਕਾਂਚੀਪੁਰਮ ਤੇ ਚੇਂਗਲਪੱਟੂ ਜ਼ਿਲ੍ਹਿਆਂ ਵਿਚ ਭਲਕੇ ਸਾਰੀਆਂ ਸਿੱਖਿਆ ਸੰਸਥਾਵਾਂ, ਸਰਕਾਰੀ ਤੇ ਪ੍ਰਾਈਵੇਟ ਦਫ਼ਤਰ, ਵਿੱਤੀ ਸੰਸਥਾਵਾਂ ਤੇ ਬੈਂਕਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਕੈਬਨਿਟ ਮੰਤਰੀ ਉਦੈਨਿਧੀ ਸਟਾਲਿਨ ਤੇ ਮਾ ਸੁਬਰਾਮਣੀਅਨ ਨੇ ਚੇਨੱਈ ਵਿਚ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਚੇਨੱਈ ਹਵਾਈ ਅੱਡੇ ਨੂੰ ਸਵੇਰੇ 9.40 ਤੋਂ ਰਾਤ 11 ਵਜੇ ਤੱਕ ਬੰਦ ਕਰ ਦਿੱਤਾ ਗਿਆ। ਹਵਾਈ ਅੱਡੇ ਉਤੇ ਆਉਣ-ਜਾਣ ਵਾਲੀਆਂ ਕਰੀਬ 70 ਉਡਾਣਾਂ ਰੱਦ ਹੋ ਗਈਆਂ। ਰਨਵੇਅ ਬੰਦ ਹੋਣ ਕਾਰਨ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਗਿਆ ਹੈ। -ਪੀਟੀਆਈ

Advertisement

ਸ਼ਾਹ ਵੱਲੋਂ ਮਦਦ ਦਾ ਭਰੋਸਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ, ਆਂਧਰਾ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਤੇ ਪੁੱਡੂਚੇਰੀ ਦੇ ਮੁੱਖ ਮੰਤਰੀ ਐੱਨ. ਰੰਗਾਸਵਾਮੀ ਨਾਲ ਫੋਨ ਉਤੇ ਗੱਲ ਕਰ ਕੇ ਤੂਫਾਨ ਦੇ ਮੱਦੇਨਜ਼ਰ ਰਾਜਾਂ ਦੀ ਵਰਤਮਾਨ ਸਥਿਤੀ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਸ਼ਾਹ ਨੇ ਕਿਹਾ ਕਿ ਲੋੜੀਂਦੀਆਂ ਐੱਨਡੀਆਰਐਫ ਟੀਮਾਂ ਦੀ ਤਾਇਨਾਤੀ ਪਹਿਲਾਂ ਹੀ ਕਰ ਦਿੱਤੀ ਗਈ ਹੈ। -ਪੀਟੀਆਈ

Advertisement

ਹਿਮਾਚਲ: ਉਪਰਲੇ ਇਲਾਕੇ ’ਚ ਮੁੜ ਬਰਫ਼ਬਾਰੀ, ਕਈ ਹਿੱਸਿਆਂ ’ਚ ਮੀਂਹ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਉੱਚੇ ਤੇ ਦਰਮਿਆਨੇ ਪਹਾੜੀ ਇਲਾਕੇ ਸਖ਼ਤ ਠੰਢ ਦੀ ਲਪੇਟ ’ਚ ਹਨ। ਸੂਬੇ ਦੇ ਉੱਚੇ ਕਬਾਇਲੀ ਖੇਤਰਾਂ ਤੇ ਕਈ ਪਰਬਤੀ ਲਾਂਘਿਆਂ ’ਤੇ ਤਾਜ਼ਾ ਬਰਫ਼ਬਾਰੀ ਹੋਈ ਹੈ। ਸ਼ਿਮਲਾ ਵਿਚ ਹਲਕੇ ਮੀਂਹ ਦੇ ਨਾਲ ਤੇਜ਼ ਸੀਤ ਹਵਾਵਾਂ ਚੱਲਣ ਦੀ ਸੂਚਨਾ ਹੈ। ਰਾਜਧਾਨੀ ਵਿਚ ਝੱਖੜ ਝੁੱਲਣ ਤੇ ਗੜੇਮਾਰੀ ਕਾਰਨ ਆਲਾ-ਦੁਆਲਾ ਸੰਘਣੀ ਧੁੰਦ ਦੀ ਲਪੇਟ ਵਿਚ ਆ ਗਿਆ। ਇਸ ਕਾਰਨ ਦੇਖਣ ਦੀ ਸਮਰੱਥਾ ਘੱਟ ਗਈ ਤੇ ਆਵਾਜਾਈ ਵਿਚ ਵੀ ਵਿਘਨ ਪਿਆ। ਮੌਸਮ ਵਿਭਾਗ ਮੁਤਾਬਕ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ 10 ਦਸੰਬਰ ਤੱਕ ਰਾਜ ਵਿਚ ਮੌਸਮ ਖ਼ੁਸ਼ਕ ਰਹਿਣ ਦੀ ਭਵਿੱਖਬਾਣੀ ਦੇ ਬਾਵਜੂਦ ਰਾਜ ਦੇ ਕਈ ਹਿੱਸਿਆਂ ਵਿਚ ਮੌਸਮ ਖਰਾਬ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਤਿੰਨ ਡਿਗਰੀ ਘੱਟ ਦਰਜ ਕੀਤਾ ਗਿਆ ਹੈ। ਕੇਲੌਂਗ (ਲਾਹੌਲ-ਸਪਿਤੀ) ਵਿਚ ਤਾਪਮਾਨ ਮਨਫ਼ੀ 5.1 ਡਿਗਰੀ ਤੇ ਕਲਪਾ (ਕਿਨੌਰ) ਵਿਚ ਤਾਪਮਾਨ ਮਨਫ਼ੀ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮਨਾਲੀ ਦਾ ਤਾਪਮਾਨ 2.1 ਡਿਗਰੀ, ਨਾਰਕੰਡਾ ਦਾ 2.2 ਤੇ ਕੁਫਰੀ ਦਾ 2.6 ਦਰਜ ਕੀਤਾ ਗਿਆ। -ਪੀਟੀਆਈ

Advertisement
Author Image

Advertisement