ਨਾਕਸ ਨਿਕਾਸੀ ਪ੍ਰਬੰਧਾਂ ਤੋਂ ਮੀਆਂਪੁਰੀਏ ਪ੍ਰੇਸ਼ਾਨ
ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 26 ਜੁਲਾਈ
ਹਲਕਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਮੀਆਂਪੁਰ ਵਿੱਚ ਗੰਦੇ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਦਿੱਕਤਾਂ ਵਿੱਚ ਘਿਰ ਗਏ ਹਨ। ਬਰਸਾਤੀ ਪਾਣੀ ਪਿੰਡ ਦੀਆਂ ਗਲ਼ੀਆਂ ਵਿਚ ਘੁੰਮ ਰਿਹਾ ਹੈ। ਗੰਦੇ ਪਾਣੀ ਦੀ ਬਦਬੂ ਕਾਰਨ ਪਿੰਡ ਵਾਸੀ ਕਿਸੇ ਜਾਨਲੇਵਾ ਬਿਮਾਰੀ ਵਿਚ ਘਿਰਨ ਦੀ ਸੰਭਾਵਨਾ ਹੈ। ਅੱਜ ਆਮ ਆਦਮੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਹਲਕੇ ਦੇ ਨੁਮਾਇੰਦੇ ਨਿੱਤ ਦਨਿ ਵਿਕਾਸ ਦੀਆਂ ਢੀਂਗਾ ਮਾਰਦੇ ਨਹੀਂ ਥੱਕ ਰਹੇ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਨੇ ਹਲਕੇ ਵਿੱਚ ਕਾਂਗਰਸੀ ਨੁਮਾਇੰਦਿਆਂ ਨੂੰ ਪਿੰਡ ਮੀਆਂਪੁਰ ਵਿਚ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਇਸ ਪਿੰਡ ਵਿੱਚ ਆ ਕੇ ਕਾਂਗਰਸ ਪਾਰਟੀ ਵੱਲੋਂ ਕੀਤਾ ਵਿਕਾਸ ਦਿਖਾਉਣ। ਇਸ ਮੌਕੇ ਸ੍ਰੀ ਢਿੱਲੋਂ ਨੇ ਕਿਹਾ ਕਿ ਗੰਦਾ ਪਾਣੀ ਨਾਲ਼ੀਆਂ ਵਿੱਚੋਂ ਦੀ ਨਿਕਲ ਕੇ ਗੁਰਦੁਆਰਾ ਸਾਹਿਬ ਦੇ ਆਲ਼ੇ ਦੁਆਲੇ ਤੋਂ ਹੁੰਦਾ ਹੋਇਆ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋ ਗਿਆ ਹੈ, ਜਿਸ ਕਾਰਨ ਪਿੰਡ ਵਿੱਚ ਕੋਈ ਬਿਮਾਰੀ ਵੀ ਫੈਲ ਸਕਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਕਤ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਇੰਤਜ਼ਾਮ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਵਿੱਢਣਗੇ। ਇਸ ਮੌਕੇ ‘ਆਪ’ ਦੇ ਆਗੂ ਪਵੇਲ ਹਾਂਡਾ ਸਮੇਤ ਦਲੇਰ ਸਿੰਘ, ਸੁੱਚਾ ਸਿੰਘ, ਕੁਲਦੀਪ ਸਿੰਘ, ਜਸਕਰਨ ਸਿੰਘ, ਬਲਬੀਰ ਸਿੰਘ, ਪ੍ਰਧਾਨ ਇੰਦਰ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਰੂਪ ਸਿੰਘ ਫੌਜੀ ਰਣਜੀਤ ਕੌਰ, ਰੇਸ਼ਮ ਕੌਰ, ਗੁਰਪਾਲ ਸਿੰਘ ਆਦਿ ਮੌਜੂਦ ਸਨ।