ਸਦੀਆਂ ਦੇ ਇਤਿਹਾਸ ਦਾ ਗਵਾਹ ਪਠਾਣਾਂ ਦਾ ਵਸਾਇਆ ਪਿੰਡ ਮਿਆਣੀ
ਇੰਦਰਜੀਤ ਸਿੰਘ ਹਰਪੁਰਾ
ਦਰਿਆ ਬਿਆਸ ਦੇ ਖੱਬੇ ਪਾਸੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮਿਆਣੀ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ। ਪਠਾਣਾਂ ਵੱਲੋਂ ਵਸਾਏ ਇਸ ਪਿੰਡ ਦਾ ਪਹਿਲਾ ਨਾਮ ਵੀ ‘ਮਿਆਣੀ ਪਠਾਣਾਂ’ ਹੁੰਦਾ ਸੀ। ਬਾਰੀ ਦੁਆਬ (ਮਾਝਾ) ਅਤੇ ਬਿਸਤ ਦੁਆਬ (ਦੁਆਬਾ) ਵਿੱਚ ਕਈ ਪਿੰਡ ਸ਼ੇਰ ਸ਼ਾਹ ਸੂਰੀ ਦੇ ਸਮੇਂ ਅਫ਼ਗਾਨਿਸਤਾਨ ਦੇ ਪਠਾਣਾਂ ਵੱਲੋਂ ਵਸਾਏ ਗਏ ਸਨ। ਇਨ੍ਹਾਂ ਪਿੰਡਾਂ ਵਿੱਚੋਂ ਅਫ਼ਗਾਨਾਂ (ਪਠਾਣਾਂ) ਦਾ ਇੱਕ ਵੱਡਾ ਪਿੰਡ ਸੀ ਮਿਆਣੀ।
ਜਦੋਂ ਇਸ ਪਿੰਡ ਮਿਆਣੀ ਦਾ ਮੁੱਢ ਬੱਝਾ ਸੀ ਤਾਂ ਇਹ ਪਿੰਡ ਆਪਣੇ ਆਪ ਵਿੱਚ ਹੀ ਕਿਲ੍ਹੇ ਵਾਂਗ ਸੀ। ਇਸ ਪਿੰਡ ਦੀਆਂ ਤੰਗ ਅਤੇ ਵਲ-ਵਲੇਵੇਂ ਖਾਂਦੀਆਂ ਗਲੀਆਂ ਇਸ ਨੂੰ ਸੁਰੱਖਿਆ ਦੇ ਲਿਹਾਜ ਨਾਲ ਖਾਸ ਬਣਾਉਂਦੀਆਂ ਹਨ। ਪਹਿਲਾਂ ਸ਼ੇਰ ਸ਼ਾਹ ਸੁਰੀ, ਮੁਗਲ ਕਾਲ, ਨਾਦਰ ਸ਼ਾਹ, ਅਬਦਾਲੀ, ਅਦੀਨਾ ਬੇਗ, ਸਿੱਖ ਮਿਸਲਾਂ, ਸਰਕਾਰ ਖ਼ਾਲਸਾ ਅਤੇ ਬ੍ਰਿਟਸ਼ ਹਕੂਮਤ ਦੇ ਦੌਰ ਦੇਖਣ ਤੋਂ ਬਾਅਦ ਮੌਜੂਦਾ ਦੌਰ ਵਿੱਚ ਪਹੁੰਚੇ ਇਸ ਪਿੰਡ ਵਿੱਚ ਅਜੇ ਵੀ ਇਤਿਹਾਸ ਦੀਆਂ ਪੈੜਾਂ ਦੇਖੀਆਂ ਜਾ ਸਕਦੀਆਂ ਹਨ।
ਪਠਾਣਾਂ ਨੇ ਜਦੋਂ ਇਹ ਪਿੰਡ ਵਸਾਇਆ ਸੀ ਤਾਂ ਉਨ੍ਹਾਂ ਨੇ ਇਥੇ ਮਸਜਿਦਾਂ ਵੀ ਬਣਾਈਆਂ ਸਨ, ਜਿਨ੍ਹਾਂ ਵਿਚੋਂ ਇੱਕ ਵੱਡੀ ਮਸਜਿਦ ਅੱਜ ਵੀ ਉਸੇ ਹਾਲਤ ਵਿੱਚ ਖੜ੍ਹੀ ਹੈ। ਇਸ ਤੋਂ ਇਲਾਵਾ ਹੋਰ ਵੀ ਮਸਜਿਦਾਂ ਮੌਜੂਦ ਸਨ, ਜਿਨ੍ਹਾਂ ’ਚੋਂ ਕੁਝ ਦੇ ਨਿਸ਼ਾਨ ਹੀ ਬਚੇ ਹਨ। ਸੰਨ 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਮੁਸਲਿਮ ਅਬਾਦੀ ਬਹੁ-ਗਿਣਤੀ ਵਿੱਚ ਸੀ। ਇਸ ਦੇ ਬਾਵਜੂਦ ਇੱਥੇ ਹਿੰਦੂ ਅਤੇ ਜੈਨ ਧਰਮ ਦੇ ਪੈਰੋਕਾਰਾਂ ਦੀ ਵਸੋਂ ਵੀ ਅਬਾਦ ਸੀ।
ਪਿੰਡ ਮਿਆਣੀ ਵਿੱਚ ਮੁਗਲ, ਸਿੱਖ ਮਿਸਲਾਂ ਤੇ ਸਿੱਖ ਰਾਜ ਦੇ ਦੌਰ ਦੇ ਮੰਦਰ ਅੱਜ ਵੀ ਮੌਜੂਦ ਹਨ, ਜਿਨ੍ਹਾਂ ਵਿੱਚ ਪਿੰਡ ਦੀ ਪੱਛਮ ਬਾਹੀ ਧਰੀਰਾਮਾ ਮੰਦਰ ਅਤੇ ਪਿੰਡ ਦੇ ਵਿਚਕਾਰ ਪੰਡੋਰੀ ਧਾਮ ਦਾ ਮੰਦਰ ਪ੍ਰਮੁੱਖ ਹਨ। ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਜੈਨ ਮੰਦਰ ਵੀ ਹੈ ਜੋ ਹੁਣ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਗਿਆ ਹੈ। ਪਿੰਡ ਮਿਆਣੀ ਵਿੱਚ ਜੈਨ ਮੰਦਰ ਦਾ ਹੋਣਾ ਇਹ ਦਰਸਾਉਂਦਾ ਹੈ ਕਿ ਇੱਥੇ ਕਦੀ ਜੈਨ ਧਰਮ ਦੇ ਪੈਰੋਕਾਰ ਵੀ ਕਾਫੀ ਗਿਣਤੀ ਵਿੱਚ ਆਬਾਦ ਸਨ। ਨਾਨਕਸ਼ਾਹੀ ਇੱਟਾਂ ਨਾਲ ਬਣੇ ਜੈਨ ਮੰਦਰ ਦੇ ਖੰਡਰਾਤ ਦੱਸਦੇ ਹਨ ਕਿ ਇੱਥੇ ਕਦੀ ਬਹੁਤ ਸੋਹਣਾ ਮੰਦਰ ਹੁੰਦਾ ਸੀ। ਜਦੋਂ ਜੈਨ ਧਰਮ ਦੀ ਆਬਾਦੀ ਪਿੰਡ ’ਚੋਂ ਚਲੀ ਗਈ ਤਾਂ ਉਹ ਮੰਦਰ ਵਿੱਚ ਸੁਸ਼ੋਭਿਤ ਭਗਵਾਨ ਮਹਾਵੀਰ ਜੀ ਦੀ ਮੂਰਤੀ ਵੀ ਨਾਲ ਹੀ ਲੈ ਗਏ। ਹੁਣ ਤਾਂ ਮੰਦਰ ਦੇ ਖੰਡਰਾਤ ਹੀ ਇਸ ਦੀ ਨਿਸ਼ਾਨਦੇਹੀ ਲਈ ਬਾਕੀ ਬਚੇ ਹਨ।
ਸਿੱਖ ਮਿਸਲਾਂ ਦੇ ਦੌਰ ਵਿੱਚ ਜਦੋਂ ਮਿਆਣੀ ਦਾ ਇਲਾਕਾ ਰਾਮਗੜ੍ਹੀਆ ਮਿਸਲ ਦੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਆਪਣੇ ਅਧੀਨ ਕੀਤਾ ਤਾਂ ਉਸ ਨੇ ਪਿੰਡੋਂ ਬਾਹਰਵਾਰ ਪੱਛਮ ਦੀ ਬਾਹੀ ਦਰਿਆ ਬਿਆਸ ਵੱਲ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕੀਤਾ। ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇੱਥੇ ਕਿਲ੍ਹੇ ਦੇ ਨਾਲ ਹੀ ਇੱਕ ਤਲਾਬ ਦਾ ਨਿਰਮਾਣ ਵੀ ਕਰਵਾਇਆ ਸੀ।
ਸੰਨ 1796 ਵਿੱਚ ਕਨ੍ਹੱਈਆ ਮਿਸਲ ਦੀ ਸਰਦਾਰਨੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਦੀ ਸ਼ੁਕਰਚੱਕੀਆ ਮਿਸਲ ਦੀਆਂ ਫ਼ੌਜਾਂ ਨਾਲ ਮਿਆਣੀ ਦੇ ਕਿਲ੍ਹੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੂੰ ਘੇਰਾ ਪਾ ਲਿਆ। ਕਨ੍ਹੱਈਆ ਅਤੇ ਸ਼ੁਕਰਚੱਕੀਆ ਮਿਸਲਾਂ ਗਿਣਤੀ ਤੇ ਤਾਕਤ ਪੱਖੋਂ ਰਾਮਗੜ੍ਹੀਆ ਤੋਂ ਵਧੇਰੇ ਸਨ। ਇਸ ਦੇ ਬਾਵਜੂਦ ਉਹ ਮਿਆਣੀ ਦੇ ਮਜ਼ਬੂਤ ਕਿਲ੍ਹੇ ਨੂੰ ਜਿੱਤ ਨਾ ਸਕੀਆਂ। ਸਰਦਾਰਨੀ ਸਦਾ ਕੌਰ ਇਸ ਗੱਲ ਉੱਪਰ ਬਜ਼ਿਦ ਸੀ ਕਿ ਉਹ ਰਾਮਗੜ੍ਹੀਏ ਸਰਦਾਰਾਂ ਕੋਲੋਂ ਆਪਣੇ ਪਤੀ ਗੁਰਬਖਸ਼ ਸਿੰਘ ਦੀ ਮੌਤ ਦਾ ਬਦਲਾ ਲੈ ਕੇ ਹੀ ਰਹੇਗੀ।
ਸਦਾ ਕੌਰ ਤੇ ਰਣਜੀਤ ਸਿੰਘ ਦਾ ਘੇਰਾ ਕਈ ਦਿਨ ਜਾਰੀ ਰਿਹਾ ਅਤੇ ਉਨ੍ਹਾਂ ਵੱਲੋਂ ਲਗਾਤਾਰ ਮਿਆਣੀ ਦੇ ਕਿਲ੍ਹੇ ਉੱਪਰ ਹਮਲੇ ਕੀਤੇ ਜਾਂਦੇ ਰਹੇ। ਇਸੇ ਦੌਰਾਨ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਦੀ ਧਾਰਮਿਕ ਤੌਰ ’ਤੇ ਸਤਿਕਾਰਤ ਸ਼ਖਸੀਅਤ ਬਾਬਾ ਸਾਹਿਬ ਸਿੰਘ ਬੇਦੀ ਜੋ ਗੁਰੂ ਨਾਨਕ ਦੇਵ ਜੀ ਦੀ ਕੁੱਲ ’ਚੋਂ ਸਨ, ਕੋਲ ਬੇਨਤੀ ਭੇਜੀ ਕਿ ਉਹ ਸਦਾ ਕੌਰ ਨੂੰ ਹਮਲਾ ਨਾ ਕਰਨ ਲਈ ਮਨਾਉਣ। ਇਸ ’ਤੇ ਬਾਬਾ ਸਾਹਿਬ ਸਿੰਘ ਬੇਦੀ ਨੇ ਸਦਾ ਕੌਰ ਨੂੰ ਸੁਨੇਹਾ ਭੇਜਿਆ ਕਿ ਉਹ ਭਰਾ ਮਾਰੂ ਜੰਗ ਨੂੰ ਬੰਦ ਕਰ ਦੇਵੇ। ਇਸ ਨਾਲ ਪੰਥ ਤੇ ਕੌਮ ਦਾ ਕੋਈ ਭਲਾ ਨਹੀਂ ਹੋਣ ਵਾਲਾ ਪਰ ਸਦਾ ਕੌਰ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਇਸ ਬੇਨਤੀ ਨੂੰ ਠੁਕਰਾਅ ਦਿੱਤਾ। ਅਖੀਰ ਬਾਬਾ ਸਾਹਿਬ ਸਿੰਘ ਬੇਦੀ ਨੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਸੁਨੇਹਾ ਭੇਜਿਆ ਕਿ ਉਹ ਕਿਲ੍ਹੇ ਵਿੱਚ ਡਟਿਆ ਰਹੇ, ਵਾਹਿਗੁਰੂ ਆਪ ਸਹਾਈ ਹੋਵੇਗਾ। ਰੱਬ ਦੀ ਕਰਨੀ ਉਸ ਤੋਂ ਬਾਅਦ ਅਚਾਨਕ ਰਾਤ ਨੂੰ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਪਾਣੀ ਸਦਾ ਕੌਰ ਅਤੇ ਰਣਜੀਤ ਸਿੰਘ ਦੀ ਫ਼ੌਜਾਂ ਦੇ ਕੈਂਪਾਂ ਵਿੱਚ ਦਾਖਲ ਹੋ ਗਿਆ। ਬੜੀ ਮੁਸ਼ਕਲ ਨਾਲ ਕਨ੍ਹੱਈਆ ਅਤੇ ਸ਼ੁਕਰਚੱਕੀਆ ਮਿਸਲਾਂ ਦੀਆਂ ਫ਼ੌਜਾਂ ਹੜ੍ਹ ਦੇ ਪਾਣੀ ਤੋਂ ਜਾਨ ਬਚਾ ਕੇ ਵਾਪਸ ਗਈਆਂ।
ਹੁਣ ਗੱਲ ਕਰਦੇ ਹਾਂ ਪਿੰਡ ਮਿਆਣੀ ਵਿੱਚ ਰਾਮਗੜ੍ਹੀਆ ਸਰਦਾਰਾਂ ਦੇ ਉਸ ਕਿਲ੍ਹੇ ਦੀ। ਇਸ ਸਮੇਂ ਪਿੰਡ ਵਿੱਚ ਉਸ ਕਿਲ੍ਹੇ ਦਾ ਕੋਈ ਨਿਸ਼ਾਨ ਬਾਕੀ ਨਹੀਂ ਹੈ। ਹਾਂ ਪਿੰਡ ਦੇ ਬਜ਼ੁਰਗ ਜ਼ਰੂਰ ਕਿਲ੍ਹੇ ਦੀ ਨਿਸ਼ਾਨਦੇਹੀ ਦੱਸ ਦਿੰਦੇ ਹਨ। ਕਿਲ੍ਹੇ ਵਾਲੀ ਥਾਂ ਦੇ ਨਜ਼ਦੀਕ ਹੀ ਖੇਤਾਂ ਵਿੱਚ ਇੱਕ ਤਲਾਬ ਮੌਜੂਦ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਬਣਵਾਇਆ ਸੀ। ਇਸ ਤਲਾਬ ਦੀਆਂ ਪੌੜੀਆਂ ਅਤੇ ਔਰਤਾਂ ਦੇ ਨਹਾਉਣ ਲਈ ਹਮਾਮ ਅੱਜ ਵੀ ਚੰਗੀ ਹਾਲਤ ਵਿੱਚ ਹਨ। ਹੁਣ ਪਿੰਡ ਵਿੱਚ ਇਹੀ ਤਲਾਬ ਸਿੱਖ ਮਿਸਲਾਂ ਦੇ ਦੌਰ ਦੀ ਆਖਰੀ ਨਿਸ਼ਾਨੀ ਵਜੋਂ ਬਾਕੀ ਰਹਿ ਗਿਆ ਹੈ। ਮੌਜੂਦਾ ਸਮੇਂ ਪਿੰਡ ਮਿਆਣੀ ਦੀ ਅਬਾਦੀ ਕਰੀਬ 8000 ਹੈ ਅਤੇ ਇਥੋਂ ਦੀ ਜ਼ਿਆਦਾਤਰ ਵਸੋਂ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਦੀ ਵਸਨੀਕ ਬਣ ਗਈ ਹੈ ਅਤੇ ਪਿੱਛੇ ਪਿੰਡ ਵਿੱਚ ਵੱਡੀਆਂ ਅਤੇ ਆਧੁਨਿਕ ਕੋਠੀਆਂ ਇਸ ਪਿੰਡ ਦੀ ਐੱਨਆਰਆਈ ਪਿੰਡ ਹੋਣ ਦੀ ਤਸਦੀਕ ਕਰਦੀਆਂ ਹਨ। ਖੈਰ ਖਲਾਅ ਕੁਦਰਤੀ ਤੌਰ ’ਤੇ ਭਰ ਹੀ ਜਾਂਦਾ ਹੈ। ਇਸ ਸਮੇਂ 1500 ਦੇ ਕਰੀਬ ਬਿਹਾਰ ਤੇ ਯੂਪੀ ਦੇ ਵਸਨੀਕ ਇਸ ਪਿੰਡ ਦੇ ਪੱਕੇ ਵਸਨੀਕ ਬਣ ਗਏ ਹਨ।
ਪਠਾਣਾਂ ਵੱਲੋਂ ਵਸਾਏ ਪਿੰਡ ਮਿਆਣੀ ਨੇ ਸਮੇਂ ਦੇ ਕਈ ਦੌਰ ਤੇ ਤਬਦੀਲੀਆਂ ਦੇਖੀਆਂ ਹਨ। ਦਰਿਆ ਬਿਆਸ ਦੇ ਪਾਣੀ ਦੇ ਵੇਗ ਵਾਂਗ ਇਸ ਪਿੰਡ ’ਚੋਂ ਵੀ ਕਈ ਦੌਰ ਲੰਘ ਚੁੱਕੇ ਹਨ। ਹੁਣ ਅਗਲੀ ਤਬਦੀਲੀ ਕੀ ਹੁੰਦੀ ਹੈ ਇਸ ਦਾ ਜੁਆਬ ਭਵਿੱਖ ਦੀ ਗਰਭ ਵਿੱਚ ਪਿਆ ਹੈ। ਪਿੰਡ ਮਿਆਣੀ ਆਪਣੇ ਇਤਿਹਾਸ ਅਤੇ ਭੁਗੋਲਿਕ ਸਥਿਤੀ ਕਾਰਨ ਹਮੇਸ਼ਾ ਖਾਸ ਬਣਿਆ ਰਹੇਗਾ।
ਸੰਪਰਕ: 98155-77574