ਬਲੂ ਲਾਈਨ ’ਤੇ ਮੁਰੰਮਤ ਕਾਰਜਾਂ ਕਾਰਨ ਪ੍ਰਭਾਵਿਤ ਰਹਿਣਗੀਆਂ ਮੈਟਰੋ ਸੇਵਾਵਾਂ
ਨਵੀਂ ਦਿੱਲੀ, 24 ਨਵੰਬਰ
ਕਰੋਲ ਬਾਗ ਅਤੇ ਰਾਜੀਵ ਚੌਕ ਸਟੇਸ਼ਨਾਂ ਵਿਚਾਲੇ ਮੁਰੰਮਤ ਦੇ ਕੰਮ ਕਾਰਨ, ਡੀਐਮਆਰਸੀ ਦੀ ਬਲੂ ਲਾਈਨ ’ਤੇ ਰੇਲ ਸੇਵਾਵਾਂ ਸ਼ਨਿਚਰਵਾਰ ਰਾਤ ਤੋਂ ਐਤਵਾਰ ਸਵੇਰ ਤੱਕ ਕੁਝ ਸਮੇਂ ਲਈ ਪ੍ਰਭਾਵਿਤ ਰਹਿਣਗੀਆਂ। ਡੀਐੱਮਆਰਸੀ ਦੀ ਬਲੂ ਲਾਈਨ ਦਵਾਰਕਾ ਸੈਕਟਰ-21 ਨੂੰ ਨੋਇਡਾ ਇਲੈਕਟ੍ਰਾਨਿਕ ਸਿਟੀ/ਵੈਸ਼ਾਲੀ ਨਾਲ ਜੋੜਦੀ ਹੈ। ਇਸ ਰੂਟ ’ਤੇ ਸੇਵਾਵਾਂ ਆਮ ਦਿਨਾਂ ’ਤੇ ਸਵੇਰੇ 6.12/6.00 ਵਜੇ ਸ਼ੁਰੂ ਹੁੰਦੀਆਂ ਹਨ ਅਤੇ ਆਖਰੀ ਰੇਲਗੱਡੀ 22.32/22.50 ਵਜੇ ਚੱਲਦੀ ਹੈ। ਐਤਵਾਰ ਨੂੰ ਸੈਕਟਰ-21 ਤੋਂ ਨੋਇਡਾ ਇਲੈਕਟ੍ਰਾਨਿਕ ਮਾਰਗ ’ਤੇ ਰੇਲ ਸੇਵਾ ਸਵੇਰੇ 6.30 ਵਜੇ ਸ਼ੁਰੂ ਹੁੰਦੀ ਹੈ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਰੋਲ ਬਾਗ ਅਤੇ ਰਾਜੀਵ ਚੌਕ ਸੈਕਸ਼ਨਾਂ ਵਿਚਕਾਰ ਨਿਰਧਾਰਿਤ ਮੁਰੰਮਤ ਦਾ ਕੰਮ ਸ਼ਨਿਚਰਵਾਰ ਅਤੇ ਐਤਵਾਰ ਦੀ ਵਿਚਕਾਰਲੀ ਰਾਤ (ਅੱਧੀ ਰਾਤ) ਤੋਂ ਸ਼ੁਰੂ ਹੋ ਜਾਵੇਗਾ। ਇਸ ਕਾਰਨ ਐਤਵਾਰ ਨੂੰ ਕੁਝ ਸਮੇਂ ਲਈ ਰੇਲ ਸੇਵਾਵਾਂ ਬੰਦ ਰਹਿਣਗੀਆਂ। ਅਧਿਕਾਰੀ ਨੇ ਕਿਹਾ, ‘‘ਇਸ ਸੈਕਸ਼ਨ ਵਿੱਚ ਸਵੇਰੇ 6 ਵਜੇ ਤੱਕ ਕਰੋਲ ਬਾਗ ਤੋਂ ਰਾਜੀਵ ਚੌਕ ਤੱਕ ਰੇਲ ਸੇਵਾਵਾਂ ਉਪਲਬਧ ਨਹੀਂ ਹੋਣਗੀਆਂ। ਇਸ ਲਈ ਇਸ ਸੈਕਸ਼ਨ ’ਤੇ ਪੈਂਦੇ ਝੰਡੇਵਾਲਾਨ ਅਤੇ ਰਾਮ ਕ੍ਰਿਸ਼ਨ ਆਸ਼ਰਮ ਮਾਰਗ ਮੈਟਰੋ ਸਟੇਸ਼ਨ ਸਵੇਰੇ 6 ਵਜੇ ਤੱਕ ਬੰਦ ਰਹਿਣਗੇ।’’ ਬਲੂ ਲਾਈਨ ਦੇ ਇਸ ਮੁਰੰਮਤ ਵਾਲੇ ਸੈਕਸ਼ਨ ਦੇ ਦੋਵੇਂ ਪਾਸੇ ਦਵਾਰਕਾ ਸੈਕਟਰ-21 ਤੋਂ ਕਰੋਲ ਬਾਗ ਤੇ ਰਾਜੀਵ ਚੌਕ ਤੋਂ ਨੋਇਡਾ ਇਲੈਕਟ੍ਰਾਨਿਕ ਸਿਟੀ/ਵੈਸ਼ਾਲੀ ਤੱਕ ਇਸ ਮਿਆਦ ਦੌਰਾਨ ਸੇਵਾਵਾਂ ਉਪਲਬਧ ਹੋਣਗੀਆਂ। -ਪੀਟੀਆਈ