ਮੈਟਰੋ ਪਲਾਜ਼ਾ ਕਾਂਡ: ਅਮਰੀਕਾ ਵਾਸੀ ’ਤੇ ਰੰਜ਼ਿਸ਼ ਤਹਿਤ ਹਮਲਾ ਕਰਵਾਉਣ ਦੇ ਦੋਸ਼
ਹਰਜੀਤ ਸਿੰਘ
ਜ਼ੀਰਕਪੁਰ, 22 ਜੁਲਾਈ
ਇਥੋਂ ਦੀ ਲੋਹਗੜ੍ਹ ਰੋਡ ’ਤੇ ਸਥਿਤ ਮੈਟਰੋ ਪਲਾਜ਼ਾ ਵਿਚ ਲੰਘੀ ਸ਼ਾਮ ਹੋਈ ਗੋਲੀਬਾਰੀ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਪੁਲੀਸ ਦੇ ਹੱਥ 24 ਘੰਟੇ ਬਾਅਦ ਵੀ ਖਾਲੀ ਹਨ। ਪੁਲੀਸ ਦੀਆਂ ਟੀਮਾਂ ਹਮਲਾਵਰਾਂ ਦੀ ਭਾਲ ਵਿੱਚ ਜੁੱਟੀਆਂ ਹੋਈਆਂ ਹਨ। ਪੁਲੀਸ ਨੇ ਜ਼ਖ਼ਮੀ ਇੰਦਰਜੀਤ ਸਿੰਘ ਦੀ ਮਾਤਾ ਦੇ ਬਿਆਨ ’ਤੇ ਹਮਲਾ ਕਰਵਾਉਣ ਦੇ ਦੋਸ਼ ਹੇਠ ਅਮਰੀਕਾ ਵਾਸੀ ਨੌਜਵਾਨ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਪੀ. (ਦਿਹਾਤੀ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਨੇ ਬਿਆਨਾਂ ਵਿਚ ਦੱਸਿਆ ਕਿ ਉਸ ਦਾ ਲੜਕਾ ਇੰਦਰਜੀਤ ਸਿੰਘ ਘਰ ਤੋਂ ਹੀ ਆਨਲਾਈਨ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। ਉਸ ਦਾ ਲੜਕਾ ਤੇ ਦੋਸਤ ਸਤਵੀਰ ਜਿਮ ਜਾਣ ਲੱਗੇ ਸਨ ਕਿ ਪਹਿਲਾਂ ਹੀ ਉਥੇ ਘਾਤ ਲਾ ਕੇ ਖੜ੍ਹੇ ਤਿੰਨ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ। ਜ਼ਖ਼ਮੀ ਦੀ ਮਾਤਾ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਇਹ ਹਮਲਾ ਜਸਪ੍ਰੀਤ ਸਿੰਘ ਉਰਫ਼ ਜੱਸਾ ਨੇ ਫਿਰੌਤੀ ਦੇ ਕੇ ਕਰਵਾਇਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਜੱਸਾ ਹਿਮਾਚਲ ਵਿੱਚ ਸਾਂਝਾ ਨਸ਼ਾ ਛੁਡਾਊ ਕੇਂਦਰ ਚਲਾਉਂਦੇ ਸਨ। ਉਥੇ ਜੱਸਾ ਵੱਲੋਂ ਉਸ ਦੇ ਲੜਕੇ ਨਾਲ ਪੈਸਿਆਂ ਦਾ ਘਪਲਾ ਕੀਤਾ ਗਿਆ ਸੀ। ਇਸ ਕਾਰਨ ਦੋਵਾਂ ਦੀ ਤਕਰਾਰ ਹੋ ਗਈ ਸੀ। ਜੱਸਾ ਅਮਰੀਕਾ ਚਲਾ ਗਿਆ ਜੋ ਅਕਸਰ ਵਟਸਐਪ ਕਾਲ ਕਰ ਕੇ ਉਸ ਦੇ ਲੜਕੇ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਜੱਸਾ ਦੇ ਡਰ ਤੋਂ ਹੀ ਉਹ ਆਪਣਾ ਘਰ ਛੱਡ ਕੇ ਜ਼ੀਰਕਪੁਰ ਕਿਰਾਏ ਦੇ ਫਲੈਟ ਵਿੱਚ ਲੁਕ ਕੇ ਰਹਿ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਮਲਾ ਜੱਸਾ ਨੇ ਫਿਰੌਤੀ ਦੇ ਕੇ ਕਰਵਾਇਆ ਹੈ।