ਚੰਡੀਗੜ੍ਹ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਮੈਟਰੋ ਜ਼ਰੂਰੀ: ਤਿਵਾੜੀ
ਆਤਿਸ਼ ਗੁਪਤਾ
ਚੰਡੀਗੜ੍ਹ, 15 ਸਤੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸ਼ਹਿਰ ਵਿੱਚ ਮੈਟਰੋ ਪ੍ਰਾਜੈਕਟ ਲਿਆਉਣਾ ਬਹੁਤ ਜ਼ਰੂਰੀ ਹੈ। ਇਸ ਗੱਲ ਦਾ ਪ੍ਰਗਟਾਵਾ ਕਾਂਗਰਸ ਦੀ ਸੀਨੀਅਰ ਆਗੂ ਤੇ ਚੰਡੀਗੜ੍ਹ ਦੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੰਡੀਗੜ੍ਹ ਦੇ ਸੈਕਟਰ-35 ਵਿਚ ਸਥਿਤ ਕਾਂਗਰਸ ਭਵਨ ਵਿੱਚ ਮਹਿਲਾ ਕਾਂਗਰਸ ਨੇ 40ਵੇਂ ਸਥਾਪਨਾ ਦਿਵਸ ’ਤੇ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਸ੍ਰੀ ਤਿਵਾੜੀ ਨੇ ਚੰਡੀਗੜ੍ਹ ਵਿੱਚ ਮੈਟਰੋ ਪ੍ਰਾਜੈਕਟ ਨੂੰ 10 ਸਾਲਾਂ ਤੋਂ ਲਟਕਾ ਕੇ ਰੱਖਿਆ ਹੋਇਆ ਹੈ ਜਦੋਂਕਿ ਇਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਮੈਟਰੋ ਪ੍ਰਾਜੈਕਟ ਨੂੰ ਸਿਰਫ਼ ਟ੍ਰਾਈਸਿਟੀ ਤੱਕ ਸਿਮਤ ਨਹੀਂ ਰੱਖਣਾ ਚਾਹੀਦਾ, ਬਲਕਿ ਅੰਬਾਲਾ ਤੋਂ ਕੁਰਾਲੀ ਅਤੇ ਲਾਂਡਰਾ ਤੋਂ ਪੰਚਕੂਲਾ ਤੱਕ ਕਰਨਾ ਚਾਹੀਦਾ ਹੈ। ਇਸ ਨਾਲ ਚੰਡੀਗੜ੍ਹ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ।
ਇਸ ਤੋਂ ਪਹਿਲਾਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਔਰਤਾਂ ਹਰ ਵਰਗ ਵਿੱਚ ਵਧ-ਚੜ੍ਹ ਕੇ ਸ਼ਾਮਲ ਹੋ ਰਹੀਆਂ ਹਨ। ਇਸ ਦੇ ਨਾਲ ਹੀ ਦੇਸ਼ ਦੀ ਤਰੱਕੀ ਲਈ ਔਰਤਾਂ ਦਾ ਰਾਜਨੀਤੀ ਵਿੱਚ ਸਰਗਰਮ ਹੋਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਤੇ ਹੋਰਨਾਂ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਪਾਰਟੀ ਦੇ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਚੰਡੀਗੜ੍ਹ ਦੀ ਰਾਜਨੀਤੀ ਵਿੱਚ ਔਰਤਾਂ ਸਰਗਰਮ ਹੋ ਗਈਆਂ ਤਾਂ ਕਾਂਗਰਸ ਨੂੰ ਕੋਈ ਵੀ ਹਰਾ ਨਹੀਂ ਸਕਦਾ ਹੈ।
ਮਹਿਲਾ ਕਾਂਗਰਸ ਦੀ ਕੌਮੀ ਜਨਰਲ ਸਕੱਤਰ ਨੀਤੂ ਵਰਮਾ ਨੇ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਔਰਤਾਂ ਵਧ-ਚੜ੍ਹ ਕੇ ਹਿੱਸਾ ਲੈ ਰਹੀਆਂ ਹਨ। ਅੱਜ ਦੇਸ਼ ਦੀ ਸਿਆਸਤ ਵਿੱਚ ਕਈ ਅਹਿਮ ਅਹੁਦਿਆਂ ’ਤੇ ਔਰਤਾਂ ਬੈਠੀਆਂ ਹਨ। ਇਹ ਸਭ ਕੁਝ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਦੀ ਦੇਣ ਹੈ। ਉਨ੍ਹਾਂ ਨੇ ਦੇਸ਼ ਦੀ ਸਿਆਸਤ ਵਿੱਚ ਔਰਤਾਂ ਨੂੰ 33 ਫ਼ੀਸਦ ਰਾਖਵਾਂਕਰਨ ਦਿੱਤਾ। ਇਸ ਨੂੰ ਹੁਣ ਵਧਾ ਕੇ 50 ਫ਼ੀਸਦ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਮਹਿਲਾ ਕਾਂਗਰਸ ਨਾਲ 10 ਹਜ਼ਾਰ ਤੋਂ ਵੱਧ ਔਰਤਾਂ ਨੂੰ ਜੋੜਨ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੂੰ ਸ਼ਹਿਰ ਦੇ ਹਰ ਬੂਥ ’ਤੇ 10-10 ਔਰਤਾਂ ਦੀ ਵੱਖਰੀ ਟੀਮ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਨੇ ਕਾਂਗਰਸ ਦੀ ਹਾਈਕਮਾਂਡ ਨੂੰ ਭਰੋਸਾ ਦਿਵਾਇਆ ਕਿ ਉਹ ਵੱਡ ਗਿਣਤੀ ਵਿੱਚ ਔਰਤਾਂ ਨੂੰ ਕਾਂਗਰਸ ਪਾਰਟੀ ਦੇ ਨਾਲ ਜੋੜਨਗੇ। ਇਸ ਦੇ ਨਾਲ ਹੀ ਉਹ ਚੰਡੀਗੜ੍ਹ ਵਿੱਚ ਮਹਿਲਾ ਕਾਂਗਰਸ ਦਾ ਝੰਡਾ ਬੁਲੰਦ ਕਰਨਗੇ।
ਭਾਜਪਾ ਦਾ ਮੈਟਰੋ ਵਿਰੋਧੀ ਸਟੈਂਡ ਗ਼ਲਤ: ਰਾਜੀਵ ਸ਼ਰਮਾ
ਚੰਡੀਗੜ੍ਹ ਕਾਂਗਰਸ ਦੇ ਮੁੱਖ ਬੁਲਾਰੇ ਰਾਜੀਵ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਮੈਟਰੋ ਦੇ ਵਿਰੁੱਧ ਸਟੈਂਡ ਗ਼ਲਤ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਮੈਟਰੋ ਪ੍ਰਾਜੈਕਟ ਦਾ ਜਲਦ ਸ਼ੁਰੂ ਹੋਣਾ ਜ਼ਰੂਰੀ ਹੈ। ਪਰ ਭਾਜਪਾ ਦੀ ਸਾਬਕਾ ਸੰਸਦ ਮੈਂਬਰ ਕਿਰਨ ਖੇਰ ਵੱਲੋਂ ਪਹਿਲੇ ਦਿਨ ਤੋਂ ਮੈਟਰੋ ਪ੍ਰਾਜੈਕਟ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮੈਟਰੋ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ।