ਦਿੱਲੀ ’ਚ ਮੈਟਰੋ ਛੇਤੀ ਸ਼ੁਰੂ ਹੋਣ ਦੀ ਆਸ
ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦਿੱਲੀ ਮੈਟਰੋ ਨੂੰ ਮੁੜ ਸ਼ੁਰੂ ਕਰਨ ਲਈ ਵੀ ਤਿਆਰ ਹੈ ਹਾਲਾਂਕਿ ਸੂਬਾ ਸਰਕਾਰ ਨੂੰ ਮੈਟਰੋ ਖੋਲ੍ਹਣ ਲਈ ਕੇਂਦਰ ਸਰਕਾਰ ਦੀ ਆਗਿਆ ਲੈਣੀ ਹੋਵੇਗੀ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਕੇਜਰੀਵਾਲ ਨੇ ਜੂਨ ਵਿੱਚ ਕਿਹਾ ਸੀ ਕਿ ਕੌਮੀ ਰਾਜਧਾਨੀ ਵਿੱਚ ਮੈਟਰੋ ਸੇਵਾਵਾਂ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਪਰ ਕੇਂਦਰ ਸਰਕਾਰ ਨੇ ਸ਼ੁਰੂ ਨਹੀਂ ਸੀ ਕੀਤੀਆਂ। ਦਿੱਲੀ ਮੈਟਰੋ ਮਾਰਚ ਤੋਂ ਬੰਦ ਹੈ ਤੇ ਇਸ ਕਾਰਨ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੂੰ ਕਰਜ਼ਾ ਮੋੜਨ ਵਿੱਚ ਵੀ ਮੁਸ਼ਕਲ ਆ ਗਈ ਹੈ। ਮੈਟਰੋ ਸੇਵਾਵਾਂ ਨੂੰ ਲੈ ਕੇ ਪਹਿਲਾਂ ਵੀ ਦਿੱਲੀ ਤੇ ਕੇਂਦਰ ਸਰਕਾਰਾਂ ਦਰਮਿਆਨ ਟਕਰਾਅ ਹੁੰਦਾ ਆਇਆ ਹੈ। ਮੈਟਰੋ ਕਿਰਾਏ ਵਧਾਉਣ ਸਮੇਤ ਹੋਰ ਮੁੱਦਿਆਂ ਉਪਰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਟਕਰਾਅ ਬਣਿਆ ਸੀ। ਕੋਵਿਡ-19 ਮਹਾਮਾਰੀ ਮਗਰੋਂ ਹੁਣ ਹਾਲਾਤ ਹੋਰ ਹੋ ਗਏ ਹਨ ਤੇ ਮੈਟਰੋ ਸ਼ੁਰੂ ਕਰਨ ਲਈ ਕੇਂਦਰ ਤੋਂ ਆਗਿਆ ਲੈਣੀ ਹੋਵੇਗੀ। ਅਨਲੌਕ-1 ਸ਼ੁਰੂ ਹੋਣ ਤੋਂ ਪਹਿਲਾਂ ਰਿਪੋਰਟਾਂ ਆਈਆਂ ਸਨ ਕਿ ਰੇਲ ਕਾਰਪੋਰੇਸ਼ਨ ਨੇ ਕੁੱਝ ਸਖ਼ਤ ਨਿਯਮਾਂ ਨਾਲ ਮੈਟਰੋ ਚਲਾਉਣ ਦੀ ਤਿਆਰੀ ਕਰ ਲਈ ਹੈ, ਪਰ ਫਿਰ ਯੋਜਨਾ ਸਿਰੇ ਨਹੀਂ ਚੜ੍ਹੀ ਤੇ ਮੈਟਰੋ ਚਾਰ ਮਹੀਨੇ ਤੋਂ ਬੰਦ ਹੈ।