ਪੱਤਝੜੀ ਫਲਦਾਰ ਬੂਟੇ ਲਗਾਉਣ ਦਾ ਢੰਗ
ਸਰਵਪ੍ਰਿਆ ਸਿੰਘ, ਗੁਰਮੀਤ ਸਿੰਘ ਢਿੱਲੋਂ*
ਬਾਗ਼ ਲਗਾਉਣ ਸਮੇਂ ਸ਼ੁਰੂਆਤ ਵਿੱਚ ਕੀਤੀ ਗਈ ਕੋਈ ਵੀ ਗ਼ਲਤੀ ਆਉਣ ਵਾਲੇ ਸਮੇਂ ਵਿੱਚ ਭਾਰੀ ਨੁਕਸਾਨ ਕਰ ਸਕਦੀ ਹੈ। ਬਾਗ਼ਬਾਨੀ ਵਿੱਚ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਜ਼ਰੂਰੀ ਹੈ ਕਿ ਬਾਗ਼ ਲਾਉਣ ਤੋਂ ਪਹਿਲਾਂ ਵਿਉਂਤਬੰਦੀ ਕੀਤੀ ਜਾਵੇ। ਜਿਵੇਂ ਕਿ ਬਾਗ਼ ਲਈ ਸਹੀ ਜਗ੍ਹਾ ਦੀ ਚੋਣ (ਪੀ. ਐਚ. 8.5-8.7 ਤੋਂ ਘੱਟ, ਕੰਡਕਟੀਵਿਟੀ < 0.5-1.0 ਮਿਲੀ ਮਹੋਜ/ ਸੈਂਟੀਮੀਟਰ, ਕੈਲਸ਼ੀਅਮ ਕਾਰਬੋਨੇਟ 5-10 ਫ਼ੀਸਦੀ, ਲਾਈਮ ਕਨਕਰੀਸ਼ਨ 10-20 ਫ਼ੀਸਦੀ ਅਤੇ ਚੰਗੇ ਜਲ ਨਿਕਾਸ ਵਾਲੀ), ਸਿੰਜਾਈ ਦਾ ਪ੍ਰਬੰਧ (ਨਹਿਰੀ/ ਮਿੱਠਾ ਪਾਣੀ), ਬਾਗ਼ ਵਿਚਲੇ ਰਸਤੇ, ਇਮਾਰਤ, ਬੂਟਿਆਂ ਵਿਚਕਾਰ ਸਹੀ ਫ਼ਾਸਲਾ ਆਦਿ ਬਾਰੇ ਧਿਆਨ ਰੱਖਿਆ ਜਾਵੇ। ਇਸ ਦੇ ਨਾਲ-ਨਾਲ ਸਿਹਤਮੰਦ ਨਰਸਰੀ ਦੀ ਖ਼ਰੀਦ ਯਕੀਨੀ ਬਣਾਈ ਜਾਵੇ। ਬੂਟਿਆਂ ਵਿਚਕਾਰ ਫ਼ਾਸਲਾ ਨਿਰਧਾਰਤ ਕਰਨ ਲਈ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕਿਹੜਾ ਫ਼ਲ ਅਤੇ ਉਸ ਦੀ ਕਿਹੜੀ ਕਿਸਮ ਲਾਉਣੀ ਹੈ। ਬਾਗ਼ਬਾਨੀ ਵਿੱਚ ਵਧੇਰੇ ਆਰਥਿਕ ਲਾਭ ਲੈਣ ਲਈ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ। ਇਸ ਸਭ ਤੋਂ ਪਹਿਲਾ ਯੋਜਨਾਬੰਦੀ ਕਰਨੀ ਜ਼ਰੂਰੀ ਹੈ ਕਿ ਬੂਟੇ ਕਿਹੜੇ ਲਗਾਉਣੇ ਹਨ। ਪਤਝੜੀ ਫ਼ਲਦਾਰ ਬੂਟਿਆਂ ਵਿੱਚੋਂ ਅੰਗੂਰ ਅਤੇ ਨਾਸ਼ਪਾਤੀ ਅੱਧ-ਫਰਵਰੀ ਤਕ ਲਗਾਏ ਜਾ ਸਕਦੇ ਹਨ। ਬਾਗ਼ ਲਾਉਣ ਤੋਂ ਪਹਿਲਾਂ ਬਣਾਇਆ ਗਿਆ ਖਾਕਾ ਬੂਟਿਆਂ ਦੀ ਬਾਗ਼ ਵਿੱਚ ਸਹੀ ਵੰਡ, ਸੌਖੀ ਦੇਖਭਾਲ ਅਤੇ ਬੂਟਿਆਂ ਦੇ ਵਿਕਾਸ ਲਈ ਲੋੜੀਂਦੀ ਜਗ੍ਹਾ ਰੱਖਣ ਵਿੱਚ ਮਦਦ ਕਰਦਾ ਹੈ। ਉਸੇ ਤਰ੍ਹਾਂ ਬਾਗ਼ ਨਾਲ ਸਬੰਧਤ ਕੰਮ ਜਿਵੇਂ ਕਿ ਨਦੀਨਾਂ ਦੀ ਰੋਕਥਾਮ, ਸਿੰਜਾਈ, ਸਪਰੇਅ, ਰੂੜੀ ਅਤੇ ਖਾਦਾਂ, ਅੰਤਰ ਫ਼ਸਲਾਂ ਅਤੇ ਤੁੜਾਈ ਆਸਾਨੀ ਨਾਲ ਹੋ ਸਕਦੀ ਹੈ।
ਬਾਗ਼ ਲਗਾਉਣ ਦੇ ਢੰਗ ਅਤੇ ਤਰੀਕਾ: ਪੰਜਾਬ ਵਿੱਚ ਬਾਗ਼ ਲਗਾਉਣ ਵਾਸਤੇ ਆਮ ਤੌਰ ’ਤੇ ਵਰਗਾਕਾਰ ਢੰਗ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਇਸ ਢੰਗ ਵਿੱਚ ਬੂਟੇ ਤੋਂ ਬੂਟੇ ਅਤੇ ਕਤਾਰ ਤੋਂ ਕਤਾਰ ਵਿੱਚ ਇੱਕੋ ਜਿੰਨਾ ਫ਼ਾਸਲਾ ਹੁੰਦਾ ਹੈ। ਚਾਰ ਬੂਟਿਆਂ ਨੂੰ ਲਗਾ ਕੇ ਇੱਕ ਵਰਗ ਬਣਾਇਆ ਜਾਂਦਾ ਹੈ। ਇਸ ਢੰਗ ਨਾਲ ਬਾਗ਼ ਦੀ ਵਹਾਈ ਅਤੇ ਹੋਰ ਕੰਮ ਦੋਵਾਂ ਦਿਸ਼ਾਵਾਂ ਵਿੱਚ ਕੀਤੇ ਜਾ ਸਕਦੇ ਹਨ। ਆਇਤਾਕਾਰ ਢੰਗ/ ਸੰਘਣੀ ਪ੍ਰਣਾਲੀ ਨਾਲ ਬੂਟੇ ਲਾਉਣ ਲਈ ਵਰਤਿਆ ਜਾਂਦਾ ਹੈ ਪਰ ਇਸ ਤਰ੍ਹਾਂ ਲਾਏ ਬਾਗ਼ ਵਿੱਚੋਂ 15 ਸਾਲ ਬਾਅਦ ਕਤਾਰ ਵਿਚਲਾ ਹਰ ਦੂਜਾ ਬੂਟਾ ਪੁੱਟ ਦੇਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਨੂੰ ਹਵਾ ਅਤੇ ਰੌਸ਼ਨੀ ਮਿਲ ਸਕੇ। ਵਿਕਰਣ (ਕੁਇਨਕਨਸ) ਢੰਗ ਵਿੱਚ ਬੂਟੇ ਲਗਾਉਣ ਲਈ ਖੇਤ ਦੀ ਵਿਉਂਤਬੰਦੀ ਵਰਗਾਕਾਰ ਢੰਗ ਵਾਂਗੂ ਹੀ ਕੀਤੀ ਜਾਂਦੀ ਹੈ। ਪੱਥਰ ਨਾਖ 7.0X7.0 ਮੀਟਰ ਤੋਂ ਵੱਧ ਹੁੰਦਾ ਹੈ ਅਤੇ ਇਹ ਵਪਾਰਕ ਪੱਖੋਂ 6-9 ਸਾਲਾਂ ਵਿੱਚ ਫ਼ਲ ਦਿੰਦੇ ਹਨ। ਇਸ ਕਰ ਕੇ ਇਨ੍ਹਾਂ ਵਿੱਚ ਪੂਰਕ ਬੂਟੇ ਜਿਵੇਂ ਆੜੂ ਅਤੇ ਅਲੂਚਾ ਆਦਿ ਲਗਾ ਕੇ ਸ਼ੁਰੂ ਵਿੱਚ ਮੁਨਾਫ਼ਾ ਲਇਆ ਜਾ ਸਕਦਾ ਹੈ। ਜਦੋਂ ਮੁੱਖ ਫ਼ਸਲ ਫ਼ਲ ਉੱਪਰ ਆ ਜਾਵੇ ਤਾਂ ਇਨ੍ਹਾਂ ਬੂਟਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ। ਬੂਟਿਆਂ ਅਤੇ ਕਤਾਰਾਂ ਨਵੇਂ ਲਗਾਏ ਬਾਗ਼ ਵਿੱਚ ਜੇ ਅੰਤਰ ਫ਼ਸਲਾਂ ਜਿਵੇਂ ਕਿ ਦਾਲਾਂ, ਸਬਜ਼ੀਆਂ ਦੀ ਕਾਸ਼ਤ ਕਰਨੀ ਹੋਵੇ ਤਾਂ ਇਸ ਢੰਗ ਨਾਲ ਕੋਈ ਔਖਾਈ ਨਹੀਂ ਹੁੰਦੀ।
ਨਰਸਰੀ ਵਿੱਚੋਂ ਬੂਟਿਆਂ ਦੀ ਚੋਣ: ਬਾਗ਼ ਵਿੱਚ ਫਲਦਾਰ ਬੂਟਿਆਂ ਨੂੰ ਲਗਾਉਣ ਲਈ ਅਜਿਹੀਆਂ ਕਿਸਮਾਂ ਦੀ ਚੋਣ ਕਰੋ ਜਿਹੜੀਆਂ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਣ ਅਤੇ ਕਿਸੇ ਭਰੋਸੇਯੋਗ ਨਰਸਰੀ ਤੋਂ ਪ੍ਰਾਪਤ ਕਰੋ। ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣ। ਬੂਟੇ ਰੱਖਣ ਤੋਂ ਪਹਿਲਾਂ ਟਰਾਲੀ ਜਾਂ ਜਿਸ ਵੀ ਵਾਹਨ ਵਿੱਚ ਬੂਟੇ ਲੈ ਕੇ ਜਾਣੇ ਹੋਣ ਉਸ ਵਿੱਚ ਪਰਾਲੀ, ਸੁੱਕਾ ਘਾਹ ਜਾਂ ਥੋੜ੍ਹੀ ਰੇਤ ਵਿਛਾ ਲਵੋ। ਬੂਟੇ ਖ਼ਰੀਦਣ ਸਮੇਂ 10 ਤੋਂ 15 ਫ਼ੀਸਦੀ ਬੂਟੇ ਲੋੜ ਨਾਲੋਂ ਵੱਧ ਖ਼ਰੀਦੋ ਤਾਂ ਜੋ ਇਨ੍ਹਾਂ ਨੂੰ ਮਰਨ ਵਾਲੇ ਬੂਟਿਆਂ ਦੀ ਥਾਂ ’ਤੇ ਲਗਾਇਆ ਜਾ ਸਕੇ। ਬੂਟਿਆਂ ਨੂੰ ਲੋੜ ਪੈਣ ਤੱਕ ਨਰਸਰੀ ਵਿੱਚ ਹੀ ਰੱਖੋ।
ਬੂਟੇ ਲਾਉਣ ਲਈ ਟੋਏ ਪੁੱਟਣਾ ਅਤੇ ਭਰਨਾ: ਹਰ ਬੂਟੇ ਲਈ ਇੱਕ ਮੀਟਰ ਡੂੰਘੇ ਅਤੇ ਇੱਕ ਮੀਟਰ ਘੇਰੇ ਵਾਲੇ ਟੋਏ ਪੁੱਟ ਲਉ। ਟੋਏ ਬੂਟੇ ਖ਼ਰੀਦ ਕੇ ਲਿਆਉਣ ਤੋਂ ਪਹਿਲਾਂ ਪੁੱਟੋ। ਬੂਟੇ ਲਾਉਣ ਸਮੇਂ ਟੋਇਆਂ ਵਿੱਚ ਉਪਰਲੀ ਮਿੱਟੀ ਅਤੇ ਰੂੜੀ ਦੀ ਬਰਾਬਰ ਮਾਤਰਾ ਜ਼ਮੀਨ ਤੋਂ ਉੱਚੀ ਭਰ ਦਿਓ। ਇਨ੍ਹਾਂ ਟੋਇਆਂ ਵਿੱਚ ਬੂਟੇ ਲਾਉਣ ਤੋਂ ਪਹਿਲਾਂ ਪਾਣੀ ਦਿਉ ਅਤੇ ਹਰ ਟੋਏ ਵਿੱਚ 15 ਮਿਲੀਲਿਟਰ ਕਲੋਰੋਪਾਈਰੀਫਾਸ 20 ਈਸੀ 2 ਕਿਲੋ ਮਿੱਟੀ ਵਿੱਚ ਰਲਾ ਕੇ ਸਿਉਂਕ ਤੋਂ ਬਚਾਉਣ ਲਈ ਜ਼ਰੂਰ ਪਾਉ।
ਬੂਟੇ ਨੂੰ ਟੋਏ ਦੇ ਵਿਚਕਾਰ ਪਲਾਂਟਿੰਗ ਬੋਰਡ ਦੀ ਮਦਦ ਨਾਲ ਲਗਾਉ। ਇਸ ਗੱਲ ਦਾ ਧਿਆਨ ਰੱਖੋ ਕਿ ਬੂਟੇ ਦੀ ਪਿਉਂਦ ਜ਼ਮੀਨ ਨਾਲੋਂ 9 ਇੰਚ ਉੱਚੀ ਹੋਵੇ। ਬੂਟੇ ਦੇ ਦੁਆਲੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਉਣ ਤੋਂ ਬਾਅਦ ਉਸੇ ਵੇਲੇ ਪਾਣੀ ਲਗਾਉ। ਉਂਜ ਤਾਂ ਹਰ ਉਮਰ ਦੇ ਫਲਦਾਰ ਬੂਟਿਆਂ ਦੀ ਦੇਖ-ਭਾਲ ਜ਼ਰੂਰੀ ਹੈ ਪਰ ਨਵੇਂ ਲਾਏ ਬੂਟੇ ਉਚੇਚਾ ਧਿਆਨ ਮੰਗਦੇ ਹਨ ਕਿਉਂਕਿ ਬੂਟੇ ਬਹੁਤ ਨਾਜ਼ੁਕ ਹੋਣ ਕਾਰਨ ਮੁੱਢਲੇ ਦਿਨਾਂ ਵਿੱਚ ਜ਼ਿਆਦਾ ਵਾਧਾ ਨਹੀਂ ਕਰਦੇ ਅਤੇ ਕਈ ਵਾਰੀ ਬੂਟੇ ਅਣਗਹਿਲੀ ਕਾਰਨ ਮਰ ਵੀ ਜਾਂਦੇ ਹਨ। ਨਵੇਂ ਬੂਟੇ ਲਾਉਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਸੋਟੀ ਨਾਲ ਸਹਾਰਾ ਦਿਉ। ਸਹਾਰਾ ਦੇਣ ਵਾਲੀਆਂ ਸੋਟੀਆਂ ਨੂੰ ਬੂਟੇ ਦੇ ਕੋਲ ਜ਼ਮੀਨ ਵਿੱਚ ਚੰਗੀ ਤਰ੍ਹਾਂ ਗੱਡ ਕੇ ਰੱਸੀ ਨਾਲ ਬੰਨ੍ਹ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੀਹਾਂ ਦਾ ਵਾਧੂ ਪਾਣੀ ਬਾਗ਼ ਵਿੱਚ ਨਹੀਂ ਰਹਿਣਾ ਚਾਹੀਦਾ। ਇਸ ਲਈ ਬਾਗ਼ ਦਾ ਨਿਕਾਸੀ ਪ੍ਰਬੰਧ ਬਹੁਤ ਸੁਚੱਜਾ ਹੋਣਾ ਚਾਹੀਦਾ ਹੈ, ਤਾਂ ਜੋ ਵਾਧੂ ਪਾਣੀ ਬਾਗ਼ ਵਿਚ ਨਾ ਖਲ੍ਹੋ ਸਕੇ। ਖੜ੍ਹਾ ਪਾਣੀ ਬੂਟੇ ਦਾ ਸਾਹ ਘੁੱਟ ਦਿੰਦਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ।