ਮੌਸਮ ਵਿਭਾਗ ਵੱਲੋਂ ਚਾਰ ਰਾਜਾਂ ਲਈ ਔਰੇਂਜ ਅਲਰਟ ਜਾਰੀ
ਨਵੀਂ ਦਿੱਲੀ/ਦੇਹਰਾਦੂਨ, 16 ਜੁਲਾਈ
ਭਾਰਤੀ ਮੌਸਮ ਵਿਭਾਗ ਨੇ ਅੱਜ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਸਮੇਤ ਚਾਰ ਰਾਜਾਂ ਲਈ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ 17 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਵਿਕਰਮ ਸਿੰਘ ਨੇ ਦੱਸਿਆ ਕਿ ਉੱਤਰਾਖੰਡ ’ਚ 17 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਦਕਿ 18 ਜੁਲਾਈ ਨੂੰ ਮੀਂਹ ਘਟੇਗਾ। ਮੌਸਮ ਵਿਭਾਗ ਨੇ ਝਾਰਖੰਡ ਤੇ ਉੜੀਸਾ ’ਚ ਵੀ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਉੱਤਰਾਖੰਡ ਦੇ ਪਿਥੌਰਾਗੜ੍ਹ ’ਚ ਪਹਾੜੀਆਂ ਖਿਸਕਣ ਕਾਰਨ ਸਰਹੱਦੀ ਇਲਾਕੇ ਨੇੜੇ ਬਾਲਵਾਕੋਟ-ਧਾਰਚੁਲਾ ਸੜਕ ਬੰਦ ਹੋ ਗਈ ਹੈ। ਇਸੇ ਤਰ੍ਹਾਂ ਗੜਵਾਲ ਜ਼ਿਲ੍ਹੇ ਦੇ ਚਾਮੀ ਪਿੰਡ ’ਚ ਯਮੁਨੋਤਰੀ ਕੌਮੀ ਮਾਰਗ ਨੰਬਰ 123 ਵੀ ਬੰਦ ਹੋ ਗਿਆ ਹੈ। ਉੱਧਰ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਤੇ ਦਿੱਲੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਐੱਨਡੀਆਰਐੱਫ ਦੀਆਂ ਟੀਮਾਂ ਬਚਾਅ ਤੇ ਰਾਹਤ ਕਾਰਜਾਂ ’ਚ ਲੱਗੀਆਂ ਹੋਈਆਂ ਹਨ। -ਏਐੱਨਆਈ