ਭਾਰਤੀ ਚੋਣਾਂ ਬਾਰੇ Mark Zuckerberg ਦੀਆਂ ਟਿੱਪਣੀਆਂ ਲਈ Meta ਨੇ ਮੁਆਫ਼ੀ ਮੰਗੀ
Meta India ਦੇ ਜਨਤਕ ਨੀਤੀ ਲਈ ਉਪ ਪ੍ਰਧਾਨ ਸ਼ਿਵਨਾਥ ਠੁਕਰਾਲ ਨੇ X ’ਤੇ ਮੰਗੀ ਜ਼ਕਰਬਰਗ ਦੀ ਤਰਫ਼ੋਂ ਮੁਆਫ਼ੀ
ਅਦਿਤੀ ਟੰਡਨ
ਨਵੀਂ ਦਿੱਲੀ, 15 ਜਨਵਰੀ
ਮੈਟਾ ਨੇ ਬੁੱਧਵਾਰ ਨੂੰ ਆਪਣੇ ਸੀਈਓ ਮਾਰਕ ਜ਼ਕਰਬਰਗ (Meta CEO Mark Zuckerberg) ਵੱਲੋਂ ਦਿੱਤੇ ਗਏ ਉਸ ਝੂਠੇ ਬਿਆਨ ਲਈ ਮੁਆਫ਼ੀ ਮੰਗੀ, ਜਿਸ ਵਿਚ ਜ਼ਕਰਬਰਗ ਨੇ ਕਿਹਾ ਸੀ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਕੋਵਿਡ-19 ਦੇ ਟਾਕਰੇ ਲਈ ਸਹੀ ਕਾਰਵਾਈ ਨਾ ਕਰਨ ਕਾਰਨ 2024 ’ਚ ਹੋਈਆਂ ਚੋਣਾਂ ਦੌਰਾਨ ਵੱਖ-ਵੱਖ ਮੁਲਕਾਂ ਦੀਆਂ ਮੌਕੇ ਦੀਆਂ ਸਰਕਾਰਾਂ ਚੋਣ ਹਾਰ ਗਈਆਂ ਸਨ।
ਮੈਟਾ ਇੰਡੀਆ ਦੇ ਪਬਲਿਕ ਪਾਲਿਸੀ ਬਾਰੇ ਉਪ ਪ੍ਰਧਾਨ ਸ਼ਿਵਨਾਥ ਠੁਕਰਾਲ (Vice-President, Public Policy, Meta India Shivnath Thukral) ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ੦ (X) ਉਤੇ ਇਕ ਪੋਸਟ ਪਾ ਕੇ ਜ਼ਕਰਬਰਗ ਦੀ ਤਰਫ਼ੋਂ ਮੁਆਫ਼ੀ ਮੰਗ ਲਈ ਹੈ।
ਇਸ ਟਵੀਟ ਵਿਚ ਠੁਕਰਾਲ ਨੇ ਕਿਹਾ ਹੈ, "ਪਿਆਰੇ ਮਾਣਯੋਗ ਮੰਤਰੀ @AshwiniVaishnaw, ਮਾਰਕ ਦਾ ਇਹ ਨਿਰੀਖਣ ਕਿ 2024 ਦੀਆਂ ਚੋਣਾਂ ਵਿੱਚ ਬਹੁਤ ਸਾਰੀਆਂ ਮੌਜੂਦਾ (ਸੱਤਾਧਾਰੀ) ਪਾਰਟੀਆਂ ਦੁਬਾਰਾ ਨਹੀਂ ਚੁਣੀਆਂ ਗਈਆਂ, ਕਈ ਦੇਸ਼ਾਂ ਲਈ ਸੱਚ ਹੈ, ਪਰ ਭਾਰਤ ਲਈ ਨਹੀਂ। ਅਸੀਂ ਇਸ ਸਬੰਧੀ ਅਣਜਾਣੇ ਵਿੱਚ ਹੋਈ ਗ਼ਲਤੀ ਲਈ ਮੁਆਫ਼ੀ ਮੰਗਣਾ ਚਾਹੁੰਦੇ ਹਾਂ। ਭਾਰਤ @Meta ਲਈ ਇੱਕ ਬਹੁਤ ਮਹੱਤਵਪੂਰਨ ਦੇਸ਼ ਬਣਿਆ ਹੋਇਆ ਹੈ ਅਤੇ ਅਸੀਂ ਇਸ ਦੇ ਨਵੀਨਤਾਕਾਰੀ ਭਵਿੱਖ ਦੇ ਦਿਲ ਵਿੱਚ ਬਣੇ ਰਹਿਣ ਦੀ ਉਮੀਦ ਕਰਦੇ ਹਾਂ।"
ਠੁਕਰਾਲ ਨੇ ਪੋਸਟ ਵਿਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਵਨੀ ਵੈਸ਼ਨਵ (Information and Broadcasting Minister Ashwini Vaishnaw) ਨੂੰ ਟੈਗ ਕੀਤਾ ਹੈ। ਗ਼ੌਰਤਲਬ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਇੱਕ ਪ੍ਰਸਿੱਧ ਪੋਡਕਾਸਟ 'ਤੇ ਮੈਟਾ ਮੁਖੀ ਵੱਲੋਂ ਕੀਤੀਆਂ ਗਈਆਂ ਇਨ੍ਹਾਂ ਜ਼ਾਹਰਾ ਤੌਰ 'ਤੇ ਗਲਤ ਟਿੱਪਣੀਆਂ ਦੀ ਵੈਸ਼ਨਵ ਨੇ ਸਖ਼ਤ ਨਿਖੇਧੀ ਕੀਤੀ ਸੀ।
ਮੰਗਲਵਾਰ ਨੂੰ ਆਈਟੀ ਅਤੇ ਸੰਚਾਰ ਬਾਰੇ ਸੰਸਦੀ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੂਬੇ (Chairman of Parliamentary Committee on IT and Communications, Nishikant Dubey) ਨੇ ਕਿਹਾ ਸੀ ਕਿ ਉਨ੍ਹਾਂ ਦੀ ਕਮੇਟੀ ਇਸ ਮਾਮਲੇ ’ਤੇ ਮੈਟਾ ਇੰਡੀਆ ਨੂੰ ਤਲਬ ਕਰੇਗੀ। ਉਨ੍ਹਾਂ ਸਾਫ਼ ਕਿਹਾ ਸੀ ਕਿ ਮੈਟਾ ਨੂੰ ਆਪਣੇ ਸੀਈਓ ਦੇ ਝੂਠੇ ਬਿਆਨ ਲਈ ਮੁਆਫ਼ੀ ਮੰਗਣੀ ਪਵੇਗੀ।